ਇਸਪਾਤ ਮੰਤਰਾਲਾ

ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਉਦਯੋਗ ਜਗਤ ਨੂੰ ਖਣਿਜ ਅਤੇ ਖਾਣਾਂ ਦੇ ਸੈਕਟਰ ਨੂੰ ਆਤਮ-ਨਿਰਭਰ ਬਣਾਉਣ ਦੇ ਤਰੀਕੇ ਅਤੇ ਸਾਧਨ ਢੂੰਡਣ ਦੀ ਤਾਕੀਦ ਕੀਤੀ

Posted On: 24 AUG 2022 6:55PM by PIB Chandigarh

 ਕੇਂਦਰੀ ਸਟੀਲ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ, ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਅੱਜ ਕਿਹਾ ਕਿ ਖਣਿਜ ਅਤੇ ਧਾਤੂ ਸੈਕਟਰ ਨੇ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਹ ਭਾਰਤ ਨੂੰ ਇੱਕ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਵਿੱਚ ਬਦਲ ਦੇਵੇਗਾ।

 

 ਭਾਰਤੀ ਖਣਿਜ ਅਤੇ ਧਾਤੂ ਉਦਯੋਗ - 2030 ਵੱਲ ਪਰਿਵਰਤਨ ਅਤੇ ਵਿਜ਼ਨ 2047 'ਤੇ ਦੋ-ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਸੈਕਟਰ ਨੂੰ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਖਣਿਜਾਂ ਅਤੇ ਧਾਤਾਂ (metals) ਨੂੰ ਨਿਰਯਾਤ ਕਰਨ ਲਈ ਉਨ੍ਹਾਂ ਦੇ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਲਈ ਵਧੇਰੇ ਇਨੋਵੇਟਿਵ, ਪ੍ਰਤੀਯੋਗੀ ਅਤੇ ਖੋਜ ਅਨੁਕੂਲ ਹੋਣਾ ਚਾਹੀਦਾ ਹੈ। 

 

 ਸ਼੍ਰੀ ਕੁਲਸਤੇ ਨੇ ਇਹ ਵੀ ਕਿਹਾ ਕਿ ਕੁਦਰਤੀ ਸੰਸਾਧਨਾਂ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਉਨ੍ਹਾਂ ਦੀ ਵੱਧ ਤੋਂ ਵੱਧ ਸੰਭਵ ਖੋਜ ਵਿਕਾਸ ਵੱਲ ਸਾਡੀ ਯਾਤਰਾ ਲਈ ਮੁੱਖ ਕਾਰਕ ਹੋਣਗੇ।  ਸਟੀਲ ਸੈਕਟਰ ਦੇਸ਼ ਵਿੱਚ ਹਰ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ,

ਇਸਪਾਤ ਮੰਤਰਾਲੇ ਨੇ ਸੈਕਟਰ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪੀਐੱਲਆਈ ਸਕੀਮ, ਐੱਫਡੀਆਈ ਆਦਿ ਜਿਹੇ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ।

 

 ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ, ਸਟੀਲ ਮੰਤਰਾਲੇ ਦੇ ਸਕੱਤਰ, ਸ਼੍ਰੀ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਗ੍ਰੀਨ ਸਟੀਲ ਵੱਲ ਵਧਣ ਲਈ ਸਟੀਲ ਸੈਕਟਰ ਵਿੱਚ ਕਾਰਬਨ ਨਿਕਾਸ ਨੂੰ ਘਟਾਉਣ 'ਤੇ ਜ਼ੋਰ ਦਿੱਤਾ। ਸ਼੍ਰੀ ਸਿੰਘ ਨੇ ਕਿਹਾ ਕਿ 2030 ਅਤੇ 2047 ਲਈ ਸਟੀਲ ਸੈਕਟਰ ਲਈ ਲਕਸ਼ ਸਮਰੱਥਾ, ਜੋ ਕਿ ਕ੍ਰਮਵਾਰ 300 ਮੀਟ੍ਰਿਕ ਟਨ ਅਤੇ 500 ਮੀਟ੍ਰਿਕ ਟਨ ਰੱਖੀ ਗਈ ਹੈ, ਇਸਦੇ ਲਈ ਇੱਕ ਉਚਿਤ ਰੂਪ-ਰੇਖਾ ਤਿਆਰ ਕਰਕੇ ਪ੍ਰਾਪਤ ਕੀਤੀ ਜਾਵੇਗੀ। ਸਟੀਲ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਮਤਲਬ ਇਹ ਹੋਵੇਗਾ ਕਿ ਲੋਹੇ ਦੇ ਅਨੁਮਾਨਿਤ ਭੰਡਾਰਾਂ ਨੂੰ ਸੰਸਾਧਨਾਂ ਵਿੱਚ ਤਬਦੀਲ ਕਰਨਾ ਹੋਵੇਗਾ ਕਿਉਂਕਿ ਇਹ ਲੋੜੀਂਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਆਦਰਸ਼ ਹੋਵੇਗਾ।


 

 ਜੁਆਇੰਟ ਸਕੱਤਰ (ਨੀਤੀ ਆਯੋਗ), ਸ਼੍ਰੀ ਕੁੰਦਨ ਕੁਮਾਰ ਨੇ ਕਿਹਾ ਕਿ ਖਣਿਜ ਅਤੇ ਧਾਤੂ ਸੈਕਟਰ ਨੇ ਦੇਸ਼ ਦੇ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸ਼੍ਰੀ ਕੁੰਦਨ ਕੁਮਾਰ ਨੇ ਉਦਯੋਗ ਨੂੰ ਖਣਿਜ ਅਤੇ ਖਾਣਾਂ ਦੇ ਸੈਕਟਰ ਲਈ ਇੱਕ ਵਿਆਪਕ ਅਤੇ ਵਿਸਤ੍ਰਿਤ ਪ੍ਰੋਗਰਾਮ ਤਿਆਰ ਕਰਨ ਅਤੇ ਲੋੜੀਂਦੀ ਕਾਰਵਾਈ ਲਈ ਸਾਰੇ ਹਿਤਧਾਰਕਾਂ ਨੂੰ ਸੌਂਪਣ ਦੀ ਤਾਕੀਦ ਕੀਤੀ ਤਾਂ ਜੋ ਭਾਰਤੀ ਖਾਣਾਂ ਅਤੇ ਖਣਿਜ ਸੈਕਟਰ ਦੇ ਵਿਕਾਸ ਅਤੇ ਵਿਸਤਾਰ ਅਤੇ ਵਿਭਿੰਨਤਾ ਲਈ ਲੋੜੀਂਦੀ ਨੀਤੀ ਲਾਗੂ ਕੀਤੀ ਜਾ ਸਕੇ। 

 

 ਐੱਨਐੱਮਡੀਸੀ ਲਿਮਿਟਿਡ ਦੇ ਸੀਐੇੱਮਡੀ ਸ਼੍ਰੀ ਸੁਮਿਤ ਦੇਬ, ਜਿਨ੍ਹਾਂ ਨੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ, ਨੇ ਭਾਗੀਦਾਰਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਸ ਸੈਕਟਰ ਨੂੰ ਆਪਣਾ ਸਮਰਥਨ ਦੇਣ ਦਾ ਸੱਦਾ ਦਿੱਤਾ ਤਾਂ ਜੋ ਇਸ ਦੇ ਵਿਆਪਕ ਅਤੇ ਵਿਸਤ੍ਰਿਤ ਵਿਕਾਸ ਲਈ ਇਸ ਨੂੰ ਸੰਚਾਲਿਤ ਅਤੇ ਕਾਰਜਸ਼ੀਲ ਬਣਾਇਆ ਜਾ ਸਕੇ ਕਿਉਂਕਿ ਇਹ ਸੈਕਟਰ ਰਾਸ਼ਟਰੀ ਜੀਡੀਪੀ ਵਿੱਚ ਆਪਣੇ ਯੋਗਦਾਨ ਨੂੰ ਕਰੀਬ 2 ਪ੍ਰਤੀਸ਼ਤ ਦੇ ਮੌਜੂਦਾ ਪੱਧਰ ਤੋਂ ਵਧਾ ਸਕਦਾ ਹੈ।


 

 ਦੋ-ਦਿਨਾਂ ਕਾਨਫਰੰਸ ਵਿੱਚ ਭਾਰਤ ਵਿੱਚ ਖਣਿਜ ਅਤੇ ਧਾਤੂ ਸੈਕਟਰ ਲਈ ਉਦਯੋਗ ਵਿਜ਼ਨ 2047 'ਤੇ ਬਹੁਤ ਹੀ ਪਰਸਪਰ ਪ੍ਰਭਾਵੀ ਅਤੇ ਢੁਕਵੇਂ ਸੈਸ਼ਨ ਹੋਏ ਜਿਨ੍ਹਾਂ ਦਾ ਆਯੋਜਨ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ) ਦੁਆਰਾ ਫੈਡਰੇਸ਼ਨ ਆਵੑ ਇੰਡੀਅਨ ਚੈਂਬਰਜ਼ ਆਵੑ ਕਾਮਰਸ ਐਂਡ ਇੰਡਸਟਰੀ-ਫਿੱਕੀ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

 

************

 

 ਏਕੇਐੱਨ/ਐੱਸਕੇ



(Release ID: 1854339) Visitor Counter : 101


Read this release in: English , Urdu , Hindi