ਜਲ ਸ਼ਕਤੀ ਮੰਤਰਾਲਾ
ਹਿਮਾਚਲ ਪ੍ਰਦੇਸ਼ ਇਸ ਸਾਲ 'ਹਰ ਘਰ ਜਲ' ਬਣਨ ਦੀ ਰਾਹ 'ਤੇ ਹੈ
ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 8.25 ਲੱਖ ਪਰਿਵਾਰਾਂ ਨੂੰ ਟੂਟੀ ਦਾ ਸਾਫ਼ ਪਾਣੀ ਮੁਹੱਈਆ ਕਰਵਾਇਆ ਗਿਆ
ਜਲ ਜੀਵਨ ਮਿਸ਼ਨ ਲਕਸ਼ ਨੂੰ ਪ੍ਰਾਪਤ ਕਰਨ ਲਈ ਕੇਂਦਰ, ਰਾਜ ਨੂੰ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ: ਸਕੱਤਰ ਡੀਡੀਡਬਲਿਊਐੱਸ
Posted On:
21 JAN 2022 5:02PM by PIB Chandigarh
"ਹਿਮਾਚਲ ਪ੍ਰਦੇਸ਼ ਰਾਜ 2024 ਤੱਕ ਹਰੇਕ ਗ੍ਰਾਮੀਣ ਘਰ ਨੂੰ ਸਾਫ਼ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹੈ ਅਤੇ ਕੇਂਦਰ ਇਸ ਲਕਸ਼ ਨੂੰ ਪ੍ਰਾਪਤ ਕਰਨ ਲਈ ਰਾਜ ਨੂੰ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।" ਸ਼੍ਰੀਮਤੀ ਵਿੰਨੀ ਮਹਾਜਨ, ਸਕੱਤਰ ਡੀਡੀਡਬਲਿਊਐੱਸ ਨੇ ਰਾਜ ਵਿੱਚ ਹਰ ਘਰ ਜਲ ਅਤੇ ਸਵੱਛ ਭਾਰਤ ਮਿਸ਼ਨ ਨੂੰ ਲਾਗੂ ਕਰਨ ਬਾਰੇ ਹਿਮਾਚਲ ਦੇ ਮੁੱਖ ਸਕੱਤਰ ਸ਼੍ਰੀ ਰਾਮ ਸੁਭਾਗ ਸਿੰਘ ਨਾਲ ਸਮੀਖਿਆ ਮੀਟਿੰਗ ਦੌਰਾਨ ਇਹ ਕਿਹਾ। ਉਨ੍ਹਾਂ ਨੇ ਗ੍ਰਾਮੀਣ ਘਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਦੇਣ ਵਿੱਚ ਹਿਮਾਚਲ ਪ੍ਰਦੇਸ਼ ਵੱਲੋਂ ਕੀਤੀ ਪ੍ਰਗਤੀ ਦੀ ਸ਼ਲਾਘਾ ਕੀਤੀ। ਇਸ ਆਫਲਾਈਨ ਸਮੀਖਿਆ ਮੀਟਿੰਗ ਦੌਰਾਨ ਡੀਡੀਡਬਲਿਊਐੱਸ ਐਡੀਸ਼ਨਲ ਸਕੱਤਰ ਸ਼੍ਰੀ ਅਰੁਣ ਬਰੋਕਾ, ਏਸੀਐੱਸ ਵਿੱਤ ਸ਼੍ਰੀ ਪ੍ਰਬੋਧ ਸਕਸੈਨਾ ਅਤੇ ਸਕੱਤਰ, ਜਲ ਸ਼ਕਤੀ ਵਿਭਾਗ, ਹਿਮਾਚਲ ਪ੍ਰਦੇਸ਼ ਸ਼੍ਰੀ ਵਿਕਾਸ ਲਾਬਰੂ ਮੌਜੂਦ ਸਨ।
ਸ਼੍ਰੀਮਤੀ ਮਹਾਜਨ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ, “ਜਲ ਜੀਵਨ ਮਿਸ਼ਨ ਇੱਕ ਵਿਕੇਂਦਰੀਕ੍ਰਿਤ, ਮੰਗ-ਸੰਚਾਲਿਤ, ਕਮਿਊਨਿਟੀ-ਪ੍ਰਬੰਧਿਤ ਜਲ ਸਪਲਾਈ ਯੋਜਨਾ ਹੈ ਜਿਸ ਦਾ ਉਦੇਸ਼ ਹਰ ਘਰ ਵਿੱਚ ਸਾਫ਼ ਪਾਣੀ ਦੀ ਸਪਲਾਈ ਪ੍ਰਦਾਨ ਕਰਕੇ ਗ੍ਰਾਮੀਣ ਲੋਕਾਂ ਦੇ ਜੀਵਨ ਵਿੱਚ ਸੁਧਾਰ ਕਰਨਾ ਹੈ। ਉਨ੍ਹਾਂ ਨੇ ਹਿਮਾਲੀਆਈ ਰਾਜ ਵਿੱਚ ਕੀਤੇ ਜਾ ਰਹੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ। ਰਾਜ ਦੁਆਰਾ ਸਮੇਂ-ਸਮੇਂ 'ਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਜੋ ਲੋਕਾਂ ਨੂੰ ਪਾਣੀ ਦੀ ਨਿਆਂਪੂਰਨ ਵਰਤੋਂ ਅਤੇ ਇਸ ਦੀ ਸੰਭਾਲ ਬਾਰੇ ਜਾਗਰੂਕ ਕਰਨ ਵਿੱਚ ਮਦਦ ਕਰਦੀਆਂ ਹਨ ਤਾਂ ਜੋ ਲੋੜੀਂਦੇ ਪ੍ਰੈੱਸ਼ਰ ਨਾਲ ਇਸ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਸਵੱਛ ਭਾਰਤ ਮਿਸ਼ਨ ਨੂੰ ਲਾਗੂ ਕਰਨ ਬਾਰੇ ਬੋਲਦਿਆਂ ਸ਼੍ਰੀਮਤੀ ਡਾ. ਮਹਾਜਨ ਨੇ ਕਿਹਾ, “ਹਾਲਾਂਕਿ ਜ਼ਿਲ੍ਹਿਆਂ ਨੇ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਘੋਸ਼ਿਤ ਕੀਤਾ ਹੈ, ਪਰ ਇਹ ਇੱਕ ਵਾਰ ਦੀ ਕੋਸ਼ਿਸ਼ ਨਹੀਂ ਹੈ। ਪ੍ਰੋਗਰਾਮ ਤਹਿਤ ਪਿੰਡਾਂ ਦੀ ਓਡੀਐੱਫ ਸਥਿਤੀ ਦੀ ਸਥਿਰਤਾ ਲਈ ਸਮਾਜਿਕ ਅਤੇ ਵਿਵਹਾਰ ਵਿੱਚ ਤਬਦੀਲੀ ਲਿਆਉਣ ਲਈ ਹਰ ਸਮੇਂ ਯਤਨ ਕੀਤੇ ਜਾ ਰਹੇ ਹਨ।"
ਸ਼੍ਰੀਮਤੀ ਮਹਾਜਨ ਨੇ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ 100% ਟੂਟੀ ਦੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਉਣ ਲਈ ਰਾਜ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, “ਇਹ ਬੱਚਿਆਂ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਘਟਾਉਣ ਵਿੱਚ ਮਦਦ ਕਰੇਗਾ ਕਿਉਂਕਿ ਬੱਚਿਆਂ ਨੂੰ ਪੀਣ ਲਈ ਅਤੇ ਸਕੂਲ ਪ੍ਰਸ਼ਾਸਨ ਨੂੰ ਮਿਡ-ਡੇ-ਮੀਲ ਪਕਾਉਣ ਲਈ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਸਿਖਲਾਈ ਕੇਂਦਰਾਂ ਵਿੱਚ ਪਾਣੀ ਮੁਹੱਈਆ ਕਰਵਾਉਣਾ ਹੱਥ ਧੋਣ ਅਤੇ ਟਾਇਲਟ ਦੀ ਵਰਤੋਂ ਨੂੰ ਸਮਰੱਥ ਬਣਾਉਂਦਾ ਹੈ ਜੋ ਕਿ ਚਲ ਰਹੀ ਮਹਾਮਾਰੀ ਦੌਰਾਨ ਬਹੁਤ ਮਹੱਤਵਪੂਰਨ ਹੈ।’’
ਮੁੱਖ ਸਕੱਤਰ, ਹਿਮਾਚਲ ਪ੍ਰਦੇਸ਼ ਸ਼੍ਰੀ ਰਾਮ ਸੌਭਾਗ ਸਿੰਘ ਨੇ ਰਾਜ ਦੀ ਕਾਰਗੁਜ਼ਾਰੀ ਪੇਸ਼ ਕਰਦਿਆਂ ਕਿਹਾ, "ਸੂਬੇ ਨੇ ਚੰਗੀ ਤਰੱਕੀ ਕੀਤੀ ਹੈ ਕਿਉਂਕਿ ਇਹ ਗ੍ਰਾਮੀਣ ਘਰਾਂ ਵਿੱਚ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਵਿੱਚ ਦੇਸ਼ ਵਿੱਚ 8ਵੇਂ ਸਥਾਨ 'ਤੇ ਹੈ। ਬਾਕੀ ਬਚੇ ਟੂਟੀ ਦੇ ਪਾਣੀ ਦੇ ਕਨੈਕਸ਼ਨ ਕੁਝ ਮਹੀਨਿਆਂ ਵਿੱਚ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।”
ਸ਼੍ਰੀ ਸਿੰਘ ਨੇ ਕਿਹਾ, “15 ਅਗਸਤ, 2019 ਨੂੰ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਦੇ ਸਮੇਂ, ਰਾਜ ਦੇ ਕੁੱਲ 17.27 ਲੱਖ ਪਰਿਵਾਰਾਂ ਵਿੱਚੋਂ ਸਿਰਫ 7.62 ਲੱਖ (44.19%) ਪਰਿਵਾਰਾਂ ਕੋਲ ਟੂਟੀ ਦੇ ਪਾਣੀ ਦੀ ਸਪਲਾਈ ਤੱਕ ਪਹੁੰਚ ਸੀ। ਕਰੀਬ 28 ਮਹੀਨਿਆਂ ਵਿੱਚ 8.25 ਲੱਖ ਘਰਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਕੋਵਿਡ-19, ਲੌਕਡਾਊਨ ਅਤੇ ਮੁਸ਼ਕਿਲਾਂ ਭਰੇ ਇਲਾਕਿਆਂ ਕਾਰਨ ਰਾਜ ਦੁਆਰਾ ਕੀਤੀ ਗਈ ਪ੍ਰਾਪਤੀ ਧਿਆਨ ਦੇਣ ਯੋਗ ਹੈ।”
'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ' ਨਾਲ ਕੰਮ ਕਰਦੇ ਹੋਏ, ਜਲ ਜੀਵਨ ਮਿਸ਼ਨ ਦਾ ਉਦੇਸ਼ 'ਕੋਈ ਵੀ ਬਚਿਆ ਨਾ ਰਹੇ' ਹੈ ਅਤੇ ਇਸ ਦਾ ਉਦੇਸ਼ ਪੀਣ ਯੋਗ ਟੂਟੀ ਦੇ ਪਾਣੀ ਦੀ ਸਪਲਾਈ ਤੱਕ ਸਰਵ ਵਿਆਪਕ ਪਹੁੰਚ ਹੈ। 2019 ਵਿੱਚ ਮਿਸ਼ਨ ਦੀ ਸ਼ੁਰੂਆਤ ਵਿੱਚ, ਦੇਸ਼ ਵਿੱਚ ਕੁੱਲ 19.20 ਕਰੋੜ ਗ੍ਰਾਮੀਣ ਪਰਿਵਾਰਾਂ ਵਿੱਚੋਂ, ਸਿਰਫ਼ 3.23 ਕਰੋੜ (17%) ਕੋਲ ਟੂਟੀ ਦੇ ਪਾਣੀ ਦੀ ਸਪਲਾਈ ਸੀ। ਪਿਛਲੇ 28 ਮਹੀਨਿਆਂ ਦੌਰਾਨ, ਕੋਵਿਡ-19 ਮਹਾਮਾਰੀ ਅਤੇ ਲੌਕਡਾਊਨ ਦੇ ਵਿਘਨ ਦੇ ਬਾਵਜੂਦ, ਜਲ ਜੀਵਨ ਮਿਸ਼ਨ ਨੂੰ ਤੇਜ਼ੀ ਨਾਲ ਲਾਗੂ ਕੀਤਾ ਗਿਆ ਹੈ ਅਤੇ ਅੱਜ 5.60 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ। ਵਰਤਮਾਨ ਵਿੱਚ, ਦੇਸ਼ ਭਰ ਵਿੱਚ 8.84 ਕਰੋੜ (45.95%) ਗ੍ਰਾਮੀਣ ਪਰਿਵਾਰਾਂ ਕੋਲ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ। ਗੋਆ, ਤੇਲੰਗਾਨਾ, ਹਰਿਆਣਾ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਪੁੱਡੂਚੇਰੀ, ਡੀਐਂਡਐੱਨਐੱਚ ਅਤੇ ਡੀਐਂਡਡੀ ਰਾਜਾਂ ਨੇ ਗ੍ਰਾਮੀਣ ਖੇਤਰਾਂ ਵਿੱਚ 100% ਘਰੇਲੂ ਟੂਟੀ ਕਨੈਕਸ਼ਨ ਨੂੰ ਯਕੀਨੀ ਬਣਾਇਆ ਹੈ। ਵਰਤਮਾਨ ਵਿੱਚ 91 ਜ਼ਿਲ੍ਹਿਆਂ ਅਤੇ 1.32 ਲੱਖ ਤੋਂ ਵੱਧ ਪਿੰਡਾਂ ਵਿੱਚ ਹਰ ਘਰ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ।
ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ, ਜਲ ਜੀਵਨ ਮਿਸ਼ਨ ਬਾਰੇ ਸਾਰੀ ਜਾਣਕਾਰੀ ਜਨਤਕ ਡੋਮੇਨ ਵਿੱਚ ਹੈ ਅਤੇ ਜੇਜੇਐੱਮ ਡੈਸ਼ਬੋਰਡ ਨੂੰ https://ejalshakti.gov.in/jjmreport/JJMIndia.aspx 'ਤੇ ਦੇਖਿਆ ਜਾ ਸਕਦਾ ਹੈ।
******
ਬੀਵਾਈ
(Release ID: 1791703)
Visitor Counter : 158