ਉਪ ਰਾਸ਼ਟਰਪਤੀ ਸਕੱਤਰੇਤ
ਪ੍ਰਾਈਵੇਟ ਸੈਕਟਰ ਨੂੰ ਗ੍ਰਾਮੀਣ ਖੇਤਰਾਂ ਵਿੱਚ ਆਧੁਨਿਕ ਕੈਂਸਰ ਇਲਾਜ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਭਾਈਵਾਲੀ ਕਰਨੀ ਚਾਹੀਦੀ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਉੱਤਰ-ਪੂਰਬੀ ਰਾਜਾਂ ਦੇ ਅੱਠ ਦਿਨਾਂ ਦੇ ਦੌਰੇ 'ਤੇ ਗੁਵਾਹਾਟੀ ਪਹੁੰਚੇ
ਉਪ ਰਾਸ਼ਟਰਪਤੀ ਨੇ ਸਟੇਟ ਕੈਂਸਰ ਇੰਸਟੀਟਿਊਟ ਵਿਖੇ ਪੀਈਟੀ-ਐੱਮਆਰਆਈ ਵਿੰਗ ਦਾ ਉਦਘਾਟਨ ਕੀਤਾ
ਉਪ ਰਾਸ਼ਟਰਪਤੀ ਨੇ ਦੂਸਰੇ ਰਾਜਾਂ ਨੂੰ ਅਸਾਮ ਦੇ ਡਿਸਟ੍ਰੀਬਿਊਟਿਡ ਕੈਂਸਰ ਕੇਅਰ ਮਾਡਲ ਦੀ ਨਕਲ ਕਰਨ ਲਈ ਕਿਹਾ
ਉਪ ਰਾਸ਼ਟਰਪਤੀ ਨੇ ਸਾਰੇ ਰਾਜਾਂ ਨੂੰ ਸਕੂਲੀ ਪਾਠਕ੍ਰਮ ਵਿੱਚ ਸੁਅਸਥ ਜੀਵਨ ਸ਼ੈਲੀ ਅਪਣਾਉਣ ਦੇ ਮਹੱਤਵ ਬਾਰੇ ਪਾਠ ਸ਼ਾਮਲ ਕਰਨ ਦੀ ਤਾਕੀਦ ਕੀਤੀ
Posted On:
03 OCT 2021 1:46PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਗ੍ਰਾਮੀਣ ਖੇਤਰਾਂ ਵਿੱਚ ਆਧੁਨਿਕ ਕੈਂਸਰ ਦੇ ਇਲਾਜ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਪ੍ਰਾਈਵੇਟ ਸੈਕਟਰ ਨੂੰ ਅੱਗੇ ਆਉਣ ਅਤੇ ਰਾਜ ਸਰਕਾਰਾਂ ਨਾਲ ਸਾਂਝੇਦਾਰੀ ਕਰਨ ਦਾ ਸੱਦਾ ਦਿੱਤਾ।
ਉੱਤਰੀ-ਪੂਰਬੀ ਰਾਜਾਂ ਦੇ ਅੱਠ ਦਿਨਾਂ ਦੇ ਦੌਰੇ 'ਤੇ ਗਏ ਉਪ ਰਾਸ਼ਟਰਪਤੀ ਅੱਜ ਸਵੇਰੇ ਗੁਵਾਹਾਟੀ ਪਹੁੰਚੇ। ਰਾਜਪਾਲ, ਮੁੱਖ ਮੰਤਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਸਟੇਟ ਕੈਂਸਰ ਇੰਸਟੀਟਿਊਟ ਵਿਖੇ ਪੀਈਟੀ-ਐੱਮਆਰਆਈ ਵਿੰਗ ਦਾ ਉਦਘਾਟਨ ਕਰਦਿਆਂ, ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਵਧੇਰੇ ਸਹੀ ਤਸ਼ਖੀਸ ਵਿੱਚ ਸਹਾਇਤਾ ਕਰੇਗਾ, ਬਲਕਿ ਮਰੀਜ਼ਾਂ ਦੇ ਰੇਡੀਏਸ਼ਨ ਦੇ ਸੰਪਰਕ ਆਉਣ ਵਿੱਚ ਵੀ ਕਮੀ ਲਿਆਏਗਾ। ਇਹ ਭਾਰਤ ਵਿੱਚ ਅਜਿਹੀ ਸਿਰਫ਼ ਚੌਥੀ ਮਸ਼ੀਨ ਹੈ ਅਤੇ ਦੇਸ਼ ਵਿੱਚ ਪਹਿਲੀ ਅਜਿਹੀ ਮਸ਼ੀਨ ਹੈ, ਜੋ ਕਿ ਟਾਈਮ ਆਵ੍ ਫਲਾਈਟ ਟੈਕਨੋਲੋਜੀ 'ਤੇ ਅਧਾਰਿਤ ਹੈ।
ਡਿਸਟ੍ਰੀਬਿਊਟਿਡ ਕੈਂਸਰ ਕੇਅਰ ਮਾਡਲ ਨਾਮਕ ਸਟੈਪ-ਡਾਊਨ ਕੈਂਸਰ ਕੇਅਰ ਮਾਡਲ ਦਾ ਹਵਾਲਾ ਦਿੰਦੇ ਹੋਏ, ਜਿਸ ਨੂੰ ਅਸਾਮ ਸਰਕਾਰ ਨੇ ਟਾਟਾ ਟਰੱਸਟ ਨਾਲ ਸਾਂਝੇਦਾਰੀ ਵਿੱਚ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਹੈ, ਉਨ੍ਹਾਂ ਦੂਸਰੇ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਕੈਂਸਰ ਦੇ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਪ੍ਰਭਾਵੀ ਇਲਾਜ ਮੁਹੱਈਆ ਕਰਵਾਉਣ ਲਈ ਇਸ ਦਾ ਅਨੁਕਰਣ ਕਰਨ।
ਡਿਸਟ੍ਰੀਬਿਊਟਿਡ ਕੈਂਸਰ ਕੇਅਰ ਮਾਡਲ ਦੇ ਤਹਿਤ, ਐੱਲ1 ਨਾਮਕ ਇੱਕ ਅਪੈਕਸ ਰੈਫਰਲ ਸੈਂਟਰ, ਸਰਕਾਰੀ ਮੈਡੀਕਲ ਕਾਲਜਾਂ ਨਾਲ ਜੁੜੇ ਵਿਆਪਕ ਕੈਂਸਰ ਹਸਪਤਾਲ, ਐੱਲ2ਐੱਸ ਅਤੇ ਰੇਡੀਏਸ਼ਨ ਵਾਲੇ ਡਾਇਗਨੌਸਟਿਕ ਅਤੇ ਐੱਲ3ਐੱਸ ਨਾਮਕ ਰੇਡੀਏਸ਼ਨ ਵਾਲੇ ਜ਼ਿਲ੍ਹਾ ਹਸਪਤਾਲਾਂ ਦੇ ਨਾਲ ਲੱਗਦੇ ਡਾਇਗਨੌਸਟਿਕ ਅਤੇ ਡੇ ਕੇਅਰ ਸੈਂਟਰਾਂ ਦੀ ਯੋਜਨਾ ਬਣਾਈ ਗਈ ਹੈ।
ਕੈਂਸਰ ਦੇ ਮਰੀਜ਼ਾਂ ਦੇ ਇਲਾਜ ਦਾ ਪ੍ਰਬੰਧ ਕਰਨ ਵਾਲੇ ਇਕਲੌਤੇ ਹਸਪਤਾਲ ਦੀ ਬਜਾਏ ਮਰੀਜ਼ਾਂ ਦੇ ਘਰਾਂ ਦੇ ਨੇੜੇ ਮਿਆਰੀ ਅਤੇ ਕਿਫਾਇਤੀ ਦੇਖਭਾਲ਼ ਪ੍ਰਦਾਨ ਕਰਨ ਲਈ ਮਰੀਜ਼-ਕੇਂਦ੍ਰਿਤ ਕੈਂਸਰ ਸੰਸਥਾਵਾਂ ਬਣਾਉਣ ਦੇ ਉਦੇਸ਼ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਘਰ ਦੇ ਨਜ਼ਦੀਕ ਹੀ ਉਹ ਉੱਚ ਗੁਣਵੱਤਾ ਵਾਲੀ ਕੈਂਸਰ ਦੇਖਭਾਲ਼ ਮੁਹੱਈਆ ਕਰਵਾਉਣਗੇ ਅਤੇ ਕੈਂਸਰ ਦੇ ਮਰੀਜ਼ਾਂ ਦੇ ਖਰਚਿਆਂ ਨੂੰ ਘਟਾਉਣਗੇ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਉਪਰਾਮਕ ਦੇਖਭਾਲ਼ ਇੱਕ ਮਹੱਤਵਪੂਰਨ ਖੇਤਰ ਹੈ ਜਿਸ ਵੱਲ ਸਰਕਾਰਾਂ ਅਤੇ ਹੈਲਥ ਪ੍ਰੋਫੈਸ਼ਨਲਸ ਨੂੰ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ “ਉਪਰਾਮਕ ਦੇਖਭਾਲ਼ ਅਸਲ ਵਿੱਚ ਸਹਾਇਕ ਦੇਖਭਾਲ਼ ਹੈ ਅਤੇ ਮਰੀਜ਼ਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।”
ਸ਼੍ਰੀ ਨਾਇਡੂ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਸਕੂਲੀ ਪਾਠਕ੍ਰਮ ਵਿੱਚ ਸੁਅਸਥ ਜੀਵਨ ਸ਼ੈਲੀ ਅਪਣਾਉਣ ਦੀ ਮਹੱਤਤਾ ਬਾਰੇ ਪਾਠ ਸ਼ਾਮਲ ਕਰਨ ਤਾਂ ਜੋ ਬੱਚਿਆਂ ਨੂੰ ਗ਼ੈਰ-ਸੰਚਾਰੀ ਬਿਮਾਰੀਆਂ ਤੋਂ ਬਚਣ ਦੀ ਜ਼ਰੂਰਤ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਇੱਕ ਰਾਸ਼ਟਰੀ ਮੁਹਿੰਮ ਸ਼ੁਰੂ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਮਹੱਤਵਪੂਰਨ ਸਬਕ ਸਿਖਾਏ ਹਨ ਅਤੇ ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਸਬਕ ਚੰਗੀ ਸਿਹਤ ਬਣਾਈ ਰੱਖਣਾ ਅਤੇ ਪ੍ਰਤੀਰੋਧਕਤਾ ਵਿਕਸਿਤ ਕਰਨਾ ਸੀ। ਅਨੁਸ਼ਾਸਤ ਜੀਵਨ ਸ਼ੈਲੀ ਦੀ ਅਗਵਾਈ ਕਰਨ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਨਿਯਮਿਤ ਸਰੀਰਕ ਗਤੀਵਿਧੀਆਂ ਕਰਨਾ, ਸਿਹਤ ਲਈ ਹਾਨੀਕਾਰਕ ਖੁਰਾਕ ਅਤੇ ਕਿਸੇ ਵੀ ਵਿਅਕਤੀ ਦੀ ਸਿਹਤ ਲਈ ਨੁਕਸਾਨਦੇਹ ਪਦਾਰਥਾਂ ਤੋਂ ਪਰਹੇਜ਼ ਕਰਨਾ ਕਿਸੇ ਵਿਅਕਤੀ ਦੀ ਸਮੁੱਚੀ ਭਲਾਈ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ, “ਅਸਲ ਵਿੱਚ, ਇਹ ਕੈਂਸਰ ਸਮੇਤ ਵਿਭਿੰਨ ਗ਼ੈਰ-ਸੰਚਾਰੀ ਬਿਮਾਰੀਆਂ ਦੀ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਮਹੱਤਵਪੂਰਨ ਹਨ।”
ਉਪ ਰਾਸ਼ਟਰਪਤੀ ਨੇ ਅਸਾਮ ਸਰਕਾਰ ਅਤੇ ਰਾਜ ਦੀ ਮੈਡੀਕਲ ਬਿਰਾਦਰੀ ਦੀ ਕੋਵਿਡ ਦੌਰਾਨ ਦਿੱਤੀਆਂ ਸੇਵਾਵਾਂ ਲਈ ਸ਼ਲਾਘਾ ਕੀਤੀ। ਉਨ੍ਹਾਂ ਸਿਹਤ ਸੰਭਾਲ਼ ਨੂੰ ਆਮ ਲੋਕਾਂ ਲਈ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦਾ ਸੱਦਾ ਵੀ ਦਿੱਤਾ। ਇਸ ਸਬੰਧੀ ਉਨ੍ਹਾਂ ਪ੍ਰਧਾਨ ਮੰਤਰੀ ਦੇ ਉਸ ਬਿਆਨ ਨੂੰ ਦੁਹਰਾਇਆ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਮੈਡੀਕਲ ਕਾਲਜ ਦੀ ਲੋੜ ਹੈ।
ਬਾਅਦ ਵਿੱਚ, ਉਪ ਰਾਸ਼ਟਰਪਤੀ ਨੇ ਅਸਾਮ ਦੀਆਂ 20 ਉੱਘੀਆਂ ਸ਼ਖਸ਼ੀਅਤਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਵਿਗਿਆਨ, ਸਾਹਿਤ, ਸਿੱਖਿਆ, ਖੇਡਾਂ, ਸੰਗੀਤ ਅਤੇ ਕਲਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਦੀ ਸਖ਼ਤ ਮਿਹਨਤ, ਲਗਨ, ਧਿਆਨ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸੱਚੇ ਕਰਮਯੋਗੀ ਦੱਸਿਆ ਜਿਨ੍ਹਾਂ ਨੇ ਆਪਣੇ ਖੇਤਰਾਂ ਵਿੱਚ ਉੱਤਮਤਾ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ, “ਤੁਸੀਂ ਦੂਸਰਿਆਂ ਲਈ ਇੱਕ ਰੋਲ ਮਾਡਲ ਬਣ ਗਏ ਹੋ ਅਤੇ ਤੁਹਾਡਾ ਜੀਵਨ ਨੌਜਵਾਨਾਂ ਨੂੰ ਸਰਬੋਤਮ ਪ੍ਰਾਪਤੀ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ।”
ਇਹ ਦੱਸਦੇ ਹੋਏ ਕਿ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਸ਼੍ਰੀ ਨਾਇਡੂ ਨੇ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ ਗੁਰੂ-ਸ਼ਿਸ਼ਯ ਪਰੰਪਰਾ ਦੀ ਸੱਚੀ ਭਾਵਨਾ ਅਨੁਸਾਰ ਯੋਗ ਅਤੇ ਚਾਹਵਾਨ ਨੌਜਵਾਨਾਂ ਦੀ ਅਗਵਾਈ ਕਰਨ ਅਤੇ ਸਲਾਹ ਦੇਣ ਲਈ ਕਿਹਾ। ਸਭਿਆਚਾਰਕ ਪ੍ਰਦਰਸ਼ਨ - 'ਬੀਹੂ ਅਡੋਰੋਨੀ' ਦਾ ਜ਼ਿਕਰ ਕਰਦਿਆਂ ਜੋ ਉਨ੍ਹਾਂ ਇਸ ਤੋਂ ਪਹਿਲਾਂ ਬ੍ਰਹਮਪੁੱਤਰ ਵਿਖੇ ਵਿਰਾਸਤ ਕੇਂਦਰ ਵਿੱਚ ਦੇਖਿਆ ਸੀ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਅਸਾਮ ਦੀ ਖੂਬਸੂਰਤ ਸੰਸਕ੍ਰਿਤੀ ਅਤੇ ਪਰੰਪਰਾ ਤੋਂ ਪ੍ਰਭਾਵਿਤ ਹੋਏ ਹਨ।
ਇਸ ਸਮਾਗਮ ਦੌਰਾਨ ਅਸਾਮ ਦੇ ਰਾਜਪਾਲ, ਪ੍ਰੋ. ਜਗਦੀਸ਼ ਮੁਖੀ, ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਅਸਾਮ ਸਰਕਾਰ, ਸ਼੍ਰੀ ਕੇਸ਼ਵ ਮਹੰਤਾ, ਅਸਾਮ ਦੇ ਮੁੱਖ ਸਕੱਤਰ, ਸ਼੍ਰੀ ਜਿਸ਼ਨੂ ਬਰੂਆ ਅਤੇ ਹੋਰ ਪਤਵੰਤੇ ਹਾਜ਼ਰ ਸਨ।
*********
ਐੱਮਐੱਸ/ਆਰਕੇ
(Release ID: 1760671)
Visitor Counter : 167