ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਦਾ ਪਹਿਲਾ ਮਾਨਵ ਯੁਕਤ ਪੁਲਾੜ ਮਿਸ਼ਨ "ਗਗਨਯਾਨ" 2023 ਵਿੱਚ ਲਾਂਚ ਕੀਤਾ ਜਾਵੇਗਾ


ਉਨ੍ਹਾਂ ਕਿਹਾ, ਇਸ ਲਾਂਚ ਦੇ ਨਾਲ, ਭਾਰਤ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਮਾਨਵ ਯੁਕਤ ਪੁਲਾੜ ਮਿਸ਼ਨ ਲਾਂਚ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ

ਗਗਨਯਾਨ ਦੀ ਲਾਂਚ ਵਿੱਚ ਸਵਦੇਸ਼ੀ ਸਿਹਤ ਖੋਜ ਮੋਡਿਊਲ ਸਮੇਤ ਕਈ ਖੋਜ ਮੋਡਿਊਲਾਂ ਨਾਲ 500 ਉਦਯੋਗ ਸ਼ਾਮਲ ਹਨ: ਡਾ. ਜਿਤੇਂਦਰ ਸਿੰਘ

Posted On: 09 DEC 2021 1:43PM by PIB Chandigarh

 ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ;  ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦਾ ਪਹਿਲਾ ਮਾਨਵ ਯੁਕਤ ਪੁਲਾੜ ਮਿਸ਼ਨ "ਗਗਨਯਾਨ" 2023 ਵਿੱਚ ਲਾਂਚ ਕੀਤਾ ਜਾਵੇਗਾ।

ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਜਵਾਬ ਵਿੱਚ, ਮੰਤਰੀ ਨੇ ਕਿਹਾ, ਇਸ ਲਾਂਚ ਦੇ ਨਾਲ, ਭਾਰਤ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਮਾਨਵ ਯੁਕਤ ਸਪੇਸ ਫਲਾਈਟ ਮਿਸ਼ਨ ਲਾਂਚ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।

 

 ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੁੱਖ ਮਿਸ਼ਨ ਜਿਵੇਂ ਕਿ, ਕਰਿਊ ਐਸਕੇਪ ਸਿਸਟਮ ਦੀ ਕਾਰਗੁਜ਼ਾਰੀ ਦੀ ਪ੍ਰਮਾਣਿਕਤਾ ਲਈ ਟੈਸਟ ਵਾਹਨ ਦੀ ਉਡਾਣ ਅਤੇ ਗਗਨਯਾਨ (ਜੀ1) ਦਾ ਪਹਿਲਾ ਅਨਕ੍ਰਿਊਡ ਮਿਸ਼ਨ 2022 ਦੇ ਦੂਜੇ ਅੱਧ ਦੇ ਸ਼ੁਰੂ ਵਿੱਚ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਬਾਅਦ 2022 ਦੇ ਅਖੀਰ ਵਿੱਚ ਦੂਸਰਾ ਮਾਨਵ ਰਹਿਤ ਮਿਸ਼ਨ ਹੋਵੇਗਾ ਜਿਸ ਵਿੱਚ ਇਸਰੋ (ISRO) ਦੁਆਰਾ ਵਿਕਸਿਤ ਇੱਕ ਪੁਲਾੜ ਯਾਤਰੀ ਮਾਨਵ ਰੋਬੋਟ "ਵਯੋਮਮਿਤਰਾ" ਪੁਲਾੜ ਵਿੱਚ ਭੇਜਿਆ ਜਾਵੇਗਾ ਅਤੇ ਅੰਤ ਵਿੱਚ 2023 ਵਿੱਚ ਚਾਲਕ ਦਲ ਵਾਲਾ ਪਹਿਲਾ ‘ਕ੍ਰਿਊਡ’ ਗਗਨਯਾਨ ਮਿਸ਼ਨ ਹੋਵੇਗਾ।

 

 2018 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਤੰਤਰਤਾ ਦਿਵਸ ਦੇ ਸੰਬੋਧਨ ਦਾ ਹਵਾਲਾ ਦਿੰਦੇ ਹੋਏ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇੱਕ ਭਾਰਤੀ ਪੁਲਾੜ ਯਾਤਰੀ, ਚਾਹੇ ਉਹ ਮਰਦ ਹੋਵੇ ਜਾਂ ਇੱਕ ਮਹਿਲਾ, 2022 ਤੱਕ 'ਗਗਨਯਾਨ' 'ਤੇ ਸਵਾਰ ਹੋ ਕੇ ਇੱਕ ਪੁਲਾੜ ਓਡੀਸੀ (odyssey) 'ਤੇ ਜਾਵੇਗਾ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਕੋਵਿਡ ਪਾਬੰਦੀਆਂ ਕਾਰਨ ਥੋੜ੍ਹੀ ਦੇਰੀ ਹੋਈ, ਪਰ 2023 ਤੱਕ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਤਿਆਰੀਆਂ ਹੁਣ ਪੂਰੇ ਜ਼ੋਰਾਂ 'ਤੇ ਹਨ। ਉਨ੍ਹਾਂ ਕਿਹਾ, ਗਗਨਯਾਨ ਪ੍ਰੋਗਰਾਮ ਦਾ ਉਦੇਸ਼ ਭਾਰਤੀ ਲਾਂਚ ਵਹੀਕਲ ਜ਼ਰੀਏ ਮਾਨਵ ਨੂੰ ਲੋਅਰ ਅਰਥ ਓਰਬਿਟ (ਐੱਲਈਓ) ਵਿੱਚ ਭੇਜਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਪ੍ਰਿਥਵੀ 'ਤੇ ਵਾਪਸ ਲਿਆਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ। 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਵਦੇਸ਼ੀ ਹੈਲਥ ਰਿਸਰਚ ਮੋਡਿਊਲ ਸਮੇਤ ਕਈ ਖੋਜ ਮੋਡਿਊਲਾਂ ਦੇ ਨਾਲ ਗਗਨਯਾਨ ਦੀ ਲਾਂਚ ਵਿੱਚ 500 ਤੋਂ ਵੱਧ ਉਦਯੋਗ ਸ਼ਾਮਲ ਹਨ। ਉਨ੍ਹਾਂ ਕਿਹਾ, ਇਹ ਇਸ ਕਰਕੇ ਸੰਭਵ ਹੋਇਆ ਕਿ 70 ਵਰ੍ਹਿਆਂ ਵਿੱਚ ਪਹਿਲੀ ਵਾਰ, ਭਾਰਤ ਨੂੰ ਇੱਕ ਪ੍ਰਤੀਯੋਗੀ ਪੁਲਾੜ ਬਜ਼ਾਰ ਬਣਾਉਣ ਲਈ ਇਸ ਸੈਕਟਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹਿਆ ਗਿਆ ਹੈ। ਮੰਤਰੀ ਨੇ ਦੱਸਿਆ ਕਿ ਇਹ ਇਸਰੋ ਦੁਆਰਾ ਹੁਣ ਤੱਕ ਦਾ ਸਭ ਤੋਂ ਉਤਸ਼ਾਹੀ ਪੁਲਾੜ ਪ੍ਰੋਗਰਾਮ ਹੈ ਅਤੇ ਇਹ ਦੇਸ਼ ਅੰਦਰ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ, ਇਸ ਤੋਂ ਇਲਾਵਾ ਨੌਜਵਾਨਾਂ ਅਤੇ ਸਟਾਰਟ-ਅੱਪਸ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕਰੇਗਾ।

 

ਗਗਨਯਾਨ ਪ੍ਰੋਗਰਾਮ ਦੀ ਮੌਜੂਦਾ ਸਥਿਤੀ ਇਸ ਤਰ੍ਹਾਂ ਹੈ:

 • ਪੁਲਾੜ ਯਾਤਰੀ ਟ੍ਰੇਨਿੰਗ ਸੁਵਿਧਾ ਬੇਂਗਲੁਰੂ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਮੁਕੰਮਲ ਹੋਣ ਦੇ ਅਡਵਾਂਸਡ ਪੱਧਰ ‘ਤੇ ਹੈ। ਬੇਸਿਕ ਐਰੋਮੈਡੀਕਲ ਟ੍ਰੇਨਿੰਗ ਅਤੇ ਉਡਾਣ ਪ੍ਰੈਕਟਿਸ ਭਾਰਤੀ ਟ੍ਰੇਨਿੰਗ ਦੇ ਹਿੱਸੇ ਵਜੋਂ ਪੂਰੀ ਕੀਤੀ ਗਈ।

 

 • ਗਗਨਯਾਨ ਦੇ ਸਾਰੇ ਸਿਸਟਮਾਂ ਦਾ ਡਿਜ਼ਾਈਨ ਮੁਕੰਮਲ ਹੋ ਗਿਆ ਹੈ। ਵਿਭਿੰਨ ਪ੍ਰਣਾਲੀਆਂ ਦੀ ਪ੍ਰਾਪਤੀ ਪ੍ਰਗਤੀ ਦੇ ਵਿਭਿੰਨ ਪੜਾਵਾਂ ਵਿੱਚ ਹੈ। ਮੈਨਡ ਲਾਂਚ ਵਹੀਕਲ ਪ੍ਰੋਪਲਸ਼ਨ ਪੜਾਵਾਂ ਦੇ ਜ਼ਮੀਨੀ ਯੋਗਤਾ ਟਰਾਇਲ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ ਅਤੇ ਸਫ਼ਲਤਾਪੂਰਵਕ ਅੱਗੇ ਵਧ ਰਹੇ ਹਨ।

 

 • ਜ਼ਮੀਨੀ ਬੁਨਿਆਦੀ ਢਾਂਚੇ ਦੀ ਸੰਰਚਨਾ ਅਤੇ ਡਿਜ਼ਾਈਨ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਲੋੜੀਂਦੀਆਂ ਸੋਧਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

 

 • ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਵਾਂ ਏਜੰਸੀਆਂ ਨਾਲ ਐੱਮਓਯੂ, ਇਕਰਾਰਨਾਮੇ ਅਤੇ ਲਾਗੂਕਰਨ ਵਿਵਸਥਾ (ਆਈਏ) ਨਾਲ ਸਬੰਧਿਤ ਗਤੀਵਿਧੀਆਂ ਚੰਗੀ ਤਰ੍ਹਾਂ ਅੱਗੇ ਵਧ ਰਹੀਆਂ ਹਨ। ਸਪੇਸ ਸੂਟ, ਚਾਲਕ ਦਲ ਦੀ ਸੀਟ ਅਤੇ ਵਿਊ ਪੋਰਟ ਲਈ ਮੈਸਰਜ਼ ਗਲਾਵਕੋਸਮੌਸ (ਰਸ਼ੀਅਨ ਸਪੇਸ ਏਜੰਸੀ) ਨਾਲ ਇਕਰਾਰਨਾਮੇ ਅਨੁਸਾਰ ਡਿਲੀਵਰੇਬਲ ਦੀ ਪ੍ਰਾਪਤੀ ਸ਼ੁਰੂ ਹੋ ਗਈ ਹੈ। ਸੀਐੱਨਈਐੱਸ (ਫ੍ਰੈਂਚ ਸਪੇਸ ਏਜੰਸੀ) ਆਈਏ ਦੇ ਭਿੰਨ-ਭਿੰਨ ਕਾਰਜ ਪੈਕੇਜਾਂ ਦੇ ਤਹਿਤ ਡਿਲੀਵਰੇਬਲ ਦੀ ਪ੍ਰਾਪਤੀ ਵੀ ਸ਼ੁਰੂ ਹੋ ਗਈ ਹੈ।

 

 • ਮਾਈਕ੍ਰੋਗ੍ਰੈਵਿਟੀ ਪ੍ਰਯੋਗਾਂ ਦੇ ਵਿਕਾਸ ਨਾਲ ਸਬੰਧਿਤ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ, ਪ੍ਰਯੋਗਾਂ ਲਈ ਸੰਕਲਪਿਕ ਡਿਜ਼ਾਈਨ ਸਮੀਖਿਆ ਅਧੀਨ ਹੈ।

**********

 ਐੱਸਐੱਨਸੀ/ਆਰਆਰ


(Release ID: 1779928) Visitor Counter : 186


Read this release in: English , Tamil , Malayalam