ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰੀਤਮ ਸਿਵਾਚ ਅਕੈਡਮੀ ਨੇ ਖੇਲੋ ਇੰਡੀਆ ਮਹਿਲਾ ਹਾਕੀ ਲੀਗ (ਅੰਡਰ-21) ਦਾ ਖ਼ਿਤਾਬ ਜਿੱਤਿਆ
Posted On:
30 MAR 2022 8:39PM by PIB Chandigarh
ਪ੍ਰੀਤਮ ਸਿਵਾਚ ਹਾਕੀ ਅਕੈਡਮੀ, ਸੋਨੀਪਤ ਬੁੱਧਵਾਰ ਨੂੰ ਲਖਨਊ ਵਿੱਚ ਸਪੋਰਟਸ ਅਥਾਰਟੀ ਆਵ੍ ਇੰਡੀਆ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ ਵਿੱਚ ਸਪੋਰਟਸ ਹੋਸਟਲ ਭੁਵਨੇਸ਼ਵਰ ਨੂੰ ਫਾਈਨਲ ਵਿੱਚ 5-0 ਨਾਲ ਹਰਾ ਕੇ ਖੇਲੋ ਇੰਡੀਆ ਮਹਿਲਾ ਹਾਕੀ ਲੀਗ (ਅੰਡਰ-21) ਦੀ ਜੇਤੂ ਬਣੀ।

ਮੰਜੂ ਚੌਰਸੀਆ ਨੇ ਦੋ ਜਦਕਿ ਤੰਨੂ, ਰਿਤਿਕਾ ਅਤੇ ਕਪਤਾਨ ਭਾਰਤੀ ਸਰੋਹਾ ਨੇ ਇੱਕ-ਇੱਕ ਗੋਲ ਕੀਤਾ। ਮੱਧ ਪ੍ਰਦੇਸ਼ ਹਾਕੀ ਅਕੈਡਮੀ, ਸਾਈ ‘ਬੀ’ ਟੀਮ ਅਤੇ ਸਾਈ ‘ਏ’ ਟੀਮ ਕ੍ਰਮਵਾਰ ਤੀਜੇ, ਚੌਥੇ ਅਤੇ ਪੰਜਵੇਂ ਸਥਾਨ ’ਤੇ ਰਹੀਆਂ। ਸਾਈ ‘ਏ’ ਟੀਮ ਦੀ ਸੰਜਨਾ ਹੋਰੋ 11 ਗੋਲਾਂ ਦੇ ਨਾਲ ਫਾਈਨਲ ਗੇੜ ਦੀ ਟੌਪ ਸਕੋਰਰ ਰਹੀ।
ਸੋਨੀਪਤ ਸਥਿਤ ਅਕੈਡਮੀ ਨੂੰ ਦਰੋਣਾਚਾਰੀਆ ਪੁਰਸਕਾਰ ਜੇਤੂ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਪ੍ਰੀਤਮ ਰਾਣੀ ਸਿਵਾਚ ਦੁਆਰਾ ਚਲਾਇਆ ਜਾ ਰਿਹਾ ਹੈ। ਉਸ ਦਾ ਪਤੀ ਕੁਲਦੀਪ ਸਿਵਾਚ ਅੰਡਰ-21 ਮਹਿਲਾ ਟੀਮ ਦਾ ਕੋਚ ਹੈ, ਜਿਸ ਨੇ ਨਾ ਸਿਰਫ਼ ਟਰਾਫ਼ੀ, ਸਗੋਂ 10 ਲੱਖ ਰੁਪਏ ਦਾ ਨਕਦ ਇਨਾਮ ਵੀ ਆਪਣੇ ਨਾਂ ਕੀਤਾ।
ਕੁਲਦੀਪ ਨੇ ਕਿਹਾ “ਅਸੀਂ ਟੂਰਨਾਮੈਂਟ ਦੇ ਤਿੰਨਾਂ ਪੜਾਵਾਂ ਵਿੱਚ ਜਿੱਤ ਲਈ ਯੋਜਨਾ ਬਣਾਈ ਸੀ। ਅੱਜ ਫਾਈਨਲ ਵਿੱਚ, ਅਸੀਂ ਸਹੀ ਫੌਰਮੇਸ਼ਨ ਦੀ ਵਰਤੋਂ ਕੀਤੀ ਜੋ ਅਸੀਂ ਚਾਹੁੰਦੇ ਸੀ ਅਤੇ ਜੋ ਲਕਸ਼ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਸੀ, ਉਸ ਨੂੰ ਪ੍ਰਾਪਤ ਕੀਤਾ।” ਉਨ੍ਹਾਂ ਭਾਰਤੀ ਖੇਡ ਅਥਾਰਟੀ ਨੂੰ ਕਿਹਾ “ਮੈਂ ਇਸ ਐਕਸਪੋਜ਼ਰ ਲਈ ਸਾਈ ਅਤੇ ਹਾਕੀ ਇੰਡੀਆ ਦਾ ਤਹਿਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।”

ਟੀਮ ਦੀ ਰਚਨਾ ਬਾਰੇ ਗੱਲ ਕਰਦੇ ਹੋਏ, ਕੁਲਦੀਪ ਨੇ ਅੱਗੇ ਕਿਹਾ, “ਸਾਡੀ ਟੀਮ ਵਿੱਚ 7ਵੀਂ ਜਮਾਤ ਦੀ ਵਿਦਿਆਰਥਣ ਵੀ ਸ਼ਾਮਲ ਹੈ, ਅਤੇ ਉਹ ਲੜਕੀਆਂ ਵੀ ਜੋ ਸਬ-ਜੂਨੀਅਰ ਪੱਧਰ ਦੇ ਨਾਲ-ਨਾਲ ਜੂਨੀਅਰ ਰਾਸ਼ਟਰੀ ਪੱਧਰ ਤੱਕ ਖੇਡ ਚੁੱਕੀਆਂ ਹਨ। ਇਨ੍ਹਾਂ ਲੜਕੀਆਂ ਨੇ ਬਹੁਤ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ ਅਤੇ ਜਿਸ ਨੇ ਵੀ ਉਨ੍ਹਾਂ ਨੂੰ ਖੇਡਦਿਆਂ ਦੇਖਿਆ, ਉਨ੍ਹਾਂ ਨੇ ਇਹ ਸਭ ਮਹਿਸੂਸ ਕੀਤਾ। ਸਾਡੀ ਕਪਤਾਨ ਭਾਰਤੀ ਸਰੋਹਾ ਨੇ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਅਤੇ ਆਉਣ ਵਾਲੇ ਭਵਿੱਖ ਵਿੱਚ, ਮੈਂ ਉਨ੍ਹਾਂ ਤੋਂ ਭਾਰਤੀ ਰਾਸ਼ਟਰੀ ਟੀਮ ਲਈ ਕੁਝ ਵੱਡਾ ਕੀਤੇ ਜਾਣ ਦੀ ਉਮੀਦ ਕਰਦਾ ਹਾਂ।”
ਟੂਰਨਾਮੈਂਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਪ੍ਰਧਾਨ ਸ਼੍ਰੀ ਨਰਿੰਦਰ ਬੱਤਰਾ ਦੁਆਰਾ ਨਵੀਂ ਦਿੱਲੀ ਦੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਪਿਛਲੇ ਦਸੰਬਰ ਵਿੱਚ ਕੀਤੀ ਗਈ ਸੀ। ਸਾਈ ਅਤੇ ਹਾਕੀ ਇੰਡੀਆ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ, ਦੂਸਰਾ ਪੜਾਅ ਪਿਛਲੇ ਮਹੀਨੇ ਸਾਈ ਲਖਨਊ ਵਿੱਚ ਹੋਇਆ; ਅੰਤਿਮ ਪੜਾਅ ਦਾ ਸਥਾਨ ਵੀ ਉਹੀ ਰਿਹਾ।
************
ਐੱਨਬੀ/ਓਏ
(Release ID: 1811954)