ਉਪ ਰਾਸ਼ਟਰਪਤੀ ਸਕੱਤਰੇਤ
ਕਿਸਾਨਾਂ ਲਈ ਆਮਦਨ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਗ੍ਰਾਮੀਣ ਅਰਥਵਿਵਸਥਾ ਲਈ ਏਕੀਕ੍ਰਿਤ ਪਹੁੰਚ ਵਿਕਸਿਤ ਕਰਨ ਦੀ ਜ਼ਰੂਰਤ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਖੇਤੀਬਾੜੀ ਨੂੰ ਆਧੁਨਿਕ ਤੇ ਇਸ ਨੂੰ ਹੋਰ ਵਧੇਰੇ ਟਿਕਾਊ ਤੇ ਲਾਹੇਵੰਦ ਬਣਾਉਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ‘ਸਰ ਛੋਟੂ ਰਾਮ: ਲਿਖਤਾਂ ਤੇ ਭਾਸ਼ਣ’ ਦੀਆਂ ਪੰਜ ਜਿਲਦਾਂ ਰਿਲੀਜ਼ ਕੀਤੀਆਂ
ਉਪ ਰਾਸ਼ਟਰਪਤੀ ਨੇ ਸਰ ਛੋਟੂ ਰਾਮ ਨੂੰ ਭਰਪੂਰ ਸ਼ਰਧਾਂਜਲੀਆਂ ਦਿੱਤੀਆਂ; ਗ੍ਰਾਮੀਣ ਇਲਾਕਿਆਂ ‘ਚ ਜੀਵਨ ਮਿਆਰ ਸੁਧਾਰਨਾ ਉਨ੍ਹਾਂ ਨੂੰ ਸਰਬੋਤਮ ਸ਼ਰਧਾਂਜਲੀ ਹੋਵੇਗੀ
ਬਹੁਤੇ ਆਜ਼ਾਦੀ ਘੁਲਾਟੀਆਂ ਨੂੰ ਉਹ ਮਾਨਤਾ ਨਹੀਂ ਮਿਲੀ, ਜਿੰਨੀ ਦੇ ਉਹ ਹੱਕਦਾਰ ਹਨ: ਉਪ ਰਾਸ਼ਟਰਪਤੀ
Posted On:
19 SEP 2021 2:37PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਗ੍ਰਾਮੀਣ ਅਰਥਵਿਵਸਥਾ ਪ੍ਰਤੀ ਏਕੀਕ੍ਰਿਤ ਪਹੁੰਚ ਵਿਕਸਿਤ ਕਰਨ ਦਾ ਸੱਦਾ ਦਿੱਤਾ ਹੈ, ਤਾਂ ਜੋ ਕਿਸਾਨਾਂ ਲਈ ਆਮਦਨ ਸੁਰੱਖਿਆ ਸੁਨਿਸ਼ਚਿਤ ਹੋ ਸਕੇ।
ਕੋਵਿਡ–19 ਮਹਾਮਾਰੀ ਦੇ ਔਖੇ ਸਮਿਆਂ ਦੌਰਾਨ ਵੀ ਦੇਸ਼ ਨੂੰ ਹੇਠਾਂ ਨਾ ਲਗਣ ਦੇਣ ਲਈ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਜ਼ੋਰ ਦਿੱਤਾ ਕਿ ਸਾਡਾ ਉਦੇਸ਼ ਸਮੁੱਚੀ ਗ੍ਰਾਮੀਣ ਅਰਥਵਿਵਸਥਾ ‘ਚ ਸੁਧਾਰ ਅਤੇ ਪਿੰਡਾਂ ਦੇ ਸਮਾਜ ਦੀ ਸਲਾਮਤੀ ਹੋਣਾ ਚਾਹੀਦਾ ਹੈ।
ਇਤਿਹਾਸ ਤੇ ਸੱਭਿਆਚਾਰ ਬਾਰੇ ਹਰਿਆਣਾ ਦੀ ਅਕੈਡਮੀ ਦੁਆਰਾ ਲਿਆਂਦੀ ‘ਸਰ ਛੋਟੂ ਰਾਮ: ਲਿਖਤਾਂ ਤੇ ਭਾਸ਼ਣ’ ਦੀਆਂ ਪੰਜ ਜਿਲਦਾਂ ਰਿਲੀਜ਼ ਕਰਨ ਤੋਂ ਬਾਅਦ ਅੱਜ ਗੁਰੂਗ੍ਰਾਮ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਤੇ ਬਿਹਤਰੀਨ ਪਿਰਤਾਂ ਅਪਣਾਉਣ ਦੀ ਜ਼ਰੂਰਤ ਦੋਹਰਾਈ, ਤਾਂ ਜੋ ਇਹ ਹੋਰ ਵਧੇਰੇ ਟਿਕਾਊ ਤੇ ਲਾਹੇਵੰਦ ਹੋ ਸਕੇ। ਉਨ੍ਹਾਂ ਇਹ ਵੀ ਕਿਹਾ,‘ਆਪਣੇ ਪਿਛਲੇ ਅਨੁਭਵਾਂ ਦੇ ਅਧਾਰ ‘ਤੇ ਸਾਨੂੰ ਜ਼ਰੂਰ ਹੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬਾਰੇ ਆਪਣੀਆਂ ਰਣਨੀਤੀਆਂ ਨੂੰ ਦੋਬਾਰਾ ਦੇਖ ਤੇ ਨਵਿਆ ਲੈਣਾ ਚਾਹੀਦਾ ਹੈ ਅਤੇ ਇੱਕ ਆਤਮਨਿਰਭਰ ਭਾਰਤ ਦੀ ਉਸਾਰੀ ਦੀਆਂ ਸਾਡੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਨਵੀਂ ਟੈਕਨੋਲੋਜੀਆਂ ਲਿਆਉਣੀਆਂ ਚਾਹੀਦੀਆਂ ਹਨ।’
ਖੇਤੀਬਾੜੀ ਨੂੰ ਸਾਡਾ ਬੁਨਿਆਦੀ ਸੱਭਿਆਚਾਰ ਕਰਾਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨਾ ਸਿਰਫ਼ ਸਾਡੇ ਲਈ ਅਨਾਜ ਪੈਦਾ ਕਰਦੇ ਹਨ, ਸਗੋਂ ਸਾਡੇ ਵਿੱਚ ਸਾਡੇ ਸੰਸਕਾਰ, ਸਾਡੀਆਂ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਵੀ ਪੈਦਾ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀਬਾੜੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਜੇਕਰ ਸਾਡੇ ਪਿੰਡ ਵਿਕਸਿਤ ਅਤੇ ਪਿਛੜੇ ਰਹਿਣ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ।
ਇਹ ਦੇਖਦਿਆਂ ਕਿ ਖੇਤ ਤੋਂ ਖਾਣੇ ਦੀ ਮੇਜ਼ ਤੱਕ ਦੀ ਸਾਰੀ ਖੇਤੀ-ਲੜੀ ਲਾਹੇਵੰਦ ਮੁੱਲ ਵਾਧੇ ਦੇ ਅਥਾਹ ਮੌਕੇ ਪ੍ਰਦਾਨ ਕਰਦੀ ਹੈ, ਸ਼੍ਰੀ ਨਾਇਡੂ ਨੇ ਗ੍ਰਾਮੀਣ ਅਰਥਵਿਵਸਥਾ ਦੀ ਇਸ ਲੁਕਵੀਂ ਸੰਭਾਵਨਾ ਨੂੰ ਸਾਹਮਣੇ ਲਿਆ ਕੇ ਉਸ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਗ੍ਰਾਮੀਣ ਖੇਤਰਾਂ ਵਿੱਚ ਜੀਵਨ ਪੱਧਰ ਵਿੱਚ ਸੁਧਾਰ ਕਰਨਾ ਸਰ ਛੋਟੂ ਰਾਮ ਜਿਹੇ ਕ੍ਰਾਂਤੀਕਾਰੀ ਦੂਰਦਰਸ਼ੀਆਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
ਹਰਿਆਣਾ ਦੀ ਇਤਿਹਾਸ ਅਤੇ ਸੱਭਿਆਚਾਰ ਅਕੈਡਮੀ ਅਤੇ ਪ੍ਰੋਜੈਕਟ ਨਾਲ ਜੁੜੇ ਸਾਰੇ ਖੋਜਕਾਰਾਂ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰ ਛੋਟੂ ਰਾਮ ਦੀਆਂ ਇਹ ਪੰਜ ਜਿਲਦਾਂ ਸਾਡੀ ਆਜ਼ਾਦੀ ਦੇ ਅੰਦੋਲਨ ਦੇ ਮਹੱਤਵਪੂਰਨ ਸਾਲਾਂ ਦੌਰਾਨ ਖੇਤੀ ਅਰਥਵਿਵਸਥਾ ਅਤੇ ਖੇਤਰ ਦੀ ਰਾਜਨੀਤਕ ਗਤੀਸ਼ੀਲਤਾ ਬਾਰੇ ਸਾਰਥਕ ਜਾਣਕਾਰੀ ਪ੍ਰਦਾਨ ਕਰਨਗੀਆਂ। ਸ਼੍ਰੀ ਨਾਇਡੂ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਕੀਮਤੀ ਪ੍ਰਕਾਸ਼ਨ ਦੀਆਂ ਕਾਪੀਆਂ ਜਨਤਕ ਲਾਇਬ੍ਰੇਰੀਆਂ ਅਤੇ ਪੰਚਾਇਤ ਘਰ ਵਿੱਚ ਉਪਲਬਧ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਲੋਕ ਮਹਾਨ ਨੇਤਾ ਦੇ ਜੀਵਨ ਅਤੇ ਕਾਰਜ ਬਾਰੇ ਪੜ੍ਹ ਅਤੇ ਜਾਣ ਸਕਣ।
ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਸਾਡੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਉਹ ਮਾਨਤਾ ਨਹੀਂ ਮਿਲੀ ਜਿਸ ਦੇ ਉਹ ਬਹੁਤ ਜ਼ਿਆਦਾ ਹੱਕਦਾਰ ਸਨ ਅਤੇ ਉਨ੍ਹਾਂ ਨੇ ਮੌਜੂਦਾ ਪੀੜ੍ਹੀਆਂ ਵਿੱਚ ਉਨ੍ਹਾਂ ਦੇ ਜੀਵਨ ਅਤੇ ਕੰਮ ਬਾਰੇ ਜਾਗਰੂਕਤਾ ਫੈਲਾਉਣ ਦੇ ਯਤਨ ਕਰਨ ਦੀ ਮੰਗ ਕੀਤੀ।
ਇਹ ਦੇਖਦਿਆਂ ਕਿ ਸੁਤੰਤਰਤਾ ਅੰਦੋਲਨ ਸਿਰਫ਼ ਇੱਕ ਰਾਜਨੀਤਕ ਅੰਦੋਲਨ ਨਹੀਂ ਸੀ, ਉਨ੍ਹਾਂ ਕਿਹਾ ਕਿ ਇਸ ਦਾ ਇੱਕ ਡੂੰਘਾ ਸਮਾਜਿਕ ਅਤੇ ਆਰਥਿਕ ਸੁਧਾਰਵਾਦੀ ਏਜੰਡਾ ਵੀ ਸੀ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਦੇ ਕਾਰਜ ਲਈ ਸਰ ਛੋਟੂ ਰਾਮ ਦੇ ਬਹੁਤ ਯੋਗਦਾਨ ਦੀ ਸ਼ਲਾਘਾ ਕੀਤੀ। ਸ਼੍ਰੀ ਨਾਇਡੂ ਨੇ ਅੱਗੇ ਕਿਹਾ, “ਉਨ੍ਹਾਂ ਨੇ ਖੇਤੀ ਖੇਤਰ ਵਿੱਚ ਸੁਧਾਰ ਲਿਆਉਣ ਅਤੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਸ਼ੋਸ਼ਣ ਤੋਂ ਮੁਕਤ ਕਰਵਾਉਣ ਲਈ ਅਣਥੱਕ ਮਿਹਨਤ ਕੀਤੀ।”
ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਸਰ ਛੋਟੂ ਰਾਮ ਸਤਲੁਜ ਦਰਿਆ 'ਤੇ ਭਾਖੜਾ ਨੰਗਲ ਡੈਮ ਦੀ ਕਲਪਨਾ ਕਰਨ ਵਾਲੇ ਪਹਿਲੇ ਵਿਅਕਤੀ ਸਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਉਨ੍ਹਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਡੂੰਘੀ ਸਮਝ ਸੀ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਨੇ ਸਮਾਜ ਸੁਧਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਦਲੇਰਾਨਾ ਪਹਿਲਾਂ ਲਈ ਮਹਾਨ ਨੇਤਾ ਦੀ ਪ੍ਰਸ਼ੰਸਾ ਵੀ ਕੀਤੀ।
ਸਰ ਛੋਟੂ ਰਾਮ ਦੇ ਦੇਸ਼ ਦੀ ਵੰਡ ਦੇ ਸਖ਼ਤ ਵਿਰੋਧ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਇੱਕ ਸੱਚੇ ਰਾਸ਼ਟਰਵਾਦੀ ਸਨ ਜਿਨ੍ਹਾਂ ਨੇ ਇਕਜੁੱਟ ਅਤੇ ਮਜ਼ਬੂਤ ਭਾਰਤ ਦਾ ਸੁਪਨਾ ਲਿਆ ਸੀ। ਸਰ ਛੋਟੂ ਰਾਮ ਨੂੰ ਪੁਨਰ–ਜਾਗਰਣ ਦੀ ਹਸਤੀ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਰਾਜਨੀਤੀ, ਸਮਾਜ ਅਤੇ ਗ੍ਰਾਮੀਣ ਅਰਥਵਿਵਸਥਾ ਵਿੱਚ ਨਵੇਂ ਵਿਚਾਰਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਚੌਧਰੀ ਛੋਟੂ ਰਾਮ ਜੀ, ਪੰਡਿਤ ਦੀਨ ਦਿਆਲ ਉਪਾਧਿਆਇ ਜੀ, ਰਾਮ ਮਨੋਹਰ ਲੋਹੀਆ ਜੀ ਅਤੇ ਚੌਧਰੀ ਚਰਨ ਸਿੰਘ ਜੀ ਜਿਹੀਆਂ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਯਤਨ ਕਰਨੇ ਚਾਹੀਦੇ ਹਨ।
ਸਾਬਕਾ ਕੇਂਦਰੀ ਮੰਤਰੀ, ਚੌਧਰੀ ਬੀਰੇਂਦਰ ਸਿੰਘ ਦੀ ਸਰ ਛੋਟੂ ਰਾਮ ਦੀ ਵਿਰਾਸਤ ਨੂੰ ਚੁਪਾਸੀਂ ਫੈਲਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਾਜਾਂ ਦੇ ਉੱਘੇ ਨੇਤਾਵਾਂ ਬਾਰੇ ਅਜਿਹੀਆਂ ਰਚਨਾਵਾਂ ਤਿਆਰ ਕਰਨ। ਉਨ੍ਹਾਂ ਨੇ ਨੌਜਵਾਨਾਂ ਨੂੰ "ਛੋਟੂ ਰਾਮ ਵਰਗੇ ਮਹਾਨ ਨੇਤਾਵਾਂ ਦੀਆਂ ਕਿਤਾਬਾਂ ਪੜ੍ਹਨ, ਉਨ੍ਹਾਂ ਦੇ ਜਨਮ ਸਥਾਨਾਂ ਜਿਹੇ ਇਤਿਹਾਸਿਕ ਸਥਾਨਾਂ 'ਤੇ ਜਾਣ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ।"
ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ, ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਚੌਟਾਲਾ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੈ ਬਹੁਗੁਣਾ, ਪ੍ਰਮੁੱਖ ਸਕੱਤਰ, ਕਲਾ ਅਤੇ ਸੱਭਿਆਚਾਰਕ ਮਾਮਲੇ – ਹਰਿਆਣਾ ਸ਼੍ਰੀ ਡੀ ਸੁਰੇਸ਼, ਇਤਿਹਾਸ ਤੇ ਸੱਭਿਆਚਾਰ ਬਾਰੇ ਹਰਿਆਣਾ ਅਕੈਡਮੀ ਦੇ ਡਾਇਰੈਕਟਰ ਅਤੇ ਕਈ ਮੌਜੂਦਾ ਤੇ ਸਾਬਕਾ ਸੰਸਦ ਮੈਂਬਰ ਤੇ ਲੋਕ ਨੁਮਾਇੰਦਿਆਂ ਨੇ ਇਸ ਸਮਾਰੋਹ ‘ਚ ਹਿੱਸਾ ਲਿਆ।
*****
ਐੱਮਐੱਸ/ਆਰਕੇ/ਡੀਪੀ
(Release ID: 1756281)
Visitor Counter : 225