ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਸਾਡੀਆਂ ਮਾਤ ਭਾਸ਼ਾਵਾਂ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀਆਂ ਹਨ ਅਤੇ ਸਾਡੀ ਸਮਾਜਿਕ-ਸੱਭਿਆਚਾਰਕ ਪਹਿਚਾਣ ਨੂੰ ਪਰਿਭਾਸ਼ਿਤ ਕਰਦੀਆਂ ਹਨ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਗੋਆ ਦੀਆਂ ਉੱਘੀਆਂ ਸਾਹਿਤਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨਾਲ ਗੱਲਬਾਤ ਕੀਤੀ
ਸ਼੍ਰੀ ਨਾਇਡੂ ਨੇ ਗੋਆ ਨੂੰ ਪ੍ਰਕਿਰਤੀ ਅਤੇ ਸੱਭਿਆਚਾਰ ਦਾ ਦੁਰਲੱਭ ਸੰਗਮ ਦੱਸਿਆ
ਉਪ ਰਾਸ਼ਟਰਪਤੀ ਨੇ ਭਾਰਤ ਦੇ ਅੰਦਰ ਟੂਰਿਸਟ ਸਥਾਨਾਂ ਦੀ ਯਾਤਰਾ ਅਤੇ ਖੋਜ ਕਰਨ ਦੀ ਸਲਾਹ ਦਿੱਤੀ
ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ, ਕੋਵਿਡ ਦੇ ਉਚਿਤ ਵਿਵਹਾਰ ਦੀ ਪਾਲਣਾ ਕਰਦੇ ਰਹੋ - ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ
Posted On:
29 OCT 2021 7:04PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਭਾਸ਼ਾਈ ਵਿਵਿਧਤਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀਆਂ ਮਾਤ ਭਾਸ਼ਾਵਾਂ ਸਾਨੂੰ ਸਾਡੇ ਵਿਰਸੇ ਨਾਲ ਜੋੜਦੀਆਂ ਹਨ ਅਤੇ ਸਾਡੀ ਸਮਾਜਿਕ-ਸੱਭਿਆਚਾਰਕ ਪਹਿਚਾਣ ਨੂੰ ਪਰਿਭਾਸ਼ਿਤ ਕਰਦੀਆਂ ਹਨ।
ਅੱਜ ਰਾਜ ਭਵਨ ਗੋਆ ਵਿਖੇ ਉੱਘੇ ਕੋਂਕਣੀ ਅਤੇ ਮਰਾਠੀ ਲੇਖਕਾਂ, ਲੋਕ ਕਲਾਕਾਰਾਂ, ਫ਼ਿਲਮ ਨਿਰਮਾਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਸਮੂਹ ਨਾਲ ਗੱਲਬਾਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਸਾਡੀਆਂ ਆਪਣੀਆਂ ਭਾਸ਼ਾਵਾਂ ਵਿੱਚ ਆਪਣੀਆਂ ਸੋਚਾਂ ਅਤੇ ਵਿਚਾਰਾਂ ਦੇ ਰਚਨਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਗੋਆ ਦੀ ਸਮ੍ਰਿੱਧ ਸਾਹਿਤਕ ਪਰੰਪਰਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਕੋਂਕਣੀ ਭਾਸ਼ਾ ਨੂੰ ਪ੍ਰਫੁੱਲਤ ਹੁੰਦੇ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਅਨੁਵਾਦ ਦੇ ਖੇਤਰ ਵਿੱਚ ਤਕਨੀਕੀ ਤਰੱਕੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਨਾਇਡੂ ਨੇ ਪ੍ਰਸ਼ਾਸਨ ਵਿੱਚ ਰਾਜ ਦੀ ਆਪਣੀ ਸਥਾਨਕ ਭਾਸ਼ਾ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ।
https://twitter.com/VPSecretariat/status/1454061666136510470
ਕਲਾ ਦੇ ਹਰ ਪ੍ਰਕਾਰ ਦੇ ਰੂਪਾਂ ਲਈ ਗੋਆ ਦੇ ਲੋਕਾਂ ਦੇ ਜਨੂੰਨ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਕੋਈ ਵੀ ਇਸ ਸਥਾਨ ਦੇ ਤਿਉਹਾਰ ਦੀ ਭਾਵਨਾ ਅਤੇ ਜੋਸ਼ ਨੂੰ ਮਹਿਸੂਸ ਕਰ ਸਕਦਾ ਹੈ। ਸੰਗੀਤ ਅਤੇ ਨ੍ਰਿਤ ਦੀ ਭਾਰਤ ਦੀ ਸ਼ਾਨਦਾਰ ਪਰੰਪਰਾ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਾਨੂੰ ਤਾਜ਼ਗੀ ਅਤੇ ਊਰਜਾ ਦੇ ਕੇ ਸਾਡੇ ਜੀਵਨ ਨੂੰ ਹੋਰ ਸੰਪੂਰਨ ਬਣਾਉਂਦੇ ਹਨ।
ਗੋਆ ਨੂੰ ਸ਼ਾਨਦਾਰ ਕੁਦਰਤੀ ਸੁੰਦਰਤਾ ਦੀ ਧਰਤੀ ਦੱਸਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਰਾਜ ਪ੍ਰਕਿਰਤੀ ਅਤੇ ਸੱਭਿਆਚਾਰ ਦਾ ਦੁਰਲੱਭ ਸੰਗਮ ਹੈ। ਉਨ੍ਹਾਂ ਆਪਣੇ ਪ੍ਰਾਚੀਨ ਕੁਦਰਤੀ ਵਾਤਾਵਰਣ ਦੀ ਸੁਚੇਤ ਤੌਰ 'ਤੇ ਸੁਰੱਖਿਆ ਅਤੇ ਸੰਭਾਲ ਲਈ ਰਾਜ ਦੀ ਪ੍ਰਸ਼ੰਸਾ ਕੀਤੀ। ਗੋਆ ਨੂੰ ਸੈਲਾਨੀਆਂ ਦਾ ਸਵਰਗ ਦੱਸਦਿਆਂ ਸ਼੍ਰੀ ਨਾਇਡੂ ਨੇ ਲੋਕਾਂ ਨੂੰ ਦੇਸ਼ ਦੇ ਅੰਦਰ ਅਜਿਹੀਆਂ ਖ਼ੂਬਸੂਰਤ ਥਾਵਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਟੂਰਿਜ਼ਮ ਸੈਕਟਰ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਉਨ੍ਹਾਂ ਨੂੰ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਕਰਦੇ ਰਹਿਣ ਲਈ ਕਿਹਾ।
ਸਮਾਗਮ ਦੌਰਾਨ, ਉਪ ਰਾਸ਼ਟਰਪਤੀ ਨੇ ਗੋਆ ਰਾਜ ਤੋਂ ਸਾਹਿਤ ਅਕਾਦਮੀ ਪੁਰਸਕਾਰਾਂ ਦੇ ਹਾਲ ਹੀ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਉਦੇਸ਼ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਆਪੋ-ਆਪਣੇ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਪਹਿਚਾਣਨਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਅਤੇ ਦੇਸ਼ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਜਾਣਨਾ ਹੈ।
ਇੱਕ ਲੇਖਕ ਦੇ ਸੁਝਾਅ ਦੇ ਜਵਾਬ ਵਿੱਚ, ਸ਼੍ਰੀ ਨਾਇਡੂ ਨੇ ਸਹਿਮਤੀ ਪ੍ਰਗਟਾਈ ਕਿ ਜੀਵਨ ਦੇ ਹਰ ਖੇਤਰ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਹਰ ਪੱਧਰ 'ਤੇ ਪ੍ਰਯਤਨਾਂ ਦੀ ਲੋੜ ਹੈ।
ਇਸ ਮੌਕੇ ਗੋਆ ਦੇ ਰਾਜਪਾਲ, ਸ਼੍ਰੀ ਪੀ ਐੱਸ ਸ਼੍ਰੀਧਰਨ ਪਿੱਲੈ, ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ, ਕੇਂਦਰੀ ਮੰਤਰੀ ਸ਼੍ਰੀਪਦ ਯੇਸੋ ਨਾਇਕ, ਰਾਜ ਦੇ ਉੱਘੇ ਲੇਖਕ, ਕਲਾਕਾਰ, ਫ਼ਿਲਮ ਨਿਰਮਾਤਾ ਅਤੇ ਸੱਭਿਆਚਾਰਕ ਹਸਤੀਆਂ ਮੌਜੂਦ ਸਨ।
*********
ਐੱਮਐੱਸ/ਐੱਨਐੱਸ/ਡੀਪੀ
(Release ID: 1767750)
Visitor Counter : 177