ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸ਼ਾਸਨ ਦਾ ਅੰਤਮ ਉਦੇਸ਼ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ - ਉਪ ਰਾਸ਼ਟਰਪਤੀ

ਸੁਸ਼ਾਸਨ ਦੀ ਕੁੰਜੀ ਸਮਾਵੇਸ਼, ਜਵਾਬਦੇਹੀ ਅਤੇ ਉੱਚ ਨੈਤਿਕ ਮਿਆਰਾਂ ਨੂੰ ਕਾਇਮ ਰੱਖਣ ਵਿੱਚ ਹੈ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਹਰ ਭਾਰਤੀ ਨੂੰ 2047 ਤੱਕ ਇੱਕ ਖੁਸ਼ਹਾਲ, ਸਿਹਤਮੰਦ, ਸਮ੍ਰਿੱਧ ਅਤੇ ਵਿਕਸਤ ਰਾਸ਼ਟਰ ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ

ਸ਼੍ਰੀ ਨਾਇਡੂ ਨੇ ਕਿਹਾ ਕਿ ਰਾਮ-ਰਾਜ ਦੀ ਧਾਰਨਾ ਪਰਿਭਾਸ਼ਿਤ ਕਰਦੀ ਹੈ ਕਿ ਇੱਕ ਸੁਸ਼ਾਸਨ ਵਾਲਾ ਕਲਿਆਣਕਾਰੀ ਰਾਜ ਕਿਸ ਤਰ੍ਹਾਂ ਦਾ ਹੋਵੇ

ਉਪ ਰਾਸ਼ਟਰਪਤੀ ਨੇ ਪ੍ਰਸ਼ਾਸਨ ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ

ਉਪ ਰਾਸ਼ਟਰਪਤੀ ਨੇ ਲੋਕ ਪ੍ਰਸ਼ਾਸਨ ਵਿੱਚ 48ਵੇਂ ਉੱਨਤ ਪੇਸ਼ੇਵਰ ਪ੍ਰੋਗਰਾਮ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ

Posted On: 04 AUG 2022 7:00PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਾਸਨ ਦਾ ਅੰਤਮ ਉਦੇਸ਼ ਲੋਕਾਂ ਨੂੰ ਸਸ਼ਕਤ ਬਣਾਉਣਾ ਅਤੇ ਘੱਟੋ-ਘੱਟ ਸਰਕਾਰ ਵੱਲ ਵਧਣਾ ਹੋਣਾ ਚਾਹੀਦਾ ਹੈ, ਜੋ ਉਨ੍ਹਾਂ ਦੇ ਅਨੁਸਾਰ ਉਦੋਂ ਹੀ ਹੋਵੇਗਾ ਜਦੋਂ ਅੰਤਮ ਟੀਚਾ ਪ੍ਰਾਪਤ ਕੀਤਾ ਹੋਵੇ ਅਤੇ ਹੇਠਲੇ ਪੱਧਰ 'ਤੇ ਖੜ੍ਹੇ ਲੋਕ ਉੱਥੇ ਪਹੁੰਚ ਗਏ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਸੁਸ਼ਾਸਨ ਦੀ ਸਫਲਤਾ ਮਿਹਨਤੀ ਲੋਕਾਂ ਨੂੰ ਵਿਕਾਸ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਬਰਾਬਰ ਹਿੱਸੇਦਾਰ ਬਣਾਉਣ ਵਿੱਚ ਹੈ।

ਅੱਜ ਨਵੀਂ ਦਿੱਲੀ ਵਿੱਚ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦੁਆਰਾ ਕਰਵਾਏ ਗਏ 48ਵੇਂ ਲੋਕ ਪ੍ਰਸ਼ਾਸਨ ਵਿੱਚ ਉੱਨਤ ਪੇਸ਼ੇਵਰ ਪ੍ਰੋਗਰਾਮ (ਏਪੀਪੀਪੀਏ) ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸੁਸ਼ਾਸਨ ਦੀ ਕੁੰਜੀ ਸਮਾਵੇਸ਼, ਟੈਕਨਾਲੋਜੀ ਦੀ ਵਰਤੋਂ ਅਤੇ ਉੱਚ ਨੈਤਿਕ ਮਿਆਰਾਂ ਨੂੰ ਕਾਇਮ ਰੱਖਣ ਵਿੱਚ ਹੈ। ਉਨ੍ਹਾਂ ਅੱਗੇ ਕਿਹਾ, "ਟੈਕਨਾਲੋਜੀ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਇਸ ਤਰ੍ਹਾਂ ਜਵਾਬਦੇਹੀ ਤੈਅ ਹੁੰਦੀ ਹੈ, ਜੋ ਕਿ ਸੁਸ਼ਾਸਨ ਦੀ ਬੁਨਿਆਦੀ ਵਿਸ਼ੇਸ਼ਤਾ ਹੈ, ਜਦ ਕਿ ਨੈਤਿਕ ਮਾਪਦੰਡ ਵੈਧਤਾ ਪ੍ਰਦਾਨ ਕਰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਦੋਵੇਂ ਮਿਲ ਕੇ ਇੱਕ ਨਵੇਂ ਸਿਆਸੀ ਸੱਭਿਆਚਾਰ ਦੀ ਸ਼ੁਰੂਆਤ ਕਰਨਗੇ, ਜੋ ਪਰਿਵਰਤਨਸ਼ੀਲ ਸੁਧਾਰਾਂ ਲਈ ਆਧਾਰ ਤਿਆਰ ਕਰੇਗਾ।

ਸ਼੍ਰੀ ਨਾਇਡੂ ਨੇ ਇਹ ਰੇਖਾਂਕਿਤ ਕਰਦੇ ਹੋਏ ਕਿ ਸਮਾਵੇਸ਼ੀ ਅਤੇ ਜਵਾਬਦੇਹ ਸ਼ਾਸਨ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ, ਕਿਹਾ ਕਿ ਸੁਧਾਰ ਸਿਰਫ ਸਰਕਾਰ ਦੁਆਰਾ ਸ਼ੁਰੂ ਕੀਤੇ ਜਾਂਦੇ ਹਨ ਪਰ ਅਸਲ ਵਿੱਚ ਉਦੋਂ ਹੀ ਫਲ ਦਿੰਦੇ ਹਨ, ਜਦੋਂ ਲੋਕ ਆਪਣੇ ਦੇਸ਼ ਦੇ ਭਵਿੱਖ ਲਈ ਸਰਗਰਮੀ ਨਾਲ ਕੰਮ ਕਰਦੇ ਹਨ। ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਚੱਲ ਰਹੇ ਜਸ਼ਨਾਂ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਹਰ ਭਾਰਤੀ ਨੂੰ ਅਪੀਲ ਕੀਤੀ ਕਿ ਜਦੋਂ ਅਸੀਂ ਆਪਣੀ ਆਜ਼ਾਦੀ ਦੇ 100ਵੇਂ ਸਾਲ ਵਿੱਚ ਪ੍ਰਵੇਸ਼ ਕਰਾਂਗੇ ਤਾਂ ਇੱਕ ਖੁਸ਼ਹਾਲ, ਸਿਹਤਮੰਦ, ਸਮ੍ਰਿੱਧ ਅਤੇ ਵਿਕਸਤ ਰਾਸ਼ਟਰ ਦੇ ਨਿਰਮਾਣ ਦੇ ਉਦੇਸ਼ ਨਾਲ ਕੰਮ ਕਰਨਾ ਚਾਹੀਦਾ ਹੈ।

ਉਪ ਰਾਸ਼ਟਰਪਤੀ ਨੇ ਇਹ ਦੇਖਦੇ ਹੋਏ ਕਿ ਅੱਜ ਫੋਕਸ ਸਰਕਾਰ ਤੋਂ ਸ਼ਾਸਨ ਵੱਲ ਤਬਦੀਲ ਹੋ ਰਿਹਾ ਹੈ, ਕਿਹਾ ਕਿ ਭਾਰਤ ਆਪਣੇ ਅਤੀਤ ਨੂੰ ਛੱਡ ਕੇ ਅਤੇ ਉਮੀਦ ਅਤੇ ਆਪਣੇ ਅੰਤਮ ਟੀਚੇ ਦੀ ਪੂਰਤੀ ਵੱਲ ਯਾਤਰਾ ਸ਼ੁਰੂ ਕਰ ਰਿਹਾ ਹੈ, ਜੋ ਵਿਸ਼ਵ ਦੀ ਅਗਵਾਈ ਕਰਨਾ ਹੈ।

ਇਸ ਮੌਕੇ ਸ਼੍ਰੀ ਨਾਇਡੂ ਨੇ ਬਸਤੀਵਾਦੀ ਮਾਨਸਿਕਤਾ ਤੋਂ ਬਾਹਰ ਨਿਕਲਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਪ੍ਰਸ਼ਾਸਕਾਂ ਨੂੰ ਕਿਹਾ ਕਿ ਉਹ ਆਪਣੇ ਸਰਕਾਰੀ ਫਰਜ਼ ਨਿਭਾਉਂਦੇ ਹੋਏ ਲੋਕਾਂ ਦੀ ਭਾਸ਼ਾ ਦੀ ਵਰਤੋਂ ਕਰਨ। ਉਨ੍ਹਾਂ ਕਿਹਾ, “ਤੁਹਾਨੂੰ ਲੋਕਾਂ ਨਾਲ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ,”। 'ਮਨੁੱਖ ਦੀ ਸੇਵਾ ਪਰਮਾਤਮਾ ਦੀ ਸੇਵਾ ਹੈ' ਦੀ ਕਹਾਵਤ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਅਧਿਕਾਰੀ 'ਲੋਕ ਸੇਵਾ' ਨੂੰ ਆਪਣਾ ਮੁੱਖ ਉਦੇਸ਼ ਬਣਾਉਣ।

ਰਾਸ਼ਟਰੀ ਵਿਕਾਸ ਵਿੱਚ ਆਈਆਈਪੀਏ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਇਹ ਦੇਖ ਕੇ ਖੁਸ਼ ਹਨ ਕਿ ਆਈਆਈਪੀਏ ਅੱਜ ਇੱਕ ਗਤੀਸ਼ੀਲ ਅਤੇ ਤੇਜ਼ੀ ਨਾਲ ਬਦਲਦੇ ਯੁੱਗ ਦੀਆਂ ਲੋੜਾਂ ਅਤੇ ਤੇਜ਼ੀ ਨਾਲ ਬਦਲ ਰਹੇ ਸਮਾਜਿਕ-ਆਰਥਿਕ ਮਾਹੌਲ ਵਿੱਚ ਆਪਣੇ ਆਪ ਨੂੰ ਢਾਲ ਰਿਹਾ ਹੈ। ਉਨ੍ਹਾਂ ਜਨਤਕ ਜੀਵਨ ਵਿੱਚ ਡਿੱਗ ਰਹੇ ਮਿਆਰ ਨੂੰ ਰੋਕਣ ਦਾ ਸੱਦਾ ਦਿੰਦਿਆਂ ਪ੍ਰਬੰਧਕਾਂ ਅਤੇ ਆਗੂਆਂ ਨੂੰ ਇਮਾਨਦਾਰੀ ਅਤੇ ਨੈਤਿਕਤਾ ਦੀ ਮਿਸਾਲ ਕਾਇਮ ਕਰਨ ਦੀ ਮੰਗ ਕੀਤੀ।

ਰਾਮ-ਰਾਜ ਦੇ ਸੰਕਲਪ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਪਰੰਪਰਾ ਵਿੱਚ ਇਹ ਇੱਕ ਅਲੰਕਾਰ ਹੈ ਜੋ ਪਰਿਭਾਸ਼ਿਤ ਕਰਦਾ ਹੈ ਕਿ ਇੱਕ ਸੁਚੱਜਾ ਸ਼ਾਸਨ ਵਾਲਾ ਕਲਿਆਣਕਾਰੀ ਰਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਸ਼ਾਸਕਾਂ ਨੂੰ ਗਰੀਬੀ, ਵਿਤਕਰੇ ਅਤੇ ਅਸਮਾਨਤਾ ਤੋਂ ਮੁਕਤ ਸਮਾਜ ਦੀ ਉਸਾਰੀ ਲਈ ਇਨ੍ਹਾਂ ਬੁਲੰਦ ਆਦਰਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ।

ਇਸ ਪ੍ਰੋਗਰਾਮ ਵਿੱਚ ਉਪ ਰਾਸ਼ਟਰਪਤੀ ਦੇ ਸਕੱਤਰ ਸ਼੍ਰੀ ਆਈਵੀ ਸੁਬਾਰਾਓ, ਆਈਆਈਪੀਏ ਦੇ ਡਾਇਰੈਕਟਰ ਜਨਰਲ ਸ਼੍ਰੀ ਸੁਰਿੰਦਰ ਨਾਥ ਤ੍ਰਿਪਾਠੀ, ਪ੍ਰੋਗਰਾਮ ਡਾਇਰੈਕਟਰ (ਏਪੀਪੀਪੀਏ) ਡਾ. ਵੀ ਐੱਨ ਆਲੋਕ, ਰਜਿਸਟਰਾਰ ਸ਼੍ਰੀ ਅਮਿਤਾਭ ਰੰਜਨ, ਫੈਕਲਟੀ ਮੈਂਬਰ, ਕੋਰਸ ਭਾਗੀਦਾਰ ਅਤੇ ਹੋਰ ਪਤਵੰਤੇ ਹਾਜ਼ਰ ਹੋਏ।

*****

ਐੱਮਐੱਸ/ਆਰਕੇ/ਡੀਪੀ 


(Release ID: 1848628) Visitor Counter : 157


Read this release in: English , Urdu , Hindi