ਸੂਚਨਾ ਤੇ ਪ੍ਰਸਾਰਣ ਮੰਤਰਾਲਾ
"ਪੋਸ਼ਣ ਅਭਿਆਨ - ਸਹੀ ਪੋਸ਼ਣ ਦੇਸ਼ ਰੋਸ਼ਨ" ਬਾਰੇ ਅੱਜ ਵੈਬੀਨਾਰ ਆਯੋਜਿਤ ਕੀਤਾ ਗਿਆ
Posted On:
17 SEP 2021 3:10PM by PIB Chandigarh
ਸਮੂਹਿਕ ਲਾਮਬੰਦੀ ਨੂੰ ਸੁਨਿਸ਼ਚਿਤ ਕਰਨ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ, ਹਰ ਸਾਲ ਸਤੰਬਰ ਮਹੀਨੇ ਨੂੰ ਪੂਰੇ ਦੇਸ਼ ਵਿੱਚ ਪੋਸ਼ਣ ਮਾਹ ਵਜੋਂ ਮਨਾਇਆ ਜਾਂਦਾ ਹੈ। ਪੋਸ਼ਣ ਮਾਹ 2021 ਦੇ ਜਸ਼ਨਾਂ ਦੇ ਹਿੱਸੇ ਵਜੋਂ, ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਪੱਤਰ ਸੂਚਨਾ ਦਫਤਰ (ਪੀਆਈਬੀ) ਅਤੇ ਰੀਜਨਲ ਆਊਟਰੀਚ ਬਿਊਰੋ (ਆਰਓਬੀ), ਚੰਡੀਗੜ੍ਹ ਦੁਆਰਾ ਅੱਜ "ਪੋਸ਼ਣ ਅਭਿਆਨ - ਸਹੀ ਪੋਸ਼ਣ ਦੇਸ਼ ਰੋਸ਼ਨ" ਵਿਸ਼ੇ ਉੱਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ।
ਸੁਸ਼੍ਰੀ ਸੀਮਾ ਪ੍ਰਸ਼ਾਦ, ਜ਼ਿਲ੍ਹਾ ਪ੍ਰੋਜੈਕਟ ਅਫਸਰ (ਡਬਲਿਊਸੀਡੀ), ਯਮੁਨਾਨਗਰ, ਹਰਿਆਣਾ ਅਤੇ ਡਾ. ਰਚਨਾ ਸ੍ਰੀਵਾਸਤਵ, ਵਿਗਿਆਨਿਕ, ਕਮਿਊਨਿਟੀ ਮੈਡੀਸਿਨ ਵਿਭਾਗ ਅਤੇ ਸਕੂਲ ਆਵ੍ ਪਬਲਿਕ ਹੈਲਥ, ਪੀਜੀਆਈਐੱਮਈਆਰ, ਯੂਟੀ ਚੰਡੀਗੜ੍ਹ ਨੇ ਇਸ ਵਰਚੁਅਲ ਸੰਗੋਸ਼ਠੀ ਵਿੱਚ ਮਹਿਮਾਨ ਬੁਲਾਰਿਆਂ ਦੇ ਰੂਪ ਵਿੱਚ ਭਾਗ ਲਿਆ।
ਸੁਸ਼੍ਰੀ ਸੀਮਾ ਪ੍ਰਸ਼ਾਦ ਨੇ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਪੋਸ਼ਣ ਅਭਿਆਨ ਨੂੰ ਲਾਗੂ ਕਰਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਲੈਣ ਲਈ ਉਤਸ਼ਾਹਿਤ ਕਰਨ ਲਈ ਪੋਸ਼ਣ ਕਿੱਟਾਂ ਦੀ ਘਰ-ਘਰ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੋਸ਼ਣ ਅਭਿਆਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੁਵਿਜ਼ ਮੁਕਾਬਲੇ ਅਤੇ ਹੈਲਥ ਕੈਂਪ ਵੀ ਲਗਾਏ ਜਾ ਰਹੇ ਹਨ।

ਚਿੱਤਰ: "ਪੋਸ਼ਣ ਅਭਿਆਨ - ਸਹੀ ਪੋਸ਼ਣ ਦੇਸ਼ ਰੋਸ਼ਨ" ਵਿਸ਼ੇ ‘ਤੇ ਵੈਬੀਨਾਰ ਦੀ ਇੱਕ ਝਲਕ
ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ, ਡਾ. ਰਚਨਾ ਸ੍ਰੀਵਾਸਤਵ ਨੇ ਬੱਚੇ ਦੇ ਜਨਮ ਦੇ ਪਹਿਲੇ 1000 ਦਿਨਾਂ ਦੌਰਾਨ ਬੱਚਿਆਂ ਅਤੇ ਮਾਵਾਂ ਲਈ ਚੰਗੇ ਪੋਸ਼ਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸੰਤੁਲਿਤ ਆਹਾਰ ਖਾਣ ਦੇ ਮਹੱਤਵ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਸਵਸਥ ਪਕਵਾਨਾਂ ਦੇ ਲਾਈਵ ਪ੍ਰਦਰਸ਼ਨ ਲਈ ਈ-ਰਸੋਈ ਸੈਸ਼ਨਾਂ ਦਾ ਆਯੋਜਨ ਕਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ, ਖੁਦ ਵਿਕਸਿਤ ਅਤੇ ਡੀਐੱਸਟੀ (ਵਿਗਿਆਨ ਅਤੇ ਟੈਕਨੋਲੋਜੀ ਵਿਭਾਗ) ਦੁਆਰਾ ਫੰਡ ਕੀਤੀ ਗਈ ਇੱਕ ਵੈਬਸਾਈਟ, "ਸੁਪੋਸ਼ਣ" ਬਾਰੇ ਗੱਲ ਕੀਤੀ - ਜੋ ਕੁਪੋਸ਼ਣ ਦੇ ਵਿਰੁੱਧ ਲੜਾਈ ਵਿੱਚ ਪੋਸ਼ਣ ਸੰਬੰਧੀ ਗਿਆਨ ਪ੍ਰਦਾਨ ਕਰਦੀ ਹੈ।
ਆਪਣੇ ਸਵਾਗਤੀ ਭਾਸ਼ਣ ਵਿੱਚ ਸ਼੍ਰੀ ਹਿਮਾਂਸ਼ੂ ਪਾਠਕ, ਅਸਿਸਟੈਂਟ ਡਾਇਰੈਕਟਰ, ਪੀਆਈਬੀ, ਚੰਡੀਗੜ੍ਹ ਨੇ ਕਿਹਾ ਕਿ ਪੋਸ਼ਣ ਅਭਿਆਨ ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ ਜੋ ਬੱਚਿਆਂ, ਕਿਸ਼ੋਰ ਲੜਕੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਸੰਬੰਧੀ ਨਤੀਜਿਆਂ ਵਿੱਚ ਸੁਧਾਰ ਲਿਆਉਂਦਾ ਹੈ।
ਸੁਸ਼੍ਰੀ ਸਪਨਾ, ਅਸਿਸਟੈਂਟ ਡਾਇਰੈਕਟਰ, ਆਰਓਬੀ ਚੰਡੀਗੜ੍ਹ ਨੇ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਬੁਲਾਰਿਆਂ ਅਤੇ ਹਾਜ਼ਰ ਪ੍ਰਤੀਭਾਗੀਆਂ ਦਾ ਧੰਨਵਾਦ ਦੇ ਨਾਲ ਵੈਬੀਨਾਰ ਦਾ ਸਮਾਪਨ ਕੀਤਾ। ਖੇਤਰ ਤੋਂ ਆਂਗਣਵਾੜੀ ਵਰਕਰਾਂ, ਮਹਿਲਾ ਤੇ ਬਾਲ ਵਿਕਾਸ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਨੇ ਵੈਬੀਨਾਰ ਵਿੱਚ ਹਿੱਸਾ ਲਿਆ।
*********
ਡੀਐੱਸ/ਐੱਚਪੀ/ਵੀਸੀ
(Release ID: 1755898)
ਵਿਜ਼ੀਟਰ ਕਾਊਂਟਰ : 415