ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਕੋਵਿਡ–19 ਬਾਰੇ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਤੀਨਿਧੀਆਂ ਨੂੰ ਟੀਕਿਆਂ ਬਾਰੇ ਜਾਗਰੂਕਤਾ ਫੈਲਾਉਣ ਤੇ ਟੀਕਾ ਲਗਵਾਉਣ ਨੂੰ ਲੈ ਕੇ ਲੋਕਾਂ ਦੀ ਝਿਜਕ ਨਾਲ ਨਿਪਟਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ

ਮਹਾਮਾਰੀ ਦੌਰਾਨ ਪ੍ਰਦਾਨ ਕੀਤੀ ਗਈ ਸਹਾਇਤਾ ‘ਏਕ ਭਾਰਤ–ਏਕਨਿਸ਼ਠ ਪ੍ਰਯਾਸ’ ਦੀ ਇੱਕ ਸਰਬੋਤਮ ਉਦਾਹਰਣ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਤੀਨਿਧੀਆਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਹਰੇਕ ਵਿਅਕਤੀ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹਿੱਸਾ ਬਣੇ

ਦੇਸ਼ ਦੀ ਆਜ਼ਾਦੀ ਦੇ 75 ਵਰ੍ਹਿਆਂ ਦੇ ਅਵਸਰ ‘ਤੇ ਆਓ ਸਾਰੇ ‘ਭਾਰਤ ਜੋੜੋ ਅੰਦੋਲਨ’ ਰਾਹੀਂ ਦੇਸ਼ ਨੂੰ ਇਕਜੁੱਟ ਕਰਨ ਦੀ ਦਿਸ਼ਾ ‘ਚ ਕੰਮ ਕਰੀਏ: ਪ੍ਰਧਾਨ ਮੰਤਰੀ

ਇਨ੍ਹਾਂ ਪ੍ਰਤੀਨਿਧੀਆਂ ਨੇ ਸਭ ਤੋਂ ਅੱਗੇ ਰਹਿ ਕੇ ਕੋਵਿਡ–19 ਦੇ ਖ਼ਿਲਾਫ਼ ਜੰਗ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ; ਕੋਵਿਡ–19 ਦੀ ਤੀਸਰੀ ਲਹਿਰ ਨੂੰ ਰੋਕਣ ਲਈ ਹਰ ਸੰਭਵ ਸਹਿਯੋਗ ਦੇਵੋ

Posted On: 28 JUL 2021 7:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਕੋਵਿਡ–19 ਨਾਲ ਸਬੰਧਤੀ ਹਾਲਤ ਉੱਤੇ ਚਰਚਾ ਕਰਨ ਲਈ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਗੱਲਬਾਤ ਵੀ ਦੇਸ਼ ਹਿਤ ‘ਚ ਸਮਾਜ ਤੇ ਸਰਕਾਰ ਵੱਲੋਂ ਨਾਲ ਮਿਲ ਕੇ ਕੰਮ ਕਰਨ ਦੀ ਵਧੀਆ ਮਿਸਾਲ ਹੈ। ਉਨ੍ਹਾਂ ਨੇ ਕੋਵਿਡ–19 ਦੀਆਂ ਚੁਣੌਤੀਆਂ ਨਾਲ ਨਿਪਟਣ ‘ਚ ਇਨ੍ਹਾਂ ਸੰਗਠਨਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਾਤੀ ਅਤੇ ਧਰਮ ਉੱਤੇ ਵਿਚਾਰ ਕੀਤੇ ਬਿਨਾ ਲੋਕਾਂ ਨੂੰ ਮਦਦ ਦਿੱਤੀ ਗਈ ਅਤੇ ਇਹ ‘ਏਕ ਭਾਰਤ – ਏਕਨਿਸ਼ਠ ਪ੍ਰਯਾਸ’ ਦੀ ਸਰਬੋਤਮ ਉਦਾਹਰਣ ਹੈ। ਪੂਰੇ ਦੇਸ਼ ਵਿੱਚ ਮੰਦਿਰ, ਮੁਸਜਿਦ, ਚਰਚ ਅਤੇ ਗੁਰਦੁਆਰਾ ਮਹਾਮਾਰੀ ਦੌਰਾਨ ਹਸਪਤਾਲ ਤੇ ਆਈਸੋਲੇਸ਼ਨ ਕੇਂਦਰ ਬਣ ਗਏ। ਇਸ ਦੇ ਨਾਲ ਹੀ ਇਨ੍ਹਾਂ ਧਾਰਮਿਕ ਸਥਾਨਾਂ ਵੱਲੋਂ ਲੋੜਵੰਦਾਂ ਨੂੰ ਭੋਜਨ ਤੇ ਦਵਾਈਆ ਉਪਲਬਧ ਕਰਵਾਈਆਂ ਗਈਆਂ।

 

ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿੱਚ ਚਲ ਰਹੀ ਟੀਕਾਕਰਣ ਮੁਹਿੰਮ ਬਾਰੇ ਚਰਚਾ ਕਰਦਿਆਂ ਕਿਹਾ ਕਿ ਕੋਰੋਨਾ ਵਿਰੁੱਧ ਜੰਗ ਵਿੱਚ ‘ਸਭ ਨੂੰ ਵੈਕਸੀਨ, ਮੁਫ਼ਤ ਵੈਕਸੀਨ’ ਇੱਕ ਸੁਰੱਖਿਆ ਢਾਲ ਵਾਂਗ ਹੈ। ਉਨ੍ਹਾਂ ਧਾਰਮਿਕ ਅਤੇ ਭਾਈਚਾਰੇ ਦੇ ਆਗੂਆਂ ਨਾਲ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ, ਤਾਂ ਜੋ ਟੀਕਾਕਰਣ ਪ੍ਰਤੀ ਜਾਗਰੂਕਤਾ ਨੂੰ ਵਧਾਇਆ ਜਾ ਸਕੇ ਅਤੇ ਵੈਕਸੀਨ ਨੂੰ ਲੈ ਕੇ ਅਫ਼ਵਾਹਾਂ ਤੇ ਦੁਬਿਧਾਵਾਂ ਦਾ ਮੁਕਾਬਲਾ ਕੀਤਾ ਜਾ ਸਕੇ। ਉਨ੍ਹਾਂ ਖ਼ਾਸ ਕਰਕੇ ਉਨ੍ਹਾਂ ਖੇਤਰਾਂ ‘ਚ ਸਰਕਾਰ ਨਾਲ ਕੋਸ਼ਿਸ਼ ਕਰਨ ਦੀ ਬੇਨਤੀ ਕੀਤੀ, ਜਿੱਥੇ ਲੋਕਾਂ ਵਿੱਚ ਵੈਕਸੀਨ ਪ੍ਰਤੀ ਝਿਜਕ ਵੱਧ ਹੈ। ਇਸ ਨਾਲ ਸਾਡੇ ਸਿਹਤ–ਕਰਮਚਾਰੀਆਂ ਨੂੰ ਹਰੇਕ ਨਾਗਰਿਕ ਤੱਕ ਪਹੁੰਚਣ ‘ਚ ਬਹੁਤ ਸਹਾਇਤਾ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਇਨ੍ਹਾਂ ਰਹਿਨੁਮਾਨਾਵਾਂ ਨਾਲ ਆਜ਼ਾਦੀ–ਪ੍ਰਾਪਤੀ ਦੀ 75ਵੀਂ ਵਰ੍ਹੇਗੰਢ ਦੇ ਜਲਸੇ ਦਾ ਹਿੱਸਾ ਬਣਨ ਲਈ ਵੀ ਕਿਹਾ। ਉਨ੍ਹਾਂ ਨੇ ਉਨ੍ਹਾਂ ਸਭ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਹਰ ਕੋਈ ‘ਆਜ਼ਾਦੀ ਕੇ ਅੰਮ੍ਰਿਤ ਮਹੋਤਸਵ’ ਦਾ ਹਿੱਸਾ ਬਣਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੌਕੇ ‘ਤੇ ਸਾਨੂੰ ‘ਭਾਰਤ ਜੋੜੋ ਅੰਦੋਲਨ’ ਰਾਹੀਂ ਸਮੁੱਚੇ ਦੇਸ਼ ਨੂੰ ਇਕਜੁੱਟ ਕਰਨ ਦੀ ਦਿਸ਼ਾ ‘ਚ ਕੰਮ ਕਰਨਾ ਚਾਹੀਦਾ ਹੈ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਸੱਚੀ ਭਾਵਨਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

 

ਇਸ ਗੱਲਬਾਤ ‘ਚ ਕੇਂਦਰੀ ਧਾਰਮਿਕ ਜਨ ਮੋਰਚਾ ਦੇ ਕਨਵੀਨਰ ਤੇ ਜਮਾਤ–ਏ–ਇਸਲਾਮੀ ਹਿੰਦ ਦੇ ਮੀਤ ਪ੍ਰਧਾਨ ਪ੍ਰੋ. ਸਲੀਮ ਇੰਜੀਨੀਅਰ; ਭਾਰਤੀਯ ਸਰਵ ਧਰਮ ਸੰਸਦ, ਉੱਤਰ ਪ੍ਰਦੇਸ਼ ਦੇ ਰਾਸ਼ਟਰੀ ਕਨਵੀਨਰ ਮਹਾ–ਰਿਸ਼ੀ ਪੀਠਾਧੀਸ਼ਵਰ ਗੋਸਵਾਮੀ ਸੁਸ਼ੀਲ ਮਹਾਰਾਜ; ਨਵੀਂ ਦਿੱਲੀ ਦੇ ਓਂਕਾਰ ਧਾਮ ਦੇ ਪੀਠਾਧੀਸ਼ਵਰ ਸਵਾਮੀ ਓਂਕਾਰਾਨੰਦ ਸਰਸਵਤੀ; ਗੁਰਦੁਆਰਾ ਬੰਗਲਾ ਸਾਹਿਬ, ਨਵੀਂ ਦਿੱਲੀ ਦੇ ਪ੍ਰਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ; ਨਵੀਂ ਦਿੱਲੀ ਦੇ ਇੰਸਟੀਟਿਊਟ ਆਵ੍ ਹਾਰਮਨੀ ਐਂਡ ਪੀਸ ਸਟਡੀਜ਼ ਦੇ ਬਾਨੀ ਡਾਇਰੈਕਟਰ ਡਾ. ਐੱਮ. ਡੀ. ਥਾਮਸ; ਆਲ ਇੰਡੀਆ ਰਵਿਦਾਸੀਆ ਧਰਮ ਸੰਗਠਨ ਦੇ ਮੁਖੀ ਸਵਾਮੀ ਵੀਰ ਸਿੰਘ ਹਿਤਕਾਰੀ; ਗਲਤਾ ਪੀਠ, ਜੈਪੁਰ ਦੇ ਸਵਾਮੀ ਸੰਪਤ ਕੁਮਾਰ; ਅੰਤਰਰਾਸ਼ਟਰੀ ਮਹਾਵੀਰ ਜੈਨ ਮਿਸ਼ਨ, ਨਵੀਂ ਦਿੱਲੀ ਦੇ ਮੁਖੀ ਆਚਾਰਿਆ ਵਿਵੇਕ ਮੁਨੀ; ਨਵੀਂ ਦਿੱਲੀ ‘ਚ ਲੋਟਸ ਟੈਂਪਲ ਤੇ ਇੰਡੀਅਨ ਬਹਾਈ ਕਮਿਊਨਿਟੀ ਦੇ ਰਾਸ਼ਟਰੀ ਟ੍ਰੱਸਟੀ ਤੇ ਸਕੱਤਰ ਡਾ. ਏ.ਕੇ. ਮਰਚੈਂਟ; ਰਾਮਕ੍ਰਿਸ਼ਨ, ਨਵੀਂ ਦਿੱਲੀ ਦੇ ਮੁਖੀ ਸਵਾਮੀ ਸ਼ਾਂਤਾਤਮਾਨੰਦ; ਅਤੇ ਸਿਸਟਰ ਓਮ ਸ਼ਾਂਤੀ ਰਿਟ੍ਰੀਟ ਸੈਂਟਰ, ਹਰਿਆਣਾ ਦੇ ਸਿਸਟਰ ਬੀ. ਕੇ. ਆਸ਼ਾ ਨੇ ਹਿੱਸਾ ਲਿਆ।

 

ਇਨ੍ਹਾਂ ਰਹਿਨੁਮਾਵਾਂ ਨੇ ਇਸ ਗੱਲਬਾਤ ਦਾ ਆਯੋਜਨ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਤੇ ਇਸ ਮਹਾਮਾਰੀ ਵਿਰੁੱਧ ਲੜਾਈ ਵਿੱਚ ਉਨ੍ਹਾਂ ਦੀ ਨਿਰਣਾਇਕ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾਂਨੇ ਕੋਵਿਡ–19 ਤੋਂ ਪੈਦਾ ਹੋਈਆਂ ਚੁਣੌਤੀਆਂ ਨਾਲ ਨਿਪਟਣ ਲਈ ਵਿਭਿੰਨ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੁਆਰਾ ਕੀਤੇ ਬੇਮਿਸਾਲ ਕਾਰਜਾਂ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਨੇ ਹਾਲੇ ਚਲ ਰਹੀ ਟੀਕਾਕਰਣ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਲਈ ਆਪਣਾ ਸਮਰਥਨ ਦਿੱਤਾ ਤੇ ਤੀਸਰੀ ਲਹਿਰ ਨੂੰ ਰੋਕਣ ਲਈ ਆਪਣੇ ਵਿਚਾਰ ਤੇ ਸੁਝਾਅ ਦਿੱਤੇ।

 

****

 

ਡੀਐੱਸ/ਐੱਸਐੱਚ


(Release ID: 1740124)