ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਮਧੂ ਮੱਖੀ ਪਾਲਣ ਮਿੱਠੀ ਕ੍ਰਾਂਤੀ ਦਾ ਮਾਧਿਅਮ ਹੈ


ਮਧੂ ਮੱਖੀ ਪਾਲਣ ਨਾਲ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ:- ਚੇਅਰਮੈਨ-ਕੇਵੀਆਈਸੀ-ਮਨੋਜ ਕੁਮਾਰ

Posted On: 05 JAN 2023 8:42PM by PIB Chandigarh

ਭਾਰਤ ਸਰਕਾਰ ਦੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਮਨੋਜ ਕੁਮਾਰ ਨੇ ਕਿਹਾ ਕਿ ਮਧੂ ਮੱਖੀ ਪਾਲਣ ਮਿੱਠੀ ਕ੍ਰਾਂਤੀ ਦਾ ਮਾਧਿਅਮ ਹੈ, ਇਸ ਕੰਮ ਨਾਲ ਜੁੜ ਕੇ ਵੱਧ ਤੋਂ ਵੱਧ ਕਮਾਈ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਖਾਦੀ ਅਤੇ ਪੇਂਡੂ ਉਦਯੋਗ ਦੇਸ਼ ਵਿੱਚ ਮਿੱਠੀ ਕ੍ਰਾਂਤੀ ਲਿਆਉਣ ਲਈ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ। ਕਮਿਸ਼ਨ ਵੱਲੋਂ ਹੁਣ ਤੱਕ ਦੇਸ਼ ਭਰ ਵਿੱਚ 17 ਹਜ਼ਾਰ 500 ਲਾਭਪਾਤਰੀਆਂ ਨੂੰ ਮਧੂ ਮੱਖੀ ਪਾਲਣ ਦੀ ਸਿਖਲਾਈ ਦੇਣ ਤੋਂ ਬਾਅਦ 1 ਲੱਖ 75 ਹਜ਼ਾਰ ਮਧੂ ਮੱਖੀ ਦੇ ਬਕਸੇ ਵੰਡੇ ਜਾ ਚੁੱਕੇ ਹਨ। ਹਰਿਆਣਾ ਰਾਜ ਵਿੱਚ 440 ਲਾਭਪਾਤਰੀਆਂ ਨੂੰ ਮਧੂ ਮੱਖੀ ਪਾਲਣ ਦੀ ਸਿਖਲਾਈ ਦੇ ਕੇ 4400 ਬਕਸੇ ਵੰਡੇ ਗਏ ਹਨ। ਭਾਰਤ ਸਰਕਾਰ ਦੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਮਨੋਜ ਕੁਮਾਰ ਖਾਦੀ ਸ਼ਹਿਦ ਮਿਸ਼ਨ ਸੰਵਾਦ ਪ੍ਰੋਗਰਾਮ ਵਿੱਚ ਭਾਗ ਲੈਂਦਿਆਂ ਹਰਿਆਣਾ ਵਿੱਚ ਕੈਥਲ ਦੇ ਪਿੰਡ ਦੇਵੜਾ ਵਿੱਚ 20 ਮਧੂ ਮੱਖੀ ਪਾਲਕਾਂ ਨੂੰ 200 ਮਧੂ ਮੱਖੀਆਂ ਦੇ ਬਕਸੇ ਵੰਡਣ ਦੌਰਾਨ ਸੰਬੋਧਨ ਕਰ ਰਹੇ ਸਨ। ਪਿੰਡ ਪਹੁੰਚਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸੁਦੇਸ਼ ਮਹਿਰਾ ਅਤੇ ਸਰਪੰਚ ਵਿਕਰਮ ਸਿੰਘ ਅਤੇ ਹੋਰ ਪਤਵੰਤਿਆਂ ਨੇ ਚੇਅਰਮੈਨ ਦਾ ਸਵਾਗਤ ਕੀਤਾ |

ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਮਨੋਜ ਕੁਮਾਰ ਨੇ ਕਿਹਾ ਕਿ ਹਰਿਆਣਾ ਵਿੱਚ ਮਧੂ ਮੱਖੀ ਪਾਲਣ ਨੂੰ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਪੇਂਡੂ ਖੇਤਰ ਦੇ ਲੋਕ ਇਸ ਕੰਮ ਨਾਲ ਜੁੜ ਕੇ ਲਾਭ ਪ੍ਰਾਪਤ ਕਰ ਸਕਣ। ਪਿੰਡ ਦੇਵੜਾ ਵਿਖੇ 20 ਮਧੂ ਮੱਖੀ ਪਾਲਕਾਂ ਨੂੰ 200 ਮਧੂ ਮੱਖੀਆਂ ਦੇ ਬਕਸੇ ਮੁਹੱਈਆ ਕਰਵਾਏ ਗਏ ਹਨ ਅਤੇ ਜ਼ਿਲ੍ਹਾ ਕੈਥਲ ਦੇ 30 ਲਾਭਪਾਤਰੀਆਂ ਨੂੰ ਛੇਤੀ ਹੀ 300 ਮਧੂ ਮੱਖੀ ਬਾਕਸ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਪੂਰੇ ਰਾਜ ਵਿੱਚ ਖਾਦੀ ਗਤੀਵਿਧੀਆਂ ਨੂੰ ਵਧਾਉਣ ਲਈ ਕੰਮ ਕੀਤਾ ਜਾਵੇਗਾ। ਮੌਜੂਦਾ ਸਥਿਤੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਨਵੇਂ ਖੇਤਰਾਂ ਵਿੱਚ ਰੋਜ਼ਗਾਰ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮਧੂ ਮੱਖੀ ਪਾਲਣ ਉਦਯੋਗ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਇਹ ਵਾਤਾਵਰਣ ਪੱਖੀ ਉਦਯੋਗ ਨਾ ਸਿਰਫ਼ ਸ਼ਹਿਦ ਪੈਦਾ ਕਰਦਾ ਹੈ, ਜਿਸ ਨਾਲ ਉੱਦਮੀਆਂ/ਕਿਸਾਨਾਂ ਨੂੰ ਆਮਦਨ ਹੁੰਦੀ ਹੈ, ਸਗੋਂ ਮਧੂ ਮੱਖੀਆਂ ਵਲੋਂ ਫੈਲਾਏ ਪਰਾਗ ਦੇ ਕਣਾਂ ਕਾਰਨ ਫ਼ਸਲ ਦੀ ਉਤਪਾਦਕਤਾ ਵਿੱਚ ਵੀ 30 ਫੀਸਦੀ ਤੱਕ ਦਾ ਵਾਧਾ ਹੁੰਦਾ ਹੈ।  ਇਸ ਤਰ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇਸ ਮਿਸ਼ਨ ਨਾਲ ਨਿਸ਼ਚਿਤ ਤੌਰ ‘ਤੇ ਕਿਸਾਨਾਂ ਦੀ ਆਮਦਨ ਵਿੱਚ ਸਾਪੇਖਿਕ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਵਿੱਚ ਜ਼ਿਲ੍ਹਾ ਭਿਵਾਨੀ ਤੇ ਜ਼ਿਲ੍ਹਾ ਸਿਰਸਾ ਅਤੇ ਉਸ ਤੋਂ ਬਾਅਦ ਹਰਿਆਣਾ ਰਾਜ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਮਧੂ ਮੱਖੀ ਪਾਲਕਾਂ ਨੂੰ ਸਿਖਲਾਈ ਦੇ ਕੇ ਮਧੂ ਮੱਖੀ ਬਕਸੇ ਵੰਡ ਕੇ ਮਧੂ ਮੱਖੀ ਪਾਲਣ ਉਦਯੋਗ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਮੌਕੇ ਚੇਅਰਮੈਨ ਮਨੋਜ ਕੁਮਾਰ ਨੇ ਲਾਭਪਾਤਰੀਆਂ ਅਤੇ ਹੋਰ ਹਾਜ਼ਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸੁਝਾਅ ਵੀ ਲਏ। ਪ੍ਰੋਗਰਾਮ ਤੋਂ ਬਾਅਦ, ਕਮਿਸ਼ਨ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਖਾਦੀ ਅਤੇ ਗ੍ਰਾਮੀਣ ਉਦਯੋਗ ਉੱਦਮਾਂ ਦਾ ਦੌਰਾ ਕੀਤਾ ਅਤੇ ਪੀਐੱਮਈਜੀਪੀ ਯੂਨਿਟਾਂ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ (Prime Minister's Employment Generation Program) ਤਹਿਤ ਸਥਾਪਿਤ ਯੂਨਿਟਾਂ ਦਾ ਵੀ ਦੌਰਾ ਕੀਤਾ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਕਮਿਸ਼ਨ ਦੇ ਸਟੇਟ ਡਾਇਰੈਕਟਰ ਆਈ ਜਵਾਹਰ, ਤਹਿਸੀਲਦਾਰ ਸੁਦੇਸ਼ ਮਹਿਰਾ, ਨਾਇਬ ਤਹਿਸੀਲਦਾਰ ਅਸ਼ੀਸ਼, ਸਰਪੰਚ ਵਿਕਰਮ ਸਿੰਘ, ਚੰਦਰਭਾਨ ਦੇਵੜਾ, ਹਿਸਾਮ ਸਿੰਘ, ਲਾਭ ਸਿੰਘ ਅਤੇ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

https://static.pib.gov.in/WriteReadData/userfiles/image/image001DB3Y.jpg

ਭਾਰਤ ਸਰਕਾਰ ਦੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਮਨੋਜ ਕੁਮਾਰ ਨੇ ਪਿੰਡ ਦੇਵੜਾ ਵਿੱਚ ਸ਼ਹਿਦ ਮਿਸ਼ਨ ਤਹਿਤ ਮੱਖੀ ਪਾਲਕਾਂ ਨੂੰ ਬਕਸੇ ਵੰਡੇ।

https://static.pib.gov.in/WriteReadData/userfiles/image/image002INRO.jpg

*****

ਐੱਮਜੇਪੀਐੱਸ 



(Release ID: 1891623) Visitor Counter : 118


Read this release in: English , Urdu