ਉਪ ਰਾਸ਼ਟਰਪਤੀ ਸਕੱਤਰੇਤ
'ਭਾਰਤ ਦੀ ਸਭਿਅਤਾ ਦਾ ਸਿਧਾਂਤ ਸਾਨੂੰ ਸਮਾਜ ਨੂੰ ਜਿੰਨਾ ਹੋ ਸਕੇ ਵਾਪਸ ਦੇਣਾ ਸਿਖਾਉਂਦਾ ਹੈ': ਉਪ ਰਾਸ਼ਟਰਪਤੀ ਉਪ ਰਾਸ਼ਟਰਪਤੀ ਨੇ ਭਗਵਾਨ ਮਹਾਵੀਰ ਕੈਂਸਰ ਹਸਪਤਾਲ, ਜੈਪੁਰ ਦੇ ਸਿਲਵਰ ਜੁਬਲੀ ਸਮਾਰੋਹ ਨੂੰ ਸੰਬੋਧਨ ਕੀਤਾ
Posted On:
15 OCT 2022 11:08PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ "ਭਾਰਤ ਦੀ ਸਭਿਅਤਾ ਦਾ ਸਿਧਾਂਤ ਸਾਨੂੰ ਸਮਾਜ ਨੂੰ ਜਿੰਨਾ ਹੋ ਸਕੇ ਵਾਪਸ ਦੇਣਾ ਸਿਖਾਉਂਦਾ ਹੈ", ਅਤੇ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਕਰਨ ਲਈ ਲੋਕਾਂ ਨੂੰ ਆਪਣਾ ਕੁਝ ਸਮਾਂ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ “ਗਰੀਬਾਂ ਦੇ ਹੰਝੂ ਪੂੰਝਣਾ ਹਰ ਕਿਸੇ ਦਾ ਕੰਮ ਹੈ ਕਿਉਂਕਿ ਇਹ ਸਾਡੇ ਸਿਰਜਣਹਾਰ ਦੁਆਰਾ ਦਿੱਤਾ ਗਿਆ ਹੁਕਮ ਹੈ। ਜੇਕਰ ਤੁਸੀਂ ਦਿੰਦੇ ਹੋ, ਤਾਂ ਤੁਹਾਨੂੰ ਬਹੁਤ ਲਾਭ ਹੁੰਦਾ ਹੈ।”
ਸ਼੍ਰੀ ਧਨਖੜ ਜੈਪੁਰ ਵਿੱਚ ਭਗਵਾਨ ਮਹਾਵੀਰ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (ਬੀਐੱਮਸੀਐੱਚਆਰਸੀ) ਦੇ ਸਿਲਵਰ ਜੁਬਲੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਹਸਪਤਾਲ ਦੀ ਸਮਾਜ ਪ੍ਰਤੀ ਸੇਵਾ ਕਰਨ, ਕੈਂਸਰ ਵਿਸ਼ੇਸ਼ਤਾਵਾਂ ਵਿੱਚ ਉੱਤਮਤਾ ਅਤੇ ਇਸਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਬਣਾਉਣਾ ਮੁਕਾਬਲਤਨ ਅਸਾਨ ਹੈ, ਪਰ ਕੈਂਸਰ ਦੇ ਮਰੀਜ਼ਾਂ ਨੂੰ ਮਿਆਰੀ ਦੇਖਭਾਲ਼ ਪ੍ਰਦਾਨ ਕਰਨ ਲਈ ਮਿਆਰੀ ਮਨੁੱਖੀ ਸੰਸਾਧਨ, ਨਵੀਨਤਮ ਟੈਕਨੋਲੋਜੀ, ਭਰੋਸੇਯੋਗਤਾ ਅਤੇ ਭਾਵਨਾਤਮਕ ਵਚਨਬੱਧਤਾ ਦੀ ਲੋੜ ਹੁੰਦੀ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਜੀ ਦੇ ਆਸ਼ੀਰਵਾਦ ਨਾਲ ਸ਼ੁਰੂ ਹੋਈ ਇਹ ਸੰਸਥਾ 50 ਬਿਸਤਰਿਆਂ ਤੋਂ ਸ਼ੁਰੂ ਹੋ ਕੇ 300 ਬਿਸਤਰਿਆਂ ਵਾਲੇ ਇੱਕ ਮਾਨਤਾ ਪ੍ਰਾਪਤ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਰੂਪ ਵਿੱਚ ਲਗਾਤਾਰ ਯਾਤਰਾ ਕਰ ਰਹੀ ਹੈ।
ਇਹ ਦੇਖਦੇ ਹੋਏ ਕਿ ਕੈਂਸਰ ਦੀ ਬਿਮਾਰੀ ਪਰਿਵਾਰਾਂ 'ਤੇ ਕਿਵੇਂ ਮਾੜਾ ਪ੍ਰਭਾਵ ਪਾਉਂਦੀ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਰੋਟੀ ਕਮਾਉਣ ਵਾਲਾ ਇਕੋ-ਇੱਕ ਜੀਅ ਪ੍ਰਭਾਵਿਤ ਹੁੰਦਾ ਹੈ, ਤਾਂ "ਬੱਚਿਆਂ 'ਤੇ ਇਸਦਾ ਜਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ, ਉਹ ਕਲਪਨਾਯੋਗ ਨਹੀਂ ਹੈ।” ਉਨ੍ਹਾਂ ਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਮਿਆਰੀ ਅਤੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਯੁਸ਼ਮਾਨ ਭਾਰਤ ਦੀ ਵਿਸ਼ਾਲ ਪਹਿਲ ਦੀ ਸ਼ਲਾਘਾ ਕੀਤੀ।
ਸ਼੍ਰੀ ਨਵਰਤਨ ਕੋਠਾਰੀ, ਚੇਅਰਮੈਨ, ਬੀਐੱਮਸੀਐੱਚਆਰਸੀ, ਸੁਸ਼੍ਰੀ ਅਨੀਲਾ ਕੋਠਾਰੀ, ਸੀਨੀਅਰ ਵਾਈਸ ਚੇਅਰਮੈਨ, ਬੀਐੱਮਸੀਐੱਚਆਰਸੀ, ਸ਼੍ਰੀ ਵਿਮਲ ਚੰਦ ਸੁਰਾਣਾ, ਮੈਨੇਜਿੰਗ ਟਰੱਸਟੀ, ਬੀਐੱਮਸੀਐੱਚਆਰਸੀ, ਮੇਜਰ ਜਨਰਲ (ਸੇਵਾਮੁਕਤ) ਐੱਸਸੀ ਪਾਰੀਕ, ਕਾਰਜਕਾਰੀ ਡਾਇਰੈਕਟਰ ਅਤੇ ਹੋਰ ਪਤਵੰਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ।
********
ਐੱਮਐੱਸ/ਆਰਕੇ/ਏਐੱਮ/ਡੀਪੀ
(Release ID: 1868264)
Visitor Counter : 152