ਰਾਸ਼ਟਰਪਤੀ ਸਕੱਤਰੇਤ
'ਜਨਜਾਤੀਯ ਅਨੁਸੰਧਾਨ-ਅਸਮਿਤਾ, ਅਸਤਿਤਵ ਏਵੰ ਵਿਕਾਸ' 'ਤੇ ਨੈਸ਼ਨਲ ਵਰਕਸ਼ਾਪ ਦੇ ਡੈਲੀਗੇਟਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
28 NOV 2022 8:26PM by PIB Chandigarh
ਰਾਸ਼ਟਰਪਤੀ ਭਵਨ ਕਲਚਰਲ ਸੈਂਟਰ ਵਿਖੇ ਅੱਜ (28 ਨਵੰਬਰ, 2022) ਨੂੰ 'ਜਨਜਾਤੀਯ ਅਨੁਸੰਧਾਨ-ਅਸਮਿਤਾ, ਅਸਤਿਤਵ ਏਵੰ ਵਿਕਾਸ' ਬਾਰੇ ਇੱਕ ਨੈਸ਼ਨਲ ਵਰਕਸ਼ਾਪ ਦੇ ਡੈਲੀਗੇਟਾਂ ਨੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੇ ਰਾਸ਼ਟਰ ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਚੇਅਰਪਰਸਨ ਸ਼੍ਰੀ ਹਰਸ਼ ਚੌਹਾਨ ਤੋਂ 'ਸਵਤੰਤਰਤਾ ਸੰਗ੍ਰਾਮ ਮੇਂ ਜਨਜਾਤੀ ਨਾਯਕੋਂ ਕਾ ਯੋਗਦਾਨ' ਕਿਤਾਬ ਦੀ ਪਹਿਲੀ ਕਾਪੀ ਵੀ ਪ੍ਰਾਪਤ ਕੀਤੀ।
ਇਸ ਅਵਸਰ ’ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਅਤੇ ਪਰੰਪਰਾਵਾਂ, ਆਧੁਨਿਕਤਾ ਅਤੇ ਸੱਭਿਆਚਾਰ ਦਾ ਸੁਮੇਲ ਸਮੇਂ ਦੀ ਲੋੜ ਹੈ। ਸਾਨੂੰ ਗਿਆਨ ਦੀ ਸ਼ਕਤੀ ਨਾਲ ਸੰਸਾਰ ਦੀ ਅਗਵਾਈ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਬਾਇਲੀ ਸਮਾਜ ਦੇ ਗਿਆਨ ਦਾ ਪ੍ਰਚਾਰ ਅਤੇ ਵਿਕਾਸ ਭਾਰਤ ਨੂੰ ਇੱਕ ਗਿਆਨ ਮਹਾਸ਼ਕਤੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਦਿਵਾਸੀ ਸਮਾਜ ਦੇ ਲੋਕ, ਲੇਖਕ, ਖੋਜਕਰਤਾ ਆਪਣੇ ਵਿਚਾਰਾਂ, ਕਾਰਜਾਂ ਅਤੇ ਖੋਜ ਨਾਲ ਆਦਿਵਾਸੀ ਸਮਾਜ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨ ਸਾਡੇ ਇਤਿਹਾਸ ਅਤੇ ਪਰੰਪਰਾਵਾਂ ਨੂੰ ਸਮਝਣ ਲਈ ਪ੍ਰੇਰਿਤ ਹੋ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਸਾਡੇ ਸਮਾਜ ਦੇ ਇਤਿਹਾਸ ਅਤੇ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਖੋਜ ਅਤੇ ਲਿਖਣ ਵੱਲ ਝੁਕਾਅ ਰੱਖਣਗੇ। ਉਨ੍ਹਾਂ ਕਿਹਾ ਕਿ ਭਾਰਤ ਤਦ ਹੀ ਤਰੱਕੀ ਕਰ ਸਕਦਾ ਹੈ, ਜਦੋਂ ਸਾਡੇ ਨੌਜਵਾਨ ਸਾਡੇ ਦੇਸ਼ ਦੇ ਗੌਰਵਮਈ ਇਤਿਹਾਸ, ਦੇਸ਼ ਅਤੇ ਸਮਾਜ ਦੀ ਖੁਸ਼ਹਾਲੀ ਦੇ ਸੁਪਨਿਆਂ ਨੂੰ ਸਮਝਣਗੇ ਅਤੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਰਾਸ਼ਟਰਪਤੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਆਜ਼ਾਦੀ ਸੰਗ੍ਰਾਮ, ਸੈਮੀਨਾਰ ਆਦਿ ਵਿੱਚ ਕਬਾਇਲੀ ਨੇਤਾਵਾਂ ਦੇ ਯੋਗਦਾਨ ਨੂੰ ਦਰਸਾਉਣ ਸਮੇਤ ਫੋਟੋ ਪ੍ਰਦਰਸ਼ਨੀਆਂ ਸਮੇਤ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਕਈ ਸਮਾਗਮ ਆਯੋਜਿਤ ਕਰਨ ਲਈ ਰਾਸ਼ਟਰ ਅਨੁਸੂਚਿਤ ਜਨਜਾਤੀ ਕਮਿਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮਾਗਮ ਆਦਿਵਾਸੀ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਅਤੇ ਆਪਣੇ ਸਮਾਜ ਦੀ ਸਵੈ-ਮਾਣ ਦੀ ਮਹਾਨ ਪਰੰਪਰਾ 'ਤੇ ਮਾਣ ਮਹਿਸੂਸ ਕਰਵਾਉਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਆਦਿਵਾਸੀ ਸਮਾਜ ਨੇ ਕਦੇ ਵੀ ਗ਼ੁਲਾਮੀ ਨੂੰ ਸਵੀਕਾਰ ਨਹੀਂ ਕੀਤਾ। ਦੇਸ਼ 'ਤੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਉਹ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਸਨ। ਦੇਸ਼ ਭਰ ਦੇ ਆਦਿਵਾਸੀ ਭਾਈਚਾਰਿਆਂ ਵਲੋਂ ਸੰਥਾਲ, ਹੂਲ, ਕੋਲ, ਬਿਰਸਾ, ਭੀਲ ਅੰਦੋਲਨ ਜਿਹੀਆਂ ਬਹੁਤ ਸਾਰੀਆਂ ਬਗਾਵਤਾਂ ਵਿੱਚ ਸੰਘਰਸ਼ ਅਤੇ ਕੁਰਬਾਨੀਆਂ ਸਾਰੇ ਨਾਗਰਿਕਾਂ ਨੂੰ ਪ੍ਰੇਰਿਤ ਕਰ ਸਕਦੀਆਂ ਹਨ।
ਸਾਡੇ ਦੇਸ਼ ਵਿੱਚ ਅਨੁਸੂਚਿਤ ਜਨਜਾਤੀਆਂ ਦੀ ਆਬਾਦੀ 10 ਕਰੋੜ ਤੋਂ ਵੱਧ ਹੋਣ ਵੱਲ ਇਸ਼ਾਰਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸਾਹਮਣੇ ਵਿਕਾਸ ਦੇ ਲਾਭ ਉਨ੍ਹਾਂ ਸਾਰਿਆਂ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਸੱਭਿਆਚਾਰਕ ਪਹਿਚਾਣ ਬਰਕਰਾਰ ਰੱਖਣ ਦੀ ਚੁਣੌਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਵਿਕਾਸ ਲਈ ਵਿਚਾਰ-ਵਟਾਂਦਰੇ ਅਤੇ ਖੋਜਾਂ ਵਿੱਚ ਉਨ੍ਹਾਂ ਦੀ ਵੀ ਸ਼ਮੂਲੀਅਤ ਜ਼ਰੂਰੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ‘ਸਵਤੰਤਰਤਾ ਸੰਗ੍ਰਾਮ ਮੇਂ ਜਨਜਾਤੀ ਨਾਯਕੋਂ ਕਾ ਯੋਗਦਾਨ’ ਪੁਸਤਕ ਨੂੰ ਸਾਹਮਣੇ ਲਿਆਉਣਾ ਇੱਕ ਚੰਗੀ ਪਹਿਲ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਪੁਸਤਕ ਰਾਹੀਂ ਆਦਿਵਾਸੀ ਭਾਈਚਾਰਿਆਂ ਦੇ ਸੰਘਰਸ਼ ਅਤੇ ਕੁਰਬਾਨੀਆਂ ਦੀਆਂ ਕਹਾਣੀਆਂ ਨੂੰ ਦੇਸ਼ ਭਰ ਵਿੱਚ ਵਿਆਪਕ ਰੂਪ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ।
****
ਡੀਐੱਸ
(Release ID: 1879753)
Visitor Counter : 124