ਉਪ ਰਾਸ਼ਟਰਪਤੀ ਸਕੱਤਰੇਤ
ਸਿਨਮਾ ਸਿਰਫ਼ ਮਨੋਰੰਜਨ ਲਈ ਨਹੀਂ, ਫਿਲਮਾਂ ਨੌਜਵਾਨਾਂ ਵਿੱਚ ਨੈਤਿਕਤਾ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ 'ਅਸ਼ਲੀਲਤਾ' ਅਤੇ 'ਅਭੱਦਰਤਾ' ਦੇ ਚਿਤਰਣ ਨੂੰ ਨਕਾਰਿਆ
ਸਿਨਮਾ ਸਾਡੀ ਸੱਭਿਆਚਾਰਕ ਕੂਟਨੀਤੀ ਦਾ ਇੱਕ ਮਹੱਤਵਪੂਰਨ ਵਾਹਕ ਹੈ; ਇਹ ਭਾਰਤੀ ਡਾਇਸਪੋਰਾ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਵਾਪਸ ਜੋੜਦਾ ਹੈ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ 'ਰਾਜ ਕਪੂਰ: ਦ ਮਾਸਟਰ ਐਟ ਵਰਕ' ਕਿਤਾਬ ਰਿਲੀਜ਼ ਕੀਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਫਿਲਮ ਉਦਯੋਗ ਵਿੱਚ ਰਾਜ ਕਪੂਰ ਦਾ ਯੋਗਦਾਨ ਅਤੁੱਲ ਹੈ
Posted On:
14 DEC 2021 6:48PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਚੰਗੇ ਸਿਨਮਾ ਦਾ ਉਦੇਸ਼ ਸਿਰਫ਼ ਮਨੋਰੰਜਨ ਨਹੀਂ ਹੈ ਅਤੇ ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਨੂੰ ਅਜਿਹੀਆਂ ਫਿਲਮਾਂ ਬਣਾਉਣ ਦੀ ਅਪੀਲ ਕੀਤੀ ਜੋ ਨੌਜਵਾਨਾਂ ਵਿੱਚ ਨੈਤਿਕਤਾ, ਦੇਸ਼ ਭਗਤੀ ਅਤੇ ਮਨੁੱਖਤਾ ਦੀ ਭਾਵਨਾ ਪੈਦਾ ਕਰਨ।
ਅੱਜ ਨਵੀਂ ਦਿੱਲੀ ਵਿੱਚ ਮਸ਼ਹੂਰ ਫਿਲਮ ਨਿਰਦੇਸ਼ਕ ਰਾਹੁਲ ਰਾਵੇਲ ਦੁਆਰਾ ਲਿਖੀ ਗਈ ਕਿਤਾਬ ‘ਰਾਜ ਕਪੂਰ: ਦ ਮਾਸਟਰ ਐਟ ਵਰਕ’ ਰਿਲੀਜ਼ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਨਮਾ ਨੂੰ ਇੱਕ ਉੱਚ ਉਦੇਸ਼ ਵਾਲਾ ਵਾਹਕ ਹੋਣਾ ਚਾਹੀਦਾ ਹੈ ਅਤੇ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਸਮਾਜਿਕ ਬੁਰਾਈਆਂ ਜਿਵੇਂ ਕਿ ਜਾਤੀਵਾਦ, ਭ੍ਰਿਸ਼ਟਾਚਾਰ, ਲਿੰਗ ਭੇਦਭਾਵ ਅਤੇ ਅਪਰਾਧਿਕਤਾ ਨਾਲ ਲੜਨਾ ਚਾਹੀਦਾ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ ਸਿਆਸਤਦਾਨਾਂ, ਮੀਡੀਆ ਅਤੇ ਫਿਲਮ ਨਿਰਮਾਤਾਵਾਂ ਦੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਦਰਾਂ-ਕੀਮਤਾਂ ਵਿੱਚ ਆ ਰਹੀ ਗਿਰਾਵਟ ਦੇ ਮੱਦੇਨਜ਼ਰ ਮਿਆਰਾਂ ਨੂੰ ਕਾਇਮ ਰੱਖਣ ਅਤੇ ਲੋਕਾਂ ਦੇ ਵਡੇਰੇ ਹਿਤਾਂ ਨੂੰ ਧਿਆਨ ਵਿੱਚ ਰੱਖਣ ਦੀ ਵੱਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਨੇ ਫਿਲਮਾਂ ਵਿੱਚ ਹਿੰਸਾ ਦੀ ਵਡਿਆਈ ਅਤੇ 'ਅਸ਼ਲੀਲਤਾ' ਅਤੇ ਅਭੱਦਰਤਾ’ ਦੀ ਵਰਤੋਂ ਨੂੰ ਵੀ ਅਸਵੀਕਾਰ ਕੀਤਾ ਕਿਉਂਕਿ ਇਹ "ਨੌਜਵਾਨ ਦਿਮਾਗਾਂ 'ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ।’ ਉਨ੍ਹਾਂ ਨੇ ਕਿਹਾ ਕਿ ਸਿਨਮਾ ਨੂੰ ਲੋਕਾਂ ਖਾਸ ਕਰਕੇ ਨੌਜਵਾਨਾਂ ਦੇ ਮਨਾਂ ਵਿੱਚ ਸਕਾਰਾਤਮਕ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਦੇਸ਼ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਨੂੰਨ ਨਾਲ ਫਿਲਮਾਂ ਬਣਾਉਣ ਦੀ ਸਲਾਹ ਵੀ ਦਿੱਤੀ।
ਇਹ ਧਿਆਨ ਦਿੰਦਿਆਂ ਕਿ ਭਾਰਤੀ ਫਿਲਮਾਂ ਨੂੰ ਦੁਨੀਆ ਭਰ ਵਿੱਚ ਦੇਖਿਆ ਜਾਂਦਾ ਹੈ, ਸ਼੍ਰੀ ਨਾਇਡੂ ਨੇ ਇਸ ਗੱਲ ’ਤੇ ਪ੍ਰਕਾਸ਼ ਪਾਇਆ ਕਿ ਸਿਨਮਾ ਸੱਭਿਆਚਾਰਕ ਤੌਰ 'ਤੇ ਇੱਕ ਮਹੱਤਵਪੂਰਨ ਕੜੀ ਵਜੋਂ ਉੱਭਰਿਆ ਹੈ ਜੋ ਕਿ ਵਿਸ਼ਾਲ ਭਾਰਤੀ ਡਾਇਸਪੋਰਾ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, "ਮੈਂ ਆਪਣੇ ਫਿਲਮ ਨਿਰਮਾਤਾਵਾਂ ਨੂੰ ਅਪੀਲ ਕਰਾਂਗਾ ਕਿ ਉਹ ਆਪਣੀਆਂ ਫਿਲਮਾਂ ਵਿੱਚ ਅਜਿਹੇ ਦ੍ਰਿਸ਼ਾਂ ਨੂੰ ਸ਼ਾਮਲ ਕਰਨ ਤੋਂ ਬਚਣ ਜੋ ਸਾਡੇ ਮਹਾਨ ਸੱਭਿਆਚਾਰ ਨੂੰ ਮਾੜੀ ਰੋਸ਼ਨੀ ਵਿੱਚ ਪੇਸ਼ ਕਰਦੇ ਹਨ, ਜਾਂ ਸਾਡੀ ਮਹਾਨ ਸਭਿਅਤਾ ਦੀਆਂ ਪਰੰਪਰਾਵਾਂ, ਕਦਰਾਂ-ਕੀਮਤਾਂ ਅਤੇ ਲੋਕਾਚਾਰ ਨੂੰ ਕਮਜ਼ੋਰ ਕਰਦੇ ਹਨ।’
ਉਪ ਰਾਸ਼ਟਰਪਤੀ ਨੇ ਯਾਦ ਕੀਤਾ ਕਿ ਪੁਰਾਣੇ ਚੰਗੇ ਦਿਨਾਂ ਵਿੱਚ ਇੱਕ ਫਿਲਮ ਬਹੁਤ ਪ੍ਰਭਾਵ ਪੈਦਾ ਕਰਦੀ ਸੀ ਅਤੇ ਹਫ਼ਤਿਆਂ ਅਤੇ ਮਹੀਨਿਆਂ ਤੱਕ ਚਲਦੀ ਸੀ। ਉਨ੍ਹਾਂ ਨੇ ਫਿਲਮ ਮੇਕਰਾਂ ਦੀ ਨੌਜਵਾਨ ਪੀੜ੍ਹੀ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਫਿਲਮਾਂ ਨਾਲ ਸਦਾ ਕਾਇਮ ਰਹਿਣ ਲਈ ਹਰ ਸੰਭਵ ਯਤਨ ਕਰਨ।
ਸ਼੍ਰੀ ਨਾਇਡੂ ਨੇ ਸ਼੍ਰੀ ਰਾਹੁਲ ਰਾਵੇਲ ਅਤੇ ਉਨ੍ਹਾਂ ਦੀ ਸਹਿ-ਲੇਖਕ ਸ਼੍ਰੀਮਤੀ ਪ੍ਰਣਿਕਾ ਸ਼ਰਮਾ ਨੂੰ ਮਹਾਨ ਫਿਲਮ ਨਿਰਮਾਤਾ-ਰਾਜ ਕਪੂਰ, ਦੀ ਇਸ ਸ਼ਾਨਦਾਰ ਯਾਦ ਨੂੰ ਸਾਹਮਣੇ ਲਿਆਉਣ ਲਈ ਵਧਾਈ ਦਿੱਤੀ, ਜਿਨ੍ਹਾਂ ਨੂੰ ਹਿੰਦੀ ਸਿਨਮਾ ਦੇ ਸਭ ਤੋਂ ਮਹਾਨ ਸ਼ੋਅਮੈਨ ਵਜੋਂ ਜਾਣਿਆ ਜਾਂਦਾ ਹੈ। ਸ਼੍ਰੀ ਰਾਜ ਕਪੂਰ ਨੂੰ ਦੂਰਦਰਸ਼ੀ ਪ੍ਰਤਿਭਾ ਵਾਲਾ ਅਤੇ ਬਹੁਮੁਖੀ ਅਭਿਨੇਤਾ ਦੱਸਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤੀ ਫਿਲਮ ਉਦਯੋਗ ਵਿੱਚ ਉਨ੍ਹਾਂ ਦਾ ਯੋਗਦਾਨ ਅਤੁੱਲ ਹੈ। ਉਨ੍ਹਾਂ ਨੇ ਕਿਹਾ, ‘ਰਾਜ ਕਪੂਰ ਦੀਆਂ ਜ਼ਿਆਦਾਤਰ ਫਿਲਮਾਂ ਨੇ ਜੀਵਨ ਦਾ ਇੱਕ ਅਹਿਮ ਸਬਕ ਦਿੱਤਾ ਹੈ, ਜਿਸ ਨੂੰ ਬਹੁਤ ਸੂਖਮਤਾ ਅਤੇ ਵਿਲੱਖਣਤਾ ਨਾਲ ਦਰਸਾਇਆ ਗਿਆ ਹੈ। ਮੈਂ ਉਸ ਦੌਰ ਦੇ ਸਿਨਮਾ ਨੂੰ ਸੱਚਮੁੱਚ ਯਾਦ ਕਰਦਾ ਹਾਂ।’
ਰਾਜ ਕਪੂਰ ਦੀ ਬੇਮਿਸਾਲ ਯੋਗਤਾ ਵਾਲੇ ਟੀਮ-ਨਿਰਮਾਤਾ ਵਜੋਂ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਕੋਲ ਅਭਿਨੇਤਾਵਾਂ, ਸੰਗੀਤਕਾਰਾਂ, ਲੇਖਕਾਂ ਅਤੇ ਗੀਤਕਾਰਾਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਵਿਲੱਖਣ ਹੁਨਰ ਸੀ। ਇਸ ’ਤੇ ਧਿਆਨ ਦਿਵਾਉਂਦਿਆਂ ਕਿ 'ਆਵਾਰਾ ਹੂੰ' ਵਰਗੇ ਉਨ੍ਹਾਂ ਦੇ ਕਈ ਯਾਦਗਾਰੀ ਗੀਤ ਨਾ ਸਿਰਫ਼ ਭਾਰਤ ਵਿੱਚ ਬਲਕਿ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਬਹੁਤ ਮਸ਼ਹੂਰ ਹਨ। ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਜ ਕਪੂਰ ਨੇ ਆਪਣੀਆਂ ਫਿਲਮਾਂ ਰਾਹੀਂ ਭਾਰਤੀ ਸਿਨਮਾ ਨੂੰ ਸੱਭਿਆਚਾਰਕ ਕੂਟਨੀਤੀ ਦਾ ਇੱਕ ਵਾਹਕ ਬਣਾਇਆ ਹੈ। ਇਹ ਦੇਖਦੇ ਹੋਏ ਕਿ ਸ਼੍ਰੀ ਰਾਜ ਕਪੂਰ ਦੀਆਂ ਬਹੁਤ ਸਾਰੀਆਂ ਫਿਲਮਾਂ ਸਮਾਜਿਕ ਚੇਤਨਾ ਲਈ ਸਿਨਮਾ ਨੂੰ ਦਰਸਾਉਂਦੀਆਂ ਹਨ, ਸ਼੍ਰੀ ਨਾਇਡੂ ਨੇ ਰੇਖਾਂਕਿਤ ਕੀਤਾ ਕਿ ਸਿਨਮਾ ਦੇ ਮਾਧਿਅਮ ਰਾਹੀਂ ਉਨ੍ਹਾਂ ਨੇ ਪੈਸੇ ਅਤੇ ਉਪਭੋਗਤਾਵਾਦ ਦੇ ਵਧ ਰਹੇ ਜਨੂੰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਵਰਗੀਆਂ ਸਮਾਜਿਕ ਤਬਦੀਲੀਆਂ ਨੂੰ ਛੋਹਿਆ ਹੈ।
ਆਪਣੇ ਉਸਤਾਦ ਨੂੰ ਇਹ ਸ਼ਰਧਾਂਜਲੀ ਦੇਣ ਲਈ ਸ਼੍ਰੀ ਰਾਵੇਲ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ਕਿਤਾਬ ਸਿਰਫ਼ ਸਿਨਮਾ ਦੇ ਸ਼ੌਕੀਨਾਂ ਅਤੇ ਸਿਨਮਾ ਦੇ ਵਿਦਿਆਰਥੀਆਂ ਲਈ ਨਹੀਂ ਹੈ, ਬਲਕਿ ਹਰ ਕੋਈ ਜੋ ਭਾਰਤੀ ਸਿਨਮਾ ਦੇ ਇਤਿਹਾਸ ਬਾਰੇ ਹੋਰ ਜਾਣਨਾ ਚਾਹੁੰਦਾ ਹੈ ਜਾਂ ਕਿਸੇ ਅਜਿਹੇ ਵਿਅਕਤੀ ਲਈ ਹੈ ਜੋ ਸਿਰਫ਼ ਫਿਲਮਾਂ ਦੇਖਣ ਦਾ ਆਨੰਦ ਲੈਂਦਾ ਹੈ।
ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਕੋਵਿਡ-ਸਬੰਧਿਤ ਸਾਰੇ ਪ੍ਰੋਟੋਕੋਲ ਕਾਇਮ ਰੱਖਣ ਅਤੇ ਆਪਣੇ ਆਪ ਦਾ ਟੀਕਾਕਰਣ ਕਰਵਾਉਣ ਲਈ ਵੀ ਕਿਹਾ। ਮਾਹਿਰਾਂ ਦੇ ਅਨੁਸਾਰ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਸ਼ੈਲੀ ਨੂੰ ਕਾਇਮ ਰੱਖਣ ਦੇ ਨਾਲ-ਨਾਲ ਵੈਕਸੀਨ ਹੀ ਉਪਲਬਧ ਸੁਰੱਖਿਆ ਉਪਾਅ ਹੈ।
ਰਾਸ਼ਟਰੀ ਰਾਜਧਾਨੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਆਯੋਜਿਤ ਇਸ ਸਮਾਗਮ ਵਿੱਚ ਪ੍ਰਸਿੱਧ ਫਿਲਮੀ ਸ਼ਖ਼ਸੀਅਤ ਰਣਧੀਰ ਕਪੂਰ, ਪ੍ਰਸਿੱਧ ਅਭਿਨੇਤਾ ਰਣਬੀਰ ਕਪੂਰ, ਕਾਲਮਨਵੀਸ ਸ਼੍ਰੀ ਸੁਹੇਲ ਸੇਠ, ਬਲੂਮਸਬਰੀ ਇੰਡੀਆ ਤੋਂ ਸ਼੍ਰੀਮਤੀ ਮੀਨਾਕਸ਼ੀ ਸਿੰਘ ਅਤੇ ਹੋਰ ਮੌਜੂਦ ਸਨ।
**********
ਐੱਮਐੱਸ/ਆਰਕੇ/ਐੱਨਐੱਸ/ਡੀਪੀ
(Release ID: 1781622)
Visitor Counter : 166