ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮੀਡੀਆ ਸੰਸਥਾਵਾਂ ’ਚ ਭਰੋਸੇਯੋਗਤਾ ਦੀ ਮੰਗ ਕੀਤੀ, ਸੁਝਾਅ ਦਿੱਤਾ ਕਿ ਮੀਡੀਆ ਨੂੰ 'ਖ਼ਬਰਾਂ ਨੂੰ ਵਿਚਾਰਾਂ ਨਾਲ ਨਹੀਂ ਮਿਲਾਉਣਾ ਚਾਹੀਦਾ'
‘ਪੱਤਰਕਾਰਾਂ ਨੂੰ ਸਮਾਜ 'ਤੇ ਆਪਣੇ ਕੰਮ ਦੇ ਪ੍ਰਭਾਵ ਨੂੰ ਤੋਲਣਾ ਚਾਹੀਦਾ ਹੈ’
ਉਪ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਮੀਡੀਆ ਸਰਕਾਰ ਦੀ ਆਲੋਚਨਾ ਕਰ ਸਕਦਾ ਹੈ, ਪਰ ਲੋਕਾਂ ’ਚ ਦਹਿਸ਼ਤ ਨਹੀਂ ਫੈਲਾਉਣੀ ਚਾਹੀਦੀ
ਉਪ ਰਾਸ਼ਟਰਪਤੀ ਨੇ ਮਹਾਮਾਰੀ ਦੌਰਾਨ ਪੱਤਰਕਾਰਾਂ ਦੁਆਰਾ ਕੀਤੀ ਗਈ ਦੀ ਮਿਹਨਤ ਲਈ ਸ਼ਲਾਘਾ ਕੀਤੀ
ਮੋਹਰੀ ਤੇਲੁਗੂ ਪੱਤਰਕਾਰ ਦੀਆਂ ਸੰਪਾਦਕੀਆਂ ਦੇ ਸੰਗ੍ਰਹਿ 'ਮੁਟਨੂਰੀ ਕ੍ਰਿਸ਼ਨਾ ਰਾਓ ਸੰਪਦਾਕੇਯਾਲੂ' ਕਿਤਾਬ ਰਿਲੀਜ਼ ਕੀਤੀ
प्रविष्टि तिथि:
06 MAR 2022 6:44PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਮੀਡੀਆ ਨੂੰ 'ਵਿਚਾਰਾਂ ਨਾਲ ਖ਼ਬਰਾਂ ਨੂੰ ਨਹੀਂ ਮਿਲਾਉਣਾ ਚਾਹੀਦਾ' ਅਤੇ ਲੋਕਾਂ ਤੱਕ ਤੱਥਾਂ ਨੂੰ ਪਹੁੰਚਾਉਣ ਵਿੱਚ ਉਦੇਸ਼ਮੁਖਤਾ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਵੇਖਿਆ ਕਿ ਲੋਕ ਖ਼ਬਰਾਂ ਤੇ ਪ੍ਰਸਾਰਣ ਮੀਡੀਆ ਦੀ ਸਮੱਗਰੀ ਨੂੰ ਭਰੋਸੇਯੋਗ ਮੰਨਦੇ ਹਨ ਅਤੇ ਮੀਡੀਆ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਪੱਤਰਕਾਰੀ ਨੂੰ ਇੱਕ ਮਿਸ਼ਨ ਸਮਝਿਆ ਜਾਣਾ ਚਾਹੀਦਾ ਹੈ’।
ਅੱਜ ਹੈਦਰਾਬਾਦ ਵਿੱਚ ‘ਮੁਟਨੂਰੀ ਕ੍ਰਿਸ਼ਨਾ ਰਾਓ ਸੰਪਦਾਕੀਯਾਲੂ’ ਸਿਰਲੇਖ ਵਾਲੇ ਸੰਪਾਦਕੀ ਸੰਗ੍ਰਹਿ ਨੂੰ ਜਾਰੀ ਕਰਦਿਆਂ ਸ਼੍ਰੀ ਨਾਇਡੂ ਨੇ ਲੋਕਤੰਤਰ ਦੀ ਰੱਖਿਆ ਅਤੇ ਸੰਭਾਲ਼ ਵਿੱਚ ‘ਲੋਕਤੰਤਰ ਦੇ ਚੌਥੇ ਥੰਮ’ ਵਜੋਂ ਮੀਡੀਆ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮੀਡੀਆ ਸੰਚਾਰ ਦਾ ਅਹਿਮ ਜ਼ਰੀਆ ਹੈ ਜੋ ਲੋਕਾਂ ਦੇ ਮਸਲੇ ਸਰਕਾਰ ਤੱਕ ਅਤੇ ਸਰਕਾਰ ਦੀਆਂ ਸਕੀਮਾਂ ਅਤੇ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾ ਸਕਦਾ ਹੈ।
ਸ਼੍ਰੀ ਨਾਇਡੂ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੀਡੀਆ ਨੂੰ ਸਵਾਲ ਕਰਨ ਅਤੇ ਸਰਕਾਰ ਦੀ ਆਲੋਚਨਾ ਕਰਨ ਅਤੇ ਵੈਕਲਪਿਕ ਹੱਲ ਸੁਝਾਉਣ ਦਾ ਅਧਿਕਾਰ ਤੇ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਡੀਆ ਅਦਾਰਿਆਂ ਨੂੰ ਮਾਮੂਲੀ ਮੁੱਦੇ ਨਹੀਂ ਉਠਾਉਣੇ ਚਾਹੀਦੇ ਅਤੇ ਲੋਕਾਂ ਵਿੱਚ ਦਹਿਸ਼ਤ ਨਹੀਂ ਫੈਲਾਉਣੀ ਚਾਹੀਦੀ।
ਲੋਕਾਂ 'ਤੇ ਮੀਡੀਆ ਦੇ ਜ਼ਬਰਦਸਤ ਪ੍ਰਭਾਵ ਨੂੰ ਦੇਖਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਪੱਤਰਕਾਰਾਂ ਨੂੰ ਸਮਾਜ 'ਤੇ ਛਾਪੇ ਅਤੇ ਪ੍ਰਸਾਰਿਤ ਕੀਤੇ ਗਏ ਹਰੇਕ ਸ਼ਬਦ ਦੇ ਨਤੀਜਿਆਂ ਨੂੰ ਤੋਲਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ, 'ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਵੀ ਸਮਾਜ ਦਾ ਹਿੱਸਾ ਹਨ।'
ਸ਼੍ਰੀ ਨਾਇਡੂ ਨੇ ਮਹਾਮਾਰੀ ਦੌਰਾਨ ਪੱਤਰਕਾਰਾਂ ਦੀ ਝੱਲਣ–ਸ਼ਕਤੀ ਅਤੇ ਹੌਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਮੀਨ ਤੋਂ ਰਿਪੋਰਟਾਂ ਲਿਆਉਣ’ਚ ਬਹੁਤ ਸੰਜਮ ਤੇ ਸੰਕਲਪ ਵਿਖਾਇਆ ਹੈ।
ਇਸ ਮੌਕੇ ਸ਼੍ਰੀ ਨਾਇਡੂ ਨੇ 1907 ਤੋਂ 1945 ਤੱਕ ਦੇ ਤੇਲੁਗੂ ਪੱਤਰਕਾਰ ਤੇ ਰਾਸ਼ਟਰਵਾਦੀ ਅਖ਼ਬਾਰ 'ਕ੍ਰਿਸ਼ਨਾ ਪੱਤਰਿਕਾ' ਦੇ ਸੰਪਾਦਕ ਸ਼੍ਰੀ ਮੁਟਨੂਰੀ ਕ੍ਰਿਸ਼ਨਾ ਰਾਓ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਸ਼੍ਰੀ ਕ੍ਰਿਸ਼ਨਾ ਰਾਓ ਦੇ ਕੰਮ ਅਤੇ ਕ੍ਰਿਸ਼ਨ ਪੱਤਰਿਕਾ ਦੋਹਾਂ ਦੇ ਸਥਾਈ ਪ੍ਰਭਾਵ ਨੂੰ ਨੋਟ ਕੀਤਾ। ਤੇਲੁਗੂ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਉਸ ਸਮੇਂ ਦੌਰਾਨ ਪੱਤਰਕਾਰੀ ਵਿੱਚ ਉੱਚੇ ਮਿਆਰ ਕਾਇਮ ਕਰਨ ਵਿੱਚ।
ਸੁਤੰਤਰਤਾ ਅੰਦੋਲਨ ਵਿੱਚ ਅਖ਼ਬਾਰਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਦੀ ਭਾਵਨਾ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਤੇ ਦੇਸ਼ ਭਰ’ਚ ਹੋ ਰਹੀਆਂ ਤਬਦੀਲੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਪ ਰਾਸ਼ਟਰਪਤੀ ਨੇ ਇਹ ਪੁਸਤਕ ਪ੍ਰਕਾਸ਼ਿਤ ਕਰਨ ਲਈ ਸ਼੍ਰੀ ਮਰੁਮਾਮੁਲਾ ਦੱਤਾਤ੍ਰੇਯ ਸ਼ਰਮਾ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟਾਈ ਕਿ ਇਹ ਅਜੋਕੀ ਪੀੜ੍ਹੀ ਨੂੰ ਸ੍ਰੀ ਕ੍ਰਿਸ਼ਨਾ ਰਾਓ ਦੁਆਰਾ ਸਥਾਪਤ ਪੱਤਰਕਾਰੀ ਮੁੱਲਾਂ ਦੇ ਉੱਚੇ ਮਿਆਰਾਂ ਤੋਂ ਜਾਣੂ ਕਰਵਾਏਗੀ।
ਤੇਲੰਗਾਨਾ ਸਰਕਾਰ ਦੇ ਸਲਾਹਕਾਰ ਡਾ. ਕੇਵੀ ਰਾਮਾਚਾਰੀ, ਸ਼ਾਂਤਾ ਬਾਇਓਟੈੱਕ ਦੇ ਚੇਅਰਮੈਨ ਡਾ. ਵਰਪ੍ਰਸਾਦ ਰੈੱਡੀ, ਰਚਨਾ ਟੈਲੀਵਿਜ਼ਨ ਪ੍ਰਾਈਵੇਟ ਲਿਮਿਟਿਡ ਦੇ ਬਾਨੀ ਚੇਅਰਮੈਨ ਸ਼੍ਰੀ ਤੰਮਾਲਾ ਨਰੇਂਦਰ ਚੌਧਰੀ, ਸੀਨੀਅਰ ਪੱਤਰਕਾਰ ਸ਼੍ਰੀ ਕੇ ਰਾਮਚੰਦਰ ਮੂਰਤੀ, ਸੀਨੀਅਰ ਪੱਤਰਕਾਰ ਸ਼੍ਰੀ ਵਲੇਸ਼ਵਰ, ਲੇਖਕ ਸ਼੍ਰੀ ਦੱਤਾਤ੍ਰੇਯ ਸ਼ਰਮਾ, ਦਰਸਨਮ ਦੇ ਸੰਪਾਦਕ ਸ਼੍ਰੀ ਐੱਮਵੀਆਰ ਸ਼ਰਮਾ ਅਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ।
**********
ਐੱਮਐੱਸ/ਆਰਕੇ
(रिलीज़ आईडी: 1803507)
आगंतुक पटल : 216