ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰੀ ਨੇ ਜੰਮੂ-ਕਸ਼ਮੀਰ ਵਿੱਚ ਪਾਕਲ ਦੁਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ (1000 ਮੈਗਾਵਾਟ) ਵਿਖੇ ਮਰੂਸੁਦਰ ਨਦੀ ਦੇ ਡਾਇਵਰਸ਼ਨ ਦਾ ਉਦਘਾਟਨ ਕੀਤਾ


ਗਰਿੱਡ ਸੰਤੁਲਨ ਅਤੇ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਲਈ ਪਣ-ਬਿਜਲੀ ਪ੍ਰੋਜੈਕਟਾਂ ਦਾ ਤੇਜ਼ੀ ਨਾਲ ਵਿਕਾਸ ਜ਼ਰੂਰੀ ਹੈ, ਸ਼੍ਰੀ ਆਰ ਕੇ ਸਿੰਘ ਨੇ ਕਿਹਾ
ਪਾਕਲ ਦੁਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ 2030 ਤੱਕ 450 ਗੀਗਾਵਾਟ ਅਖੁੱਟ ਊਰਜਾ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਏਗਾ: ਸ਼੍ਰੀ ਸਿੰਘ
ਇਸ ਪ੍ਰੋਜੈਕਟ ਜ਼ਰੀਏ ਕਿਸ਼ਤਵਾੜ ਵਿੱਚ 8212 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ
ਇਹ ਪ੍ਰੋਜੈਕਟ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ ਅਤੇ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਏਗਾ

Posted On: 02 NOV 2021 12:47PM by PIB Chandigarh

 ਸ਼੍ਰੀ ਆਰ ਕੇ ਸਿੰਘ ਕੇਂਦਰੀ ਮੰਤਰੀ ਬਿਜਲੀ, ਨਵੀਂ ਅਤੇ ਅਖੁੱਟ ਊਰਜਾ ਨੇ ਕੱਲ੍ਹ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਪਾਕਲ ਦੁਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਮਰੂਸੁਦਰ ਨਦੀ ਦੇ ਡਾਇਵਰਸ਼ਨ ਦਾ ਉਦਘਾਟਨ ਕੀਤਾ। 

 ਮੰਤਰੀ ਨੇ ਨਦੀ ਦੀ ਡਾਇਵਰਸ਼ਨ ਦੇ ਇਸ ਮਹੱਤਵਪੂਰਨ ਮੀਲ ਪੱਥਰ ਦੀ ਸਫ਼ਲਤਾ ਲਈ ਸੀਵੀਪੀਪੀਪੀਐੱਲ ਐੱਨਐੱਚਪੀਸੀ ਅਤੇ ਜੇਕੇਐੱਸਪੀਡੀਸੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਪ੍ਰੋਜੈਕਟ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਸਮੁੱਚੇ ਤੌਰ 'ਤੇ ਪੂਰਾ ਕਰਨ ਲਈ ਕੌਫਰ ਡੈਮ ਅਤੇ ਕੰਕਰੀਟ ਫੇਸ ਰੌਕਫਿਲ ਡੈਮ ਦੇ ਨਿਰਮਾਣ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕਠੋਰ ਮੌਸਮ ਵਿੱਚ ਸਖ਼ਤ ਮਿਹਨਤ ਕਰਨ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਸਲਾਹ ਦਿੱਤੀ ਕਿ ਗਰਿੱਡ ਸੰਤੁਲਨ ਅਤੇ ਵੱਧ ਤੋਂ ਵੱਧ ਬਿਜਲੀ (ਪੀਕ ਪਾਵਰ) ਪੈਦਾ ਕਰਨ ਲਈ ਪਣ-ਬਿਜਲੀ ਪ੍ਰੋਜੈਕਟਾਂ ਦਾ ਤੇਜ਼ੀ ਨਾਲ ਵਿਕਾਸ ਜ਼ਰੂਰੀ ਹੈ ਅਤੇ ਪਕਲ ਦੁਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ 2030 ਤੱਕ 450 ਗੀਗਾਵਾਟ ਅਖੁੱਟ ਊਰਜਾ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਏਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਪ੍ਰੋਜੈਕਟ ਜ਼ਰੀਏ ਇਸ ਇਲਾਕੇ ਵਿੱਚ 8212 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਹੋਣਗੇ ਅਤੇ ਸਥਾਨਕ ਨਿਵਾਸੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਦਦ ਮਿਲੇਗੀ।

 ਸ਼੍ਰੀ ਆਲੋਕ ਕੁਮਾਰ, ਸਕੱਤਰ (ਪਾਵਰ) ਭਾਰਤ ਸਰਕਾਰ, ਸ਼੍ਰੀ ਰੋਹਿਤ ਕਾਂਸਲ, ਪ੍ਰਮੁੱਖ ਸਕੱਤਰ, ਪੀਡੀਡੀ, ਜੰਮੂ-ਕਸ਼ਮੀਰ ਸਰਕਾਰ, ਸ਼੍ਰੀ ਏ ਕੇ ਸਿੰਘ, ਸੀਐੱਮਡੀ, ਐੱਨਐੱਚਪੀਸੀ, ਸ੍ਰੀ ਸੁਰੇਸ਼ ਕੁਮਾਰ (ਆਈਏਐੱਸ ਸੇਵਾਮੁਕਤ), ਚੇਅਰਮੈਨ, ਸੀਵੀਪੀਪੀਪੀਐੱਲ ਅਤੇ ਬਿਜਲੀ ਮੰਤਰਾਲੇ ਅਤੇ ਰਾਜ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। 

 ਪ੍ਰਮੁੱਖ ਸਕੱਤਰ, ਪੀਡੀਡੀ, ਜੰਮੂ-ਕਸ਼ਮੀਰ ਸਰਕਾਰ ਨੇ ਹਾਈਡ੍ਰੋ ਪਾਵਰ ਪ੍ਰੋਜੈਕਟਾਂ ਦੇ ਨਿਰਧਾਰਿਤ ਮੀਲ ਪੱਥਰਾਂ ਨੂੰ ਪ੍ਰਾਪਤ ਕਰਨ ਵਿੱਚ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ ਅਤੇ ਖੇਤਰ ਦੇ ਸਮੁੱਚੇ ਵਿਕਾਸ ਵਿੱਚ ਡੂੰਘੀ ਦਿਲਚਸਪੀ ਲੈਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।

 ਪਕਲ ਦੁਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ (1000 ਮੈਗਾਵਾਟ) ਦਾ ਨਿਰਮਾਣ ਐੱਨਐੱਚਪੀਸੀ ਲਿਮਟਿਡ (ਭਾਰਤ ਸਰਕਾਰ ਐਂਟਰਪ੍ਰਾਈਜ਼) ਅਤੇ ਜੇਕੇਐੱਸਪੀਡੀਸੀ (ਜੰਮੂ-ਕਸ਼ਮੀਰ ਸਰਕਾਰ ਐਂਟਰਪ੍ਰਾਈਜ਼) ਦੀ ਇੱਕ ਸੰਯੁਕਤ ਉੱਦਮ ਕੰਪਨੀ ਚਨਾਬ ਵੈਲੀ ਪਾਵਰ ਪ੍ਰੋਜੈਕਟਸ [ਪ੍ਰਾਈਵੇਟ] ਲਿਮਟਿਡ ਦੁਆਰਾ ਕੀਤਾ ਜਾ ਰਿਹਾ ਹੈ। ਸੀਵੀਪੀਪੀਪੀਐੱਲ ਨੂੰ ਜੰਮੂ-ਕਸ਼ਮੀਰ ਵਿੱਚ ਨਿਰਮਾਣ ਲਈ 3094 ਮੈਗਾਵਾਟ ਹਾਈਡਰੋ ਪਾਵਰ ਪ੍ਰੋਜੈਕਟ ਸੌਂਪੇ ਗਏ ਹਨ। ਮਰੂਸੁਦਰ ਨਦੀ ਚਨਾਬ ਨਦੀ ਦੀ ਇੱਕ ਪ੍ਰਮੁੱਖ ਸਹਾਇਕ ਨਦੀ ਹੈ। ਨਦੀ ਨੂੰ ਮੋੜਨ ਨਾਲ ਪ੍ਰੋਜੈਕਟ ਦੀਆਂ ਉਸਾਰੀ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਦਾ ਰਾਹ ਪੱਧਰਾ ਹੋਵੇਗਾ।

 ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਹ ਖੇਤਰ ਦੇ ਸਰਵਪੱਖੀ ਵਿਕਾਸ ਲਈ ਵਰਦਾਨ ਸਾਬਤ ਹੋਵੇਗਾ ਅਤੇ ਲੋਕਾਂ ਦੀ ਸਮਾਜਿਕ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।

***********

 

ਐੱਮਵੀ/ਆਈਜੀ


(Release ID: 1769012) Visitor Counter : 173


Read this release in: English , Urdu , Hindi