ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪੀਆਈਬੀ ਚੰਡੀਗੜ੍ਹ ਨੇ ਨੂਹ, ਹਰਿਆਣਾ ਵਿਖੇ ਇੱਕ ਦਿਨਾ ਮੀਡੀਆ ਵਰਕਸ਼ਾਪ - "ਵਾਰਤਾਲਾਪ" ਦਾ ਆਯੋਜਨ ਕੀਤਾ
ਮੀਡੀਆ ਸਰਕਾਰੀ ਸਕੀਮਾਂ ਅਤੇ ਨੀਤੀਆਂ 'ਤੇ ਇੱਕ ਪ੍ਰਮੁੱਖ ਫੀਡਬੈਕ ਏਗਰੀਗੇਟਰ ਹੈ: ਏਡੀਜੀ ਰਾਜੇਂਦਰ ਚੌਧਰੀ
ਨਵੀਂ ਸਿੱਖਿਆ ਨੀਤੀ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਵੇਗੀ: ਅਜੈ ਕੁਮਾਰ, ਡੀਸੀ - ਨੂਹ
Posted On:
07 DEC 2022 4:34PM by PIB Chandigarh
ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਚੰਡੀਗੜ੍ਹ ਦੁਆਰਾ ਅੱਜ ਆਯੋਜਿਤ ਮੀਡੀਆ ਵਰਕਸ਼ਾਪ “ਵਾਰਤਾਲਾਪ” ਵਿੱਚ ਭਾਗ ਲੈਂਦੇ ਹੋਏ ਪੀਆਈਬੀ ਚੰਡੀਗੜ੍ਹ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਸ਼੍ਰੀ ਰਾਜੇਂਦਰ ਚੌਧਰੀ ਨੇ ਕਿਹਾ, “ਮੀਡੀਆ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦਾ ਇੱਕ ਪ੍ਰਮੁੱਖ ਫੀਡਬੈਕ ਏਗਰੀਗੇਟਰ ਹੈ।” ਇਸ ਵਰਕਸ਼ਾਪ ਦਾ ਆਯੋਜਨ ਪੱਤਰਕਾਰਾਂ ਨੂੰ ਕੇਂਦਰ ਸਰਕਾਰ ਦੀਆਂ ਆਮ ਨਾਗਰਿਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵਿਭਿੰਨ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਕੀਤਾ ਗਿਆ ਸੀ। "ਵਾਰਤਾਲਾਪ" ਸਿਰਲੇਖ ਵਾਲੀ ਇਹ ਵਰਕਸ਼ਾਪ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਮੀਡੀਆ ਆਊਟਰੀਚ ਰਣਨੀਤੀ ਦਾ ਹਿੱਸਾ ਹੈ ਅਤੇ ਸਰਕਾਰ ਦੀਆਂ ਯੋਜਨਾਵਾਂ ਅਤੇ ਨੀਤੀਆਂ ਬਾਰੇ ਪ੍ਰਮਾਣਿਕ ਜਾਣਕਾਰੀ ਦੇ ਨਾਲ ਪੱਤਰਕਾਰਾਂ ਨੂੰ ਸਸ਼ਕਤ ਕਰਕੇ ਜਨਤਾ ਅਤੇ ਸਰਕਾਰ ਦਰਮਿਆਨ ਇੱਕ ਪੁਲ ਵਜੋਂ ਕੰਮ ਕਰਨ ਲਈ ਸੰਕਲਪਿਤ ਹੈ।
ਸ਼੍ਰੀ ਰਾਜੇਂਦਰ ਚੌਧਰੀ ਨੇ ਕਿਹਾ ਕਿ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਿਭਿੰਨ ਸਰਕਾਰੀ ਏਜੰਸੀਆਂ ਦੁਆਰਾ ਸਾਂਝੀ ਕੀਤੀ ਜਾਂਦੀ ਜਾਣਕਾਰੀ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਵਿਕਾਸ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ 'ਤੇ ਪੀਆਈਬੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਹੋਰ ਸਹਿਯੋਗੀ ਮੀਡੀਆ ਯੂਨਿਟਾਂ ਦੇ ਕੰਮਕਾਜ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੰਦੇ ਹੋਏ, ਉਨ੍ਹਾਂ ਨੇ ਪੀਆਈਬੀ ਫੈਕਟ ਚੈਕ ਬਾਰੇ ਵੀ ਗੱਲ ਕੀਤੀ ਜੋ ਫਰਜ਼ੀ ਖ਼ਬਰਾਂ ਨੂੰ ਨੱਥ ਪਾਉਣ ਵਿੱਚ ਮਦਦ ਕਰ ਸਕਦਾ ਹੈ।
ਇਸ ਪ੍ਰੋਗਰਾਮ ਵਿੱਚ ਨੂਹ ਦੇ ਡਿਪਟੀ ਕਮਿਸ਼ਨਰ ਸ੍ਰੀ ਅਜੈ ਕੁਮਾਰ, ਆਈਏਐੱਸ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ, ਨੂਹ, ਸੁਸ਼੍ਰੀ ਰੇਣੂ ਸੋਗਨ, ਆਈਏਐੱਸ ਨੇ ਵੀ ਸ਼ਿਰਕਤ ਕੀਤੀ। ਇੱਕਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਜੈ ਕੁਮਾਰ ਨੇ ਕਿਹਾ ਕਿ ਰਾਸ਼ਰੀ ਸਿਖਿਆ ਨੀਤੀ (ਐੱਨਈਪੀ) ਇੱਕ ਗੇਮ ਚੇਂਜਰ ਹੈ ਜਿਸਨੂੰ ਪਹੁੰਚ, ਇਕੁਇਟੀ, ਗੁਣਵੱਤਾ, ਸਮਰੱਥਾ ਅਤੇ ਜਵਾਬਦੇਹੀ ਦੇ ਪੰਜ ਥੰਮ੍ਹਾਂ 'ਤੇ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਬੱਚੇ ਦੀ ਰੁਚੀ ਦੇ ਅਧਾਰ 'ਤੇ ਕਈ ਵਿਸ਼ਿਆਂ ਦੇ ਸੁਮੇਲ ਦੀ ਸੁਵਿਧਾ ਦੇ ਕੇ ਬੱਚੇ ਦੇ ਸਰਵਪੱਖੀ ਵਿਕਾਸ ਦਾ ਮੌਕਾ ਪ੍ਰਦਾਨ ਕਰਦੀ ਹੈ। ਮੀਡੀਆ ਦੀ ਬੇਨਤੀ 'ਤੇ ਹੁੰਗਾਰਾ ਭਰਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਲਗਾਤਾਰ ਪ੍ਰੈਸ ਕਾਨਫਰੰਸਾਂ ਕਰਨੀਆਂ ਸ਼ੁਰੂ ਕਰਨਗੇ।
ਏਡੀਸੀ ਸੁਸ਼੍ਰੀ ਰੇਣੂ ਸੋਗਨ ਨੇ ਵੀ ਮੀਡੀਆ ਨੂੰ ਸੰਬੋਧਿਤ ਕੀਤਾ ਅਤੇ ਵਿਕਾਸ ਦੇ ਸਾਰੇ ਸੂਚਕਾਂ ਵਿੱਚ ਜ਼ਿਲ੍ਹੇ ਨੂੰ ਅੱਗੇ ਲਿਜਾਣ ਲਈ ਲੋਕਾਂ ਵਿੱਚ ਜਾਣਕਾਰੀ ਦੇ ਪ੍ਰਚਾਰ-ਪ੍ਰਸਾਰ ਰਾਹੀਂ ਉਨ੍ਹਾਂ ਦੀ ਸ਼ਮੂਲੀਅਤ ਲਈ ਬੇਨਤੀ ਕੀਤੀ।
ਬਾਅਦ ਵਿੱਚ ਪੱਤਰਕਾਰਾਂ ਨਾਲ ਇੱਕ ਰੋਚਕ ਗੱਲਬਾਤ ਸੈਸ਼ਨ ਆਯੋਜਿਤ ਕੀਤਾ ਗਿਆ। 'ਵਾਰਤਾਲਾਪ' ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਤੋਂ ਇਨਪੁਟ ਅਤੇ ਸੁਝਾਅ ਲੈ ਕੇ ਇੱਕ ਵਿਆਪਕ ਫੀਡਬੈਕ ਵੀ ਇਕੱਠੀ ਕੀਤੀ ਗਈ। ਮੀਡੀਆ ਵਰਕਸ਼ਾਪ ਵਿੱਚ ਸ਼ਹਿਰ ਦੇ ਲਗਭਗ 40 ਪੱਤਰਕਾਰਾਂ ਨੇ ਸਰਗਰਮ ਭਾਗ ਲਿਆ।
ਐੱਫਐੱਲਐੱਨ ਕੋਆਰਡੀਨੇਟਰ ਸੁਸ਼੍ਰੀ ਕੁਸੁਮ ਮਲਿਕ ਨੇ ਨਵੀਂ ਸਿੱਖਿਆ ਨੀਤੀ ਬਾਰੇ ਦੱਸਿਆ। ਉਨ੍ਹਾਂ ਪੱਤਰਕਾਰਾਂ ਨੂੰ ਸਕੂਲਾਂ ਵਿੱਚ ਉੱਚ ਡਰਾਪਆਊਟ ਦਰ ਦੇ ਮੁੱਦੇ ਵੱਲ ਸਥਾਨਕ ਲੋਕਾਂ ਦਾ ਧਿਆਨ ਖਿੱਚਣ ਲਈ ਵੀ ਕਿਹਾ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਮੁਢਲੀ ਸਿੱਖਿਆ ਇਨਸਾਨ ਲਈ ਬੁਨਿਆਦੀ ਬਿਲਡਿੰਗ ਬਲਾਕ ਹੈ। ਅਤੇ ਕਿਵੇਂ ਸਰਕਾਰ ਸਕੂਲ ਡਰਾਪਆਊਟ ਅਨੁਪਾਤ ਨੂੰ ਹੇਠਾਂ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
ਡਿਪਟੀ ਸੀਐੱਮਓ ਡਾ. ਵਿਸ਼ਾਲ ਸਿੰਗਲਾ ਨੇ ਮਾਤਾਵਾਂ ਦੀ ਸਿਹਤ ਨਾਲ ਸਬੰਧਿਤ ਮੁੱਦਿਆਂ 'ਤੇ ਗੱਲ ਕੀਤੀ ਅਤੇ ਸੁਅਸਥ ਅਤੇ ਪੌਸ਼ਟਿਕ ਪੋਸ਼ਣ ਦੀ ਮਹੱਤਤਾ 'ਤੇ ਲੇਖ ਸਾਂਝੇ ਕਰਨ ਲਈ ਮੀਡੀਆ ਦੀ ਸ਼ਮੂਲੀਅਤ ਦੀ ਬੇਨਤੀ ਕੀਤੀ। ਉਨ੍ਹਾਂ ਨੇ 'ਵਿਸਤ੍ਰਿਤ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ' 'ਤੇ ਫੋਕਸ ਕਰਦੇ ਹੋਏ ਮਹਿਲਾਵਾਂ ਵਿੱਚ ਅਨੀਮੀਆ ਦੀ ਸਮੱਸਿਆ 'ਤੇ ਧਿਆਨ ਕੇਂਦਰਿਤ ਕੀਤਾ। ਮੇਵਾਤ ਵਿਕਾਸ ਏਜੰਸੀ ਦੇ ਪ੍ਰੋਜੈਕਟ ਅਫਸਰ ਸ਼੍ਰੀ ਸ਼ਮੀਮ ਅਹਿਮਦ ਅਤੇ ਡੀਪੀਆਰਓ ਸ਼੍ਰੀ ਅਸ਼ੋਕ ਰਾਠੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਸ਼੍ਰੀ ਹਰਸ਼ਿਤ ਨਾਰੰਗ, ਅਸਿਸਟੈਂਟ ਡਾਇਰੈਕਟਰ, ਪੀਆਈਬੀ ਚੰਡੀਗੜ੍ਹ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਲੋਕਤੰਤਰ ਦੇ ਚੌਥੇ ਥੰਮ੍ਹ ਦੇ ਰੂਪ ਵਿੱਚ ਅਤੇ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਸੈਸ਼ਨ ਦਾ ਸੰਚਾਲਨ ਕਰਦਿਆਂ ਖੇਤਰੀ ਪ੍ਰਚਾਰ ਅਧਿਕਾਰੀ ਸ੍ਰੀ ਅਹਿਮਦ ਖਾਨ ਨੇ ਕਿਹਾ ਕਿ ਵਾਰਤਾਲਾਪ ਵਰਕਸ਼ਾਪ ਦਾ ਆਯੋਜਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਕੀਤਾ ਜਾ ਚੁੱਕਾ ਹੈ ਪਰ ਨੂਹ ਵਿੱਚ ਇਸ ਦਾ ਆਯੋਜਨ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਵਾਉਣ ਲਈ ਸਮੂਹ ਪੱਤਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਦਾ ਧੰਨਵਾਦ ਕੀਤਾ।
***
(Release ID: 1881785)
Visitor Counter : 29