ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਅਤੇ ਮਾਣਯੋਗ ਮੁੱਖ ਮੰਤਰੀ, ਹਰਿਆਣਾ ਨੇ ਪੰਚਕੁਲਾ ਵਿਖੇ ਬੀਮਾ ਮੈਡੀਕਲ ਸੇਵਾਵਾਂ ਦੇ ਡਾਇਰੈਕਟੋਰੇਟ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ
ਪੰਚਕੁਲਾ ਤੋਂ ਸੋਨੀਪਤ ਦੀਆਂ ਰਾਈ ਅਤੇ ਬਰ੍ਹੀ ਈਐੱਸਆਈਸੀ ਡਿਸਪੈਂਸਰੀਆਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ
Posted On:
19 FEB 2023 6:44PM by PIB Chandigarh
ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਮਾਣਯੋਗ ਮੁੱਖ ਮੰਤਰੀ, ਹਰਿਆਣਾ ਸ਼੍ਰੀ ਮਨੋਹਰ ਲਾਲ ਦੇ ਨਾਲ, ਅੱਜ ਪੰਚਕੁਲਾ ਵਿਖੇ ਡਾਇਰੈਕਟੋਰੇਟ ਬੀਮਾ ਮੈਡੀਕਲ ਸੇਵਾਵਾਂ, ਈਐੱਸਆਈ ਸਕੀਮ, ਹਰਿਆਣਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੇ ਪੰਚਕੁਲਾ ਤੋਂ ਹੀ ਸੋਨੀਪਤ ਜ਼ਿਲ੍ਹੇ ਦੇ ਰਾਈ ਅਤੇ ਬਰ੍ਹੀ ਦੀਆਂ ਡਿਸਪੈਂਸਰੀਆਂ ਦਾ ਨੀਂਹ ਪੱਥਰ ਵੀ ਰੱਖਿਆ।
ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਹਰਿਆਣਾ ਵਿੱਚ ਈਐੱਸਆਈ ਦੀਆਂ ਗਤੀਵਿਧੀਆਂ ਨੂੰ ਗਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਕੁਲਾ ਦੀ ਈਐੱਸਆਈ ਇਮਾਰਤ ਦਾ ਨੀਂਹ ਪੱਥਰ ਸਾਲ 2018 ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੇ ਰੱਖਿਆ ਸੀ ਅਤੇ ਅੱਜ ਸਾਲ 2023 ਵਿੱਚ ਇਸ ਇਮਾਰਤ ਵਿੱਚ ਕੰਮਕਾਜ ਅਰੰਭ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਮਿੱਥੇ ਸਮੇਂ ਵਿੱਚ ਆਖਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਈਐੱਸਆਈ ਦੀ ਪ੍ਰਬੰਧਕੀ ਇਮਾਰਤ ਦੀ ਉਸਾਰੀ ਨਾਲ ਉੱਤਰੀ ਜ਼ੋਨ ਵਿੱਚ ਈਐੱਸਆਈਸੀ ਦੇ ਰਜਿਸਟਰਡ ਵਿਅਕਤੀਆਂ ਦਾ ਪ੍ਰਸ਼ਾਸਨਿਕ ਕੰਮ ਬਿਹਤਰ ਢੰਗ ਨਾਲ ਚੱਲ ਸਕੇਗਾ। ਉਨ੍ਹਾਂ ਨੇ ਰਾਜ ਵਿੱਚ ਈਐੱਸਆਈ ਗਤੀਵਿਧੀਆਂ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਮਾਨੇਸਰ ਅਤੇ ਬਾਵਲ ਵਿੱਚ ਈਐੱਸਆਈ ਹਸਪਤਾਲਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਰੋਹਤਕ, ਅੰਬਾਲਾ, ਸੋਨੀਪਤ ਅਤੇ ਹਿਸਾਰ ਵਿੱਚ ਵੀ ਈਐੱਸਆਈ ਹਸਪਤਾਲ ਸਥਾਪਿਤ ਕੀਤੇ ਜਾਣਗੇ।
ਹਰਿਆਣਾ ਦੇ ਈਐੱਸਆਈ ਸਕੀਮ ਡਾਇਰੈਕਟੋਰੇਟ ਦੀ ਨਵੀਂ ਇਮਾਰਤ ਸੈਕਟਰ 14, ਪੰਚਕੁਲਾ ਵਿਖੇ 8.38 ਕਰੋੜ ਰੁਪਏ ਦੀ ਕੁੱਲ ਪ੍ਰੋਜੈਕਟ ਲਾਗਤ ਨਾਲ ਬਣਾਈ ਗਈ ਹੈ। ਡਾਇਰੈਕਟੋਰੇਟ ਦੀ ਨਵੀਂ ਇਮਾਰਤ ਕਰਮਚਾਰੀਆਂ ਨੂੰ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਹਰਿਆਣਾ ਵਿੱਚ ਈਐੱਸਆਈ ਯੋਜਨਾ ਦੇ ਬਿਹਤਰ ਪ੍ਰਬੰਧਨ ਵਿੱਚ ਮਦਦ ਕਰੇਗੀ।
ਬਰ੍ਹੀ ਵਿਖੇ ਈਐੱਸਆਈ ਡਿਸਪੈਂਸਰੀ ਪਲਾਟ ਈਡੀ-1, ਫੇਜ਼ 1, ਇੰਡਸਟਰੀਅਲ ਅਸਟੇਟ, ਬਰ੍ਹੀ (ਸੋਨੀਪਤ) ਵਿਖੇ ਬਣਾਈ ਜਾਵੇਗੀ। ਇਸ ਦੇ ਜ਼ਰੀਏ ਬਰ੍ਹੀ ਉਦਯੋਗਿਕ ਖੇਤਰ, ਗਨੌਰ ਦੇ ਆਸ-ਪਾਸ ਦੇ ਖੇਤਰਾਂ ਅਤੇ ਸਮਾਲਖਾ ਤੱਕ ਰਾਸ਼ਟਰੀ ਰਾਜਮਾਰਗ 44 ਦੇ ਪੂਰੇ ਹਿੱਸੇ ਵਿੱਚ 32000 ਬੀਮਾਯੁਕਤ ਵਿਅਕਤੀਆਂ ਅਤੇ ਉਨ੍ਹਾਂ ਦੇ ਲਾਭਾਰਥੀਆਂ ਨੂੰ ਸੇਵਾਵਾਂ ਮੁਹੱਈਆ ਕਰਨ ਅਤੇ ਉਨ੍ਹਾਂ ਦੀਆਂ ਮੁੱਢਲੀਆਂ ਮੈਡੀਕਲ ਦੇਖਭਾਲ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਉਮੀਦ ਹੈ।
ਰਾਈ ਵਿਖੇ ਈਐੱਸਆਈ ਡਿਸਪੈਂਸਰੀ ਈਡੀ1, ਸੈਕਟਰ 38, ਫੇਜ਼ II, ਉਦਯੋਗਿਕ ਅਸਟੇਟ, ਰਾਈ (ਸੋਨੀਪਤ) ਵਿਖੇ ਬਣਾਈ ਜਾਵੇਗੀ। ਇਹ 106440 ਲਾਭਾਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ।
ਇਸ ਮੌਕੇ ਸ਼੍ਰੀ ਰਾਮੇਸ਼ਵਰ ਤੇਲੀ, ਮਾਣਯੋਗ ਰਾਜ ਮੰਤਰੀ, ਕਿਰਤ ਅਤੇ ਰੋਜ਼ਗਾਰ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ, ਭਾਰਤ ਸਰਕਾਰ, ਸ਼੍ਰੀ ਗਿਆਨ ਚੰਦ ਗੁਪਤਾ, ਮਾਣਯੋਗ ਸਪੀਕਰ, ਵਿਧਾਨ ਸਭਾ, ਹਰਿਆਣਾ, ਸ਼੍ਰੀ ਅਨੂਪ ਧਨਕ, ਮਾਣਯੋਗ ਰਾਜ ਮੰਤਰੀ ਲੇਬਰ (ਸੁਤੰਤਰ ਚਾਰਜ), ਮਾਲ ਅਤੇ ਆਪਦਾ ਪ੍ਰਬੰਧਨ, ਉਦਯੋਗ ਅਤੇ ਵਣਜ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਮੰਤਰੀ ਹਰਿਆਣਾ ਸਰਕਾਰ ਸ਼੍ਰੀ ਰਤਨ ਲਾਲ ਕਟਾਰੀਆ, ਮਾਣਯੋਗ ਸੰਸਦ ਮੈਂਬਰ, ਅੰਬਾਲਾ, ਸ਼੍ਰੀ ਰਮੇਸ਼ ਚੰਦਰ ਕੌਸ਼ਿਕ, ਮਾਣਯੋਗ ਸੰਸਦ ਮੈਂਬਰ, ਸੋਨੀਪਤ ਸ਼੍ਰੀ ਮੋਹਨ ਲਾਲ ਬਡੋਲੀ, ਮਾਣਯੋਗ ਵਿਧਾਇਕ, ਰਾਈ, ਸੋਨੀਪਤ ਅਤੇ ਸੁਸ਼੍ਰੀ ਨਿਰਮਲ ਰਾਣੀ, ਮਾਣਯੋਗ ਵਿਧਾਇਕ, ਗਨੌਰ, ਸੋਨੀਪਤ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਪੰਚਕੁਲਾ ਵਿਖੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ।
ਪਿਛੋਕੜ:
ਈਐੱਸਆਈ ਸਕੀਮ ਹਰਿਆਣਾ ਖੇਤਰ ਵਿੱਚ ਸਾਲ 1953 ਵਿੱਚ ਸ਼ੁਰੂ ਕੀਤੀ ਗਈ ਸੀ, ਜਦੋਂ ਇਹ ਸੰਯੁਕਤ ਰਾਜ ਪੰਜਾਬ ਦਾ ਇੱਕ ਹਿੱਸਾ ਸੀ ਜਿਸਦਾ ਚੰਡੀਗੜ੍ਹ ਵਿਖੇ ਖੇਤਰੀ ਦਫ਼ਤਰ ਸੀ। ਸ਼ੁਰੂ ਵਿੱਚ ਇਸ ਵਿੱਚ ਲਗਭਗ 20,000 ਕਰਮਚਾਰੀ ਅਤੇ 100 ਮਾਲਕ ਸਨ। ਇਸ ਤੋਂ ਇਲਾਵਾ, ਹਰਿਆਣਾ ਰਾਜ ਵਿੱਚ 4 ਈਐੱਸਆਈ ਸਕੀਮ ਹਸਪਤਾਲ, 3 ਈਐੱਸਆਈਸੀ ਹਸਪਤਾਲ ਅਤੇ 85 ਡਿਸਪੈਂਸਰੀਆਂ ਹਨ ਜੋ ਬੀਮੇ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਿਹਤ ਸੰਭਾਲ਼ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾ, ਸੁਪਰ ਸਪੈਸ਼ਲਿਟੀ ਇਲਾਜ ਪ੍ਰਦਾਨ ਕਰਨ ਲਈ, ਈਐੱਸਆਈ ਕਾਰਪੋਰੇਸ਼ਨ ਨੇ 56 ਟਾਈ-ਅੱਪ ਹਸਪਤਾਲਾਂ ਨਾਲ ਸਹਿਯੋਗ ਕੀਤਾ ਹੈ ਅਤੇ ਲਗਭਗ 89,06,957 ਲੱਖ ਲਾਭਾਰਥੀਆਂ ਨੂੰ ਸੈਕੰਡਰੀ ਦੇਖਭਾਲ਼ ਇਲਾਜ ਮੁਹੱਈਆ ਕਰਵਾਇਆ ਹੈ।
*********
(Release ID: 1900574)
ਵਿਜ਼ੀਟਰ ਕਾਊਂਟਰ : 114