ਵਿੱਤ ਮੰਤਰਾਲਾ
ਆਮਦਨ ਕਰ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਛਾਪੇਮਾਰੀ ਕੀਤੀ ਗਈ
Posted On:
10 SEP 2021 5:14PM by PIB Chandigarh
ਆਮਦਨ ਕਰ ਵਿਭਾਗ ਨੇ 08.09.2021 ਨੂੰ ਪੰਜਾਬ ਵਿੱਚ ਸਥਿਤ ਤਿੰਨ ਪ੍ਰਮੁੱਖ ਕਮਿਸ਼ਨ ਏਜੰਟ ਸਮੂਹਾਂ 'ਤੇ ਛਾਪੇਮਾਰੀ ਅਤੇ ਜ਼ਬਤੀ ਕਾਰਵਾਈਆਂ ਕੀਤੀਆਂ, ਜਿਸ ਤਹਿਤ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਟਿਕਾਣਿਆਂ ਨੂੰ ਕਵਰ ਕੀਤਾ ਗਿਆ। ਇਹ ਸਮੂਹ ਸਟੀਲ ਰੋਲਿੰਗ ਮਿੱਲ, ਕੋਲਡ ਸਟੋਰੇਜ, ਜਨਰਲ ਮਿੱਲਾਂ, ਗਹਿਣਿਆਂ ਦੀ ਦੁਕਾਨ, ਪੋਲਟਰੀ, ਰਾਈਸ ਮਿੱਲ, ਆਇਲ ਮਿੱਲ, ਆਟਾ ਮਿੱਲ ਚਲਾਉਣ ਦੇ ਕਾਰੋਬਾਰ ਤੋਂ ਇਲਾਵਾ ਕਮਿਸ਼ਨ ਏਜੰਟਾਂ ਦੇ ਕਾਰੋਬਾਰ ਵਿੱਚ ਵੀ ਲੱਗੇ ਹੋਏ ਹਨ।
ਖੋਜ ਕਾਰਵਾਈ ਤੋਂ ਪਤਾ ਲੱਗਾ ਕਿ ਇਹ ਸਮੂਹ ਆਪਣੀ ਕਾਰੋਬਾਰੀ ਆਮਦਨ ਨੂੰ ਲੁਕਾ ਰਹੇ ਹਨ ਅਤੇ ਖਰਚਿਆਂ ਨੂੰ ਵਧਾ ਰਹੇ ਹਨ। ਉਹ ਪ੍ਰਾਪਤ ਹੋਈਆਂ ਅਤੇ ਨਕਦ ਭੁਗਤਾਨ ਕੀਤੀਆਂ ਗਈਆਂ ਜ਼ਿਆਦਾਤਰ ਰਕਮਾਂ ਦਾ ਲੇਖਾ ਜੋਖਾ ਨਹੀਂ ਕਰਦੇ। ਇਸ ਤੋਂ ਇਲਾਵਾ, ਅਚੱਲ ਸੰਪਤੀਆਂ ਦੀ ਪ੍ਰਾਪਤੀ ਲਈ ਨਕਦ ਵਿੱਚ ਪੈਸੇ ਦੇ ਭੁਗਤਾਨ ਨੂੰ ਦਰਸਾਉਂਦੇ ਕੁਝ ਦਸਤਾਵੇਜ਼ ਬਰਾਮਦ ਅਤੇ ਜ਼ਬਤ ਕੀਤੇ ਗਏ ਹਨ। ਇੱਕ ਸਮੂਹ ਵਿੱਚ, ਇਹ ਪਾਇਆ ਗਿਆ ਹੈ ਕਿ ਫਸਲਾਂ ਦੀ ਖਰੀਦ ਵਾਢੀ ਦੇ ਸਮੇਂ ਦੌਰਾਨ ਘੱਟ ਕੀਮਤ 'ਤੇ ਕੀਤੀ ਗਈ ਹੈ, ਜਦ ਕਿ ਸਮਾਨ ਨੂੰ ਕੋਲਡ ਸਟੋਰੇਜ ਵਿੱਚ ਸਟੋਰ ਕਰਨ ਤੋਂ ਬਾਅਦ ਬਹੁਤ ਉੱਚੀਆਂ ਦਰਾਂ 'ਤੇ ਵਿਕਰੀ ਕੀਤੀ ਗਈ ਹੈ। ਹੋਰ ਸਮੂਹਾਂ ਵਿੱਚ ਵੀ ਇਸੇ ਤਰ੍ਹਾਂ ਦੀ ਕਾਰਜਪ੍ਰਣਾਲੀ ਪਾਈ ਗਈ ਹੈ। ਮੁੱਖ ਪੜਤਾਲਾਂ ਹੇਠ ਲਿਖੇ ਅਨੁਸਾਰ ਹਨ:
1. ਕਈ ਬਹੀ ਖ਼ਾਤੇ (ਕੱਚਾ ਖਾਤਾ ਬਹੀ) ਲਾਡੂ ਲਿਪੀ ਵਿੱਚ ਮਿਲੇ ਹਨ, ਜੋ ਕਿ ਕਰੋੜਾਂ ਵਿੱਚ ਚੱਲ ਰਹੇ ਮਹੱਤਵਪੂਰਨ ਗੈਰ ਲੇਖਾ-ਜੋਖਾ ਲੈਣ-ਦੇਣ ਨੂੰ ਦਰਸਾਉਂਦੇ ਹਨ। ਇਨ੍ਹਾਂ ਬਹੀ ਖਾਤਿਆਂ ਨੂੰ ਇੱਕ ਮਾਹਰ ਦੀ ਸਹਾਇਤਾ ਨਾਲ ਸਮਝਿਆ ਜਾ ਰਿਹਾ ਹੈ। ਕੁਝ ਕਾਰੋਬਾਰੀ ਮਾਮਲਿਆਂ ਦੇ ਖਾਤਿਆਂ ਦੀਆਂ ਬਹੀਆਂ ਦੇ ਸਮਾਨਾਂਤਰ ਸੈੱਟ ਵੀ ਮਿਲੇ ਹਨ, ਜੋ ਕਿ ਸਾਲਾਨਾ ਅਧਾਰ 'ਤੇ ਕਰੋੜਾਂ ਵਿੱਚ ਚੱਲ ਰਹੀਆਂ ਕੁੱਲ ਕਾਰੋਬਾਰੀ ਪ੍ਰਾਪਤੀਆਂ ਨੂੰ ਲੁਕਾਉਣ ਨੂੰ ਦਰਸਾਉਂਦੇ ਹਨ।
2. ਇਹ ਪਾਇਆ ਗਿਆ ਹੈ ਕਿ ਕਿਸਾਨਾਂ ਨੂੰ ਕਰੋੜਾਂ ਦੀ ਨਕਦੀ ਵਿੱਚ ਅਡਵਾਂਸ ਦਿੱਤਾ ਜਾਂਦਾ ਹੈ ਅਤੇ ਪ੍ਰਤੀ ਮਹੀਨਾ 1.5 % ਤੋਂ 3.00 % ਦੀ ਵਿਆਜ ਦਰ ਲਗਾਈ ਜਾਂਦੀ ਹੈ। ਵਿਆਜ ਨਕਦ ਵਿੱਚ ਪ੍ਰਾਪਤ ਹੁੰਦਾ ਹੈ ਅਤੇ ਖਾਤੇ ਦੀਆਂ ਕਿਤਾਬਾਂ ਵਿੱਚ ਨਹੀਂ ਦਿਖਾਇਆ ਜਾਂਦਾ। ਪੋਲਟਰੀ ਕਾਰੋਬਾਰ ਅਤੇ ਚੌਲ ਸ਼ੈਲਰ ਸਬੰਧੀ 9.00 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਖਰੀਦ ਅਤੇ ਵਿਕਰੀ ਸਾਹਮਣੇ ਆਈ ਹੈ।
3. ਜਲੰਧਰ ਵਿੱਚ ਸਥਿਤ ਇੱਕ ਇਮਾਰਤ ਵਿੱਚੋਂ 1.29 ਕਰੋੜ ਰੁਪਏ ਦੀ ਬੇਹਿਸਾਬੀ ਵਿਕਰੀ ਦੇ ਵੇਰਵੇ ਵੀ ਮਿਲੇ ਹਨ।
4. ਕਰਮਚਾਰੀਆਂ ਦੇ ਨਾਂ 'ਤੇ ਦੋ ਸ਼ੱਕੀ ਬੇਨਾਮੀ ਫਰਮਾਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ ਦਾ ਟਰਨਓਵਰ ਪ੍ਰਤੀ ਸਾਲ ਕਰੋੜਾਂ ਵਿੱਚ ਹੈ।
5. ਇੰਨ੍ਹਾਂ ਵਿੱਚੋਂ ਇੱਕ ਵਿੱਚ, ਮੁੱਖ ਮੁਲਾਂਕਣਕਰਤਾ ਨੇ ਸਵੀਕਾਰ ਕੀਤਾ ਹੈ ਕਿ ਆਮਦਨ ਕਰ ਐਕਟ, 1961 ਦੀ ਧਾਰਾ 40 ਏ (3) ਦੀ ਉਲੰਘਣਾ ਵਿੱਚ ਭੁਗਤਾਨਾਂ ਨੂੰ ਸਾਲਾਂ ਵਿੱਚ ਕਰੋੜਾਂ ਵਿੱਚ ਕੀਤਾ ਗਿਆ ਹੈ, ਜਿਸ ਦਾ ਬਾਅਦ ਵਿੱਚ ਬਹੀ ਖਾਤਿਆਂ ਵਿੱਚ ਵੱਖ-ਵੱਖ ਇੰਦਰਾਜ ਕੀਤਾ ਗਿਆ ਹੈ।
6. ਸਟੀਲ ਰੋਲਿੰਗ ਮਿੱਲਾਂ ਵਿੱਚ, ਤਿਆਰ ਮਾਲ ਦੇ ਸਟਾਕ ਵਿੱਚ ਫ਼ਰਕ ਪਾਇਆ ਗਿਆ ਹੈ ਅਤੇ ਕੱਚੇ ਮਾਲ (ਸਕ੍ਰੈਪ) ਦਾ ਸਟਾਕ ਲੈਣਾ ਜਾਰੀ ਹੈ। 25 ਲੱਖ ਰੁਪਏ ਤੋਂ ਵੱਧ ਦੇ ਤਿਆਰ ਮਾਲ ਦਾ ਬੇਹਿਸਾਬ ਸਟਾਕ ਅਜੇ ਤੱਕ ਤਿਆਰ ਕੀਤਾ ਗਿਆ ਹੈ।
7. 3.40 ਕਰੋੜ ਰੁਪਏ ਦੀ ਅਚੱਲ ਸੰਪਤੀ ਵਿੱਚ ਬੇਹਿਸਾਬ ਨਿਵੇਸ਼ ਦਾ ਪਤਾ ਲਗਾਇਆ ਗਿਆ ਹੈ ਅਤੇ ਖੋਜ ਦੌਰਾਨ ਕਵਰ ਕੀਤੀਆਂ ਗਈਆਂ ਸੰਪਤੀਆਂ ਦੇ ਮਾਲਕਾਂ ਦੁਆਰਾ ਸਵੀਕਾਰ ਵੀ ਕੀਤਾ ਗਿਆ ਹੈ।
8. ਕੁਝ ਇਮਾਰਤਾਂ ਵਿੱਚੋਂ ਮਿਲੇ ਡਿਜੀਟਲ ਸਬੂਤ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦਾ ਵਿਸ਼ਲੇਸ਼ਣ ਜਾਰੀ ਹੈ।
9. ਖੋਜ ਟੀਮ ਦੁਆਰਾ ਕਿਸੇ ਇੱਕ ਸਮੂਹ ਦੇ ਪਰਿਵਾਰਕ ਮੈਂਬਰਾਂ ਨੂੰ ਬਿਨਾ ਵਿਆਜ ਦੇ ਕਰਜ਼ੇ/ਅਡਵਾਂਸ ਦੇ ਰੂਪ ਵਿੱਚ ਕਾਰੋਬਾਰੀ ਫੰਡਾਂ ਨੂੰ ਬਦਲਣ ਦਾ ਪਤਾ ਲਗਾਇਆ ਗਿਆ ਹੈ।
10. ਇਨ੍ਹਾਂ ਸਮੂਹਾਂ ਵਿੱਚ ਕੁੱਲ 1.70 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਪਾਈ ਗਈ ਹੈ। 1.50 ਕਰੋੜ ਰੁਪਏ ਮੁੱਲ ਦੇ ਬੇਹਿਸਾਬੇ ਗਹਿਣੇ ਮਿਲੇ ਹਨ। 1.50 ਕਰੋੜ ਰੁਪਏ ਮੁੱਲ ਦਾ ਆਟੇ ਦਾ ਅਸਪੱਸ਼ਟ ਸਟਾਕ ਵੀ ਮਿਲਿਆ ਹੈ। ਅੱਠ ਬੈਂਕ ਲਾਕਰਾਂ ਨੂੰ ਬੰਦ ਕੀਤਾ ਗਿਆ ਹੈ, ਜੋ ਅੱਜ ਤੱਕ ਚੱਲ ਰਹੇ ਸਨ।
ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।
****
ਆਰਐੱਮ/ਕੇਐੱਮਐੱਨ
(Release ID: 1754054)
Visitor Counter : 150