ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਸ਼ਟਰੀ ਆਟੋਮੋਬਾਈਲ ਸਕ੍ਰੈਪੇਜ ਨੀਤੀ ਸਾਰੇ ਹਿਤਧਾਰਕਾਂ ਲਈ ਲਾਭਕਾਰੀ ਨੀਤੀ ਹੈ
Posted On:
23 NOV 2021 2:37PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਰਾਸ਼ਟਰੀ ਆਟੋਮੋਬਾਈਲ ਸਕ੍ਰੈਪੇਜ ਨੀਤੀ ਸਾਰੇ ਹਿਤਧਾਰਕਾਂ ਲਈ ਲਾਭਕਾਰੀ ਨੀਤੀ ਹੈ। ਅੱਜ ਨੋਇਡਾ ਵਿਖੇ ਮਾਰੂਤੀ ਸੁਜ਼ੂਕੀ ਟੋਯੋਤਸੂ ਇੰਡੀਆ ਪ੍ਰਾਈਵੇਟ ਲਿਮਟਿਡ (ਐੱਮਐੱਸਟੀਆਈ) ਦੁਆਰਾ ਸਥਾਪਿਤ ਵਾਹਨ ਸਕ੍ਰੈਪਿੰਗ ਅਤੇ ਰੀਸਾਈਕਲਿੰਗ ਸੁਵਿਧਾ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਨੀਤੀ ਦਾ ਉਦੇਸ਼ ਭਾਰਤੀ ਸੜਕਾਂ ਤੋਂ ਅਣਫਿੱਟ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਪੜਾਅਵਾਰ ਢੰਗ ਨਾਲ ਹਟਾਉਣ ਅਤੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਇੱਕ ਵਾਤਾਵਰਣ ਪ੍ਰਣਾਲੀ ਬਣਾਉਣਾ ਹੈ, ਜਿਸ ਲਈ ਅਤਿ-ਆਧੁਨਿਕ ਸਕ੍ਰੈਪਿੰਗ ਅਤੇ ਰੀਸਾਈਕਲਿੰਗ ਯੂਨਿਟਾਂ ਦੀ ਜ਼ਰੂਰਤ ਹੈ।
ਮੰਤਰੀ ਨੇ ਕਿਹਾ ਕਿ ਇਹ ਨੀਤੀ ਆਟੋਮੋਬਾਈਲ ਦੀ ਵਿਕਰੀ ਵਧਾਉਣ, ਰੋਜ਼ਗਾਰ ਪ੍ਰਦਾਨ ਕਰਨ, ਆਯਾਤ ਲਾਗਤ ਘਟਾਉਣ, ਵਧੀਕ ਜੀਐੱਸਟੀ ਮਾਲੀਆ ਪੈਦਾ ਕਰਨ ਅਤੇ ਸੈਮੀ ਕੰਡਕਟਰ ਚਿੱਪ ਦੀ ਆਲਮੀ ਕਮੀ ਨੂੰ ਹੱਲ ਕਰਨ ਵਿੱਚ ਮਦਦ ਕਰੇਗੀ। ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਨੀਤੀ ਦੇਸ਼ ਲਈ ਸਰਕੂਲਰ ਅਰਥਵਿਵਸਥਾ (ਰਹਿੰਦ-ਖੂੰਹਦ ਤੋਂ ਦੌਲਤ) ਬਣਾਉਣ ਵਿੱਚ ਇੱਕ ਮਹੱਤਵਪੂਰਨ ਕੜੀ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਤਿੰਨ ਤੋਂ ਚਾਰ ਸਕ੍ਰੈਪਿੰਗ ਸੈਂਟਰ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ।
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਹਾਲ ਹੀ ਵਿੱਚ ਦੂਰਦਰਸ਼ੀ ਸਵੈ-ਇੱਛੁਕ ਵਹੀਕਲ-ਫਲੀਟ ਆਧੁਨਿਕੀਕਰਨ ਪ੍ਰੋਗਰਾਮ (ਵਹੀਕਲ ਸਕ੍ਰੈਪਿੰਗ ਨੀਤੀ) ਦੀ ਸ਼ੁਰੂਆਤ ਕੀਤੀ ਹੈ। ਇਸ ਨੀਤੀ ਦਾ ਉਦੇਸ਼ ਪੁਰਾਣੇ ਅਸੁਰੱਖਿਅਤ, ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਪੜਾਅਵਾਰ ਹਟਾਉਣ ਅਤੇ ਨਵੇਂ ਸੁਰੱਖਿਅਤ ਅਤੇ ਈਂਧਣ-ਦਕਸ਼ ਵਾਹਨਾਂ ਨਾਲ ਉਹਨਾਂ ਦੀ ਥਾਂ ਲੈਣ ਲਈ ਇੱਕ ਈਕੋਸਿਸਟਮ ਬਣਾਉਣਾ ਹੈ। ਮੰਤਰਾਲੇ ਨੇ ਭਾਰਤ ਵਿੱਚ ਆਧੁਨਿਕ ਵਾਹਨ ਸਕ੍ਰੈਪਿੰਗ ਸੁਵਿਧਾਵਾਂ ਦੀ ਸਥਾਪਨਾ ਨੂੰ ਸਮਰੱਥ ਬਣਾਉਣ ਲਈ ਰਜਿਸਟਰਡ ਵਹੀਕਲ ਸਕ੍ਰੈਪਿੰਗ ਫੈਸਿਲਿਟੀ (ਆਰਵੀਐੱਸਐੱਫ) ਨਿਯਮਾਂ ਨੂੰ ਵੀ ਸੂਚਿਤ ਕੀਤਾ ਹੈ ਜੋ ਵਾਹਨਾਂ ਨੂੰ ਵਾਤਾਵਰਣ ਅਨੁਕੂਲ ਤਰੀਕੇ ਨਾਲ ਰੀਸਾਈਕਲ ਕਰ ਸਕਦੇ ਹਨ।
ਭਾਰਤ ਵਿੱਚ ਵਾਹਨਾਂ ਨੂੰ ਨਹਿਸ਼ ਕਰਨ ਅਤੇ ਰੀਸਾਈਕਲਿੰਗ ਲਈ ਮੌਜੂਦਾ ਉਦਯੋਗ ਅਸੰਗਠਿਤ ਹੈ ਅਤੇ ਪੁਰਾਣੇ ਵਾਹਨਾਂ ਦੀ ਰੀਸਾਈਕਲਿੰਗ ਵਾਤਾਵਰਣ-ਅਨੁਕੂਲ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਇਸ ਨਾਲ ਨਾ ਸਿਰਫ਼ ਸੰਸਾਧਨਾਂ ਦਾ ਦਕਸ਼ ਪ੍ਰਬੰਧਨ ਨਹੀਂ ਕੀਤਾ ਜਾਂਦਾ, ਸਗੋਂ ਉੱਚ-ਸ਼ਕਤੀ ਵਾਲੀਆਂ ਸਟੀਲ ਮਿਸ਼ਰਤ ਧਾਤਾਂ ਦੇ ਪੂਰੇ ਮੁੱਲ ਦੀ ਪ੍ਰਾਪਤੀ ਅਤੇ ਕੀਮਤੀ ਰੇਅਰ-ਅਰਥ ਧਾਤਾਂ ਦੀ ਰਿਕਵਰੀ ਵੀ ਨਹੀਂ ਹੁੰਦੀ। ਮੌਜੂਦਾ ਈਐੱਲਵੀ ਸਕ੍ਰੈਪਿੰਗ ਚੱਕਰ ਵਿੱਚ ਰਿਕਵਰੀ ਪ੍ਰਤੀਸ਼ਤ ਬਹੁਤ ਘੱਟ ਹੈ ਅਤੇ ਬਹੁਤ ਸਾਰੀਆਂ ਸਮੱਗਰੀਆਂ ਬਰਬਾਦ ਹੋ ਜਾਂਦੀਆਂ ਹਨ ਜਾਂ ਸਹੀ ਢੰਗ ਨਾਲ ਰੀਸਾਈਕਲ ਨਹੀਂ ਹੁੰਦੀਆਂ। ਗ਼ੈਰ-ਰਸਮੀ ਉਦਯੋਗ ਦੇ ਅਨੁਮਾਨਾਂ ਅਨੁਸਾਰ, ਭਾਰਤ ਵਿੱਚ ਰਿਕਵਰੀ ਪ੍ਰਤੀਸ਼ਤ ਤਕਰੀਬਨ 70-75% ਹੈ, ਜਦੋਂ ਕਿ ਸਕ੍ਰੈਪ ਕੀਤੇ ਵਾਹਨ ਤੋਂ ਰਿਕਵਰੀ ਲਈ ਗਲੋਬਲ ਬੈਂਚਮਾਰਕ 85-95% ਦੀ ਰੇਂਜ ਵਿੱਚ ਹਨ।
ਕਿਉਂਕਿ ਰੀਸਾਈਕਲਿੰਗ/ਸਕ੍ਰੈਪਿੰਗ ਲਈ ਅਸੰਗਠਿਤ ਖੇਤਰ ਵਿੱਚ ਪ੍ਰਚਲਿਤ ਪ੍ਰਕਿਰਿਆਵਾਂ ਵਾਤਾਵਰਣ-ਅਨੁਕੂਲ ਤਰੀਕੇ ਨਾਲ ਨਹੀਂ ਕੀਤੀਆਂ ਜਾਂਦੀਆਂ, ਇਸ ਲਈ ਇਸ ਮੰਤਰਾਲੇ ਦੀ ਕੋਸ਼ਿਸ਼ ਹੈ ਕਿ ਇਸ ਸਬੰਧ ਵਿੱਚ ਵਾਤਾਵਰਣ-ਅਨੁਕੂਲ ਪ੍ਰਕਿਰਿਆਵਾਂ ਦੀ ਵਰਤੋਂ ਨੂੰ ਸਮਰੱਥ ਬਣਾਉਣ ਲਈ, ਆਰਵੀਐੱਸਐੱਫ ਦੀ ਸਥਾਪਨਾ ਨੂੰ ਉਤਸ਼ਾਹਿਤ ਕੀਤਾ ਜਾਵੇ। ਵਾਹਨ ਸਕ੍ਰੈਪਿੰਗ ਨੀਤੀ ਇਸ ਤਰ੍ਹਾਂ ਰਸਮੀ ਵਪਾਰਕ ਮੌਕੇ ਪੈਦਾ ਕਰਦੀ ਹੈ ਅਤੇ ਸਕ੍ਰੈਪਿੰਗ ਉਦਯੋਗ ਦੇ ਅੰਦਰ ਵਿਗਿਆਨਕ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਦੀ ਹੈ।
ਮੰਤਰੀ ਦੁਆਰਾ ਉਦਘਾਟਨ ਕੀਤਾ ਗਿਆ ਆਰਵੀਐੱਸਐੱਫ ਪ੍ਰਤੀ ਸਾਲ 24,000 ਵਾਹਨਾਂ ਦੇ ਪ੍ਰਬੰਧਨ ਦੀ ਸਮਰੱਥਾ ਦੇ ਨਾਲ 11,000 ਵਰਗ ਮੀਟਰ ਦੇ ਖੇਤਰ ਵਿੱਚ ਸਥਾਪਿਤ ਕੀਤਾ ਗਿਆ ਹੈ। ਇਹ ਪਲਾਂਟ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੁਆਰਾ ਟੋਇਟਾ ਤਸ਼ੂਸ਼ੋ ਗਰੁੱਪ (Toyota Tshusho Group) ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। ਸ਼੍ਰੀ ਗਡਕਰੀ ਨੇ ਮਾਰੂਤੀ ਸੁਜ਼ੂਕੀ ਅਤੇ ਟੋਇਟਾ ਤਸ਼ੂਸ਼ੋ ਗਰੁੱਪ ਨੂੰ ਵਧਾਈ ਦਿੱਤੀ ਅਤੇ ਹੋਰ ਹਿਤਧਾਰਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਨੀਤੀ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਅਜਿਹੀਆਂ ਅਤਿ-ਆਧੁਨਿਕ ਸਕ੍ਰੈਪਿੰਗ ਅਤੇ ਰੀਸਾਈਕਲਿੰਗ ਸੁਵਿਧਾਵਾਂ ਬਣਾਉਣ ਲਈ ਅੱਗੇ ਆਉਣ।
ਉਦਘਾਟਨ ਸਮਾਰੋਹ ਵਿੱਚ ਮਹਾਮਹਿਮ ਸ਼੍ਰੀ ਸਤੋਸ਼ੀ ਸੁਜ਼ੂਕੀ, ਰਾਜਦੂਤ ਐਕਸਟ੍ਰਾਓਰਡੀਨਰੀ ਅਤੇ ਪੂਰਣ ਅਧਿਕਾਰ ਪ੍ਰਾਪਤ, ਜਾਪਾਨ ਐਂਮਬੈਸੀ, ਭਾਰਤ ਨੇ ਵੀ ਸ਼ਿਰਕਤ ਕੀਤੀ।
**********
ਐੱਮਜੇਪੀਐੱਸ
(Release ID: 1774366)
Visitor Counter : 204