ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਕੈਪਟਨ ਮਨੋਜ ਕੁਮਾਰ ਪਾਂਡੇ ਯੂਪੀ ਸੈਨਿਕ ਸਕੂਲ, ਲਖਨਊ ਦੇ ਡਾਇਮੰਡ ਜੁਬਲੀ ਸਮਾਰੋਹਾਂ ਦੇ ਸਮਾਪਤੀ ਸਮਾਗਮ ਵਿੱਚ ਸ਼ਿਰਕਤ ਕੀਤੀ

Posted On: 27 AUG 2021 2:02PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (27 ਅਗਸਤ, 2021) ਲਖਨਊ ਵਿੱਚ ਕੈਪਟਨ ਮਨੋਜ ਕੁਮਾਰ ਪਾਂਡੇ ਯੂਪੀ ਸੈਨਿਕ ਸਕੂਲ ਦੇ ਗੋਲਡਨ ਜੁਬਲੀ ਸਮਾਰੋਹਾਂ ਦੇ ਸਮਾਪਤੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਡਾ. ਸੰਪੂਰਨਾਨੰਦ ਦੀ ਪ੍ਰਤਿਮਾ ਦਾ ਵੀ ਉਦਘਾਟਨ ਕੀਤਾ;  ਡਾ. ਸੰਪੂਰਨਾਨੰਦ ਦੇ ਨਾਮ ‘ਤੇ ਇੱਕ ਆਡੀਟੋਰੀਅਮ ਦਾ ਉਦਘਾਟਨ ਕੀਤਾ;  ਅਤੇ ਸਕੂਲ ਦੀ ਸਮਰੱਥਾ ਦੁੱਗਣੀ ਕਰਨ ਦੇ ਪ੍ਰੋਜੈਕਟਾਂ ਅਤੇ ਸਕੂਲ ਵਿੱਚ ਲੜਕੀਆਂ ਲਈ ਇੱਕ ਹੋਸਟਲ ਦੇ ਨੀਂਹ ਪੱਥਰ ਰੱਖੇ। 

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕੈਪਟਨ ਮਨੋਜ ਕੁਮਾਰ ਪਾਂਡੇ ਯੂ.ਪੀ. ਸੈਨਿਕ ਸਕੂਲ ਦੇਸ਼ ਵਿੱਚ ਸਥਾਪਿਤ ਕੀਤਾ ਗਿਆ ਪਹਿਲਾ ਸੈਨਿਕ ਸਕੂਲ ਹੈ। ਉਨ੍ਹਾਂ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਇਹ ਸਕੂਲ ਪਹਿਲਾ ਸੈਨਿਕ ਸਕੂਲ ਵੀ ਹੈ ਜਿਸਨੇ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰਨੀ ਸ਼ੁਰੂ ਕੀਤੀ ਸੀ। ਇਹ ਪਹਿਲਾ ਸੈਨਿਕ ਸਕੂਲ ਹੋਵੇਗਾ ਜਿਸ ਦੀਆਂ ਵਿਦਿਆਰਥਣਾਂ ਇਸ ਵਰ੍ਹੇ ਐੱਨਡੀਏ ਦੀ ਪਰੀਖਿਆ ਦੇਣਗੀਆਂ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉੱਤਮਤਾ ਦੀ ਪਰੰਪਰਾ ਸਥਾਪਿਤ ਕੀਤੀ ਹੈ ਅਤੇ ਹੋਰ ਸੈਨਿਕ ਸਕੂਲਾਂ ਲਈ ਵੀ ਚੰਗੇ ਮਿਆਰ ਕਾਇਮ ਕੀਤੇ ਹਨ।

ਕੈਪਟਨ ਮਨੋਜ ਕੁਮਾਰ ਪਾਂਡੇ ਨੂੰ ਯਾਦ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰ ਦੀਆਂ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦੀ ਕੁਰਬਾਨੀ ਲਈ ਅਸੀਂ ਹਮੇਸ਼ਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਰਿਣੀ ਰਹਾਂਗੇ। ਕੈਪਟਨ ਮਨੋਜ ਕੁਮਾਰ ਪਾਂਡੇ ਨੇ ਬਹਾਦਰੀ ਅਤੇ ਕੁਰਬਾਨੀ ਦੀ ਸ਼ਾਨਦਾਰ ਅਤੇ ਅਮਰ ਗਾਥਾ ਲਿਖੀ ਹੈ। ਉਹ ਸਾਰੇ ਸੈਨਿਕ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ ਇਕਲੌਤਾ ਸਿਪਾਹੀ ਹੈ ਜਿਸ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਡਾ. ਸੰਪੂਰਨਾਨੰਦ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਨ੍ਹਾਂ ਵਰਗੇ ਆਜ਼ਾਦੀ ਘੁਲਾਟੀਆਂ ਨੇ ਅਜਿਹੀਆਂ ਪੀੜ੍ਹੀਆਂ ਤਿਆਰ ਕਰਨ ਬਾਰੇ ਸੋਚਿਆ ਜੋ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀ ਅਨਮੋਲ ਆਜ਼ਾਦੀ ਦੀ ਰਾਖੀ ਕਰ ਸਕਣ ਅਤੇ ਚੰਗੇ ਸਮਾਜ ਦੀ ਉਸਾਰੀ ਕਰ ਸਕਣ। ਉਨ੍ਹਾਂ ਦੇ ਅਨੁਸਾਰ ਜਿੱਥੇ ਗਿਆਨ ਹੈ, ਉੱਥੇ ਸ਼ਕਤੀ ਹੈ। ਉਨ੍ਹਾਂ ਦੇ ਵਿਚਾਰ ਵਿੱਚ, ਵਿਦਿਆਰਥੀਆਂ ਦੇ ਮਨ ਵਿੱਚ ਉਤਸੁਕਤਾ ਅਤੇ ਹਿਰਦੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰ ਸੰਪੂਰਨਾਨੰਦ ਅਤੇ ਕੈਪਟਨ ਮਨੋਜ ਕੁਮਾਰ ਪਾਂਡੇ ਜਿਹੀਆਂ ਸ਼ਖਸੀਅਤਾਂ ਦਾ ਇੱਕ ਸਾਂਝਾ ਆਦਰਸ਼ ਹੈ। ਇਹ ਆਦਰਸ਼ ਰਾਸ਼ਟਰ ਦੇ ਮਾਣ-ਸਨਮਾਨ ਲਈ ਸਭ ਕੁਝ ਸਮਰਪਿਤ ਕਰਨ ਦੀ ਭਾਵਨਾ ਹੈ। ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅਜਿਹੇ ਆਦਰਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਇਸ ਸੈਨਿਕ ਸਕੂਲ ਦਾ ਮਾਣ ਵਧਾਉਣਗੇ ਅਤੇ ਰਾਸ਼ਟਰ ਦੀ ਸੇਵਾ ਵਿੱਚ ਸ਼ਾਨਦਾਰ ਅਧਿਆਈ ਲਿਖਣਗੇ।

ਵੀਵੀਆਈਪੀ ਆਵਾਜਾਈ ਦੇ ਦੌਰਾਨ ਟ੍ਰੈਫਿਕ ਪਾਬੰਦੀਆਂ ਬਾਰੇ ਬੋਲਦੇ ਹੋਏ ਜੋ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀਆਂ ਹਨ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਹੋਣ ਤੋਂ ਇਲਾਵਾ, ਉਹ ਇੱਕ ਸੰਵੇਦਨਸ਼ੀਲ ਨਾਗਰਿਕ ਵੀ ਹਨ। ਉਨ੍ਹਾਂ ਕਿਹਾ ਕਿ ਪਾਬੰਦੀਆਂ ਨੂੰ ਇਸ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿ ਆਮ ਆਵਾਜਾਈ ਵਿੱਚ ਘੱਟ ਤੋਂ ਘੱਟ ਵਿਘਨ ਪਵੇ।

ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਵੀਵੀਆਈਪੀ ਆਵਾਜਾਈ ਲਈ 15-20 ਮਿੰਟਾਂ ਤੋਂ ਵੱਧ ਦੀਆਂ ਪਾਬੰਦੀਆਂ ਨਾ ਲਾਗੂ ਕਰਨ ਬਾਰੇ ਤਰੀਕਾ ਕੱਢਣ ਅਤੇ ਅਜਿਹੀਆਂ ਪਾਬੰਦੀਆਂ ਦੇ ਸਮੇਂ ਦੌਰਾਨ ਵੀ ਐਂਬੂਲੈਂਸ ਜਿਹੇ ਐਮਰਜੈਂਸੀ ਵਾਹਨਾਂ ਨੂੰ ਲੰਘਣ ਦਿੱਤਾ ਜਾਵੇ। ਉਨ੍ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਟ੍ਰੈਫਿਕ ਅਨੁਸ਼ਾਸਨ ਬਣਾਈ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।


https://lh6.googleusercontent.com/N2BazFkVgAtWI_FDaO1k7HF6b9Gg-uJP6dkPM81hgXMOaRKev64C2_RrW9ypOlRxMyvayaH5izxJB5JI1euz4UUJRaNZ87CtYCpen0ih7m1N8PE73pQJ1sym1_AYRSfQHD_g3M4=s0

 ਰਾਸ਼ਟਰਪਤੀ ਦੇ ਸੰਦੇਸ਼ ਨੂੰ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ

Click here to see the President's message in Hindi

 

 

*********

 

 ਡੀਐੱਸ/ਬੀਐੱਮ



(Release ID: 1749619) Visitor Counter : 126