ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਦੇਸ਼ ਦੀ ਤਰੱਕੀ ਨੂੰ ਤੇਜ਼ ਕਰਨ ਲਈ ਮਹਿਲਾ ਸਸ਼ਕਤੀਕਰਣ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਸਰਕਾਰ, ਨਿਜੀ ਖੇਤਰ ਅਤੇ ਸਿਵਲ ਸੋਸਾਇਟੀ ਨੂੰ ਮਹਿਲਾਵਾਂ ਦੇ ਸਸ਼ਕਤੀਕਰਣ ਵਿੱਚ ਸਾਥ ਦੇਣ ਦੀ ਅਪੀਲ ਕੀਤੀ



ਲਿੰਗ ਸਮਾਨਤਾ ਨੂੰ ਯਕੀਨੀ ਬਣਾਓ ਅਤੇ ਲੜਕੀਆਂ ਦੀ ਸਾਖਰਤਾ ਦਰ ’ਚ ਸੁਧਾਰ ਕਰੋ: ਉਪ ਰਾਸ਼ਟਰਪਤੀ



ਵੱਧ ਤੋਂ ਵੱਧ ਮਹਿਲਾਵਾਂ ਨੂੰ ਉੱਦਮੀ ਬਣਨ ਲਈ ਉਤਸ਼ਾਹਿਤ ਕਰੋ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ ਦੇ 38ਵੇਂ ਸਲਾਨਾ ਸੈਸ਼ਨ ਨੂੰ ਸੰਬੋਧਨ ਕੀਤਾ

Posted On: 30 MAR 2022 6:13PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਵੱਖ-ਵੱਖ ਮੋਰਚਿਆਂ 'ਤੇ ਦੇਸ਼ ਨੂੰ ਹੋਰ ਤਰੱਕੀ ਕਰਨ ਲਈ ਵਿੱਦਿਅਕ, ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ 'ਤੇ ਮਹਿਲਾਵਾਂ ਦੇ ਸਸ਼ਕਤੀਕਰਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਦਿੱਲੀ ’ਚ ਫਿੱਕੀ ਲੇਡੀਜ਼ ਆਰਗੇਨਾਈਜੇਸ਼ਨ (ਐੱਫਐੱਲਓ) ਦੇ 38ਵੇਂ ਸਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਲਿੰਗ ਅਸਮਾਨਤਾ ਨੂੰ ਦੂਰ ਕਰਨ ਦੀ ਫੌਰੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ,"ਸਰਕਾਰ ਤੋਂ ਲੈ ਕੇ ਪ੍ਰਾਈਵੇਟ ਸੈਕਟਰ ਅਤੇ ਸਿਵਲ ਸੋਸਾਇਟੀ ਤੱਕ ਸਾਰਿਆਂ ਨੂੰ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਹੱਥ ਮਿਲਾਉਣਾ ਚਾਹੀਦਾ ਹੈ।"

ਸ਼੍ਰੀ ਨਾਇਡੂ ਨੇ ਮਹਿਲਾਵਾਂ ਨੂੰ ਸਸ਼ਕਤੀਕਰਣ ਦੇ ਸਾਧਨ ਵਜੋਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਰਾਖਵਾਂਕਰਨ ਪ੍ਰਦਾਨ ਕਰਨ ਦੀ ਜ਼ਰੂਰਤ ਨੂੰ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਣ ਦਾ ਨਾ ਸਿਰਫ਼ ਉਨ੍ਹਾਂ ਦੇ ਆਪਣੇ ਜੀਵਨ 'ਤੇ ਸਗੋਂ ਪਰਿਵਾਰ ਅਤੇ ਸਮਾਜ 'ਤੇ ਵੀ ਬਹੁ–ਪੱਖੀ ਪ੍ਰਭਾਵ ਪਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਵੇਸ਼ੀ ਵਿਕਾਸ ਲਈ ਮਹਿਲਾਵਾਂ, ਨੌਜਵਾਨਾਂ ਅਤੇ ਦਿਹਾਤੀ ਭਾਰਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।

ਲਿੰਗ ਸਮਾਨਤਾ ਨੂੰ ਯਕੀਨੀ ਬਣਾਉਣ ਤੇ ਲੜਕੀਆਂ ’ਚ ਸਾਖਰਤਾ ਦਰ ਵਿੱਚ ਸੁਧਾਰ ਕਰਨ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਪੱਖ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਤਰੱਕੀ ਲਈ ਆਰਥਿਕ ਸਸ਼ਕਤੀਕਰਣ ਬਹੁਤ ਜ਼ਰੂਰੀ ਹੈ, ਉਨ੍ਹਾਂ ਨੇ ਹਰੇਕ ਲਿੰਗ ਦੇ ਸਾਰੇ ਬੱਚਿਆਂ ਲਈ ਬਰਾਬਰ ਜਾਇਦਾਦ ਦੇ ਅਧਿਕਾਰਾਂ ਦੀ ਮੰਗ ਕੀਤੀ।

ਕਾਰਪੋਰੇਟ ਸੈਕਟਰ ਅਤੇ ਵੱਖ-ਵੱਖ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੀਆਂ ਸਕੀਮਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਲਾਗੂ ਕੀਤੀਆਂ ਗਈਆਂ ਹਨ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ, “ਲੜਕੀਆਂ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਅਤੇ ਹਰ ਲੜਕੀ ਨੂੰ ਸਕੂਲ ਜਾਣ ਲਈ ਬਣਾਇਆ ਜਾਣਾ ਚਾਹੀਦਾ ਹੈ”।

ਮਹਿਲਾਵਾਂ ਦੀ ਸਿੱਖਿਆ ਦੇ ਲਾਭਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹਨਾਂ ਵਿੱਚ ਘਟੀ ਹੋਈ ਜਣਨ ਦਰ, ਘੱਟ ਬਾਲ ਮੌਤ ਦਰ ਅਤੇ ਮਾਵਾਂ ਦੀ ਮੌਤ ਦਰ ਸ਼ਾਮਲ ਹੈ। ਉਨ੍ਹਾਂ ਨੁਕਤਾ ਉਠਾਇਆ,"ਸਿੱਖਿਆ ਮਹਿਲਾਵਾਂ ਨੂੰ ਬਿਹਤਰ ਫੈਸਲੇ ਲੈਣ ਵਾਲੇ ਬਣਨ ਲਈ ਸਸ਼ਕਤ ਕਰੇਗੀ।" ਉਪ ਰਾਸ਼ਟਰਪਤੀ ਨੇ ਬੱਚਿਆਂ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਪਕਾਇਆ ਹੋਇਆ ਰਵਾਇਤੀ ਭਾਰਤੀ ਭੋਜਨ ਮੁਹੱਈਆ ਕਰਵਾਉਣ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ।

ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਵਪਾਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਆਰਥਿਕ ਵਿਕਾਸ ਲਈ ਬੁਨਿਆਦੀ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ, ਉਪ ਰਾਸ਼ਟਰਪਤੀ ਨੇ ਵਧੇਰੇ ਮਹਿਲਾਵਾਂ ਨੂੰ ਉੱਦਮੀ ਬਣਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੁੱਲ 58.5 ਮਿਲੀਅਨ ਉੱਦਮੀਆਂ ਵਿੱਚੋਂ ਸਿਰਫ਼ 14 ਪ੍ਰਤੀਸ਼ਤ ਮਹਿਲਾਵਾਂ ਹਨ ਅਤੇ ਮਹਿਲਾਵਾਂ ਵਿੱਚ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ, ਸਰਕਾਰ ਅਤੇ ਸਮਾਜ ਤੋਂ ਠੋਸ ਯਤਨ ਕਰਨ ਦੀ ਮੰਗ ਕੀਤੀ। ਉਨ੍ਹਾਂ ਮਹਿਲਾਵਾਂ ਦੇ ਸਸ਼ਕਤੀਕਰਣ ਵਿੱਚ ਐੱਫਐੱਲਓ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਉਪ ਰਾਸ਼ਟਰਪਤੀ ਨੇ ਫਿੱਕੀ ਲੇਡੀਜ਼ ਆਰਗੇਨਾਈਜੇਸ਼ਨ ਦੀ 38ਵੀਂ ਸਲਾਨਾ ਰਿਪੋਰਟ ਜਾਰੀ ਕੀਤੀ। ਸਲਾਨਾ ਰਿਪੋਰਟ ਦੇ ਨਾਲ ਐੱਫਐੱਲਓ ਵੱਲੋਂ ਤਿਆਰ 'ਵਿਮੈਨ ਲੀਡਿੰਗ ਇੰਡੀਆਜ਼ ਇੰਡਸਟ੍ਰੀਅਲ ਆਊਟਲੁੱਕ' ਸਿਰਲੇਖ ਵਾਲਾ ਇੱਕ ਨੀਤੀ ਦਸਤਾਵੇਜ਼ ਵੀ ਜਾਰੀ ਕੀਤਾ ਗਿਆ।

ਸ਼੍ਰੀਮਤੀ ਉੱਜਵਲਾ ਸਿੰਘਾਨੀਆ, ਪ੍ਰਧਾਨ, ਐੱਫਐੱਲਓ, ਸ਼੍ਰੀਮਤੀ ਐੱਫਐੱਲਓ ਦੀ ਹੈਦਰਾਬਾਦ ਚੈਪਟਰ ਦੀ ਚੇਅਰਪਰਸਨ ਉਮਾ ਚਿਗੁਰਪਤੀ, ਐੱਫਐੱਲਓ ਦੀ ਕਾਰਜਕਾਰੀ ਡਾਇਰੈਕਟਰ ਸ਼੍ਰੀਮਤੀ ਰਸ਼ਮੀ ਸਰਿਤਾ ਅਤੇ ਉੱਘੀਆਂ ਮਹਿਲਾ ਉਦਯੋਗ ਨੇਤਾਵਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

 

******************

 

ਐੱਮਐੱਸ/ਆਰਕੇ/ਡੀਪੀ



(Release ID: 1811781) Visitor Counter : 150


Read this release in: English , Urdu , Hindi , Tamil