ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਬ੍ਰਹਮ ਕੁਮਾਰੀਆਂ ਦੁਆਰਾ ਆਯੋਜਿਤ 'ਰਾਈਜ਼-ਰਾਈਜ਼ਿੰਗ ਇੰਡੀਆ ਥਰੂ ਸਪਿਰਚੁਅਲ ਐਂਪਾਵਰਮੈਂਟ' 'ਤੇ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਕੀਤੀ; ਵਰਚੁਅਲ ਤੌਰ 'ਤੇ ਬ੍ਰਹਮ ਕੁਮਾਰੀਜ਼ ਸਾਈਲੈਂਸ ਰੀਟ੍ਰੀਟ ਸੈਂਟਰ, ਸਿਕੰਦਰਾਬਾਦ ਦਾ ਉਦਘਾਟਨ ਕੀਤਾ ਅਤੇ ਇੰਦੌਰ ਵਿਖੇ ਬ੍ਰਹਮਾ ਕੁਮਾਰੀਜ਼ ਆਡੀਟੋਰੀਅਮ ਅਤੇ ਅਧਿਆਤਮਕ ਆਰਟ ਗੈਲਰੀ ਦਾ ਨੀਂਹ ਪੱਥਰ ਰੱਖਿਆ
ਬ੍ਰਹਮ ਕੁਮਾਰੀ ਸੰਗਠਨ ਨੇ ਮਹਿਲਾਵਾਂ ਦੇ ਸਸ਼ਕਤੀਕਰਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ: ਰਾਸ਼ਟਰਪਤੀ ਮੁਰਮੂ
Posted On:
03 JAN 2023 9:16PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (3 ਜਨਵਰੀ, 2023) ਰਾਜਸਥਾਨ ਦੇ ਮਾਊਂਟ ਆਬੂ ਵਿਖੇ ਬ੍ਰਹਮ ਕੁਮਾਰੀਆਂ ਦੁਆਰਾ ਆਯੋਜਿਤ 'ਰਾਈਜ਼-ਰਾਈਜ਼ਿੰਗ ਇੰਡੀਆ ਥਰੂ ਆਤਮਿਕ ਸਸ਼ਕਤੀਕਰਣ' 'ਤੇ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਬ੍ਰਹਮਾ ਕੁਮਾਰੀਸ ਸਾਈਲੈਂਸ ਰੀਟ੍ਰੀਟ ਸੈਂਟਰ, ਸਿਕੰਦਰਾਬਾਦ, ਤੇਲੰਗਾਨਾ ਦਾ ਵੀ ਵਰਚੁਅਲੀ ਉਦਘਾਟਨ ਕੀਤਾ ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਬ੍ਰਹਮਾ ਕੁਮਾਰੀਜ਼ ਆਡੀਟੋਰੀਅਮ ਅਤੇ ਅਧਿਆਤਮਿਕ ਆਰਟ ਗੈਲਰੀ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਬ੍ਰਹਮ ਕੁਮਾਰੀ ਸੰਸਥਾ ਨਾਲ ਡੂੰਘਾ ਸਬੰਧ ਰਿਹਾ ਹੈ। ਉਨ੍ਹਾਂ ਰਾਜ ਯੋਗ ਦੀ ਵਿਧੀ ਸਿੱਖੀ ਜੋ ਬਾਹਰੀ ਭੌਤਿਕ ਸੁਵਿਧਾਵਾਂ ਅਤੇ ਘਟਨਾਵਾਂ ਦੀ ਬਜਾਏ ਅੰਦਰੂਨੀ ਅਧਿਆਤਮਿਕ ਸ਼ਕਤੀ ਨੂੰ ਮਹੱਤਵ ਦਿੰਦੀ ਸੀ। ਇਸ ਨੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਅਜਿਹੇ ਸਮੇਂ ਵਿੱਚ ਰੋਸ਼ਨੀ ਅਤੇ ਉਤਸ਼ਾਹ ਭਰਿਆ ਜਦੋਂ ਉਹ ਆਪਣੇ ਆਲੇ ਦੁਆਲੇ ਹਨੇਰਾ ਮਹਿਸੂਸ ਕਰ ਰਹੇ ਸਨ ਅਤੇ ਕੋਈ ਆਸ ਵੀ ਨਹੀਂ ਸੀ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਬ੍ਰਹਮ ਕੁਮਾਰੀ ਸੰਸਥਾ ਪਿਛਲੇ ਕਰੀਬ 80 ਸਾਲਾਂ ਤੋਂ ਅਧਿਆਤਮਿਕ ਤਰੱਕੀ, ਸ਼ਖਸੀਅਤ ਦੇ ਅੰਦਰੂਨੀ ਪਰਿਵਰਤਨ ਅਤੇ ਵਿਸ਼ਵ ਭਾਈਚਾਰੇ ਦੀ ਪੁਨਰ ਸੁਰਜੀਤੀ ਲਈ ਵਡਮੁੱਲਾ ਯੋਗਦਾਨ ਪਾ ਰਹੀ ਹੈ। ਸ਼ਾਂਤੀ, ਅਹਿੰਸਾ ਅਤੇ ਪਿਆਰ 'ਤੇ ਆਧਾਰਿਤ ਸੇਵਾ ਦੀ ਭਾਵਨਾ ਰਾਹੀਂ, ਇਸ ਸੰਸਥਾ ਨੇ ਸਰਵਪੱਖੀ ਸਿੱਖਿਆ, ਪੇਂਡੂ ਵਿਕਾਸ, ਸਿਹਤ, ਮਹਿਲਾ ਸਸ਼ਕਤੀਕਰਣ, ਆਪਦਾ ਪ੍ਰਬੰਧਨ, ਦਿੱਵਯਾਂਗਜਨਾਂ ਅਤੇ ਅਨਾਥਾਂ ਦੀ ਭਲਾਈ ਅਤੇ ਵਾਤਾਵਰਣ ਸੁਰੱਖਿਆ ਵਰਗੇ ਕਈ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਇਨ੍ਹਾਂ ਨੇਕ ਕੰਮਾਂ ਲਈ ਬ੍ਰਹਮਾ ਕੁਮਾਰੀਆਂ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੇ ਨੋਟ ਕੀਤਾ ਕਿ ਬ੍ਰਹਮ ਕੁਮਾਰੀ ਸੰਗਠਨ 137 ਦੇਸ਼ਾਂ ਵਿੱਚ ਲਗਭਗ 5,000 ਧਿਆਨ ਕੇਂਦਰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਤਮਿਕ ਭਰਾਵਾਂ ਦੇ ਸਹਿਯੋਗ ਨਾਲ ਚੱਲ ਰਹੀ ਇਸ ਸੰਸਥਾ ਵਿੱਚ ਮਹਿਲਾਵਾਂ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ। ਇਹ ਮਹਿਲਾਵਾਂ ਦੁਆਰਾ ਚਲਾਇਆ ਜਾਣ ਵਾਲਾ ਸਭ ਤੋਂ ਵੱਡਾ ਅਧਿਆਤਮਿਕ ਸੰਗਠਨ ਹੈ ਜੋ ਸਾਬਤ ਕਰਦਾ ਹੈ ਕਿ ਮੌਕਾ ਮਿਲਣ 'ਤੇ, ਮਹਿਲਾਵਾਂ ਵੀ ਮਰਦਾਂ ਦੇ ਬਰਾਬਰ ਜਾਂ ਸ਼ਾਇਦ ਇਸ ਤੋਂ ਵੀ ਵਧੀਆ ਕੰਮ ਕਰ ਸਕਦੀਆਂ ਹਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਬ੍ਰਹਮ ਕੁਮਾਰੀਜ਼ ਸੰਸਥਾ ਨੇ ਮਹਿਲਾਵਾਂ ਦੇ ਸਸ਼ਕਤੀਕਰਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਬ੍ਰਹਮ ਬਾਬਾ ਦਾ ਮੰਨਣਾ ਹੈ ਕਿ ਸੰਸਾਰ ਦਾ ਸਰਵਪੱਖੀ ਵਿਕਾਸ ਮਹਿਲਾਵਾਂ ਦੇ ਅਧਿਆਤਮਕ, ਸਮਾਜਿਕ ਅਤੇ ਬੌਧਿਕ ਸਸ਼ਕਤੀਕਰਣ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਸੋਚ ਨਾਲ ਬ੍ਰਹਮ ਬਾਬਾ ਨੇ ਮਹਿਲਾਵਾਂ ਨੂੰ ਮੋਹਰੀ ਰੋਲ ਦਿੱਤਾ ਅਤੇ ਅੱਜ ਦੇ ਵਿਸ਼ਵ-ਸਮਾਜ ਨੂੰ ਇਸੇ ਸੋਚ ਦੀ ਹੋਰ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਧਿਆਤਮਿਕਤਾ ਮਾਰਗ ਦਰਸ਼ਕ ਹੈ ਜੋ ਸਮੁੱਚੀ ਮਾਨਵਤਾ ਨੂੰ ਸਹੀ ਰਸਤਾ ਦਿਖਾ ਸਕਦੀ ਹੈ। ਸਾਡੇ ਦੇਸ਼ ਨੂੰ ਵਿਸ਼ਵ ਸ਼ਾਂਤੀ ਲਈ ਵਿਗਿਆਨ ਅਤੇ ਅਧਿਆਤਮਿਕਤਾ ਦੋਵਾਂ ਦੀ ਵਰਤੋਂ ਕਰਨੀ ਪਵੇਗੀ। ਸਾਡਾ ਉਦੇਸ਼ ਹੈ ਕਿ ਭਾਰਤ ਇੱਕ ਗਿਆਨ ਸੁਪਰ–ਪਾਵਰ ਬਣ ਜਾਵੇ। ਸਾਡੀ ਇੱਛਾ ਹੈ ਕਿ ਇਸ ਗਿਆਨ ਦੀ ਵਰਤੋਂ ਟਿਕਾਊ ਵਿਕਾਸ, ਸਮਾਜਿਕ ਸਦਭਾਵਨਾ, ਮਹਿਲਾਵਾਂ ਅਤੇ ਵੰਚਿਤ ਵਰਗਾਂ ਦੇ ਵਿਕਾਸ ਲਈ, ਨੌਜਵਾਨਾਂ ਦੀ ਊਰਜਾ ਦੀ ਸਹੀ ਵਰਤੋਂ ਅਤੇ ਵਿਸ਼ਵ ਵਿੱਚ ਸਦੀਵੀ ਸ਼ਾਂਤੀ ਦੀ ਸਥਾਪਨਾ ਲਈ ਕੀਤੀ ਜਾਵੇ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਜਲਵਾਯੂ ਪਰਿਵਰਤਨ ਕਾਰਨ ਹੋਂਦ ਲਈ ਖਤਰੇ ਦਾ ਸਾਹਮਣਾ ਕਰ ਰਹੇ ਹਾਂ। ਵਾਤਾਵਰਣ ਦੀ ਸੰਭਾਲ ਵੀ ਇੱਕ ਤਰ੍ਹਾਂ ਦੀ ਅਧਿਆਤਮਕ ਸ਼ਕਤੀ ਹੈ ਕਿਉਂਕਿ ਸਾਫ਼ ਅਤੇ ਸਿਹਤਮੰਦ ਵਾਤਾਵਰਣ ਸਾਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਵਾਤਾਵਰਣ ਅਤੇ ਅਧਿਆਤਮਿਕਤਾ ਦਾ ਇਹ ਆਪਸੀ ਸਬੰਧ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਸਦੀਆਂ ਤੋਂ ਰੁੱਖਾਂ, ਪਹਾੜਾਂ ਅਤੇ ਨਦੀਆਂ ਦੀ ਪੂਜਾ ਕਰਦੇ ਆ ਰਹੇ ਹਾਂ। ਆਪਣੇ ਜੀਵਨ ਵਿੱਚ ਸ਼ਾਂਤੀ ਲਿਆਉਣ ਲਈ ਸਾਨੂੰ ਵਾਤਾਵਰਣ ਦੀ ਰੱਖਿਆ ਕਰਨੀ ਚਾਹੀਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਨਿਸ਼ਚਿਤਤਾ ਦੇ ਇਸ ਦੌਰ ਵਿੱਚ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਦੇ ਨਾਲ-ਨਾਲ ਭਾਰਤ ਵਿਸ਼ਵ ਵਿੱਚ ਸ਼ਾਂਤੀ ਦੇ ਪੂਰਕ ਦੀ ਭੂਮਿਕਾ ਵੀ ਨਿਭਾ ਰਿਹਾ ਹੈ। ਆਪਣੀ ਸੰਸਕ੍ਰਿਤੀ ਅਤੇ ਪਰੰਪਰਾ ਅਨੁਸਾਰ, ਸਾਡਾ ਦੇਸ਼ ਅਧਿਆਤਮਿਕਤਾ ਅਤੇ ਨੈਤਿਕਤਾ 'ਤੇ ਅਧਾਰਤ ਵਿਸ਼ਵ ਵਿਵਸਥਾ ਬਣਾਉਣ ਲਈ ਸਰਗਰਮ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ 'RISE' ਮੁਹਿੰਮ ਭਾਰਤ ਨੂੰ ਅਧਿਆਤਮਿਕ ਤੌਰ 'ਤੇ ਸਸ਼ਕਤ ਬਣਾਉਣ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਸਮਰਥਨ ਕਰਕੇ ਇੱਕ ਮੋਹਰੀ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਪਾਵੇਗੀ।
ਹਿੰਦੀ ’ਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
****
ਡੀਐੱਸ/ਬੀਐੱਮ
(Release ID: 1888792)
Visitor Counter : 130