ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੈਬਨਿਟ ਨੇ ਆਈਐੱਮਟੀ/5ਜੀ (IMT/5G) ਸਪੈਕਟ੍ਰਮ ਦੀ ਨਿਲਾਮੀ ਨੂੰ ਪ੍ਰਵਾਨਗੀ ਦਿੱਤੀ


ਟੈਲੀਕੌਮ ਸੇਵਾ ਪ੍ਰਦਾਤਾਵਾਂ ਲਈ ਕਾਰੋਬਾਰ ਕਰਨ ਦੀ ਲਾਗਤ ਨੂੰ ਘਟਾਉਣ ਦੇ ਉਪਾਅ



5ਜੀ ਸੇਵਾਵਾਂ ਜਲਦੀ ਹੀ ਸ਼ੁਰੂ ਕੀਤੀਆਂ ਜਾਣਗੀਆਂ - 4ਜੀ ਨਾਲੋਂ ਕਰੀਬ 10 ਗੁਣਾ ਤੇਜ਼



72 ਗੀਗਾਹਰਟਜ਼ ਤੋਂ ਅਧਿਕ ਸਪੈਕਟ੍ਰਮ ਦੀ 20 ਵਰ੍ਹਿਆਂ ਦੀ ਅਵਧੀ ਲਈ ਨਿਲਾਮੀ ਕੀਤੀ ਜਾਵੇਗੀ

Posted On: 15 JUN 2022 10:56AM by PIB Chandigarh

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਸਪੈਕਟ੍ਰਮ ਨਿਲਾਮੀ ਕਰਵਾਉਣ ਲਈ ਦੂਰਸੰਚਾਰ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਰਾਹੀਂ ਸਫ਼ਲ ਬੋਲੀਕਾਰਾਂ ਨੂੰ ਪਬਲਿਕ ਅਤੇ ਉੱਦਮਾਂ ਨੂੰ 5ਜੀ ਸੇਵਾਵਾਂ ਪ੍ਰਦਾਨ ਕਰਨ ਲਈ ਸਪੈਕਟ੍ਰਮ ਅਲਾਟ ਕੀਤਾ ਜਾਵੇਗਾ।

 

 ਡਿਜੀਟਲ ਕਨੈਕਟੀਵਿਟੀ ਆਪਣੇ ਪ੍ਰਮੁੱਖ ਪ੍ਰੋਗਰਾਮਾਂ ਜਿਵੇਂ ਕਿ ਡਿਜੀਟਲ ਇੰਡੀਆਸਟਾਰਟ-ਅੱਪ ਇੰਡੀਆਮੇਕ ਇਨ ਇੰਡੀਆ ਆਦਿ ਜ਼ਰੀਏ ਸਰਕਾਰ ਦੀਆਂ ਨੀਤੀਗਤ ਪਹਿਲਾਂ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ।

 

 ਬਰੌਡਬੈਂਡਖਾਸ ਕਰਕੇ ਮੋਬਾਈਲ ਬਰੌਡਬੈਂਡਨਾਗਰਿਕਾਂ ਦੇ ਰੋਜ਼ਾਨਾ ਜੀਵਨ ਦਾ ਅਭਿੰਨ ਅੰਗ ਬਣ ਗਿਆ ਹੈ।  2015 ਤੋਂ ਦੇਸ਼ ਭਰ ਵਿੱਚ 4ਜੀ ਸੇਵਾਵਾਂ ਦੇ ਤੇਜ਼ੀ ਨਾਲ ਵਿਸਤਾਰ ਕਰਕੇ ਇਸ ਨੂੰ ਵੱਡਾ ਹੁਲਾਰਾ ਮਿਲਿਆ ਹੈ। 2014 ਵਿੱਚ ਦਸ ਕਰੋੜ ਗਾਹਕਾਂ ਦੇ ਮੁਕਾਬਲੇ ਅੱਜ 80 ਕਰੋੜ ਗਾਹਕਾਂ ਕੋਲ ਬਰੌਡਬੈਂਡ ਤੱਕ ਪਹੁੰਚ ਉਪਲਭਦ ਹੈ।

 

 ਅਜਿਹੀਆਂ ਮਾਰਗਦਰਸ਼ਕ ਨੀਤੀਗਤ ਪਹਿਲਾਂ ਜ਼ਰੀਏਸਰਕਾਰ ਅੰਤਯੋਦਿਆ ਪਰਿਵਾਰਾਂ ਨੂੰ ਮੋਬਾਈਲ ਬੈਂਕਿੰਗਔਨਲਾਈਨ ਸਿੱਖਿਆਟੈਲੀਮੈਡੀਸਿਨਈ-ਰਾਸ਼ਨ ਆਦਿ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਈ ਹੈ।

 

 ਦੇਸ਼ ਵਿੱਚ ਬਣਾਇਆ ਗਿਆ 4ਜੀ ਈਕੋਸਿਸਟਮ ਹੁਣ 5ਜੀ ਸਵਦੇਸ਼ੀ ਵਿਕਾਸ ਦੀ ਦਿਸ਼ਾ ਵੱਲ ਲੈ ਜਾ ਰਿਹਾ ਹੈ। ਭਾਰਤ ਦੇ ਪ੍ਰਮੁੱਖ ਟੈਕਨੋਲੋਜੀ ਇੰਸਟੀਟਿਊਟਸ ਵਿੱਚ 5ਜੀ ਟੈਸਟ ਬੈੱਡ ਸੈੱਟਅੱਪ ਭਾਰਤ ਵਿੱਚ ਘਰੇਲੂ 5ਜੀ ਟੈਕਨੋਲੋਜੀ ਦੀ ਲਾਂਚ ਨੂੰ ਗਤੀ ਦੇ ਰਿਹਾ ਹੈ। ਉਮੀਦ ਹੈ ਕਿ ਮੋਬਾਈਲ ਹੈਂਡਸੈੱਟਾਂਟੈਲੀਕੌਮ ਉਪਕਰਣਾਂ ਲਈ ਪੀਐੱਲਆਈ (ਪ੍ਰੋਡਕਸ਼ਨ-ਲਿੰਕਡ ਇਨਸੈਂਟਿਵ) ਸਕੀਮਾਂ ਅਤੇ ਭਾਰਤ ਸੈਮੀਕੰਡਕਟਰ ਮਿਸ਼ਨ ਦੀ ਸ਼ੁਰੂਆਤ ਭਾਰਤ ਵਿੱਚ 5ਜੀ ਸੇਵਾਵਾਂ ਦੇ ਲਾਂਚ ਲਈ ਇੱਕ ਮਜ਼ਬੂਤ ਈਕੋਸਿਸਟਮ ਬਣਾਉਣ ਵਿੱਚ ਮਦਦ ਕਰੇਗੀ। ਉਹ ਸਮਾਂ ਦੂਰ ਨਹੀਂ ਜਦੋਂ ਭਾਰਤ 5ਜੀ ਟੈਕਨੋਲੋਜੀ ਅਤੇ ਆਉਣ ਵਾਲੀ 6ਜੀ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਮੋਹਰੀ ਦੇਸ਼ ਵਜੋਂ ਉਭਰਨ ਵਾਲਾ ਹੈ।

 

 ਸਪੈਕਟ੍ਰਮ ਪੂਰੇ 5ਜੀ ਈਕੋ-ਸਿਸਟਮ ਦਾ ਇੱਕ ਅਭਿੰਨ ਅਤੇ ਜ਼ਰੂਰੀ ਹਿੱਸਾ ਹੈ। ਆਉਣ ਵਾਲੀਆਂ 5ਜੀ ਸਰਵਿਸਿਜ਼ ਵਿੱਚ ਨਵੇਂ ਯੁੱਗ ਦੇ ਕਾਰੋਬਾਰ ਬਣਾਉਣਉੱਦਮਾਂ ਲਈ ਅਤਿਰਿਕਤ ਮਾਲੀਆ ਪੈਦਾ ਕਰਨ ਅਤੇ ਇਨੋਵੇਟਿਵ ਉਪਯੋਗ-ਮਾਮਲਿਆਂ ਅਤੇ ਟੈਕਨੋਲੋਜੀਆਂ ਦੀ ਤੈਨਾਤੀ ਤੋਂ ਪੈਦਾ ਹੋਣ ਵਾਲੇ ਰੋਜ਼ਗਾਰ ਪ੍ਰਦਾਨ ਕਰਨ ਦੀ ਸਮਰੱਥਾ ਹੈ।

 

 20 ਵਰ੍ਹਿਆਂ ਦੀ ਵੈਧਤਾ ਦੀ ਮਿਆਦ ਵਾਲੇ ਕੁੱਲ 72097.85 ਮੈਗਾਹਰਟਜ਼ (MHz) ਸਪੈਕਟ੍ਰਮ ਦੀ ਜੁਲਾਈ, 2022 ਦੇ ਅੰਤ ਤੱਕ ਨਿਲਾਮੀ ਕੀਤੀ ਜਾਵੇਗੀ। ਨਿਲਾਮੀ ਵਿਭਿੰਨ ਘੱਟ (600 MHz, 700 MHz, 800 MHz, 900 MHz, 1800 MHz, 2100 MHz, 2300 MHz), ਮਿਡ (3300 MHz) ਅਤੇ ਉੱਚ (26 ਗੀਗਾਹਰਟਜ਼ - GHz) ਫ੍ਰੀਕੁਐਂਸੀ ਬੈਂਡਸ ਵਾਲੇ ਸਪੈਕਟ੍ਰਮ ਲਈ ਕੀਤੀ ਜਾਵੇਗੀ।

 

 ਇਹ ਉਮੀਦ ਕੀਤੀ ਜਾਂਦੀ ਹੈ ਕਿ ਮਿਡ ਅਤੇ ਹਾਈ ਬੈਂਡ ਸਪੈਕਟ੍ਰਮ ਦੀ ਵਰਤੋਂ ਟੈਲੀਕੌਮ ਸਰਵਿਸ ਪ੍ਰਦਾਤਾਵਾਂ ਦੁਆਰਾ ਸਪੀਡ ਅਤੇ ਸਮਰੱਥਾ ਪ੍ਰਦਾਨ ਕਰਨ ਦੇ ਸਮਰੱਥ 5ਜੀ ਟੈਕਨੋਲੋਜੀ-ਅਧਾਰਿਤ ਸੇਵਾਵਾਂ ਦੇ ਰੋਲ-ਆਊਟ ਲਈ ਕੀਤੀ ਜਾਵੇਗੀ ਜੋ ਮੌਜੂਦਾ 4ਜੀ ਸੇਵਾਵਾਂ ਦੁਆਰਾ ਸੰਭਵ ਨਾਲੋਂ ਲਗਭਗ 10 ਗੁਣਾ ਵੱਧ ਹੋਵੇਗੀ। 

 

 ਸਤੰਬਰ 2021 ਵਿੱਚ ਐਲਾਨੇ ਗਏ ਟੈਲੀਕੌਮ ਸੈਕਟਰ ਸੁਧਾਰਾਂ ਤੋਂ ਸਪੈਕਟ੍ਰਮ ਨਿਲਾਮੀ ਲਾਭ ਪ੍ਰਾਪਤ ਕਰੇਗੀ। ਸੁਧਾਰਾਂ ਵਿੱਚ ਆਗਾਮੀ ਨਿਲਾਮੀ ਵਿੱਚ ਐਕੁਆਇਰ ਕੀਤੇ ਗਏ ਸਪੈਕਟ੍ਰਮ 'ਤੇ ਜ਼ੀਰੋ ਸਪੈਕਟ੍ਰਮ ਵਰਤੋਂ ਚਾਰਜ (ਐੱਸਯੂਸੀ) ਸ਼ਾਮਲ ਹੈਜਿਸ ਨਾਲ ਟੈਲੀਕੌਮ ਨੈੱਟਵਰਕਾਂ ਦੀ ਸੰਚਾਲਨ ਲਾਗਤ ਦੇ ਮਾਮਲੇ ਵਿੱਚ ਸੇਵਾ ਪ੍ਰਦਾਤਾਵਾਂ ਨੂੰ ਮਹੱਤਵਪੂਰਨ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾਇੱਕ ਸਾਲਾਨਾ ਕਿਸ਼ਤ ਦੇ ਬਰਾਬਰ ਵਿੱਤੀ ਬੈਂਕ ਗਾਰੰਟੀ ਜਮ੍ਹਾਂ ਕਰਾਉਣ ਦੀ ਜ਼ਰੂਰਤ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ।

 

 ਟੈਲੀਕੌਮ ਸੈਕਟਰ ਦੇ ਸੁਧਾਰਾਂ ਦੀ ਗਤੀ ਨੂੰ ਜਾਰੀ ਰੱਖਦੇ ਹੋਏਕੈਬਨਿਟ ਨੇ ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਲਈ ਅਗਾਮੀ ਸਪੈਕਟ੍ਰਮ ਨਿਲਾਮੀ ਰਾਹੀਂ ਬੋਲੀਕਾਰਾਂ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਸਪੈਕਟਰਮ ਦੇ ਸਬੰਧ ਵਿੱਚ ਵਿਭਿੰਨ ਪ੍ਰਗਤੀਸ਼ੀਲ ਵਿਕਲਪਾਂ ਦਾ ਐਲਾਨ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਸਫ਼ਲ ਬੋਲੀਕਾਰਾਂ ਦੁਆਰਾ ਅਗਾਊਂ ਭੁਗਤਾਨ ਕਰਨ ਦੀ ਕੋਈ ਲਾਜ਼ਮੀ ਲੋੜ ਨਹੀਂ ਹੈ। ਸਪੈਕਟ੍ਰਮ ਲਈ ਭੁਗਤਾਨ 20 ਬਰਾਬਰ ਸਲਾਨਾ ਕਿਸ਼ਤਾਂ ਵਿੱਚ ਕੀਤੇ ਜਾ ਸਕਦੇ ਹਨ ਜੋ ਹਰ ਸਾਲ ਦੀ ਸ਼ੁਰੂਆਤ ਵਿੱਚ ਪੇਸ਼ਗੀ ਵਿੱਚ ਅਦਾ ਕੀਤੇ ਜਾਣੇ ਹਨ। ਇਸ ਨਾਲ ਨਕਦੀ ਦੇ ਪ੍ਰਵਾਹ ਦੀਆਂ ਜ਼ਰੂਰਤਾਂ ਨੂੰ ਮਹੱਤਵਪੂਰਨ ਤੌਰ 'ਤੇ ਅਸਾਨ ਬਣਾਉਣ ਅਤੇ ਇਸ ਸੈਕਟਰ ਵਿੱਚ ਕਾਰੋਬਾਰ ਕਰਨ ਦੀ ਲਾਗਤ ਨੂੰ ਘਟਾਉਣ ਦੀ ਉਮੀਦ ਹੈ।  ਬੋਲੀਕਾਰਾਂ ਨੂੰ ਬਕਾਇਆ ਕਿਸ਼ਤਾਂ ਦੇ ਸਬੰਧ ਵਿੱਚ ਕੋਈ ਭਵਿੱਖੀ ਦੇਣਦਾਰੀਆਂ ਦੇ ਬਿਨਾਂ 10 ਸਾਲਾਂ ਬਾਅਦ ਸਪੈਕਟ੍ਰਮ ਸਰੈਂਡਰ ਕਰਨ ਦਾ ਵਿਕਲਪ ਦਿੱਤਾ ਜਾਵੇਗਾ।

 

 5ਜੀ ਸੇਵਾਵਾਂ ਦੇ ਰੋਲ-ਆਊਟ ਨੂੰ ਸਮਰੱਥ ਕਰਨ ਲਈ ਲੋੜੀਂਦੇ ਬੈਕਹੌਲ ਸਪੈਕਟ੍ਰਮ ਦੀ ਉਪਲਬਧਤਾ ਵੀ ਜ਼ਰੂਰੀ ਹੈ। ਬੈਕਹੌਲ ਮੰਗ ਨੂੰ ਪੂਰਾ ਕਰਨ ਲਈਕੈਬਨਿਟ ਨੇ ਟੈਲੀਕੌਮ ਸਰਵਿਸ ਪ੍ਰਦਾਤਾਵਾਂ ਨੂੰ ਈ-ਬੈਂਡ ਵਿੱਚ 250 MHz ਦੇ ਕੈਰੀਅਰਾਂ ਨੂੰ ਅਸਥਾਈ ਤੌਰ 'ਤੇ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਨੇ 13, 15, 18 ਅਤੇ 21 ਗੀਗਾਹਰਟਜ਼ ਬੈਂਡਾਂ ਦੇ ਮੌਜੂਦਾ ਫ੍ਰੀਕੁਐਂਸੀ ਬੈਂਡਾਂ ਵਿੱਚ ਰਵਾਇਤੀ ਮਾਈਕ੍ਰੋਵੇਵ ਬੈਕਹੌਲ ਕੈਰੀਅਰਾਂ ਦੀ ਸੰਖਿਆ ਨੂੰ ਦੁੱਗਣਾ ਕਰਨ ਦਾ ਵੀ ਫੈਸਲਾ ਕੀਤਾ ਹੈ। 

 

 ਕੈਬਨਿਟ ਨੇ ਆਟੋਮੋਟਿਵਸਿਹਤ ਸੰਭਾਲ਼ਖੇਤੀਬਾੜੀਊਰਜਾ ਅਤੇ ਹੋਰ ਸੈਕਟਰਾਂ ਵਿੱਚ ਉਦਯੋਗ 4.0 ਐਪਲੀਕੇਸ਼ਨਾਂ ਜਿਵੇਂ ਕਿ ਮਸ਼ੀਨ ਤੋਂ ਮਸ਼ੀਨ ਸੰਚਾਰਇੰਟਰਨੈਟ ਆਵੑ ਥਿੰਗਜ਼ (ਆਈਓਟੀ)ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਇਨੋਵੇਸ਼ਨਾਂ ਦੀ ਇੱਕ ਨਵੀਂ ਲਹਿਰ ਨੂੰ ਉਤਸ਼ਾਹਿਤ ਕਰਨ ਲਈ ਪ੍ਰਾਈਵੇਟ ਕੈਪਟਿਵ ਨੈੱਟਵਰਕ ਦੇ ਵਿਕਾਸ ਅਤੇ ਸਥਾਪਨਾ ਨੂੰ ਸਮਰੱਥ ਬਣਾਉਣ ਦਾ ਫੈਸਲਾ ਕੀਤਾ ਹੈ। 

 

 *********

 

 ਡੀਐੱਸ/ਐੱਸਐੱਚ/ਐੱਸਕੇਐੱਸ


(Release ID: 1834441) Visitor Counter : 177