ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰੈੱਸ ਕੌਂਸਲ ਆਵੑ ਇੰਡੀਆ ਨੇ ਰਾਸ਼ਟਰੀ ਪ੍ਰੈੱਸ ਦਿਵਸ ਮਨਾਇਆ
Posted On:
16 NOV 2022 7:49PM by PIB Chandigarh
ਪ੍ਰੈੱਸ ਕੌਂਸਲ ਆਵੑ ਇੰਡੀਆ ਨੇ ਅੱਜ ਨਵੀਂ ਦਿੱਲੀ ਵਿੱਚ ਸਕੋਪ (SCOPE) ਕਨਵੈਨਸ਼ਨ ਸੈਂਟਰ ਵਿਖੇ “ਰਾਸ਼ਟਰ ਨਿਰਮਾਣ ਵਿੱਚ ਮੀਡੀਆ ਦੀ ਭੂਮਿਕਾ” ਵਿਸ਼ੇ ਉੱਤੇ ਰਾਸ਼ਟਰੀ ਪ੍ਰੈੱਸ ਦਿਵਸ ਮਨਾਇਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਇਸ ਮੌਕੇ ਉਨ੍ਹਾਂ "ਪੱਤਰਕਾਰੀ ਆਚਰਣ ਦੇ ਮਿਆਰ, 2022" ਨੂੰ ਰਿਲੀਜ਼ ਕੀਤਾ। ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਮੌਕੇ 'ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਂਦੇ ਹੋਏ, ਪਤਵੰਤਿਆਂ ਨੇ 'ਰਾਸ਼ਟਰ ਨਿਰਮਾਣ ਵਿੱਚ ਮੀਡੀਆ ਦੀ ਭੂਮਿਕਾ' ਵਿਸ਼ੇ 'ਤੇ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਭਾਰਤੀ ਮੀਡੀਆ, ਜਿਸ ਨੂੰ ਲੋਕਤੰਤਰ ਦੇ ਚੌਥੇ ਥੰਮ ਵਜੋਂ ਮੰਨਿਆ ਜਾਂਦਾ ਹੈ, ਦੇ ਮਿਆਰਾਂ ਨੂੰ ਸੁਰੱਖਿਅਤ ਰੱਖਣ ਲਈ ਰਾਹ ਪੱਧਰਾ ਕਰਨ ਵਾਲੇ ਸੰਭਾਵਿਤ ਤਰੀਕਿਆਂ ਦੀ ਸ਼ਲਾਘਾ, ਵਿਸ਼ਲੇਸ਼ਣ ਅਤੇ ਪਤਾ ਲਗਾਇਆ ਜਾ ਸਕੇ।
-
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ “ਪੱਤਰਕਾਰੀ ਆਚਰਣ ਦੇ ਮਿਆਰ, 2022” ਰਿਲੀਜ਼ ਕੀਤਾ।
-
ਸਰਕਾਰ ਨੇ ਸਰਲ ਅਤੇ ਪਾਰਦਰਸ਼ੀ ਪ੍ਰਕਿਰਿਆਵਾਂ ਰਾਹੀਂ ਸ਼ਾਸਨ ਦੇ ਨਿਯਮਾਂ ਨੂੰ ਸੁਚਾਰੂ ਬਣਾ ਕੇ ਇਨਫਰਮੇਸ਼ਨ ਲੈਂਡਸਕੇਪ ਨੂੰ ਹੋਰ ਮਜ਼ਬੂਤ ਬਣਾਇਆ ਹੈ: ਸ਼੍ਰੀ ਠਾਕੁਰ
-
"ਪਿਛਲੇ 75 ਵਰ੍ਹਿਆਂ ਵਿੱਚ, ਜਿਵੇਂ ਸਾਡੇ ਮਹਾਨ ਦੇਸ਼ ਵਿੱਚ ਲੋਕਤੰਤਰ ਵਧਿਆ ਹੈ, ਉਸੇ ਤਰ੍ਹਾਂ ਮੀਡੀਆ ਵੀ"
-
“ਸਰਕਾਰ ਚਾਹੁੰਦੀ ਹੈ ਕਿ ਜਿਵੇਂ ਜਿਵੇਂ ਸਾਡੇ ਦੇਸ਼ ਦਾ ਕੱਦ ਵਿਸ਼ਵ ਪੱਧਰ 'ਤੇ ਵਧਦਾ ਹੈ, ਮੀਡੀਆ ਨਵੇਂ ਭਾਰਤ ਦੇ ਨਿਰਮਾਣ ਵਿੱਚ ਵੱਧ ਤੋਂ ਵੱਧ ਉਸਾਰੂ ਭੂਮਿਕਾ ਨਿਭਾਵੇ।”
-
“ਸਰਕਾਰ ਨੇ ਮਹਾਮਾਰੀ ਦੌਰਾਨ ਪੱਤਰਕਾਰਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਫਰੰਟਲਾਈਨ ਯੋਧਿਆਂ ਵਜੋਂ ਤੁਰੰਤ ਮਾਨਤਾ ਦਿੱਤੀ ਸੀ।”
-
“ਮੀਡੀਆ ਨੂੰ ਸੂਚਿਤ ਪੱਤਰਕਾਰੀ 'ਤੇ ਜ਼ੋਰ ਦੇਣਾ ਚਾਹੀਦਾ ਹੈ, ਜੋ ਸਾਡੇ ਨਾਗਰਿਕਾਂ ਲਈ ਭਾਵੁਕ ਅਤੇ ਉਦੇਸ਼ਪੂਰਨ ਦੋਵੇਂ ਹੈ”
-
ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਹ ਸਿਰਫ ਖਬਰਾਂ ਹੀ ਨਹੀਂ ਬਲਕਿ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਇੱਛਤ ਲਾਭਾਰਥੀਆਂ ਤੱਕ ਪਹੁੰਚਦੀਆਂ ਹਨ: ਰਾਜ ਮੰਤਰੀ, ਡਾ. ਐੱਲ ਮੁਰੂਗਨ
ਰਾਸ਼ਟਰੀ ਪ੍ਰੈੱਸ ਦਿਵਸ - 16 ਨਵੰਬਰ - ਭਾਰਤ ਵਿੱਚ ਇੱਕ ਆਜ਼ਾਦ ਅਤੇ ਜ਼ਿੰਮੇਵਾਰ ਪ੍ਰੈੱਸ ਦਾ ਪ੍ਰਤੀਕ ਹੈ। ਇਹ ਉਹ ਦਿਨ ਹੈ ਜਿਸ ਦਿਨ ਪ੍ਰੈੱਸ ਕੌਂਸਲ ਆਵੑ ਇੰਡੀਆ ਨੇ ਇਹ ਯਕੀਨੀ ਬਣਾਉਣ ਲਈ ਇੱਕ ਨੈਤਿਕ ਪਹਿਰੇਦਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਕਿ ਪ੍ਰੈੱਸ ਨੇ ਨਾ ਸਿਰਫ਼ ਇਸ ਸ਼ਕਤੀਸ਼ਾਲੀ ਮਾਧਿਅਮ ਤੋਂ ਉਮੀਦ ਕੀਤੇ ਉੱਚ ਪੱਧਰਾਂ ਨੂੰ ਕਾਇਮ ਰੱਖਿਆ, ਬਲਕਿ ਇਹ ਵੀ ਕਿ ਇਹ ਕਿਸੇ ਵੀ ਬਾਹਰੀ ਕਾਰਕ ਦੇ ਪ੍ਰਭਾਵ ਜਾਂ ਧਮਕੀਆਂ ਦੁਆਰਾ ਬੰਨ੍ਹਿਆਂ ਗਿਆ ਨਾ ਹੋਵੇ। ਭਾਵੇਂ ਦੁਨੀਆਂ ਭਰ ਵਿੱਚ ਕਈ ਪ੍ਰੈੱਸ ਜਾਂ ਮੀਡੀਆ ਕੌਂਸਲਾਂ ਹਨ, ਪਰ ਭਾਰਤੀ ਪ੍ਰੈੱਸ ਕੌਂਸਲ ਇੱਕ ਵਿਲੱਖਣ ਸੰਸਥਾ ਹੈ ਕਿਉਂਕਿ ਇਹ ਇੱਕੋ ਇੱਕ ਸੰਸਥਾ ਹੈ ਜੋ ਪ੍ਰੈੱਸ ਦੀ ਸੁਤੰਤਰਤਾ ਦੀ ਰਾਖੀ ਲਈ ਆਪਣੇ ਫਰਜ਼ ਵਿੱਚ ਰਾਜ ਦੇ ਯੰਤਰਾਂ ਉੱਤੇ ਵੀ ਅਧਿਕਾਰ ਦੀ ਵਰਤੋਂ ਕਰਦੀ ਹੈ।
ਉਦਘਾਟਨੀ ਭਾਸ਼ਣ ਦਿੰਦੇ ਹੋਏ, ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸ਼੍ਰੀ ਸਵਪਨ ਦਾਸਗੁਪਤਾ ਦੁਆਰਾ ਅੱਜ ਦੇ ਵਿਚਾਰ-ਵਟਾਂਦਰੇ ਦੇ ਥੀਮ – “ਰਾਸ਼ਟਰ ਨਿਰਮਾਣ ਵਿੱਚ ਮੀਡੀਆ ਦੀ ਭੂਮਿਕਾ” ਦੇ ਵਿਸ਼ੇ ‘ਤੇ, ਉਨ੍ਹਾਂ ਦੇ ਵਿਦਵਤਾਪੂਰਨ ਵਿਚਾਰਾਂ ਲਈ ਸ਼ਲਾਘਾ ਕਰਦੇ ਹੋਏ ਸ਼ੁਰੂਆਤ ਕੀਤੀ। ਕੇਂਦਰੀ ਮੰਤਰੀ ਨੇ ਕਿਹਾ, "ਪ੍ਰੈੱਸ ਨੂੰ ਇੱਕ ਸ਼ਕਤੀਸ਼ਾਲੀ ਆਵਾਜ਼ ਅਤੇ ਸਾਡੇ ਲੋਕਤੰਤਰ ਦਾ ਇੱਕ ਯੋਗ ਚੌਥਾ ਥੰਮ ਬਣਾਉਣ ਵਾਲੇ ਦਿੱਗਜਾਂ ਨੂੰ ਸਾਡੀ ਨਿਮਰ ਸ਼ਰਧਾਂਜਲੀ ਭੇਟ ਕਰਨ ਦਾ ਇਹ ਇੱਕ ਪਵਿੱਤਰ ਮੌਕਾ ਹੈ।" ਉਨ੍ਹਾਂ ਅੱਗੇ ਕਿਹਾ, “ਸਾਡੇ ਆਜ਼ਾਦੀ ਦੇ ਸੰਘਰਸ਼ ਵਿੱਚ ਪ੍ਰੈੱਸ ਨਾਲ ਵੱਡੇ ਲੀਡਰਾਂ ਦੀ ਨਜ਼ਦੀਕੀ ਸ਼ਮੂਲੀਅਤ ਨੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਸੰਵਿਧਾਨਕ ਵਿਵਸਥਾਵਾਂ ਦੁਆਰਾ ਯਕੀਨੀ ਬਣਾਇਆ ਜਾਵੇ। ਪ੍ਰੈੱਸ ਕੌਂਸਲ ਆਵੑ ਇੰਡੀਆ ਦਾ ਜਨਮ ਬਹੁਤ ਬਾਅਦ ਵਿੱਚ ਹੋਇਆ, ਪਰ ਪ੍ਰੇਰਣਾ ਇੱਕੋ ਸੀ: ਲੋਕਤੰਤਰ ਦੀ ਸੁਰੱਖਿਆ ਅਤੇ ਮਜ਼ਬੂਤੀ ਨੂੰ ਯਕੀਨੀ ਬਣਾਉਣਾ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ “ਅਫ਼ਸੋਸ ਦੀ ਗੱਲ ਹੈ ਕਿ ਪ੍ਰੈੱਸ ਦੀ ਆਜ਼ਾਦੀ ਲਈ ਲਾਈਟਹਾਊਸ ਵਜੋਂ ਹੋਂਦ ਵਿੱਚ ਆਈ ਪ੍ਰੈੱਸ ਕੌਂਸਲ ਆਵੑ ਇੰਡੀਆ ਨੂੰ, ਇਸ ਦੇ ਇੱਕ ਦਹਾਕੇ ਦੇ ਅੰਦਰ, ਐਮਰਜੈਂਸੀ ਦੌਰਾਨ ਮੌਲਿਕ ਅਧਿਕਾਰਾਂ ਦੀ ਮੁਅੱਤਲੀ ਦੇ ਨਾਲ ਖ਼ਤਮ ਕਰ ਦਿੱਤਾ ਗਿਆ ਸੀ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੌਂਸਲ ਨੂੰ ਸੰਸਦ ਦੇ ਇੱਕ ਨਵੇਂ ਐਕਟ ਰਾਹੀਂ ਪੁਨਰ ਸੁਰਜੀਤ ਕੀਤਾ ਗਿਆ ਸੀ, ਜਿਸ ਦੀ ਅਗਵਾਈ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਜੋਂ ਕੀਤੀ ਸੀ। ਇੱਕ ਰਾਸ਼ਟਰ ਵਜੋਂ ਅਸੀਂ ਉਦੋਂ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ, ਹਾਲਾਂਕਿ ਆਈਟੀ ਐਕਟ ਦੀ ਧਾਰਾ 66ਏ ਦੁਆਰਾ ਲਗਾਈਆਂ ਗਈਆਂ ਅਸਵੀਕਾਰਨਯੋਗ ਪਾਬੰਦੀਆਂ ਜ਼ਰੀਏ ਝਟਕੇ ਲੱਗੇ ਹਨ। ਇਸ ਨੂੰ ਸੁਪਰੀਮ ਕੋਰਟ ਨੇ ਜਾਇਜ਼ ਤੌਰ 'ਤੇ ਰੱਦ ਕਰ ਦਿੱਤਾ ਸੀ। ਪਿਛਲੇ 75 ਵਰ੍ਹਿਆਂ ਵਿੱਚ, ਜਿਵੇਂ ਸਾਡੇ ਮਹਾਨ ਦੇਸ਼ ਵਿੱਚ ਲੋਕਤੰਤਰ ਵਧਿਆ ਹੈ, ਉਵੇਂ ਹੀ ਮੀਡੀਆ ਵੀ ਵਧਿਆ ਹੈ।"
ਕੇਂਦਰੀ ਮੰਤਰੀ ਨੇ ਅੱਗੇ ਕਿਹਾ, "ਮੈਟਰੋ ਸ਼ਹਿਰਾਂ ਵਿੱਚ ਪੱਤਰਕਾਰਾਂ ਨੂੰ ਦਰਭੰਗਾ, ਪੁਰੀ, ਸਹਾਰਨਪੁਰ, ਬਿਲਾਸਪੁਰ, ਜਲੰਧਰ, ਕੋਚੀ ਆਦਿ ਸਥਾਨਾਂ ‘ਤੇ ਕੰਮ ਕਰਦੇ ਹਮਰੁਤਬਾ ਦਾ ਸਨਮਾਨ ਕਰਨਾ ਚਾਹੀਦਾ ਹੈ - ਤੁਹਾਡੇ ਦੋਸਤਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ ਹੈ। ਕਹਾਣੀ ਮਹੱਤਵ ਰੱਖਦੀ ਹੈ, ਸਥਾਨ ਜਾਂ ਸਟੇਸ਼ਨ ਨਹੀਂ! ਸਟ੍ਰਿੰਗਰਾਂ ਨੂੰ ਚੰਗੀ ਤਰ੍ਹਾਂ ਭੁਗਤਾਨ ਕਰਨਾ, ਉਨ੍ਹਾਂ ਨੂੰ ਪੁਰਸਕਾਰ ਦੇਣਾ ਅਤੇ ਉਨ੍ਹਾਂ ਦੇ ਵਿਸ਼ਵਾਸ ਵਿੱਚ ਸੁਧਾਰ ਕਰਨਾ ਇੱਕ ਜੀਵੰਤ ਮੀਡੀਆ ਲੈਂਡਸਕੇਪ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਦੁਨੀਆ ਨਾਲ ਤਾਲਮੇਲ ਰੱਖਦੇ ਹੋਏ, ਪ੍ਰੈੱਸ ਕੌਂਸਲ ਨੂੰ ਖਬਰਾਂ ਵਿਚ ਟਰਾਂਸਜੈਂਡਰ ਪ੍ਰਤੀਨਿਧਤਾ ਦੇ ਨਾਲ-ਨਾਲ ਵੱਖ-ਵੱਖ ਵਿਚਾਰਾਂ ਦੇ ਪ੍ਰਚਾਰ ਅਤੇ ਮਹਿਲਾਵਾਂ ਦੀ ਸੁਰੱਖਿਆ 'ਤੇ ਜ਼ੋਰ ਦੇਣ ਦੀ ਲੋੜ ਹੈ।
ਸ਼੍ਰੀ ਠਾਕੁਰ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਰਲ ਅਤੇ ਪਾਰਦਰਸ਼ੀ ਪ੍ਰਕਿਰਿਆਵਾਂ ਰਾਹੀਂ ਸ਼ਾਸਨ ਦੇ ਨਿਯਮਾਂ ਨੂੰ ਸੁਚਾਰੂ ਬਣਾ ਕੇ ਸੂਚਨਾ ਦੇ ਲੈਂਡਸਕੇਪ ਨੂੰ ਹੋਰ ਮਜਬੂਤ ਬਣਾਇਆ ਹੈ ਅਤੇ ਮੀਡੀਆ ਨੂੰ ਸਾਡੇ ਰਾਸ਼ਟਰ ਦੇ ਵੱਧਦੇ ਕੱਦ ਦੇ ਰੂਪ ਵਿੱਚ ਇੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਵਧੇਰੇ ਅਤੇ ਉਸਾਰੂ ਭੂਮਿਕਾ ਨਿਭਾਉਣਾ ਦੇਖਣਾ ਚਾਹੁੰਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ "ਸਾਰੀਆਂ ਚੀਜ਼ਾਂ ਦੀ ਤਰ੍ਹਾਂ ਜੋ ਤੇਜ਼ੀ ਨਾਲ ਫੈਲਦੀਆਂ ਹਨ, ਭਾਰਤ ਵਿੱਚ ਮੀਡੀਆ ਦਾ ਵਿਸਤਾਰ ਇੱਕ ਚੇਤਾਵਨੀ ਦਾ ਪਾਤਰ ਹੈ। ਜ਼ਿਆਦਾਤਰ ਮੀਡੀਆ ਗਵਰਨੈਂਸ ਢਾਂਚਾ ਸਵੈ-ਨਿਯੰਤ੍ਰਿਤ ਹੈ। ਪਰ ਸਵੈ-ਰੈਗੂਲੇਟਰੀ ਦਾ ਮਤਲਬ ਗਲਤੀ ਅਤੇ ਜਾਣਬੁੱਝ ਕੇ ਗਲਤੀ ਕਰਨ ਦਾ ਲਾਇਸੈਂਸ ਨਹੀਂ ਹੈ। ਇਸ ਨਾਲ ਮੀਡੀਆ ਦੀ ਭਰੋਸੇਯੋਗਤਾ ਖ਼ਤਮ ਹੋ ਜਾਵੇਗੀ। ਪੱਖਪਾਤ ਅਤੇ ਭੇਦ-ਭਾਵ ਤਿਆਗਣਾ ਚਾਹੀਦਾ ਹੈ। ਇਹ ਮੀਡੀਆ ਦਾ ਕੰਮ ਹੈ ਕਿ ਉਹ ਇਸ 'ਤੇ ਵਿਚਾਰ ਕਰੇ ਅਤੇ ਆਤਮ ਨਿਰੀਖਣ ਕਰੇ ਕਿ ਆਪਣੇ ਆਪ ਨੂੰ ਇਨਫੋਡੈਮਿਕ ਦੇ ਵਾਇਰਸ ਤੋਂ ਕਿਵੇਂ ਬਚਾਇਆ ਜਾਵੇ, ਜੋ ਕਿ ਸਾਰੇ ਭੂਗੋਲਿਕ ਸਮਾਜਾਂ 'ਤੇ ਗਲਤ ਜਾਣਕਾਰੀ ਫੈਲਾਉਂਦਾ ਰਹਿੰਦਾ ਹੈ। ਪੇਡ ਨਿਊਜ਼ ਅਤੇ ਜਾਅਲੀ ਖ਼ਬਰਾਂ ਨਾਲ ਸਬੰਧਿਤ ਦੋ ਜੁੜਵੇਂ ਸਰੋਕਾਰ ਹਨ। ਇਸੇ ਤਰ੍ਹਾਂ, ਸੋਸ਼ਲ ਮੀਡੀਆ ਦੁਆਰਾ ਫੈਸ਼ਨੇਬਲ ਬਣਾਈ ਗਈ ਕਲਿੱਕਬੇਟ ਪੱਤਰਕਾਰੀ, ਮੀਡੀਆ ਦੀ ਭਰੋਸੇਯੋਗਤਾ ਵਿੱਚ ਕੁਝ ਵੀ ਯੋਗਦਾਨ ਨਹੀਂ ਪਾਉਂਦੀ ਹੈ; ਇਹ ਰਾਸ਼ਟਰ ਨਿਰਮਾਣ ਵਿੱਚ ਹੋਰ ਵੀ ਘੱਟ ਯੋਗਦਾਨ ਪਾਉਂਦੀ ਹੈ। ਮੀਡੀਆ ਨੂੰ ਜ਼ਿੰਮੇਵਾਰ, ਨਿਰਪੱਖ ਅਤੇ ਸੰਤੁਲਿਤ ਪੱਤਰਕਾਰੀ ਦੀ ਜਗ੍ਹਾ ਨੂੰ ਦੂਜਿਆਂ ਦੇ ਕਬਜ਼ੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ।”
ਮੰਤਰੀ ਨੇ ਅੱਗੇ ਕਿਹਾ, “ਸਾਡੀ ਸਰਕਾਰ ਇਨ੍ਹਾਂ ਅਤੇ ਹੋਰ ਚੁਣੌਤੀਆਂ ਨੂੰ ਦੂਰ ਕਰਨ ਲਈ ਮੀਡੀਆ ਨੂੰ ਸਮਰੱਥ ਬਣਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਹਾਲ ਹੀ ਵਿੱਚ ਸੋਧੇ ਗਏ ਆਈਟੀ ਨਿਯਮ, ਟੈਲੀਵਿਜ਼ਨ ਫੀਡ ਦੇ ਅੱਪਲਿੰਕਿੰਗ ਅਤੇ ਡਾਊਨਲਿੰਕਿੰਗ ਲਈ ਸੋਧੇ ਨਿਯਮ, ਅਤੇ ਪ੍ਰਸਤਾਵਿਤ ਸਰਲ ਪ੍ਰੈੱਸ ਰਜਿਸਟ੍ਰੇਸ਼ਨ ਪ੍ਰਕਿਰਿਆ ਇਸ ਉਦੇਸ਼ ਲਈ ਕੁਝ ਪਹਿਲਾਂ ਹਨ। ਅਸੀਂ ਅਧਿਕਾਰਿਤ ਜਾਣਕਾਰੀ ਦੇ ਪ੍ਰਵਾਹ ਵਿੱਚ ਕਿਸੇ ਵੀ ਕਮੀ ਨੂੰ ਦੂਰ ਕਰਨ ਦੀ ਸਰਗਰਮੀ ਨਾਲ ਕੋਸ਼ਿਸ਼ ਕੀਤੀ ਹੈ। ਸਾਰੀਆਂ ਜਾਣਕਾਰੀਆਂ ਅਤੇ ਡੇਟਾ ਹੁਣ ਪੀਆਈਬੀ ਵੈਬਸਾਈਟ 'ਤੇ ਅਸਲ ਸਮੇਂ ਦੇ ਅਧਾਰ 'ਤੇ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ। ਅਸੀਂ ਪੀਆਈਬੀ ਦੀ ਤੱਥ-ਜਾਂਚ ਸੇਵਾ ਦੇ ਨਾਲ ਜਾਅਲੀ ਖ਼ਬਰਾਂ ਨੂੰ ਨਕਾਰਾ ਕਰਨ ਵਿੱਚ ਆਪਣਾ ਹਿੱਸਾ ਪਾ ਰਹੇ ਹਾਂ ਤਾਂ ਜੋ ਖਤਰਨਾਕ ਗਲਤ ਜਾਣਕਾਰੀ ਦੇ ਪ੍ਰਸਾਰਣ ਅਤੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਛੋਟੇ ਅਤੇ ਦਰਮਿਆਨੇ ਅਖਬਾਰਾਂ ਅਤੇ ਰਸਾਲਿਆਂ ਦੇ ਨਾਲ-ਨਾਲ ਸੰਸਕ੍ਰਿਤ ਅਤੇ ਭਾਰਤੀ ਭਾਸ਼ਾਵਾਂ ਜਿਵੇਂ ਬੋਡੋ, ਡੋਗਰੀ, ਖਾਸੀ, ਕੋਂਕਣੀ, ਮੈਥਿਲੀ, ਮਨੀਪੁਰੀ, ਮਿਜ਼ੋ ਆਦਿ ਵਿੱਚ ਛਪਦੇ ਅਖਬਾਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਹੈ। ਕਿਸੇ ਵੀ ਅਣਦੇਖੀ ਅਤੇ ਵਿਤਕਰੇ ਦੀ ਭਾਵਨਾ ਨੂੰ ਦੂਰ ਕਰਨ ਲਈ, ਅਸੀਂ ਜੰਮੂ ਅਤੇ ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਮੀਡੀਆ ਤੱਕ ਪਹੁੰਚ ਕੀਤੀ ਹੈ।
ਸੂਚਨਾ ਅਤੇ ਪ੍ਰਸਾਰਣ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, “16 ਨਵੰਬਰ ਇੱਕ ਪ੍ਰਤੀਕਾਤਮਕ ਦਿਨ ਹੈ ਜਦੋਂ ਭਾਰਤੀ ਪ੍ਰੈੱਸ ਕੌਂਸਲ ਨੇ ਆਜ਼ਾਦੀ ਅਤੇ ਜ਼ਿੰਮੇਵਾਰੀ ਨਾਲ ਪੱਤਰਕਾਰੀ ਦੇ ਉੱਚੇ ਮਿਆਰਾਂ ਨੂੰ ਬਿਨਾਂ ਕਿਸੇ ਡਰ ਜਾਂ ਪੱਖ ਦੇ ਯਕੀਨੀ ਬਣਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ। ਐਮਰਜੈਂਸੀ ਪ੍ਰੈੱਸ ਲਈ ਕਾਲੇ ਦਿਨ ਸਨ ਅਤੇ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸਰਕਾਰ ਵਿਰੁੱਧ ਲਿਖਣ ਵਾਲਿਆਂ ਨੂੰ ਵਰ੍ਹਿਆਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਮੀਡੀਆ ਨੂੰ ਆਵਾਜ਼-ਰਹਿਤ ਦੀ ਆਵਾਜ਼ ਦੱਸਦੇ ਹੋਏ, ਡਾ. ਮੁਰੂਗਨ ਨੇ ਕਿਹਾ, "ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਹ ਸਿਰਫ਼ ਖ਼ਬਰਾਂ ਹੀ ਨਹੀਂ ਹੈ, ਬਲਕਿ ਇਹ ਯਕੀਨੀ ਬਣਾਉਂਦਾ ਹੈ ਕਿ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਇੱਛਤ ਲਾਭਾਰਥੀਆਂ ਤੱਕ ਪਹੁੰਚਦੀਆਂ ਹਨ।” ਉਨ੍ਹਾਂ ਅੱਗੇ ਕਿਹਾ ਕਿ “ਅਸੀਂ “ਅੰਮ੍ਰਿਤ ਕਾਲ” ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਅਤੇ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਰਾਸ਼ਟਰ ਬਣਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ ਅਤੇ ਸਰਕਾਰ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਉਦੇਸ਼ ਨਾਲ ਸਭ ਨਾਲ ਮਿਲ ਕੇ ਕੰਮ ਕਰ ਰਹੀ ਹੈ।”
ਸ਼੍ਰੀ ਸਵਪਨ ਦਾਸਗੁਪਤਾ ਨੇ ਕਿਹਾ, “ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਪੂਰੇ ਮੀਡੀਆ ਲੈਂਡਸਕੇਪ ਨੂੰ ਬਦਲ ਦਿੱਤਾ ਹੈ। ਮੁੱਖ ਧਾਰਾ ਮੀਡੀਆ, ਜਿਵੇਂ ਕਿ ਅਖਬਾਰ ਅਤੇ ਟੈਲੀਵਿਜ਼ਨ, ਨੇ ਪੂਰੀ ਦੁਨੀਆ ਵਿੱਚ ਇੱਕ ਮਹੱਤਵਪੂਰਨ ਗਿਰਾਵਟ ਦੇਖੀ ਹੈ। ਆਲਮੀ ਪੱਧਰ 'ਤੇ, ਇਹ 11% ਤੱਕ ਡਿੱਗ ਗਿਆ ਹੈ। ਮੁੱਖ ਧਾਰਾ ਮੀਡੀਆ ਕੋਲ ਹੁਣ ਖ਼ਬਰਾਂ ਪ੍ਰਦਾਨ ਕਰਨ ਦਾ ਏਕਾਧਿਕਾਰ ਨਹੀਂ ਹੈ। ਸ਼੍ਰੀ ਦਾਸਗੁਪਤਾ ਨੇ ਅੱਗੇ ਕਿਹਾ, "ਵਿਸ਼ੇਸ਼ ਪੱਤਰਕਾਰੀ ਵਧ ਰਹੀ ਹੈ ਅਤੇ ਲੋਕ ਮੁੱਖ ਧਾਰਾ ਮੀਡੀਆ 'ਤੇ ਹਾਵੀ ਰਾਜਨੀਤੀ ਤੋਂ ਇਲਾਵਾ ਸਿਹਤ, ਵਿਗਿਆਨ, ਮੈਡੀਸਿਨ, ਖੇਡਾਂ ਜਿਹੀਆਂ ਖਬਰਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਮੀਡੀਆ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰਦਾ ਹੈ। ਸ਼੍ਰੀ ਦਾਸਗੁਪਤਾ ਨੇ ਅੱਗੇ ਕਿਹਾ “ਜਿਵੇਂ ਕਿ ਵਪਾਰਕ ਅਤੇ ਆਰਥਿਕ ਫੁਟ-ਪ੍ਰਿੰਟ ਸਮੇਤ ਭਾਰਤ ਦਾ ਰਣਨੀਤਕ ਫੁਟ-ਪ੍ਰਿੰਟ ਦੁਨੀਆ ਭਰ ਵਿੱਚ ਵਧਦਾ ਜਾ ਰਿਹਾ ਹੈ, ਜਦੋਂ ਤੱਕ ਅਸੀਂ ਇਸ ਨੂੰ ਮੀਡੀਆ 'ਮੇਡ ਇਨ ਇੰਡੀਆ, ਬੇਸਡ ਇਨ ਇੰਡੀਆ' ਨਾਲ ਪੂਰਤੀ ਨਹੀਂ ਕਰਦੇ, ਜੋ ਭਾਰਤੀ ਕਦਰਾਂ-ਕੀਮਤਾਂ ਨਾਲ ਜੋ ਇਸਨੂੰ ਅੱਗੇ ਲੈ ਜਾ ਸਕਦੀਆਂ ਹਨ, ਸਾਡੇ ਵਿੱਚ ਉਸ ਪਹੁੰਚ ਦੀ ਪੂਰੀ ਗੁਣਵੱਤਾ ਦੀ ਕਿਤੇ ਨਾ ਕਿਤੇ ਕਮੀ ਰਹੇਗੀ।”
ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ, ਰਾਜ ਮੰਤਰੀ, ਡਾ. ਐੱਲ ਮੁਰੂਗਨ, ਚੇਅਰਪਰਸਨ, ਪੀਸੀਆਈ ਸੁਸ਼੍ਰੀ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਅਤੇ ਉੱਘੇ ਪੱਤਰਕਾਰ, ਸ਼੍ਰੀ ਸਵਪਨ ਦਾਸਗੁਪਤਾ ਦੇ ਨਾਲ ਰਾਸ਼ਟਰੀ ਪ੍ਰੈੱਸ ਦਿਵਸ ਸਮਾਰੋਹ ਦਾ ਉਦਘਾਟਨ ਕਰਦੇ ਹੋਏ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਸਭਾ ਨੂੰ ਸੰਬੋਧਨ ਕਰਦੇ ਹੋਏ।
ਰਾਜ ਮੰਤਰੀ ਅਤੇ ਹੋਰ ਪਤਵੰਤਿਆਂ ਦੇ ਨਾਲ ਕੇਂਦਰੀ ਮੰਤਰੀ “ਪੱਤਰਕਾਰੀ ਆਚਰਣ ਦੇ ਮਿਆਰ, 2022” ਰਿਲੀਜ਼ ਕਰਦੇ ਹੋਏ।
ਪੀਸੀਆਈ ਦੀ ਚੇਅਰਪਰਸਨ ਸੁਸ਼੍ਰੀ ਰੰਜਨਾ ਪ੍ਰਕਾਸ਼ ਦੇਸਾਈ ਸਭਾ ਨੂੰ ਸੰਬੋਧਨ ਕਰਦੇ ਹੋਏ
ਉੱਘੇ ਪੱਤਰਕਾਰ ਸ਼੍ਰੀ ਸਵਪਨ ਦਾਸਗੁਪਤਾ ਇਕੱਠ ਨੂੰ ਸੰਬੋਧਨ ਕਰਦੇ ਹੋਏ
ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ, ਰਾਜ ਮੰਤਰੀ, ਡਾ. ਐੱਲ ਮੁਰੂਗਨ, ਚੇਅਰਪਰਸਨ, ਪੀਸੀਆਈ ਸੁਸ਼੍ਰੀ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਅਤੇ ਉੱਘੇ ਪੱਤਰਕਾਰ, ਸ਼੍ਰੀ ਸਵਪਨ ਦਾਸਗੁਪਤਾ ਦੇ ਨਾਲ ਰਾਸ਼ਟਰੀ ਪ੍ਰੈੱਸ ਦਿਵਸ ਸਮਾਰੋਹ ਵਿੱਚ।
*********
ਏਐੱਸ
(Release ID: 1876759)
Visitor Counter : 187