ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਤਹਿਤ ਜੰਮੂ-ਸ੍ਰੀਨਗਰ ਰਾਜਮਾਰਗ 'ਤੇ 19 ਮਈ, 2022 ਨੂੰ ਖੂਨੀ ਨਾਲੇ 'ਚ ਹੋਈ ਦੁਰਘਟਨਾ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ
Posted On:
22 MAY 2022 11:33AM by PIB Chandigarh
ਰਾਮਬਨ ਬਨਿਹਾਲ ਸੈਕਸ਼ਨ ਦੇ ਡਿਗਡੋਲੇ ਅਤੇ ਖੂਨੀ ਨਾਲੇ ਦੇ ਵਿਚਕਾਰ ਦਾ ਸੈਕਸ਼ਨ ਭੂ-ਵਿਗਿਆਨ ਦ੍ਰਿਸ਼ਟੀ ਤੋਂ ਕਾਫੀ ਸੰਵੇਦਨਸ਼ੀਲ ਹੈ ਅਤੇ ਇੱਥੇ ਵਾਰ-ਵਾਰ ਜ਼ਮੀਨ ਖਿਸਕਣ/ਪੱਥਰ ਡਿੱਗਣ ਦਾ ਖ਼ਤਰਾ ਰਹਿੰਦਾ ਹੈ। ਸ੍ਰੀਨਗਰ ਲਈ ਹਰ ਮੌਸਮ ਵਿੱਚ ਸੰਪਰਕ ਸੁਵਿਧਾ ਬਣਾਈ ਰੱਖਣ ਦੇ ਰਣਨੀਤਕ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਮੌਜੂਦਾ ਮਾਰਗਾਂ 'ਤੇ ਪਹਾੜੀ ਢਲਾਨਾਂ ਦੀ ਸਥਿਰਤਾ ਸੁਨਿਸ਼ਚਿਤ ਕਰਨ ਵਿੱਚ ਚੁਣੌਤੀਆਂ ਦਾ ਮੁੱਲਾਂਕਣ ਕਰਨ ਤੋਂ ਬਾਅਦ, ਰਾਮਬਨ ਬਨਿਹਾਲ ਸੈਕਸ਼ਨ ਵਿੱਚ 3 ਪੈਕੇਜਾਂ ਦੇ ਤਹਿਤ ਸੁਰੰਗਾਂ/ਪੁਲ਼ਾਂ ਦੇ ਨਿਰਮਾਣ ਦਾ ਪ੍ਰਸਤਾਵ ਹੈ। ਜੰਮੂ-ਸ੍ਰੀਨਗਰ ਰਾਜਮਾਰਗ 'ਤੇ ਡਿਗਡੋਲੇ ਤੋਂ ਪੰਥਯਾਲ ਤੱਕ 4-ਲੇਨ ਦੀ ਦੋਹਰੀ ਟਿਊਬ ਸੁਰੰਗ ਦਾ ਕੰਮ ਮੈਸਰਜ਼ ਸੀਗਲ ਇੰਡੀਆ ਲਿਮਿਟਿਡ ਨੂੰ ਪਟੇਲ ਇੰਜੀਨੀਅਰਿੰਗ ਲਿਮਿਟਿਡ ਨਾਲ ਸੰਯੁਕਤ ਉੱਦਮ ਦੇ ਤਹਿਤ ਸੌਂਪਿਆ ਗਿਆ ਸੀ। ਨਿਰਮਾਣ ਕਾਰਜ 1 ਫਰਵਰੀ 2022 ਨੂੰ ਸ਼ੁਰੂ ਹੋਇਆ।
19.05.2022 ਨੂੰ ਰਾਤ ਕਰੀਬ 10.30 ਵਜੇ ਤੋਂ 11.00 ਵਜੇ ਤੱਕ ਜ਼ਮੀਨ ਦਾ ਖਿਸਕਣਾ ਅਤੇ ਪੱਥਰਾਂ ਦਾ ਡਿੱਗਣਾ ਸ਼ੁਰੂ ਹੋਇਆ, ਉਸੇ ਸਮੇਂ ਖੂਨੀ ਨਾਲੇ ਵਿੱਚ ਸੁਰੰਗ ਵਿੱਚ ਆਉਣ-ਜਾਣ ਦੇ ਮਾਰਗ ਦੇ ਪ੍ਰਵੇਸ਼ਮਾਰਗ 'ਤੇ ਖੰਭੇ ਖੜ੍ਹੇ ਕਰਨ ਦਾ ਕੰਮ ਚਲ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾਂਦਾ, ਅਚਾਨਕ ਹੀ ਸੁਰੰਗ ਵਿੱਚ ਆਉਣ-ਜਾਣ ਦੇ ਮਾਰਗ ਦੇ ਨਿਰਮਾਣ ਕਾਰਜ ਦੇ ਲਈ ਬਣਾਏ ਗਏ ਫਾਲਸ ਸਟੀਲ ਪੋਰਟਲ ਦੇ ਉੱਪਰ ਇੱਕ ਵੱਡੀ ਚੱਟਾਨ ਡਿੱਗ ਗਈ, ਜਿਸ ਨਾਲ 12 ਮਜ਼ਦੂਰ ਉਸ ਸਥਾਨ 'ਤੇ ਫਸ ਗਏ। ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਦੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਐੱਸਡੀਆਰਐੱਫ, ਐੱਨਡੀਆਰਐੱਫ, ਜੰਮੂ-ਕਸ਼ਮੀਰ ਪੁਲਿਸ ਨੇ ਸੰਯੁਕਤ ਤੌਰ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਦੋ ਮਜ਼ਦੂਰਾਂ ਨੂੰ ਤੁਰੰਤ ਬਚਾਇਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ; ਅਤੇ ਉਨ੍ਹਾਂ ਨੂੰ ਹਰ ਸੰਭਵ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਵਿੱਚ-ਵਿੱਚ ਪੱਥਰ ਡਿੱਗਣ ਅਤੇ ਖ਼ਰਾਬ ਮੌਸਮ ਦੇ ਕਾਰਨ ਬਚਾਅ ਕਾਰਜ ਵਿੱਚ ਰੁਕਾਵਟ ਆਈ । ਫਸੇ ਹੋਏ ਮਜ਼ਦੂਰਾਂ ਦੀ ਜਾਨ ਨਹੀਂ ਬਚ ਸਕੀ ਅਤੇ ਬੀਤੀ ਸ਼ਾਮ ਤੱਕ ਫਸੇ ਹੋਏ 10 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ । ਘਟਨਾ ਵਿੱਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਈਪੀਸੀ ਠੇਕੇਦਾਰ ਵੱਲੋਂ ਕੁੱਲ 15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਵਿੱਚ ਮੁਆਵਜ਼ਾ ਅਤੇ 2 ਲੱਖ ਰੁਪਏ ਦੀ ਅਤਿਰਿਕਤ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਸ਼ਾਮਲ ਹੈ। ਜ਼ਖ਼ਮੀਆਂ ਨੂੰ ਵੀ ਉਚਿਤ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ 1 ਲੱਖ ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ ਹੈ। ਅਜੇ ਤੱਕ ਇਹ ਨਿਸ਼ਚਿਤ ਨਹੀਂ ਹੋ ਸਕਿਆ ਹੈ ਕਿ ਇਹ ਘਟਨਾ ਕਾਰਜ ਨੂੰ ਅੰਜਾਮ ਦੇਣ ਕਾਰਨ ਹੋਈ ਜਾਂ ਕੁਦਰਤੀ ਕਾਰਨਾਂ ਕਰਕੇ ਹੋਈ ਹੈ।
ਕੇਂਦਰ ਸਰਕਾਰ ਦੁਆਰਾ ਤਿੰਨ ਉੱਘੇ ਸੁਤੰਤਰ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਪਹਿਲਾਂ ਹੀ ਜ਼ਮੀਨ ਖਿਸਕਣ ਦੇ ਕਾਰਨਾਂ ਅਤੇ ਇਸ ਤੋਂ ਬਚਾਅ ਦੇ ਉਪਾਵਾਂ ਦੀ ਜਾਂਚ ਦੇ ਲਈ ਘਟਨਾ ਸਥਲ 'ਤੇ ਪਹੁੰਚ ਚੁੱਕੀ ਹੈ। ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਨੇ ਅਜਿਹੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਹੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਦੁਰਘਟਨਾ ਤੋਂ ਬਚਣ ਦੇ ਲਈ ਹਰ ਸੰਭਵ ਉਪਾਅ ਵੀ ਕਰ ਰਹੀ ਹੈ।
**********
ਐੱਮਜੇਪੀਐੱਸ
(Release ID: 1827479)
Visitor Counter : 138