ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗੋਆ ਰਾਜ ਲਈ ਅੱਜ 1,250 ਕਰੋੜ ਰੁਪਏ ਦੇ ਨਵੇਂ ਸੜਕ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ


ਗੋਆ ਵਿੱਚ ਆਈਫ਼ਲ ਟਾਵਰ ਦੀ ਤਰਜ਼ 'ਤੇ ਜ਼ੁਆਰੀ ਬ੍ਰਿਜ 'ਤੇ ਇੱਕ ਦਰਸ਼ਕ ਗੈਲਰੀ ਵਿਕਸਿਤ ਕੀਤੀ ਜਾਵੇਗੀ: ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ



ਕੇਂਦਰੀ ਰੋਡ ਟਰਾਂਸਪੋਰਟ ਮੰਤਰਾਲੇ ਦੁਆਰਾ ਗੋਆ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਲਈ ਸਾਲਾਨਾ ਬਜਟ ਯੋਜਨਾ 2,000 ਕਰੋੜ ਰੁਪਏ ਤੋਂ ਵਧਾ ਕੇ 5,000 ਕਰੋੜ ਰੁਪਏ ਕੀਤੀ ਗਈ

Posted On: 02 NOV 2021 3:56PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਅੱਜ ਗੋਆ ਰਾਜ ਲਈ 1,250 ਕਰੋੜ ਰੁਪਏ ਦੇ ਨਵੇਂ ਸੜਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰਾਜ ਵਿੱਚ ਸੜਕ ਵਿਕਾਸ ਕਾਰਜਾਂ ਦੇ ਚਾਰ ਨਵੇਂ ਪੜਾਵਾਂ ਦਾ ਐਲਾਨ ਕੀਤਾ। ਉਹ ਅੱਜ ਰਾਜ ਵਿੱਚ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਸਮੀਖਿਆ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ “ਸੂਬੇ ਦੇ ਵਿਕਾਸ ਲਈ ਕਈ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।”


 

 

ਨਵੇਲਿਮ ਤੋਂ ਕੁਨਕੋਲਿਮ ਤੱਕ ਸੜਕ ਸਾਢੇ ਛੇ ਕਿਲੋਮੀਟਰ ਲੰਬੀ ਹੋਵੇਗੀ। ਇਸ ਲਈ 24 ਹੈਕਟੇਅਰ ਜ਼ਮੀਨ ਐਕੁਆਇਰ ਕੀਤੀ ਗਈ ਹੈ ਅਤੇ ਸੜਕ ਦੀ ਅਨੁਮਾਨਤ ਲਾਗਤ 270 ਕਰੋੜ ਰੁਪਏ ਹੈ। ਨਾਲ ਹੀ, ਕਨਕੋਨਾ ਆਊਟਰ ਬਾਈਪਾਸ ਸੜਕ ਤੋਂ ਪੋਲੇਮ ਤੱਕ 8 ਕਿਲੋਮੀਟਰ ਸੜਕ ਦਾ ਨਿਰਮਾਣ 200 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਸੰਜੀਵਨੀ ਸ਼ੂਗਰ ਫੈਕਟਰੀ ਧਰਬੰਦੋਰਾ ਤੋਂ ਖੰਡੇਪੜ ਤੱਕ ਸੜਕ ਦਾ ਨਿਰਮਾਣ 200 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਅਤੇ 575 ਕਰੋੜ ਰੁਪਏ ਦੀ ਲਾਗਤ ਨਾਲ ਪੋਂਡਾ ਤੋਂ ਭੋਮਾ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਅੱਜ ਕੁੱਲ 1,250 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। 

 

 ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਗੇ ਕਿਹਾ, ਸਾਗਰਮਾਲਾ ਅਤੇ ਭਾਰਤਮਾਲਾ ਪ੍ਰੋਜੈਕਟਾਂ ਦੇ ਤਹਿਤ, 2014 ਤੋਂ ਗੋਆ ਵਿੱਚ 25,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਲਾਗੂ ਕੀਤੇ ਗਏ ਹਨ।





 

 ਕੇਂਦਰੀ ਮੰਤਰੀ ਨੇ ਦੱਸਿਆ ਕਿ ਗੋਆ ਵਿੱਚ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਦੁਆਰਾ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਲਈ ਸਾਲਾਨਾ ਬਜਟ 2,000 ਕਰੋੜ ਰੁਪਏ ਤੋਂ ਵਧਾ ਕੇ 5,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। 

 

 ਬਹੁਤ ਉਡੀਕ ਤੋਂ ਬਾਅਦ, ਜ਼ੁਆਰੀ ਨਦੀ 'ਤੇ ਬਣਨ ਵਾਲੇ ਅਤਿ-ਆਧੁਨਿਕ ਪੁਲ, ਜਿਸ ਨੂੰ ਸੂਬੇ ਵਿੱਚ ਸੈਲਾਨੀਆਂ ਲਈ ਇੱਕ ਪ੍ਰਮੁੱਖ ਆਕਰਸ਼ਣ ਮੰਨਿਆ ਜਾਂਦਾ ਹੈ, ਬਾਰੇ ਬੋਲਦਿਆਂ ਮੰਤਰੀ ਨੇ ਦੱਸਿਆ ਕਿ ਇਸ ਪੁਲ 'ਤੇ ਕੋਈ ਟੋਲ ਪਲਾਜ਼ਾ ਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਹਾਲਾਂਕਿ ਇਸ ਮਕਸਦ ਲਈ ਜ਼ਮੀਨ ਹਾਸਲ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸੀਮਾ 'ਤੇ ਟੋਲ ਪਲਾਜ਼ਾ ਚਾਲੂ ਰਹੇਗਾ। 

 

 ਐਕੁਆਇਰ ਕੀਤੀ ਜ਼ਮੀਨ ਦੀ ਵਰਤੋਂ ਸੈਰ-ਸਪਾਟੇ ਦੀਆਂ ਸੁਵਿਧਾਵਾਂ ਜਿਵੇਂ ਰਿਵੋਲਵਿੰਗ ਰੈਸਟੋਰੈਂਟ, ਗੈਸ ਸਟੇਸ਼ਨ ਆਦਿ ਲਈ ਕੀਤੀ ਜਾਵੇਗੀ। ਉਸ ਜ਼ਮੀਨ 'ਤੇ ਆਈਫ਼ਲ ਟਾਵਰ ਦੇ ਮਾਡਲ ਵਾਲੀ ਦਰਸ਼ਕ ਗੈਲਰੀ ਵੀ ਸਥਾਪਿਤ ਕੀਤੀ ਜਾਵੇਗੀ। ਸ਼੍ਰੀ ਗਡਕਰੀ ਨੇ ਦੱਸਿਆ ਕਿ ਇਸ ਮੰਤਵ ਲਈ ਟੈਂਡਰ ਜਾਰੀ ਕੀਤਾ ਜਾਵੇਗਾ।

 

 ਗੈਲਰੀ ਦਾ ਖਾਕਾ ਮੁਕੰਮਲ ਕਰ ਲਿਆ ਗਿਆ ਹੈ ਅਤੇ ਅਸਲ ਕੰਮ 15 ਦਸੰਬਰ ਤੱਕ ਸ਼ੁਰੂ ਹੋ ਜਾਵੇਗਾ। ਜ਼ੁਆਰੀ ਪੁਲ ਦੀ ਇੱਕ ਲੇਨ ਦਾ ਉਦਘਾਟਨ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਕੀਤਾ ਜਾਵੇਗਾ। ਦਰਸ਼ਕ ਗੈਲਰੀ ਦੇ ਨਾਲ ਵਿਕਸਿਤ ਕੀਤੇ ਜਾਣ ਵਾਲੇ ਰੈਸਟੋਰੈਂਟ ਅਤੇ ਮਾਲ ਦੀ ਸੜਕ ਦੇ ਦੋਵੇਂ ਪਾਸੇ ਤੋਂ ਪਹੁੰਚ ਹੋਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਮਾਲ ਵਿੱਚ ਸਥਾਨਕ ਉਤਪਾਦਾਂ ਦੀ ਵਿਕਰੀ ਲਈ ਜਗ੍ਹਾ ਉਪਲਬਧ ਕਰਵਾਈ ਜਾਵੇਗੀ।

 

 ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਮੋਪਾ ਹਵਾਈ ਅੱਡੇ ਨੂੰ ਜਾਣ ਵਾਲੀ ਲਿੰਕ ਸੜਕ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲਾ ਇਸ ਸੱਤ ਕਿਲੋਮੀਟਰ ਲੰਬੀ ਸੜਕ 'ਤੇ 1,200 ਕਰੋੜ ਰੁਪਏ ਖਰਚ ਕਰੇਗਾ। 

 

 ਸ਼੍ਰੀ ਗਡਕਰੀ ਨੇ ਦੱਸਿਆ ਕਿ ਸਾਗਰਮਾਲਾ ਪਰਿਯੋਜਨਾ ਤੋਂ ਮੋਰਮੁਗਾਓ ਬੰਦਰਗਾਹ ਲਈ ਜਹਾਜ਼ਰਾਨੀ ਮੰਤਰਾਲੇ ਦੁਆਰਾ ਪ੍ਰਵਾਨਿਤ ਡਰੇਜ਼ਿੰਗ ਦਾ ਕੰਮ ਫਿਲਹਾਲ ਅਧੂਰਾ ਹੈ ਅਤੇ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਲੈਕਟ੍ਰੌਨਿਕ ਕਲੱਸਟਰਾਂ, ਫਾਰਮਾਸਿਊਟੀਕਲ ਫੈਕਟਰੀਆਂ, ਮੱਛੀਆਂ ਫੜਨ ਦੀਆਂ ਬੰਦਰਗਾਹਾਂ ਲਈ ਡੀਪੀਆਰ ਮੁਕੰਮਲ ਕਰ ਲਈ ਗਈ ਹੈ ਅਤੇ ਪ੍ਰੋਜੈਕਟ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।

 

 ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਵਾਤਾਵਰਣ ਅਤੇ ਚੌਗਿਰਦੇ ਦਾ ਧਿਆਨ ਰੱਖਦੇ ਹੋਏ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਾਹਨ ਨਿਰਮਾਤਾਵਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਦਰਾਮਦ 'ਤੇ ਹੋਣ ਵਾਲੇ ਭਾਰੀ ਖਰਚਿਆਂ ਤੋਂ ਬਚਣ ਲਈ ਫਲੈਕਸ ਇੰਜਣ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। 

 

 

 *********

 

ਪੱਤਰ ਸੂਚਨਾ ਦਫ਼ਤਰ ਮੁੰਬਈ

ਡੀਜੇਐੱਮ/ਜੇਪੀਐੱਸ/ਸ਼੍ਰੀਯੰਕਾ/ਪੀਕੇ



(Release ID: 1769190) Visitor Counter : 137


Read this release in: English , Urdu , Hindi