ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਨੇ ਮਹਾਰਾਸ਼ਟਰ 'ਚ ਤਲਾਸ਼ੀ ਕਾਰਵਾਈ ਕੀਤੀ
Posted On:
06 NOV 2021 11:17AM by PIB Chandigarh
ਇਨਕਮ ਟੈਕਸ ਵਿਭਾਗ ਨੇ 27 ਅਕਤੂਬਰ, 2021 ਨੂੰ ਅਰਬਨ ਕ੍ਰੈਡਿਟ ਕੋਆਪ੍ਰੇਟਿਵ ਬੈਂਕ ਦੇ ਮੁੱਖ ਦਫ਼ਤਰ ਅਤੇ ਉਸ ਦੀ ਇਕ ਸ਼ਾਖਾ 'ਤੇ ਛਾਪੇਮਾਰੀ ਕਰਕੇ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਕੀਤੀ। ਇਹ ਬੈਂਕ ਮਹਾਰਾਸ਼ਟਰ ਵਿੱਚ ਸਥਿਤ ਹੈ। ਬੈਂਕ ਦੇ ਚੇਅਰਮੈਨ ਅਤੇ ਡਾਇਰੈਕਟਰਾਂ ਦੇ ਰਿਹਾਇਸ਼ਾਂ ਦੀ ਵੀ ਤਲਾਸ਼ੀ ਲਈ ਗਈ।
ਬੈਂਕ ਦੀਆਂ ਸ਼ਾਖਾਵਾਂ ਨੂੰ ਇੱਕ-ਦੂਸਰੇ ਨਾਲ ਜੋੜਨ ਵਾਲੇ ਕੋਰ ਬੈਂਕਿੰਗ ਸਲਿਊਸ਼ਨ (ਸੀਬੀਐੱਸ) ਦੇ ਬੈਂਕ ਅੰਕੜਿਆਂ ਅਤੇ ਛਾਪੇਮਾਰੀ ਦੌਰਾਨ ਪ੍ਰਮੁੱਖ ਵਿਅਕਤੀਆਂ ਤੋਂ ਪੁੱਛਗਿੱਛ ਦੇ ਵਿਸ਼ਲੇਸ਼ਣ ਤੋਂ ਪਤਾ ਲਗਿਆ ਹੈ ਕਿ ਬੈਂਕ ਖਾਤੇ ਖੋਲ੍ਹਣ ਵਿੱਚ ਵੱਡੀਆਂ ਬੇਨਿਯਮੀਆਂ ਵਰਤੀਆਂ ਗਈਆਂ ਸਨ। ਬੈਂਕ ਦੀ ਉਪਰੋਕਤ ਸ਼ਾਖਾ ਵਿੱਚ ਬਿਨਾਂ ਪੈਨ ਕਾਰਡ ਦੇ 1200 ਤੋਂ ਵੱਧ ਨਵੇਂ ਖਾਤੇ ਖੋਲ੍ਹੇ ਗਏ। ਪੜਤਾਲ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਬੈਂਕ ਖਾਤੇ ਕੇਵਾਈਸੀ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਖੋਲ੍ਹੇ ਗਏ ਸਨ। ਇਸ ਤੋਂ ਇਲਾਵਾ ਬੈਂਕ ਸਟਾਫ਼ ਦੁਆਰਾ ਖਾਤਿਆਂ ਨੂੰ ਖੋਲ੍ਹਣ ਲਈ ਫਾਰਮ ਭਰੇ ਗਏ ਅਤੇ ਉਕਤ ਵਿਅਕਤੀਆਂ ਨੇ ਆਪਣੇ ਦਸਤਖ਼ਤ ਜਾਂ ਅੰਗੂਠੇ ਦਾ ਨਿਸ਼ਾਨ ਲਗਾਇਆ|
ਇਨ੍ਹਾਂ ਸਾਰੇ ਖਾਤਿਆਂ ਵਿੱਚ ਨਕਦੀ ਜਮ੍ਹਾਂ ਕੀਤੀ ਗਈ ਸੀ। ਹਰੇਕ ਖਾਤੇ ਵਿੱਚ 1.9 ਲੱਖ ਰੁਪਏ ਦੇ ਹਿਸਾਬ ਨਾਲ ਰਕਮ ਜਮ੍ਹਾਂ ਕੀਤੀ ਗਈ ਸੀ, ਜਿਸ ਦਾ ਕੁੱਲ ਜੋੜ 53.72 ਕਰੋੜ ਰੁਪਏ ਬਣਦਾ ਹੈ। ਇਨ੍ਹਾਂ ਖਾਤਿਆਂ ਵਿੱਚ 700 ਤੋਂ ਵੱਧ ਬੈਂਕ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜੋ ਲੜੀਵਾਰ ਤਰੀਕੇ ਨਾਲ ਖੋਲ੍ਹੇ ਗਏ ਸਨ। ਖਾਤਾ ਖੁੱਲ੍ਹਣ ਦੇ ਸੱਤ ਦਿਨਾਂ ਦੇ ਅੰਦਰ, ਭਾਵ ਅਗਸਤ 2020 ਤੋਂ ਮਈ 2021 ਦੇ ਵਿਚਕਾਰ, ਇਹਨਾਂ ਖਾਤਿਆਂ ਵਿੱਚ 34.10 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕੀਤੀ ਗਈ ਸੀ। ਇਹ ਰਕਮ ਇਸ ਤਰੀਕੇ ਨਾਲ ਜਮ੍ਹਾਂ ਕੀਤੀ ਗਈ ਸੀ ਕਿ 2 ਲੱਖ ਰੁਪਏ ਤੋਂ ਵੱਧ ਦੀ ਜਮ੍ਹਾਂ ਰਕਮ ਲਈ ਪੈਨ ਦੀ ਲਾਜ਼ਮੀ ਲੋੜ ਤੋਂ ਬਚਿਆ ਜਾ ਸਕੇ। ਬਾਅਦ ਵਿੱਚ, ਉਸੇ ਸ਼ਾਖਾ ਵਿੱਚ ਜਮ੍ਹਾਂ ਰਕਮ ਨੂੰ ਇੱਕ ਫਿਕਸਡ ਡਿਪਾਜ਼ਿਟ ਵਿੱਚ ਬਦਲ ਦਿੱਤਾ ਗਿਆ।
ਕੁਝ ਮਾਮਲਿਆਂ ਵਿੱਚ, ਖਾਤਾ ਧਾਰਕਾਂ ਦੀ ਤਰ੍ਹਾਂ ਸਥਾਨਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਬੈਂਕ ਵਿੱਚ ਜਮ੍ਹਾਂ ਰਕਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਨ੍ਹਾਂ ਸਾਰਿਆਂ ਨੇ ਅਜਿਹੇ ਕਿਸੇ ਬੈਂਕ ਖਾਤੇ ਜਾਂ ਫਿਕਸਡ ਡਿਪਾਜ਼ਿਟ ਬਾਰੇ ਕੋਈ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਚੇਅਰਮੈਨ, ਚੀਫ਼ ਮੈਨੇਜਿੰਗ ਡਾਇਰੈਕਟਰ ਅਤੇ ਬ੍ਰਾਂਚ ਮੈਨੇਜਰ ਵੀ ਨਕਦੀ ਜਮ੍ਹਾਂ ਦੇ ਸਰੋਤ ਬਾਰੇ ਕੋਈ ਹਿਸਾਬ ਨਹੀਂ ਦੇ ਸਕੇ। ਉਨ੍ਹਾਂ ਮੰਨਿਆ ਕਿ ਅਜਿਹਾ ਬੈਂਕ ਦੇ ਇੱਕ ਡਾਇਰੈਕਟਰ ਦੇ ਕਹਿਣ ’ਤੇ ਕੀਤਾ ਗਿਆ ਹੈ। ਬੈਂਕ ਦਾ ਇਹ ਡਾਇਰੈਕਟਰ ਅਨਾਜ ਦੀ ਆੜ੍ਹਤ ਕਰਨ ਵਾਲਾ ਸਥਾਨਕ ਕਾਰੋਬਾਰੀ ਹੈ ।
ਜਮ੍ਹਾਂ ਕੀਤੇ ਗਏ ਸਬੂਤਾਂ ਅਤੇ ਦਰਜ ਬਿਆਨਾਂ ਦੇ ਅਧਾਰ 'ਤੇ 53.72 ਕਰੋੜ ਰੁਪਏ ਦੀ ਰਕਮ ਨੂੰ ਰੋਕ ਦਿੱਤਾ ਗਿਆ ਹੀ।
ਅਗਲੇਰੀ ਜਾਂਚ ਚਲ ਰਹੀ ਹੈ।
***************
ਆਰਐੱਮ/ਕੇਐੱਮਐੱਨ
(Release ID: 1769781)
Visitor Counter : 175