ਉਪ ਰਾਸ਼ਟਰਪਤੀ ਸਕੱਤਰੇਤ
ਨੌਜਵਾਨਾਂ ਨੂੰ ਸੇਵਾ ਭਾਵਨਾ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ : ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ, ਸਕੂਲ ਵਿਦਿਆਰਥੀਆਂ ਲਈ ਕਮਿਊਨਿਟੀ ਸਰਵਿਸ ਲਾਜ਼ਮੀ ਬਣਾਉਣ
ਸ਼ੇਅਰ ਅਤੇ ਕੇਅਰ ਦਾ ਦਰਸ਼ਨ ਭਾਰਤ ਦੀ ਸਦੀਆਂ ਪੁਰਾਣੀ ਸੰਸਕ੍ਰਿਤੀ ਦਾ ਮੂਲ ਹਿੱਸਾ ਹੈ ਅਤੇ ਇਸ ਦਾ ਵਿਆਪਕ ਤੌਰ 'ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਨਫ਼ਰਤ ਭਰੇ ਭਾਸ਼ਣਾਂ ਅਤੇ ਅਣਉਚਿਤ ਲਿਖਤਾਂ ਦੀ ਨਿੰਦਾ ਕੀਤੀ
ਵਿਕਾਸ ਦੇ ਲਾਭ ਸਮਾਜ ਦੇ ਸਭ ਤੋਂ ਗ਼ਰੀਬ ਵਰਗਾਂ ਤੱਕ ਪਹੁੰਚਣੇ ਚਾਹੀਦੇ ਹਨ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕੇਰਲ ਦੇ ਉੱਘੇ ਅਧਿਆਤਮਿਕ ਅਤੇ ਸਮਾਜਿਕ ਆਗੂ ਸੰਤ ਚਾਵਰਾ ਨੂੰ ਸ਼ਰਧਾਂਜਲੀ ਭੇਟ ਕੀਤੀ
ਸੰਤ ਚਾਵਰਾ ਨੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਦੀ ਪ੍ਰਾਪਤੀ ਵਿੱਚ ਬੇਮਿਸਾਲ ਯੋਗਦਾਨ ਪਾਇਆ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕੋਚੀ ਵਿੱਚ ਸੰਤ ਚਾਵਾਰਾ ਦੀ 150ਵੀਂ ਬਰਸੀ ਮੌਕੇ ਆਯੋਜਿਤ ਸਮਾਗਮ ਵਿੱਚ ਹਿੱਸਾ ਲਿਆ
Posted On:
03 JAN 2022 1:07PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਨੌਜਵਾਨਾਂ ਵਿੱਚ ਛੋਟੀ ਉਮਰ ਤੋਂ ਹੀ ਸੇਵਾ ਦੀ ਭਾਵਨਾ ਪੈਦਾ ਕਰਨ ਦੀ ਸਖ਼ਤ ਜ਼ਰੂਰਤ ਹੈ ਅਤੇ ਸਕੂਲਾਂ ਨੂੰ ਤਾਕੀਦ ਕੀਤੀ ਕਿ ਆਮ ਸਥਿਤੀ ਵਾਪਸ ਆਉਣ 'ਤੇ ਵਿਦਿਆਰਥੀਆਂ ਲਈ ਸਮਾਜ ਸੇਵਾ ਨੂੰ ਲਾਜ਼ਮੀ ਬਣਾਇਆ ਜਾਵੇ।
ਅੱਜ ਕੋਟਾਯਮ ਦੇ ਮੰਨਨਮ ਵਿਖੇ ਸੰਤ ਚਾਵਰਾ ਦੀ 150ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਇੱਕ ਸਮਾਗਮ ਵਿੱਚ ਬੋਲਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਵਾਰ ਜਦੋਂ ਇਹ ਮਹਾਮਾਰੀ ਬੀਤ ਜਾਂਦੀ ਹੈ, ਤਾਂ ਸਰਕਾਰੀ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸੈਕਟਰ ਦੇ ਸਕੂਲਾਂ ਨੂੰ ਵਿਦਿਆਰਥੀਆਂ ਲਈ ਘੱਟੋ-ਘੱਟ ਦੋ ਤੋਂ ਤਿੰਨ ਹਫ਼ਤਿਆਂ ਦੀ ਕਮਿਊਨਿਟੀ ਸਰਵਿਸ ਲਾਜ਼ਮੀ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ "ਇਹ ਉਨ੍ਹਾਂ ਨੂੰ ਦੂਸਰਿਆਂ ਨਾਲ ਆਪਸੀ ਮੇਲ ਜੋਲ ਵਿੱਚ ਸਾਂਝਾ ਕਰਨ ਅਤੇ ਦੇਖਭਾਲ਼ ਕਰਨ (ਸ਼ੇਅਰਿੰਗ ਅਤੇ ਕੇਅਰਿੰਗ) ਦਾ ਰਵੱਈਆ ਵਿਕਸਿਤ ਕਰਨ ਵਿੱਚ ਮਦਦ ਕਰੇਗਾ।”
ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ੇਅਰ-ਅਤੇ-ਕੇਅਰ ਦਾ ਫ਼ਲਸਫ਼ਾ ਭਾਰਤ ਦੀ ਸਦੀਆਂ ਪੁਰਾਣੀ ਸੰਸਕ੍ਰਿਤੀ ਦਾ ਮੂਲ ਹਿੱਸਾ ਹੈ ਅਤੇ ਇਸ ਦਾ ਵਿਆਪਕ ਤੌਰ 'ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ “ਸਾਡੇ ਲਈ, ਸਮੁੱਚਾ ਸੰਸਾਰ ਇੱਕ ਪਰਿਵਾਰ ਹੈ ਜੋ ਸਾਡੇ ਸਦੀਵੀ ਆਦਰਸ਼, ‘ਵਸੁਧੈਵ ਕੁਟੁੰਬਕਮ’ ਵਿੱਚ ਸਮਾਇਆ ਹੋਇਆ ਹੈ। ਇਸੇ ਭਾਵਨਾ ਨਾਲ ਸਾਨੂੰ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ।”
ਇਹ ਦੱਸਦੇ ਹੋਏ ਕਿ ਹਰ ਵਿਅਕਤੀ ਨੂੰ ਦੇਸ਼ ਵਿੱਚ ਆਪਣੇ ਧਰਮ ਦਾ ਪਾਲਣ ਕਰਨ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਹੈ, ਉਪ ਰਾਸ਼ਟਰਪਤੀ ਨੇ ਕਿਹਾ, "ਆਪਣੇ ਧਰਮ ਦਾ ਪਾਲਣ ਕਰੋ ਪਰ ਗਾਲੀ-ਗਲੋਚ ਨਾ ਕਰੋ ਅਤੇ ਨਫ਼ਰਤ ਭਰੇ ਭਾਸ਼ਣ ਅਤੇ ਲਿਖਤਾਂ ਵਿੱਚ ਸ਼ਾਮਲ ਨਾ ਹੋਵੋ।” ਉਨ੍ਹਾਂ ਦੂਸਰੇ ਧਰਮਾਂ ਦਾ ਮਜ਼ਾਕ ਉਡਾਉਣ ਅਤੇ ਸਮਾਜ ਵਿੱਚ ਮਤਭੇਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ।
ਇਹ ਦੇਖਦਿਆਂ ਕਿ ਨਫ਼ਰਤ ਭਰੇ ਭਾਸ਼ਣ ਅਤੇ ਲਿਖਤਾਂ ਸੱਭਿਆਚਾਰ, ਵਿਰਾਸਤ, ਪਰੰਪਰਾਵਾਂ, ਸੰਵਿਧਾਨਕ ਅਧਿਕਾਰਾਂ ਅਤੇ ਲੋਕਾਚਾਰ ਦੇ ਵਿਰੁੱਧ ਹਨ, ਸ਼੍ਰੀ ਨਾਇਡੂ ਨੇ ਕਿਹਾ ਕਿ ਧਰਮ ਨਿਰਪੱਖਤਾ ਹਰ ਭਾਰਤੀ ਦੇ ਖੂਨ ਵਿੱਚ ਹੈ ਅਤੇ ਦੇਸ਼ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਲਈ ਵਿਸ਼ਵ ਭਰ ਵਿੱਚ ਸਤਿਕਾਰਿਆ ਜਾਂਦਾ ਹੈ। ਇਸ ਸੰਦਰਭ ਵਿੱਚ ਉਪ ਰਾਸ਼ਟਰਪਤੀ ਨੇ ਭਾਰਤੀ ਕਦਰਾਂ-ਕੀਮਤਾਂ ਵਾਲੀ ਪ੍ਰਣਾਲੀ (ਵੈਲਿਊ ਸਿਸਟਮ) ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਨੌਜਵਾਨਾਂ ਨੂੰ ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ, ਉਨ੍ਹਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕਰਦੇ ਹੋਏ, ਉਨ੍ਹਾਂ ਦੂਸਰਿਆਂ ਲਈ ਸਾਂਝਾ ਕਰਨ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਦੇ ਭਾਰਤੀ ਦਰਸ਼ਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਦੂਸਰਿਆਂ ਲਈ ਜਿਊਣ ਨਾਲ ਨਾ ਸਿਰਫ਼ ਵਿਅਕਤੀ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਬਲਕਿ ਲੋਕ ਉਸ ਵਿਅਕਤੀ ਨੂੰ ਉਸ ਦੇ ਚੰਗੇ ਕੰਮਾਂ ਲਈ ਲੰਬੇ ਸਮੇਂ ਤੱਕ ਯਾਦ ਰੱਖਦੇ ਹਨ।
ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਯੋਗ ਜਾਂ ਸਰੀਰਕ ਕਸਰਤ ਦੇ ਕਿਸੇ ਵੀ ਹੋਰ ਰੂਪ ਦੁਆਰਾ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਅਤੇ "ਪ੍ਰਕਿਰਤੀ ਨਾਲ ਪਿਆਰ ਕਰਨ ਅਤੇ ਰਹਿਣ" ਦੀ ਸਲਾਹ ਦਿੱਤੀ। ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਪ੍ਰਕਿਰਤੀ ਦੀ ਰਾਖੀ ਕਰਨ ਅਤੇ ਸੱਭਿਆਚਾਰ ਦੀ ਸੰਭਾਲ਼ ਕਰਨ ਲਈ ਕਿਹਾ।
ਸੰਤ ਚਾਵਰਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਉਨ੍ਹਾਂ ਕਿਹਾ, "ਕੇਰਲ ਦਾ ਇਹ ਪ੍ਰਤੀਕ ਅਧਿਆਤਮਿਕ ਅਤੇ ਸਮਾਜਿਕ ਆਗੂ, ਜਿਸਨੂੰ ਲੋਕ ਆਪਣੇ ਜੀਵਨਕਾਲ ਵਿੱਚ ਇੱਕ ਸੰਤ ਮੰਨਦੇ ਸਨ, ਹਰ ਮਾਇਨੇ ਵਿੱਚ ਇੱਕ ਸੱਚੇ ਦੂਰਦਰਸ਼ੀ ਸਨ।” ਉਨ੍ਹਾਂ ਕਿਹਾ ਕਿ ਸੰਤ ਚਾਵਰਾ ਨੇ 19ਵੀਂ ਸਦੀ ਵਿੱਚ ਕੇਰਲ ਸਮਾਜ ਦੇ ਇੱਕ ਅਧਿਆਤਮਿਕ, ਵਿਦਿਅਕ, ਸਮਾਜਿਕ ਅਤੇ ਸੱਭਿਆਚਾਰਕ ਸੁਧਾਰਕ ਵਜੋਂ ਆਪਣੇ ਆਪ ਨੂੰ ਸ਼ਾਮਲ ਕੀਤਾ ਅਤੇ ਲੋਕਾਂ ਦੇ ਸਮਾਜਿਕ ਪੁਨਰ-ਜਾਗਰਣ ਵਿੱਚ ਭਰਪੂਰ ਯੋਗਦਾਨ ਪਾਇਆ।
ਇਹ ਦੱਸਦੇ ਹੋਏ ਕਿ ਸੰਤ ਚਾਵਰਾ ਨੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਪ੍ਰਾਪਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਰਿਆਂ ਦੀ ਭਲਾਈ ਲਈ ਡੂੰਘੀ ਚਿੰਤਾ ਦਿਖਾਈ ਅਤੇ ਸਾਨੂੰ ਸਿਖਾਇਆ ਕਿ ਸ਼ਾਂਤੀਪੂਰਨ ਮਾਨਵੀ ਰਿਸ਼ਤੇ ਪਵਿੱਤਰ ਅਤੇ ਕਿਸੇ ਵੀ ਚੀਜ਼ ਨਾਲੋਂ ਵੱਧ ਮਹੱਤਵਪੂਰਨ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ “ਅੱਜ, ਸਾਨੂੰ ਹਰ ਸਮਾਜ ਵਿੱਚ ਇੱਕ ਚਾਵਰਾ ਦੀ ਜ਼ਰੂਰਤ ਹੈ - ਜਿਸ ਕੋਲ ਸਮਾਜ ਦੇ ਸਾਰੇ ਵਰਗਾਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਤੌਰ 'ਤੇ ਇਕਜੁੱਟ ਕਰਨ ਅਤੇ ਦੇਸ਼ ਨੂੰ ਅੱਗੇ ਲਿਜਾਣ ਦਾ ਵਿਜ਼ਨ ਹੋਵੇ।”
ਸਾਰੇ ਰਾਜਾਂ ਨੂੰ ਸਿੱਖਿਆ, ਸਮਾਜਿਕ ਨਿਆਂ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰਾਂ ਵਿੱਚ ਕੇਰਲ ਤੋਂ ਪ੍ਰੇਰਣਾ ਲੈਣ ਦੀ ਤਾਕੀਦ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਹਰ ਰਾਜ ਨੂੰ ਵਿਕਾਸ ਅਤੇ ਪ੍ਰਗਤੀ ਦੇ ਇੰਜਣ ਵਿੱਚ ਬਦਲਿਆ ਜਾ ਸਕਦਾ ਹੈ ਜੋ ਸਮਾਜ ਦੇ ਗ਼ਰੀਬ ਵਰਗਾਂ ਨਾਲ ਸਬੰਧਿਤ ਮਹਿਲਾਵਾਂ ਅਤੇ ਨੌਜਵਾਨਾਂ ਦੇ ਸਮਾਜਿਕ ਅਤੇ ਵਿੱਦਿਅਕ ਸਸ਼ਕਤੀਕਰਣ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਵਿਕਾਸ ਦੇ ਲਾਭ ਸਾਡੀ ਸਮਾਜਿਕ-ਆਰਥਿਕ ਵਿਵਸਥਾ ਦੇ ਸਭ ਤੋਂ ਪਿਛੜੇ ਅਤੇ ਗ਼ਰੀਬ ਵਰਗਾਂ ਦੇ ਆਖਰੀ ਵਿਅਕਤੀ ਤੱਕ ਪਹੁੰਚਣੇ ਚਾਹੀਦੇ ਹਨ, ਜਿਵੇਂ ਕਿ ਦੂਰਅੰਦੇਸ਼ੀ ਚਿੰਤਕ, ਕਾਰਕੁੰਨ ਅਤੇ ਸੁਧਾਰਕ, ਪੰਡਿਤ ਦੀਨਦਿਆਲ ਉਪਾਧਿਆਇ ਦੁਆਰਾ ਦਰਸਾਏ ਅੰਤਯੋਦਯ ਦੇ ਦਰਸ਼ਨ ਵਿੱਚ ਦਰਸਾਇਆ ਗਿਆ ਹੈ।
ਇਸ ਮੌਕੇ ਵਿਦੇਸ਼ ਰਾਜ ਮੰਤਰੀ, ਸ਼੍ਰੀ ਵੀ ਮੁਰਲੀਧਰਨ, ਸਹਿਕਾਰਤਾ ਅਤੇ ਰਜਿਸਟ੍ਰੇਸ਼ਨ ਮੰਤਰੀ, ਕੇਰਲ ਸਰਕਾਰ, ਸ਼੍ਰੀ ਵੀ ਐੱਨ ਵਸਾਵਨ, ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਮੈਂਬਰ, ਸ਼੍ਰੀ ਓਮਨ ਚਾਂਡੀ, ਸਾਂਸਦ, ਸ਼੍ਰੀ ਥਾਮਸ ਚਜ਼ਿਕਡਨ, ਪ੍ਰਾਇਰ ਜਨਰਲ, ਕਾਰਮੇਲਾਈਟਸ ਆਵ੍ ਮੈਰੀ ਇਮੈਕੁਲੇਟ, ਸ਼੍ਰੀ ਰੈਵਰੈਂਡ ਫਾਦਰ ਥਾਮਸ ਚਥਮਪਰੰਪਿਲ ਅਤੇ ਹੋਰ ਪਤਵੰਤੇ ਹਾਜ਼ਰ ਸਨ।
**********
ਐੱਮਐੱਸ/ਆਰਕੇ
(Release ID: 1787215)