ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਸੇਂਟ ਜੋਸਫ਼ ਯੂਨੀਵਰਸਿਟੀ, ਬੰਗਲੁਰੂ ਦੇ ਉਦਘਾਟਨ ਸਮਾਰੋਹ ਦੀ ਸ਼ੋਭਾ ਵਧਾਈ



ਸਮਾਜਿਕ ਪਰਿਵਰਤਨ ਲਈ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਅਤੇ ਸਾਡੀਆਂ ਯੂਨੀਵਰਸਿਟੀਆਂ ਨੂੰ ਤਬਦੀਲੀ ਦੇ ਏਜੰਟ ਦੀ ਭੂਮਿਕਾ ਨਿਭਾਉਣੀ ਹੋਵੇਗੀ: ਰਾਸ਼ਟਰਪਤੀ ਮੁਰਮੂ

Posted On: 27 SEP 2022 7:46PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਸਿੱਖਿਆ ਸਮਾਜਿਕ ਪਰਿਵਰਤਨ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਅਤੇ ਸਾਡੀਆਂ ਯੂਨੀਵਰਸਿਟੀਆਂ ਨੂੰ ਤਬਦੀਲੀ ਦੇ ਏਜੰਟਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹ ਅੱਜ (27 ਸਤੰਬਰ, 2022) ਬੰਗਲੁਰੂ ਵਿੱਚ ਸੇਂਟ ਜੋਸਫ਼ ਯੂਨੀਵਰਸਿਟੀ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਵਿੱਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਸਿਖਲਾਈ ਅਤੇ ਲੈਸ ਕਰਨ ਕਿ ਉਹ ਭਵਿੱਖ ਦੀਆਂ ਮੰਗਾਂ ਲਈ ਤਿਆਰ ਰਹਿਣ।

 ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੇ ਨੌਜਵਾਨ ਉਤਸ਼ਾਹੀ ਹਨ। ਸਾਡੀਆਂ ਯੂਨੀਵਰਸਿਟੀਆਂ ਨੂੰ ਉਨ੍ਹਾਂ ਦੀਆਂ ਵਿਭਿੰਨ ਇੱਛਾਵਾਂ ਦਾ ਜਵਾਬ ਦੇਣ ਦੀ ਜ਼ਰੂਰਤ ਹੈ। ਇਸ ਲਈ ਥੋੜ੍ਹਾ ਹਟ ਕੇ ਸੋਚਣ ਦੀ ਜ਼ਰੂਰਤ ਹੈ। ਅਜਿਹੀ ਸੋਚ ਸਿੱਖਣ ਦੇ ਅਮੀਰ ਅਨੁਭਵਾਂ ਅਤੇ ਰਚਨਾਤਮਕ ਹੱਲਾਂ ਦੀ ਅਗਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਅਕਾਦਮਿਕਾਂ ਨੂੰ ਬਦਲਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਉਣ ਦਾ ਇੱਕ ਅਜਿਹਾ ਯਤਨ ਹੈ। ਇਹ ਆਲੋਚਨਾਤਮਕ ਸੋਚ ਅਤੇ ਇਨੋਵੇਸ਼ਨ 'ਤੇ ਵੀ ਜ਼ੋਰ ਦਿੰਦੀ ਹੈ। ਇਸ ਨੀਤੀ ਅਨੁਸਾਰ, ਸਿੱਖਿਆ ਆਲੋਚਨਾਤਮਕ ਸੋਚ ਬਾਰੇ ਵਧੇਰੇ ਹੈ ਅਤੇ ਰੱਟਾ ਲਾ ਕੇ ਸਿੱਖਣ ਬਾਰੇ ਘੱਟ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਵਿਸ਼ਵ ਨੌਜਵਾਨ ਪੀੜ੍ਹੀ ਲਈ ਅਥਾਹ ਮੌਕਿਆਂ ਨਾਲ ਭਰਿਆ ਹੋਇਆ ਹੈ। ਭਾਵੇਂ, ਆਧੁਨਿਕ ਸੰਸਾਰ ਵਿੱਚ ਲੋੜੀਂਦੇ ਹੁਨਰ ਬਹੁ-ਆਯਾਮੀ ਹਨ। ਅਲੱਗ–ਥਲੱਗ ਰਹਿ ਕੇ ਕੰਮ ਕਰਨ ਅਤੇ ਅਧਿਐਨ ਕਰਨ ਦੀ ਪਹੁੰਚ ਪ੍ਰਭਾਵਸ਼ਾਲੀ ਨਹੀਂ ਹੋਵੇਗੀ। ਉੱਭਰਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇਹ ਇੱਕ ਬਹੁ-ਅਨੁਸ਼ਾਸਨੀ ਪਹੁੰਚ ਹੋਣੀ ਚਾਹੀਦੀ ਹੈ। ਵਿਗਿਆਨ ਅਤੇ ਗਣਿਤ ਦੇ ਨਾਲ-ਨਾਲ, ਇੱਕ ਵਧੀਆ ਪਾਠਕ੍ਰਮ ਵਿੱਚ ਕਲਾ ਅਤੇ ਸ਼ਿਲਪਕਾਰੀ, ਮਨੁੱਖਤਾ, ਖੇਡਾਂ ਅਤੇ ਤੰਦਰੁਸਤੀ, ਭਾਸ਼ਾਵਾਂ ਅਤੇ ਸਾਹਿਤ, ਸੱਭਿਆਚਾਰ ਅਤੇ ਮੁੱਲ ਵੀ ਸ਼ਾਮਲ ਹੋਣੇ ਚਾਹੀਦੇ ਹਨ। ਅਜਿਹਾ ਏਕੀਕ੍ਰਿਤ ਪਾਠਕ੍ਰਮ ਵਿਦਿਆਰਥੀਆਂ ਵਿੱਚ ਸਰਬਪੱਖੀ ਸਮਰੱਥਾ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਉਸਨੇ ਭਰੋਸਾ ਪ੍ਰਗਟਾਇਆ ਕਿ ਸੇਂਟ ਜੋਸਫ਼ ਯੂਨੀਵਰਸਿਟੀ ਆਪਣੇ ਵੱਖ-ਵੱਖ ਵਿਸ਼ੇਸ਼ ਸਕੂਲਾਂ ਰਾਹੀਂ ਵਿਦਿਆਰਥੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰੇਗੀ।

 ਇਸ ਤੱਥ ਵੱਲ ਇਸ਼ਾਰਾ ਕਰਦਿਆਂ ਕਿ ਭਾਰਤ ਵਿੱਚ ਅਗਲੇ ਦਹਾਕਿਆਂ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਨੌਜਵਾਨਾਂ ਦੀ ਆਬਾਦੀ ਹੋਵੇਗੀ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਉੱਚ-ਮਿਆਰੀ ਵਿੱਦਿਅਕ ਮੌਕੇ ਪ੍ਰਦਾਨ ਕਰਨ ਦੀ ਸਾਡੀ ਯੋਗਤਾ ਉਨ੍ਹਾਂ ਦਾ ਭਵਿੱਖ ਅਤੇ ਸਾਡੇ ਦੇਸ਼ ਦਾ ਭਵਿੱਖ ਨਿਰਧਾਰਿਤ ਕਰੇਗੀ। ਉਨ੍ਹਾਂ ਕਿਹਾ ਕਿ ਸਾਡੇ ਬਹੁਤ ਸਾਰੇ ਵਿਦਿਆਰਥੀ ਉੱਚ ਸਿੱਖਿਆ ਅਤੇ ਖੋਜ ਲਈ ਪੱਛਮ ਵੱਲ ਦੇਖਦੇ ਹਨ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀਆਂ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਈਏ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਪੂਰੀ ਦੁਨੀਆ ਵਿੱਚ ਮੌਕੇ ਮਿਲ ਸਕਣ। ਉਨ੍ਹਾਂ ਨੋਟ ਕੀਤਾ ਕਿ ਬਹੁਤ ਸਾਰੀਆਂ ਭਾਰਤੀ ਸੰਸਥਾਵਾਂ ਨੇ ਅੰਤਰਰਾਸ਼ਟਰੀ ਦਰਜਾਬੰਦੀ ਵਿੱਚ ਸਥਾਨ ਹਾਸਲ ਕੀਤਾ ਹੈ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਹਰ ਭਾਰਤੀ ਵਿੱਦਿਅਕ ਸੰਸਥਾ ਦਾ ਉਦੇਸ਼ ਵਿਸ਼ਵ ਪੱਧਰੀ ਵਿੱਦਿਆ ਦਾ ਕੇਂਦਰ ਬਣਨਾ ਚਾਹੀਦਾ ਹੈ।

ਬਾਅਦ ਵਿੱਚ ਸ਼ਾਮ ਨੂੰ, ਰਾਸ਼ਟਰਪਤੀ ਨੇ ਕਰਨਾਟਕ ਸਰਕਾਰ ਦੁਆਰਾ ਵਿਧਾਨ ਸੌਧਾ, ਬੰਗਲੁਰੂ ਵਿੱਚ ਆਪਣੇ ਸਨਮਾਨ ਵਿੱਚ ਰੱਖੇ ਇੱਕ ਨਾਗਰਿਕ ਸਵਾਗਤ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਸੁਤੰਤਰਤਾ ਸੰਗ੍ਰਾਮ, ਅਧਿਆਤਮਿਕਤਾ, ਦਰਸ਼ਨ, ਸਾਹਿਤ, ਸੰਗੀਤ, ਕਲਾ, ਵਿਗਿਆਨ, ਆਰਕੀਟੈਕਚਰ ਆਦਿ ਵਿੱਚ ਕਰਨਾਟਕ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਹੰਪੀ ਦੇ ਖੰਡਰ ਅਤੇ ਆਈਹੋਲ, ਪੱਤਦਕਲ, ਬਦਾਮੀ, ਬੇਲੁਰੂ, ਹਲੇਬੇਡੂ, ਸੋਮਨਾਥਪੁਰਾ ਅਤੇ ਮੈਸੂਰ ਭਾਰਤੀ ਕਲਾ ਅਤੇ ਸੱਭਿਆਚਾਰ ਦੀਆਂ ਸ਼ਾਨਦਾਰ ਵਿਰਾਸਤੀ ਥਾਵਾਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਜਿਸ ਤਰ੍ਹਾਂ ਕਰਨਾਟਕ ਦੇ ਚੰਦਨ ਦੀ ਖੁਸ਼ਬੂ ਪੂਰੇ ਦੇਸ਼ ਅਤੇ ਦੁਨੀਆ ਨੂੰ ਖੁਸ਼ ਕਰਦੀ ਹੈ, ਉਸੇ ਤਰ੍ਹਾਂ ਕਰਨਾਟਕ ਦੇ ਲੋਕਾਂ ਦੇ ਮਿੱਠੇ ਸੁਭਾਅ ਦੀ ਪੂਰੇ ਦੇਸ਼ ਅਤੇ ਦੁਨੀਆ ਵਿਚ ਸ਼ਲਾਘਾ ਕੀਤੀ ਜਾਂਦੀ ਹੈ। ਕੰਨੜਿਗਾ ਲੋਕਾਂ ਨੇ ਸ਼ਾਂਤੀ-ਪ੍ਰੇਮੀ, ਉਦਾਰ ਅਤੇ ਸਨੇਹੀ ਹੋਣ ਦਾ ਆਦਰਸ਼ ਕਾਇਮ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਕਰਨਾਟਕ ਨੇ ਆਧੁਨਿਕ ਉਦਯੋਗਿਕ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਇਹ ਬਾਇਓ-ਟੈਕਨੋਲੋਜੀ, ਭਾਰੀ ਇੰਜੀਨੀਅਰਿੰਗ, ਹਵਾਬਾਜ਼ੀ, ਖੋਜ ਅਤੇ ਵਿਕਾਸ, ਪੁਲਾੜ-ਵਿਗਿਆਨ ਅਤੇ ਟੈਕਨੋਲੋਜੀ ਵਰਗੇ ਕਈ ਖੇਤਰਾਂ ਵਿੱਚ ਇੱਕ ਮੋਹਰੀ ਰਾਜ ਹੈ। ਕਰਨਾਟਕ ਸਾਡੇ ਦੇਸ਼ ਦੇ ਇੱਕ ਪ੍ਰਮੁੱਖ ਸਿੱਖਿਆ ਅਤੇ ਖੋਜ-ਹੱਬ ਵਜੋਂ ਇੱਕ ਅਨਮੋਲ ਯੋਗਦਾਨ ਪਾ ਰਿਹਾ ਹੈ। ਸੂਚਨਾ ਟੈਕਨੋਲੋਜੀ ਵਿੱਚ ਭਾਰਤ ਦੀ ਸਾਖ ਨੂੰ ਵਧਾਉਣ ਦਾ ਬਹੁਤ ਸਾਰਾ ਕ੍ਰੈਡਿਟ ਕਰਨਾਟਕ ਨੂੰ ਜਾਂਦਾ ਹੈ, ਖਾਸ ਕਰਕੇ ਸਿਲੀਕੌਨ ਸਿਟੀ – ਬੰਗਲੁਰੂ ਨੂੰ।

ਰਾਸ਼ਟਰਪਤੀ ਨੇ ਕਿਹਾ ਕਿ ਕਰਨਾਟਕ ਦੇ ਦੂਰਅੰਦੇਸ਼ ਸਿਆਸਤਦਾਨਾਂ, ਕਾਰੋਬਾਰੀ-ਨੇਤਾਵਾਂ ਅਤੇ ਉੱਦਮੀਆਂ ਨੇ ਉਦਯੋਗਿਕ ਵਿਕਾਸ ਲਈ ਖਾਸ ਤੌਰ 'ਤੇ ਸਟਾਰਟ-ਅੱਪਸ ਲਈ ਬਹੁਤ ਵਧੀਆ ਈਕੋਸਿਸਟਮ ਵਿਕਸਿਤ ਕੀਤਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਰਨਾਟਕ ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਏਗਾ।

 

ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ’ਚ ਦੇਖਣ ਲਈ ਇੱਥੇ ਕਲਿੱਕ ਕਰੋ

ਰਾਸ਼ਟਰਪਤੀ ਦਾ ਭਾਸ਼ਣ ਅੰਗ੍ਰੇਜ਼ੀ ’ਚ ਦੇਖਣ ਲਈ ਇੱਥੇ ਕਲਿੱਕ ਕਰੋ

 

*****

 

ਡੀਐੱਸ/ਬੀਐੱਮ



(Release ID: 1862808) Visitor Counter : 128


Read this release in: English , Urdu , Hindi , Kannada