ਉਪ ਰਾਸ਼ਟਰਪਤੀ ਸਕੱਤਰੇਤ
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਸ਼ਬਦਾਂ ਨੂੰ ਅਰਥ ਦੇਣ ਲਈ ਨਿਰੰਤਰ ਕੰਮ ਕਰਨਾ ਸਾਡੇ ਵਿੱਚੋਂ ਹਰੇਕ ਦਾ ਫਰਜ਼ ਹੈ: ਉਪ ਰਾਸ਼ਟਰਪਤੀ
ਭਾਰਤ ਦਾ ਸੰਵਿਧਾਨ ਇੱਕ ਦੂਰਦਰਸ਼ੀ ਦਸਤਾਵੇਜ਼ ਹੈ, ਜੋ ਸਾਡੀਆਂ ਮੂਲ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਮੂਲ ਕਦਰਾਂ-ਕੀਮਤਾਂ ਸਾਡੀ ਅਮੀਰ ਸੰਸਕ੍ਰਿਤੀ ਦਾ ਪ੍ਰਤੀਬਿੰਬ ਹਨ
ਸਾਡੀਆਂ ਸ਼ਕਤੀਆਂ ਅਤੇ ਊਰਜਾ ਤੇਜ਼ੀ ਨਾਲ ਵਿਕਾਸ ਕਰਨ ਅਤੇ ਭਲਾਈ ਦੇ ਰਾਹ ਵਿੱਚ ਵਿਘਨ ਪਾਉਣ ਵਾਲੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਹਨ: ਉਪ ਰਾਸ਼ਟਰਪਤੀ
ਆਤਮਨਿਰਭਰਤਾ ਦੇ ਮੰਤਰ ਨਾਲ ਸੰਚਾਲਿਤ ਭਾਰਤ ਇੱਕ ਵਿਸ਼ਵ ਸ਼ਕਤੀ ਵਜੋਂ ਉੱਭਰ ਰਿਹਾ ਹੈ ਅਤੇ ਮਿੱਤਰ ਦੇਸ਼ਾਂ ਨੂੰ ਮਦਦ ਪ੍ਰਦਾਨ ਕਰ ਰਿਹਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕੋਲ ਰੱਖਿਆ ਉਪਕਰਣਾਂ ਦਾ ਮੋਹਰੀ ਨਿਰਮਾਤਾ ਬਣਨ ਦੀ ਸਮਰੱਥਾ ਹੈ
ਉਪ ਰਾਸ਼ਟਰਪਤੀ ਨੇ 61ਵੇਂ ਨੈਸ਼ਨਲ ਡਿਫੈਂਸ ਕਾਲਜ ਕੋਰਸ ਦੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ
Posted On:
02 NOV 2021 7:18PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿਚਲੇ ਸ਼ਬਦਾਂ ਨੂੰ ਅਰਥ ਦੇਣ ਦਾ ਸੱਦਾ ਦਿੱਤਾ।
ਭਾਰਤੀ ਸੰਵਿਧਾਨ ਨੂੰ ਇੱਕ ਦੂਰਅੰਦੇਸ਼ੀ ਦਸਤਾਵੇਜ਼ ਦੱਸਦਿਆਂ, ਜੋ ਭਾਰਤ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਨਾਗਰਿਕਾਂ ਨੂੰ ਕੁਝ ਬੁਨਿਆਦੀ ਕਰਤੱਵਾਂ ਦੀ ਯਾਦ ਦਿਵਾਉਂਦੇ ਹੋਏ, ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਯਕੀਨੀ ਬਣਾਉਂਦਾ ਹੈ। "ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ, ਅਸੀਂ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਣਾਉਣ ਅਤੇ ਇਸਦੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਕਰਨ ਦਾ ਸੰਕਲਪ ਲਿਆ ਹੈ: ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ। ਉਨ੍ਹਾਂ ਕਿਹਾ ਕਿ ਇਹੀ ਭਾਰਤ ਹੈ।
"ਭਾਰਤ ਦੀਆਂ ਰਾਸ਼ਟਰੀ ਮੂਲ ਕਦਰਾਂ-ਕੀਮਤਾਂ, ਰੁਚੀਆਂ ਅਤੇ ਉਦੇਸ਼" ਵਿਸ਼ੇ 'ਤੇ 61ਵੇਂ ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ) ਕੋਰਸ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼ਾਂਤੀਪੂਰਨ ਸਹਿ-ਹੋਂਦ, ਵਿਸ਼ਵ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਭਾਰਤ ਦੀਆਂ ਕਦਰਾਂ-ਕੀਮਤਾਂ ਦੇ ਮੁੱਖ ਤੱਤ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਹਿਤ ਅਤੇ ਉਦੇਸ਼ ਪਿਛਲੀਆਂ ਕਈ ਸਦੀਆਂ ਤੋਂ ਵਰਣਿਤ ਅਤੇ ਅਭਿਆਸ ਕੀਤੀ ਗਈ ਵਿਸ਼ਵਵਿਆਪੀ ਦ੍ਰਿਸ਼ਟੀ ਤੋਂ ਸੇਧਿਤ ਹਨ। ਉਨ੍ਹਾਂ ਕਿਹਾ, "ਸਾਨੂੰ ਇਨ੍ਹਾਂ ਉਦੇਸ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਉਸ ਭਾਰਤ ਨੂੰ ਬਣਾਉਣ ਲਈ ਅੱਗੇ ਵਧ ਰਹੇ ਹਾਂ, ਜਿਸ ਦਾ ਅਸੀਂ ਸੁਪਨਾ ਦੇਖ ਰਹੇ ਹਾਂ।" ਸ਼੍ਰੀ ਨਾਇਡੂ ਨੇ ਭਾਰਤੀਆਂ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਨੂੰ ਪਛਾਣਨ ਅਤੇ ਉਨ੍ਹਾਂ 'ਤੇ ਨਿਰਮਾਣ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲਚਕਤਾ, ਆਤਮਨਿਰਭਰ ਅਤੇ ਆਤਮਵਿਸ਼ਵਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮੇਂ ਦੇ ਨਾਲ ਖ਼ਤਮ ਹੋਣ ਵਾਲੀਆਂ ਹੋਰ ਪੁਰਾਣੀਆਂ ਸੱਭਿਅਤਾਵਾਂ ਦੇ ਉਲਟ, ਭਾਰਤੀ ਸੱਭਿਅਤਾ ਆਪਣੀਆਂ ਕਦਰਾਂ-ਕੀਮਤਾਂ, ਸੱਭਿਆਚਾਰ, ਵਿਰਾਸਤ ਅਤੇ ਪਰੰਪਰਾਵਾਂ ਕਾਰਨ ਵਿਦੇਸ਼ੀ ਹਮਲਿਆਂ ਤੋਂ ਬਚੀ ਰਹੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ 'ਵਸੁਧੈਵ ਕੁਟੁੰਬਕਮ' ਭਾਵ 'ਪੂਰਾ ਵਿਸ਼ਵ ਇੱਕ ਪਰਿਵਾਰ ਹੈ' ਦੀ ਭਾਵਨਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਵਿਸ਼ਵ-ਵਿਆਪੀ ਭਾਈਚਾਰੇ ਦਾ ਪ੍ਰਚਾਰ ਕੀਤਾ ਹੈ ਅਤੇ ਦੂਜਿਆਂ ਨਾਲ ਸ਼ਾਂਤੀਪੂਰਨ ਸਹਿ-ਹੋਂਦ ਦੀ ਵਕਾਲਤ ਕੀਤੀ ਹੈ। ਇਹ ਨੋਟ ਕਰਦੇ ਹੋਏ ਕਿ ਭਾਰਤੀ ਸੱਭਿਅਤਾ ਨੇ ਹਮੇਸ਼ਾ ਪੂਰੀ ਦੁਨੀਆ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਪੁਰਾਣੇ ਸਮੇਂ ਤੋਂ, ਭਾਰਤ ਨੇ ਆਪਣੇ ਗਿਆਨ, ਹੁਨਰ ਅਤੇ ਅਭਿਆਸਾਂ ਨੂੰ ਬਾਕੀ ਦੁਨੀਆ ਨਾਲ ਸਾਂਝਾ ਕੀਤਾ ਹੈ ਤਾਂ ਜੋ ਹੋਰ ਵੀ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ, "ਸਿਫ਼ਰ ਤੋਂ ਯੋਗ ਤੱਕ, 'ਵੰਡ ਅਤੇ ਸੰਭਾਲ਼' ਦੇ ਗੁਣ ਦੁਆਰਾ ਅਧਾਰਿਤ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦਾ ਯੋਗਦਾਨ ਬਹੁਤ ਜ਼ਿਆਦਾ ਰਿਹਾ ਹੈ।"
ਰਾਸ਼ਟਰ ਦੀ ਤਰੱਕੀ ਨੂੰ ਰੋਕਣ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਨਕਾਰਾਤਮਕ ਸ਼ਕਤੀਆਂ ਦੇ ਉਭਾਰ ਵੱਲ ਇਸ਼ਾਰਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ, ''ਸਾਨੂੰ ਇਨ੍ਹਾਂ ਵਿਨਾਸ਼ਕਾਰੀ ਤਾਕਤਾਂ ਨੂੰ ਹਰਾਉਣ ਲਈ ਆਪਣੇ ਬਚਾਅ ਪੱਖ ਨੂੰ ਤਿਆਰ ਕਰਨਾ ਹੋਵੇਗਾ। ਅਸੀਂ ਅੱਤਵਾਦ, ਵਿਦਰੋਹ ਅਤੇ ਨਫ਼ਰਤ ਅਤੇ ਕੱਟੜਤਾ ਦੀ ਬਿਆਨਬਾਜ਼ੀ ਦੇ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।" ਯੂਨੈਸਕੋ ਦੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, "ਜਦੋਂ ਤੋਂ ਯੁੱਧ ਮਨੁੱਖਾਂ ਦੇ ਮਨਾਂ ਵਿੱਚ ਸ਼ੁਰੂ ਹੁੰਦੇ ਹਨ, ਇਹ ਵੀ ਮਨੁੱਖਾਂ ਦੇ ਦਿਮਾਗ ਵਿੱਚ ਹੈ ਕਿ ਸ਼ਾਂਤੀ ਦੀ ਰੱਖਿਆ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ"। ਉਨ੍ਹਾਂ ਇਨ੍ਹਾਂ ਸ਼ਬਦਾਂ ਨੂੰ ਭਾਰਤੀ ਮੁੱਲ ਪ੍ਰਣਾਲੀ ਦੀ ਗੂੰਜ ਕਿਹਾ ਜੋ ਵਿਸ਼ਵਾਸ ਕਰਦੀ ਹੈ ਕਿ 'ਸਾਨੂੰ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ, ਜੇਕਰ ਅਸੀਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਬਦਲਣਾ ਹੈ'।
ਹਿੰਸਕ ਵਿਚਾਰਾਂ ਅਤੇ ਜਜ਼ਬਾਤਾਂ ਤੋਂ ਦੂਰ ਰਹਿਣ ਅਤੇ ਦੁਨੀਆ ਦੇ ਦੇਸ਼ਾਂ ਨੂੰ ਮਿਲ ਕੇ ਤਰੱਕੀ ਕਰਨ ਦੀ ਅਗਵਾਈ ਕਰਨ ਵਾਲੀਆਂ ਹੋਰ ਆਵਾਜ਼ਾਂ ਦੀ ਲੋੜ ਨੂੰ ਉਜਾਗਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਅਜਿਹੇ ਗੱਠਜੋੜ ਬਣਾਉਣ ਦੀ ਲੋੜ ਹੈ ਜੋ ਇਸ ਗ੍ਰਹਿ 'ਤੇ ਸ਼ਾਂਤੀ, ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ। ਉਨ੍ਹਾਂ ਅੱਗੇ ਕਿਹਾ, "ਇਹ ਉਹੀ ਹੈ ਜਿਸਦੀ ਭਾਰਤ ਨੇ ਹਮੇਸ਼ਾ ਵਕਾਲਤ ਕੀਤੀ ਹੈ ਅਤੇ ਇਹੀ ਹੈ ਜੋ ਇਸ ਨੂੰ ਸਮਕਾਲੀ ਸਮੇਂ ਵਿੱਚ ਇੱਕ ਢੁਕਵੀਂ, ਭਰੋਸੇਯੋਗ ਆਵਾਜ਼ ਬਣਾਉਂਦਾ ਹੈ।"
ਉਪ ਰਾਸ਼ਟਰਪਤੀ ਨੇ ਕਿਹਾ ਕਿ ਆਤਮਨਿਰਭਰਤਾ ਦੇ ਮੰਤਰ ਨਾਲ ਸੰਚਾਲਿਤ ਭਾਰਤ ਇੱਕ ਵਿਸ਼ਵ ਸ਼ਕਤੀ ਵਜੋਂ ਉੱਭਰ ਰਿਹਾ ਹੈ ਅਤੇ ਮਿੱਤਰ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ- ਚਾਹੇ ਉਹ ਉਨ੍ਹਾਂ ਦੇ ਵਿਕਾਸ ਵਿੱਚ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੋਵੇ, ਕੋਵਿਡ-19 ਮਹਾਮਾਰੀ ਵਰਗੇ ਸੰਕਟਾਂ ਨਾਲ ਲੜ ਰਿਹਾ ਹੋਵੇ ਜਾਂ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਪ੍ਰਦਾਨ ਕਰ ਰਿਹਾ ਹੋਵੇ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਸ਼ਾਲ ਜਨਸੰਖਿਆ ਲਾਭ ਦੀ ਬਖਸ਼ਿਸ਼ ਹੈ ਅਤੇ ਸਾਨੂੰ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀ ਤਰੱਕੀ ਨੂੰ ਤੇਜ਼ੀ ਨਾਲ ਟਰੈਕ ਕਰਨ ਲਈ ਵਿਸ਼ਾਲ ਮਨੁੱਖੀ ਸੰਸਾਧਨਾਂ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਨਾਲ ਵਰਤਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਉੱਚ ਪੱਧਰੀ ਜੀਵਨ ਦਾ ਆਨੰਦ ਮਾਣਨ ਵਾਲੇ ਲੋਕਾਂ ਦੇ ਨਾਲ ਇੱਕ ਯੋਗ, ਆਤਮ-ਵਿਸ਼ਵਾਸ ਅਤੇ ਮਜ਼ਬੂਤ ਰਾਸ਼ਟਰ ਬਣਨ ਦੇ ਉਦੇਸ਼ ਦੀ ਏਕਤਾ ਹੈ। ਉਨ੍ਹਾਂ ਕਿਹਾ, "ਜੇ ਅਸੀਂ ਸਾਰੇ 'ਟੀਮ ਇੰਡੀਆ' ਵਜੋਂ ਕੰਮ ਕਰਨਾ ਸ਼ੁਰੂ ਕਰ ਦੇਈਏ ਅਤੇ ਆਪਣੇ ਰਾਸ਼ਟਰ ਦੇ ਵਿਕਾਸ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ, ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਅਸੀਂ 'ਵਿਸ਼ਵ ਗੁਰੂ' ਦੇ ਰੂਪ ਵਿੱਚ ਇੱਕ ਵਾਰ ਫਿਰ ਆਪਣੀ ਪ੍ਰਸਿੱਧੀ ਦਾ ਦਾਅਵਾ ਕਰ ਸਕਾਂਗੇ।" ਸ਼੍ਰੀ ਨਾਇਡੂ ਨੇ ਨਾ ਸਿਰਫ ਸਾਡੇ ਦੇਸ਼ ਦੇ ਲੋਕਾਂ ਲਈ ਸਗੋਂ ਸਮੁੱਚੀ ਮਾਨਵਤਾ ਲਈ ਆਪਣੀਆਂ ਸ਼ਕਤੀਆਂ ਨੂੰ ਵਰਤਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਉਦੋਂ ਚਮਕਦਾ ਹੈ, ਜਦੋਂ ਭਾਰਤ ਦੇ 135 ਕਰੋੜ ਲੋਕ ਇਸ ਦੇ ਨਾਲ ਚਮਕਦੇ ਹਨ।"
ਇਹ ਨੋਟ ਕਰਦੇ ਹੋਏ ਕਿ ਭਾਰਤ ਅਤਿ-ਆਧੁਨਿਕ ਪੁਲਾੜ ਲਾਂਚ ਵਾਹਨਾਂ, ਮਿਜ਼ਾਈਲਾਂ, ਹਵਾਈ ਜਹਾਜ਼ਾਂ ਅਤੇ ਹੋਰ ਰੱਖਿਆ ਉਪਕਰਣਾਂ ਦਾ ਨਿਰਮਾਣ ਕਰ ਰਿਹਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕੋਲ ਰੱਖਿਆ ਉਪਕਰਣਾਂ ਦਾ ਵੀ ਮੋਹਰੀ ਨਿਰਮਾਤਾ ਬਣਨ ਦੀ ਸਮਰੱਥਾ ਹੈ।
ਉਪ ਰਾਸ਼ਟਰਪਤੀ ਨੇ 61ਵੇਂ ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ) ਕੋਰਸ ਦੇ ਭਾਗੀਦਾਰਾਂ ਨੂੰ ਵੱਕਾਰੀ ਸੰਸਥਾ ਦੀ ਵਿਰਾਸਤ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ। ਦੀਵਾਲੀ ਦੇ ਆਗਾਮੀ ਤਿਉਹਾਰ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਤੁਹਾਡੀ ਦੀਵਾਲੀ ਸ਼ਾਨਦਾਰ ਰਹੇਗੀ ਅਤੇ ਇਸ ਕਾਲਜ ਵਿੱਚ ਆਪਣੀ ਸਿਖਲਾਈ ਦੀਆਂ ਸੁਹਾਣੀਆਂ ਯਾਦਾਂ ਨੂੰ ਵਾਪਸ ਲੈ ਕੇ ਜਾਓਗੇ ਅਤੇ ਇੱਥੇ ਪ੍ਰਾਪਤ ਗਿਆਨ ਅਤੇ ਸੂਝ ਦੀ ਵਰਤੋਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਰੌਸ਼ਨ ਕਰਨ ਲਈ ਕਰੋਗੇ। ਤੁਸੀਂ ਜਿੱਥੇ ਵੀ ਹੋ ਸ਼ਾਂਤੀ, ਸਦਭਾਵਨਾ ਅਤੇ ਖੁਸ਼ੀਆਂ-ਖੇੜੇ ਲਿਆਓ।"
ਬਾਅਦ ਵਿੱਚ ਭਾਗੀਦਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਉਪ ਰਾਸ਼ਟਰਪਤੀ ਨੇ ਕਦਰਾਂ-ਕੀਮਤਾਂ ਦੇ ਖ਼ੋਰੇ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਨੇਤਾਵਾਂ ਨੂੰ ਆਪਣੇ ਆਚਰਣ ਰਾਹੀਂ ਦੂਜਿਆਂ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਰਾਜਨੀਤੀ ਅਤੇ ਜਨਤਕ ਜੀਵਨ ਵਿੱਚ ਡਿੱਗਦੇ ਮਿਆਰ 'ਤੇ ਨਿਰਾਸ਼ਾ ਜ਼ਾਹਰ ਕੀਤੀ।
ਪਿਛਲੇ 75 ਸਾਲਾਂ ਵਿੱਚ ਭਾਰਤ ਦੀਆਂ ਵੱਖ-ਵੱਖ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਬੁਨਿਆਦੀ ਢਾਂਚਾ ਬਣਾਉਣ, ਸੇਫ਼ਟੀ ਅਤੇ ਸੁਰੱਖਿਆ ਪ੍ਰਦਾਨ ਕਰਨ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਤੋਂ ਇਲਾਵਾ, ਭਾਰਤ ਨੇ ਸ਼ਾਂਤੀਪੂਰਵਕ ਚੋਣਾਂ ਕਰਵਾਈਆਂ ਹਨ ਅਤੇ ਸ਼ਾਸਨ ਬਦਲੇ ਹਨ।
ਭਾਰਤ ਇੱਕ ਸ਼ਾਂਤੀ-ਪ੍ਰੇਮੀ ਦੇਸ਼ ਹੈ ਅਤੇ ਕਦੇ ਵੀ ਹਮਲਾਵਰ ਇੱਛਾਵਾਂ ਨੂੰ ਨਹੀਂ ਪਾਲਿਆ।
ਨੌਜਵਾਨਾਂ ਨੂੰ ਆਪਣੀ ਸਲਾਹ ਲਈ ਪੁੱਛੇ ਜਾਣ 'ਤੇ, ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਸਕਾਰਾਤਮਕ ਰਹਿਣਾ ਚਾਹੀਦਾ ਹੈ, ਅਨੁਸ਼ਾਸਿਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਇਸ ਵਰਚੁਅਲ ਈਵੈਂਟ ਦੌਰਾਨ ਏਅਰ ਮਾਰਸ਼ਲ ਡੀ ਚੌਧਰੀ ਏਵੀਐੱਸਐੱਮ ਵੀਐੱਮ ਵੀਐੱਸਐੱਮ, 61ਵੇਂ ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ) ਕੋਰਸ ਦੇ ਭਾਗੀਦਾਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
**********
ਐੱਮਐੱਸ/ਐੱਨਐੱਸ/ਡੀਪੀ
(Release ID: 1769339)
Visitor Counter : 621