ਕਿਰਤ ਤੇ ਰੋਜ਼ਗਾਰ ਮੰਤਰਾਲਾ
ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਈਐੱਸਆਈਸੀ ਦੇ ਮੈਡੀਕਲ ਢਾਂਚੇ ਨੂੰ 19,000 ਬੈੱਡਾਂ ਤੋਂ 28,000 ਬੈੱਡਾਂ ਅਤੇ 160 ਹਸਪਤਾਲਾਂ ਤੋਂ 241 ਹਸਪਤਾਲਾਂ ਤੱਕ ਵਧਾਉਣ ਲਈ ਕੰਮ ਕਰ ਰਹੀ ਹੈ
ਸਮਾਜਿਕ ਸੁਰੱਖਿਆ ਜ਼ਾਬਤਾ 2020 ਮਜ਼ਦੂਰਾਂ ਅਤੇ ਰਾਸ਼ਟਰ ਲਈ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਲਈ 'ਈਜ਼ ਆਫ ਡੂਇੰਗ' ਅਤੇ 'ਈਜ਼ ਆਫ ਲਿਵਿੰਗ' ਦੇ ਉਦੇਸ਼ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ: ਸ਼੍ਰੀ ਭੂਪੇਂਦਰ ਯਾਦਵ
Posted On:
24 FEB 2023 10:02PM by PIB Chandigarh
ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਅੱਜ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਆਪਣੀ ਸੇਵਾ ਦੇ 71 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਦੀ ਯਾਦ ਵਿੱਚ ਕਿਰਤ ਅਤੇ ਰੋਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ 24/02/2023 ਤੋਂ 10/03/2023 ਤੱਕ ਡਾ: ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ "ਬਿਹਤਰ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ" ਵਿਸ਼ੇ 'ਤੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸ਼੍ਰੀ ਅੰਨ ਦੇ ਅਨੁਰੂਪ ਮੋਟੇ ਅਨਾਜ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਸੈਮੀਨਾਰ/ਜਾਗਰੂਕਤਾ ਕੈਂਪ, ਸਿਹਤ ਜਾਂਚ ਕੈਂਪ, ਯੋਗ, ਆਯੁਸ਼ ਅਤੇ ਪੋਸ਼ਣ ਕੈਂਪ, ਸਫਾਈ ਅਭਿਆਨ, ਸ਼ਿਕਾਇਤ ਨਿਵਾਰਣ, ਬਕਾਇਆ ਬਿੱਲਾਂ/ਬੀਮਿਤ ਮੁਲਾਜ਼ਮਾਂ/ਆਸ਼ਰਿਤਾਂ ਦੇ ਦਾਅਵਿਆਂ ਦੀ ਕਲੀਅਰੈਂਸ ਆਦਿ ਲਈ ਈਐੱਸਆਈਸੀ ਵਿਸ਼ੇਸ਼ ਸੇਵਾਵਾਂ ਪੰਦਰਵਾੜੇ ਦੀ ਸ਼ੁਰੂਆਤ ਕੀਤੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਈਐੱਸਆਈਸੀ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ 19,000 ਬੈੱਡਾਂ ਤੋਂ 28,000 ਬੈੱਡਾਂ ਅਤੇ 160 ਹਸਪਤਾਲਾਂ ਤੋਂ 241 ਹਸਪਤਾਲਾਂ ਤੱਕ ਵਧਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ ਸੁਰੱਖਿਆ ਜ਼ਾਬਤਾ 2020 ਨੂੰ ਕਾਮਿਆਂ ਅਤੇ ਰਾਸ਼ਟਰ ਲਈ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਲਈ 'ਈਜ਼ ਆਫ ਡੂਇੰਗ' ਅਤੇ 'ਈਜ਼ ਆਫ ਲਿਵਿੰਗ' ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਇਸ ਮੌਕੇ ਈਐੱਸਆਈਸੀ ਦੇ ਮੁਲਾਜ਼ਮਾਂ ਨੂੰ ਵਧਾਈ ਦਿੱਤੀ।
ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਪਿਛਲੇ ਸੱਤ ਦਹਾਕਿਆਂ ਦੌਰਾਨ ਈਐੱਸਆਈਸੀ ਵਲੋਂ ਕੀਤੇ ਗਏ ਯਤਨਾਂ ਅਤੇ ਸਫ਼ਰ ਦੀ ਸ਼ਲਾਘਾ ਕੀਤੀ। ਕਿਰਤ ਅਤੇ ਰੋਜ਼ਗਾਰ ਸਕੱਤਰ ਸ਼੍ਰੀਮਤੀ ਆਰਤੀ ਆਹੂਜਾ ਨੇ ਭਵਿੱਖ ਵਿੱਚ ਈਐੱਸਆਈਸੀ ਦੀ ਕਵਰੇਜ ਨੂੰ ਵਧਾਉਣ ਲਈ ਬਿਹਤਰ ਪਹੁੰਚ, ਸਮਾਜਿਕ ਜ਼ਿੰਮੇਵਾਰੀ ਅਤੇ ਕਾਰਜ ਨੂੰ ਪੂਰਾ ਕਰਨ ਲਈ ਪਹੁੰਚ 'ਤੇ ਜ਼ੋਰ ਦਿੱਤਾ।

ਈਐੱਸਆਈਸੀ ਦੇ ਡਾਇਰੈਕਟਰ ਜਨਰਲ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਈਐੱਸਆਈਸੀ ਨੇ ਹਿਤਧਾਰਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਬਿਹਤਰੀ ਲਈ ਅਤਿ ਆਧੁਨਿਕ ਸੂਚਨਾ ਤਕਨਾਲੋਜੀ ਸਮਰਥਿਤ ਸੇਵਾਵਾਂ ਨੂੰ ਸ਼ਾਮਲ ਕਰਕੇ ਆਪਣੇ ਆਪ ਨੂੰ ਆਧੁਨਿਕ ਬਣਾਉਣ ਵਿੱਚ ਇੱਕ ਵੱਡੀ ਪੁਲਾਂਘ ਪੁੱਟੀ ਹੈ। ਈਐੱਸਆਈਸੀ ਨੂੰ ਸਮਾਜਿਕ ਸੁਰੱਖਿਆ ਜ਼ਾਬਤੇ ਨੂੰ ਲਾਗੂ ਕਰਨ ਦੇ ਨਾਲ ਬੇਮਿਸਾਲ ਤਰੀਕੇ ਨਾਲ ਵੱਡੀ ਭੂਮਿਕਾ ਨਿਭਾਉਣੀ ਹੋਵੇਗੀ।

ਆਈਐੱਲਓ ਦੇ ਡਿਪਟੀ ਡਾਇਰੈਕਟਰ ਸ਼੍ਰੀ ਸਤੋਸ਼ੀ ਸਾਸਾਕੀ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਦੇਸ਼ ਦੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਈਐੱਸਆਈਸੀ ਅਤੇ ਆਈਐੱਲਓ ਦੀ ਦਹਾਕਿਆਂ ਪੁਰਾਣੀ ਸਾਂਝੇਦਾਰੀ ਦਾ ਜ਼ਿਕਰ ਕੀਤਾ। ਸਮਾਗਮ ਦੌਰਾਨ ਗੁਜਰਾਤ ਦੇ ਸਾਨੰਦ ਅਤੇ ਕਲੋਲ ਵਿਖੇ ਈਐੱਸਆਈਸੀ ਹਸਪਤਾਲਾਂ ਲਈ ਆਰਕੀਟੈਕਚਰਲ ਡਿਜ਼ਾਈਨ ਮੁਕਾਬਲੇ ਦੇ ਜੇਤੂ ਸ਼੍ਰੀ ਪ੍ਰਤੀਕ ਪਰਾਸ਼ਰ ਅਤੇ ਕੁਮਾਰੀ ਅਦੀਬਾ ਖਾਨ ਨੂੰ ਪੁਰਸਕਾਰ ਵੀ ਦਿੱਤੇ ਗਏ।

ਸਮਾਗਮ ਦੌਰਾਨ “ਈਐੱਸਆਈਸੀ ਵਿੱਚ ਅਗਲੀ ਪੀੜ੍ਹੀ ਦੀ ਸਿਹਤ ਸੰਭਾਲ ਲਈ ਟੈਕਨਾਲੋਜੀ ਦਾ ਲਾਭ ਉਠਾਉਣਾ” ਅਤੇ “ਈਐੱਸਆਈ ਸਕੀਮ ਰਾਹੀਂ ਅਣਪਹੁੰਚੇ ਲੋਕਾਂ ਤੱਕ ਪਹੁੰਚ” ਬਾਰੇ ਦੋ ਪੈਨਲ ਚਰਚਾਵਾਂ ਵੀ ਹੋਈਆਂ। ਸਿਹਤ ਖੇਤਰ ਵਿੱਚ ਬਿਹਤਰ ਅਤੇ ਪ੍ਰਭਾਵੀ ਨਤੀਜਿਆਂ ਲਈ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਭੂਮਿਕਾ ਅਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਦੇ ਦਾਇਰੇ ਵਿੱਚ ਲਿਆ ਕੇ ਆਊਟਰੀਚ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਕਈ ਪ੍ਰਮੁੱਖ ਮੁੱਖ ਬੁਲਾਰੇ ਜਿਵੇਂ ਕਿ ਸੀਈਓ ਆਈ/ਸੀ, ਐੱਨਐੱਚਏ ਸ਼੍ਰੀ ਐੱਸ ਗੋਪਾਲਕ੍ਰਿਸ਼ਨਨ; ਡੀਜੀ (ਆਈਟੀ) ਭਾਰਤੀ ਚੋਣ ਕਮਿਸ਼ਨ ਡਾ. ਨੀਤਾ ਵਰਮਾ; ਡਾਇਰੈਕਟਰ ਏਮਜ਼, ਦਿੱਲੀ ਡਾ. ਐੱਮ ਸ੍ਰੀਨਿਵਾਸ; ਮੈਂਬਰ ਈਐੱਸਆਈਸੀ ਅਤੇ ਐਸੋਚੈਮ ਪ੍ਰੋ. ਸੌਰਭ ਅਗਰਵਾਲ; ਮੈਂਬਰ, ਈਐੱਸਆਈਸੀ ਡਾ. ਕੇ ਕੇ ਅਗਰਵਾਲ; ਰਾਸ਼ਟਰੀ ਸਕੱਤਰ, ਲਘੂ ਉਦਯੋਗ ਭਾਰਤੀ ਅਤੇ ਮੈਂਬਰ, ਈਐੱਸਆਈਸੀ ਸ਼੍ਰੀ ਸੁਨੀਲ ਸਿਰਸੀਕਰ; ਐੱਸਐੱਲਈਏ, ਕਿਰਤ ਅਤੇ ਰੋਜ਼ਗਾਰ ਮੰਤਰਾਲਾ, ਸ਼੍ਰੀ ਆਲੋਕ ਚੰਦਰਾ; ਜਨਰਲ ਸਕੱਤਰ, ਟੀਯੂਸੀਸੀ ਅਤੇ ਮੈਂਬਰ ਈਐੱਸਆਈਸੀ, ਸ਼੍ਰੀ ਸ਼ਿਓ ਪ੍ਰਸਾਦ ਤਿਵਾੜੀ; ਐੱਮਡੀ, ਹਿੰਦੁਸਤਾਨ ਟੀਨ ਵਰਕਸ ਲਿਮਟਿਡ ਅਤੇ ਮੈਂਬਰ, ਈਐੱਸਆਈਸੀ ਸ਼੍ਰੀ ਸੰਜੇ ਭਾਟੀਆ ਅਤੇ ਰਾਸ਼ਟਰੀ ਜਨਰਲ ਸਕੱਤਰ, ਏਓਆਈਆਈ, ਮੈਂਬਰ ਸੀਬੀਟੀ, ਈਪੀਐੱਫਓ ਸ਼੍ਰੀ ਐੱਸ ਕੇ ਸ਼ਰਮਾ ਨੇ ਸੈਮੀਨਾਰ ਦੌਰਾਨ ਆਪਣੇ ਗਿਆਨ ਅਤੇ ਤਜ਼ਰਬੇ ਸਾਂਝੇ ਕੀਤੇ।
ਇਸ ਤੋਂ ਇਲਾਵਾ ਕਿਰਤ ਅਤੇ ਰੋਜ਼ਗਾਰ ਮੰਤਰਾਲੇ, ਈਐੱਸਆਈਸੀ ਅਤੇ ਈਪੀਐੱਫਓ ਦੇ ਕਈ ਸੀਨੀਅਰ ਅਧਿਕਾਰੀ/ਅਧਿਕਾਰੀਆਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
*****
ਐੱਮਜੇਪੀਐੱਸ/ਐੱਸਐੱਸਵੀ
(Release ID: 1902966)
Visitor Counter : 121