ਉਪ ਰਾਸ਼ਟਰਪਤੀ ਸਕੱਤਰੇਤ

ਦੇਸ਼ ‘ਚ ਖੇਤੀਬਾੜੀ ਨੂੰ ਕਾਇਮ ਰੱਖਣ ਲਈ ਕਿਸਾਨਾਂ ਨੂੰ ਬਿਹਤਰ ਕੀਮਤਾਂ ਅਤੇ ਸਮੇਂ ‘ਤੇ ਕਿਫ਼ਾਇਤੀ ਕਰਜ਼ੇ ਮੁਹੱਈਆ ਕਰਵਾਉਣੇ ਅਹਿਮ ਹਨ: ਉਪ ਰਾਸ਼ਟਰਪਤੀ


‘ਵਧਦੇ ਉਤਪਾਦਨ ਦੇ ਨਾਲ–ਨਾਲ ਲਾਗਤਾਂ ਵਿੱਚ ਕਟੌਤੀ ਜ਼ਰੂਰ ਹੋਣੀ ਚਾਹੀਦੀ ਹੈ ‘

ਉਪ ਰਾਸ਼ਟਰਪਤੀ ਨੇ ਵਧਦੀਆਂ ਜਾ ਰਹੀਆਂ ਸ਼ਹਿਰੀ–ਦਿਹਾਤੀ ਵੰਡੀਆਂ ‘ਤੇ ਚਿੰਤਾ ਪ੍ਰਗਟਾਈ; ‘ਗ੍ਰਾਮ ਸਵਰਾਜਯ’ ਹਾਸਲ ਕਰਨ ਲਈ ਇੱਕ ਨਿਵੇਕਲੀ ਰਾਸ਼ਟਰੀ ਕੋਸ਼ਿਸ਼ ਦਾ ਸੱਦਾ

ਸ਼੍ਰੀ ਨਾਇਡੂ ਦੀ ਖੇਤੀ–ਵਿਗਿਆਨੀਆਂ ਨੂੰ ਸਲਾਹ: ਜਲਵਾਯੂ ਤੇ ਸੋਕੇ ਨੂੰ ਝੱਲਣ ਵਾਲੀਆਂ ਕਿਸਮਾਂ ਵਿਕਸਿਤ ਕਰੋ; ਲੈਬ–ਫ਼ਾਰਮ ਸਬੰਧ ਮਜ਼ਬੂਤ ਬਣਾਓ

ਕਿਸਾਨਾਂ ‘ਤੇ ਕੇਂਦ੍ਰਿਤ ਰਸਾਲੇ ਤੇ ਚੈਨਲਾਂ ਦੀ ਵਧੇਰੇ ਲੋੜ: ਉਪ ਰਾਸ਼ਟਰਪਤੀ ਸ਼੍ਰੀ ਨਾਇਡੂ

ਉਪ ਰਾਸ਼ਟਰਪਤੀ ਨੇ ਗ੍ਰਾਮੀਣ ਭਾਰਤ ਤੇ ਖੇਤੀਬਾੜੀ ਬਾਰੇ ਪੁਸਤਕ ‘ਪੱਲੇਕੂ ਪੱਟਾਭਿਸ਼ੇਕਮ’ ਰਿਲੀਜ਼ ਕੀਤੀ

Posted On: 11 JUL 2021 6:25PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ ਖੇਤੀਬਾੜੀ ਨੂੰ ਕਾਇਮ ਰੱਖਣ ਲਈ ਕਿਸਾਨਾਂ ਨੂੰ ਖੇਤੀ ਉਤਪਾਦਾਂ ਲਈ ਬਿਹਤਰ ਕੀਮਤਾਂ ਅਤੇ ਸਮੇਂ–ਸਿਰ, ਕਿਫ਼ਾਇਤੀ ਕਰਜ਼ੇ ਮੁਹੱਈਆ ਕਰਵਾਉਣੇ ਅਹਿਮ ਹਨ।

 

ਵਿਸ਼ਵ ਪੱਧਰ ਉੱਤੇ ਆਉਣ ਵਾਲੇ ਅਨਾਜ ਦੇ ਸੰਕਟ ਬਾਰੇ ਅਨਾਜ ਤੇ ਖੇਤੀਬਾੜੀ ਸੰਗਠਨ (FAO) ਬਾਰੇ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਕਿਸਾਨਾਂ ਨੂੰ ਸਮੇਂ–ਸਿਰ ਸਹਾਇਤਾ ਮੁਹੱਈਆ ਕਰਵਾਉਂਦੇ ਹਾਂ, ਤਾਂ ਭਾਰਤ ਨਾ ਸਿਰਫ਼ ਆਤਮਨਿਰਭਰ ਹੋਵੇਗਾ, ਸਗੋਂ ਆਉਣ ਵਾਲੇ ਸਾਲਾਂ ਦੌਰਾਨ ਦੁਨੀਆ ਨੂੰ ਭੋਜਨ ਵੀ ਦੇ ਸਕੇਗਾ।

 

ਮਹਾਮਾਰੀ ਕਾਰਣ ਸਾਹਮਣੇ ਆਈਆਂ ਗੰਭੀਰ ਕਿਸਮ ਦੀਆਂ ਔਕੜਾਂ ਦੇ ਬਾਵਜੂਦ ਪਿਛਲੇ ਵਰ੍ਹੇ ਵਧੇ ਅਨਾਜ ਦੇ ਉਤਪਾਦਨ ਲਈ ਸਾਡੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭੰਡਾਰਣ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ, ਫ਼ਸਲਾਂ ਦੀ ਆਵਾਜਾਈ ਉੱਤੋਂ ਪਾਬੰਦੀਆਂ ਹਟਾਉਣ ਅਤੇ ਖੇਤੀਬਾੜੀ ਨੂੰ ਵਧੇਰੇ ਮੁਨਾਫ਼ਾਯੋਗ ਬਣਾਉਣ ਲਈ ਫ਼ੂਡ ਪ੍ਰੋਸੈੱਸਿੰਗ ਨੂੰ ਉਤਸ਼ਾਹਿਤ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ।

 

ਸ਼੍ਰੀ ਨਾਇਡੂ ਨੇ ਇਹ ਵੀ ਕਿਹਾ, ‘ਕਿਸਾਨਾਂ ਨੂੰ ਉਤਪਾਦਨ ਵਧਾਉਣ ਦੇ ਨਾਲ–ਨਾਲ ਖ਼ਰਚਿਆਂ ਵਿੱਚ ਕਟੌਤੀ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਸਾਨੂੰ ਪਾਣੀ ਤੇ ਬਿਜਲੀ ਜਿਹੇ ਆਪਣੇ ਸਰੋਤਾਂ ਦਾ ਉਪਯੋਗ ਵਧੇਰੇ ਸੂਝਬੂਝ ਨਾਲ ਕਰਨ ਦੀ ਵੀ ਲੋੜ ਹੈ।’

 

ਹੈਦਰਾਬਾਦ ‘ਚ ਡਾ. ਮੈਰੀ ਚੰਨਾ ਰੈੱਡੀ ਹਿਊਮਨ ਰੀਸੋਰਸ ਡਿਵੈਲਪਮੈਂਟ ਇੰਸਟੀਟਿਊਟ ਵਿਖੇ ਸਾਬਕਾ ਸੰਸਦ ਮੈਂਬਰ ਸ਼੍ਰੀ ਯੇਲਾਮੰਚਿਲੀ ਸਿਵਾਜੀ ਵੱਲੋਂ ਲਿਖੀ ਪੁਸਤਕ ‘ਪੱਲੇਕੂ ਪੱਟਾਭਿਸ਼ੇਕਮ’ ਰਿਲੀਜ਼ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਪਿੰਡ ਤੇ ਖੇਤੀਬਾੜੀ ਮੁੱਢ–ਕਦੀਮਾਂ ਤੋਂ ਆਪਸ ਵਿੱਚ ਜੁੜੇ ਹੋਏ ਹਨ ਤੇ ਸਾਨੂੰ ਜ਼ਰੂਰ ਹੀ ਆਪਣੇ ਪਿੰਡਾਂ ਵਿੱਚ ‘ਗ੍ਰਾਮ ਸਵਰਾਜਯ’ ਲਿਆਉਣ ਲਈ ਉਨ੍ਹਾਂ ਦੇ ਮੁੱਦੇ ਸਮੁੱਚਤਾ ਨਾਲ ਹੱਲ ਕਰਨੇ ਹੋਣਗੇ।

 

ਉਨ੍ਹਾਂ ਕਿਸਾਨਾਂ ਲਈ ਫਲਦਾਇਕ ਨਤੀਜੇ ਯਕੀਨੀ ਬਣਾਉਣ ਲਈ ਮਜ਼ਬੂਤ ਲੈਬ–ਫ਼ਾਰਮ ਸਬੰਧ ਬਣਾਉਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਵਿਗਿਆਨੀਆਂ ਨੂੰ ਜਲਵਾਯੂ ਤੇ ਸੋਕੇ ਨੂੰ ਝੱਲਣ ਵਾਲੀਆਂ ਬੀਜਾਂ ਦੀਆਂ ਕਿਸਮਾਂ ਵਿਕਸਿਤ ਕਰਨ ਦੀ ਬੇਨਤੀ ਕੀਤੀ।

 

ਵਧਦੀਆਂ ਜਾ ਰਹੀਆਂ ਸ਼ਹਿਰੀ–ਦਿਹਾਤੀ ਵੰਡੀਆਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਪਿੰਡਾਂ ਨੂੰ ਮਹਿਜ਼ ‘ਸ਼ਹਿਰਾਂ ਨੂੰ ਭੋਜਨ/ਅਨਾਜ ਸਪਲਾਈ ਕਰਨ ਵਾਲੀਆਂ ਫ਼ੈਕਟਰੀਆਂ’ ਵਜੋਂ ਹੀ ਨਹੀਂ ਵੇਖਣਾ ਚਾਹੀਦਾ। ਗਾਂਧੀ ਜੀ ਦਾ ‘ਗ੍ਰਾਮ ਸਵਰਾਜਯ’ ਦਾ ਸੁਫ਼ਨਾ ਹਾਸਲ ਕਰਨ ਲਈ, ਉਨ੍ਹਾਂ ਸ਼ਹਿਰੀ ਸਮਾਜ, ਖੇਤੀ–ਵਿਗਿਆਨੀਆਂ, ਖੇਤੀ–ਅਰਥਸ਼ਾਸਤਰੀਆਂ, ਵਿਦਿਆਰਥੀਆਂ ਤੇ ਖੋਜਕਾਰਾਂ ਨੂੰ ਆਪਸੀ ਤਾਲਮੇਲ ਰਾਹੀਂ ਖੇਤੀਬਾੜੀ ਨੂੰ ਮੁਨਾਫ਼ਾਯੋਗ ਅਤੇ ਪਿੰਡਾਂ ਨੂੰ ਪ੍ਰਫ਼ੁੱਲਤ ਹੋ ਰਹੇ ਆਰਥਿਕ ਧੁਰੇ ਬਣਾਉਣ ਵਾਸਤੇ ਇੱਕ ਨਿਵੇਕਲੀ ਰਾਸ਼ਟਰੀ ਹੰਭਲਾ ਮਾਰਨ ਦਾ ਸੱਦਾ ਦਿੱਤਾ।

 

ਉਨ੍ਹਾਂ ਚਾਹਿਆ ਕਿ ਲੋਕ ਆਪਣੀਆਂ ਜੜ੍ਹਾਂ ਵੱਲ ਪਰਤਣ ਅਤੇ ਚਿਰੋਕਣੀਆਂ ਸਮੱਸਿਆਵਾਂ ਹੱਲ ਕਰਨ ਲਈ ਪਿੰਡਾਂ ਦੇ ਸਾਥੀ ਵਾਸੀਆਂ ਨਾਲ ਮਿਲ ਕੇ ਕੰਮ ਕਰਨ।

 

ਖੇਤੀਬਾੜੀ ਦੀਆਂ ਵਧਦੀਆਂ ਜਾ ਰਹੀਆਂ ਲਾਗਤਾਂ ਬਾਰੇ ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਲਾਗਤਾਂ ਘਟਾਉਣ ਅਤੇ ਕਿਸਾਨਾਂ ਵਾਸਤੇ ਇੱਕ ਸਥਿਰ ਆਮਦਨ ਪੈਦਾ ਕਰਨ ਲਈ ਕੁਦਰਤੀ ਤੇ ਆਰਗੈਨਿਕ ਖੇਤੀ ਵਿੱਚ ਵਧੇਰੇ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਰਗੈਨਿਕ ਉਤਪਾਦਾਂ ਦੀ ਵਧਦੀ ਜਾ ਰਹੀ ਮੰਗ ਕਿਸਾਨਾਂ ਲਈ ਵੱਡੇ ਪੱਧਰ ਉੱਤੇ ਕੁਦਰਤੀ ਖੇਤੀਬਾੜੀ ਨੂੰ ਅਪਨਾਉਣ ਦਾ ਮੌਕਾ ਮੁਹੱਈਆ ਕਰਵਾਉਂਦੀ ਹੈ।

 

ਸ਼੍ਰੀ ਨੇ ਇਹ ਵੀ ਚਾਹਿਆ ਕਿ ਕਿਸਾਨਾਂ ਨੂੰ ਮੁਰਗੀ–ਪਾਲਣ, ਡੇਅਰੀ ਫ਼ਾਰਮਿੰਗ, ਮੱਛੀ–ਪਾਲਣ, ਬਾਗ਼ਬਾਨੀ, ਜਲ–ਜੀਵ ਪਾਲਣ ਤੇ ਪਿੱਸੀਕਲਚਰ ਜਿਹੇ ਸਹਾਇਕ ਖੇਤਰਾਂ ਵਿੱਚ ਵਿਵਿਧਤਾ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਆਪਣੇ ਉਤਪਾਦਨ ‘ਚ ਵਿਵਿਧਤਾ ਲਿਆਉਂਦੇ ਹਨ, ਉਨ੍ਹਾਂ ਨੂੰ ਫ਼ਸਲਾਂ ਦੇ ਨਾਕਾਮ ਰਹਿਣ ‘ਤੇ ਨੁਕਸਾਨ ਦਾ ਸਾਹਮਣਾ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ।

 

ਨੌਜਵਾਨਾਂ ਦੀ ਭੂਮਿਕਾ ਬਾਰੇ ਬੋਲਦੇ ਹੋਏ, ਉਪ ਰਾਸ਼ਟਰਪਤੀ ਨੇ ਖੇਤੀਬਾੜੀ ਵਿੱਚ ਕਿਸਾਨਾਂ, ਖੋਜਕਾਰਾਂ, ਵਿਗਿਆਨੀਆਂ ਤੇ ਉੱਦਮੀਆਂ ਦੀ ਨਵੀਂ ਪੀੜ੍ਹੀ ਦੀ ਵਧੇਰੇ ਸ਼ਮੂਲੀਅਤ ਦਾ ਸੱਦਾ ਦਿੱਤਾ। ਉਨ੍ਹਾਂ ਭਾਰਤੀ ਖੇਤੀਬਾੜੀ ਨੂੰ ਅਗਾਂਹ ਲਿਜਾਣ ਵਿੱਚ ਮੀਡੀਆ ਦੀ ਵੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਸਾਨਾਂ ਉੱਤੇ ਕੇਂਦ੍ਰਿਤ ਅਜਿਹੇ ਵਧੇਰੇ ਰਸਾਲੇ ਅਤੇ ਚੈਨਲ ਸ਼ੁਰੂ ਕਰਨ ਦਾ ਸੱਦਾ ਦਿੱਤਾ, ਜੋ ਕਿਸਾਨਾਂ ਨੂੰ ਖੇਤਾਂ ਵਿੱਚ ਬਿਹਤਰੀਨ ਤੇ ਉੱਭਰ ਰਹੇ ਅਭਿਆਸਾਂ ਬਾਰੇ ਜਾਣਕਾਰੀ ਦੇ ਸਕਣ।

 

ਉਪ ਰਾਸ਼ਟਰਪਤੀ ਨੇ ਇਸ ਮੌਕੇ ਕਿਤਾਬ ਦੇ ਲੇਖਕ ਸ਼੍ਰੀ ਯੇਲਾਮੰਚਿਲੀ ਸਿਵਾਜੀ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਯਾਡਲਾਪੱਲੀ ਵੈਂਕਟੇਸ਼ਵਰ ਰਾਓ, ਰਾਇਤੁ ਨੇਸਥਮ, ਸ਼੍ਰੀ ਐੱਲ.ਵੀ. ਸੁਬਰਾਮਨੀਅਮ, ਆਂਧਰ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ, ਸ਼੍ਰੀ ਜੀ.ਐੱਨ. ਰਾਓ, ਆਈਏਐੱਸ (ਸੇਵਾ–ਮੁਕਤ), ਸ਼੍ਰੀ ਮਲਾਕੋਂਡੱਈਆ, ਆਈਪੀਐੱਸ (ਸੇਵਾ–ਮੁਕਤ), ਡਾ. ਗੋਪੀਚੰਦ, ਸਟਾਰ ਹੌਸਪਿਟਲਜ਼, ਡਾ. ਟੀ. ਸੱਤਿਆਨਾਰਾਇਣ, ਸਕੱਤਰ, ਇੰਡੀਅਨ ਸੁਸਾਇਟੀ ਆਵ੍ ਐਗ੍ਰੀਕਲਚਰਲ ਮਾਰਕਿਟਿੰਗ ਅਤੇ ਹੋਰ ਇਸ ਸਮਾਰੋਹ ਦੌਰਾਨ ਮੌਜੂਦ ਸਨ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1734688) Visitor Counter : 148