ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਜੰਮੂ ਕਸ਼ਮੀਰ ਵਿੱਚ ਦੇਵਿਕਾ ਨਦੀ ਰਾਸ਼ਟਰੀ ਪ੍ਰੋਜੈਕਟ ਸਦਭਾਵਨਾ ਅਤੇ ਏਕਤਾ ਦਾ ਪ੍ਰਤੀਕ ਹੈ


ਮੌਕੇ 'ਤੇ ਮੁਲਾਂਕਣ ਲਈ ਦੇਵਿਕਾ ਪ੍ਰੋਜੈਕਟ ਦੀ ਸਾਈਟ ਦਾ ਦੌਰਾ ਕੀਤਾ

Posted On: 12 JUN 2021 6:54PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਦੇਵਿਕਾ ਨਦੀ ਨੈਸ਼ਨਲ ਪ੍ਰੋਜੈਕਟ ਸਾਡੇ ਸਮੂਹਕ ਮਾਣ ਅਤੇ ਵਿਸ਼ਵਾਸ ਨੂੰ ਦਰਸਾਏਗਾ, ਅਤੇ ਇਹ ਉੱਤਰ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੋਵੇਗਾ। ਇਸ ਲਈ, ਉਨ੍ਹਾਂ ਕਿਹਾ, ਇਹ ਮਹੱਤਵਪੂਰਨ ਹੈ ਕਿ ਇਥੇ ਕੰਮ ਕਰਨ ਵਾਲੇ ਸਬੰਧਤ ਅਧਿਕਾਰੀ ਸਮਾਜ ਦੇ ਸਾਰੇ ਵਰਗਾਂ ਨੂੰ, ਵਿਚਾਰਧਾਰਾ ਜਾਂ ਰਾਜਨੀਤਿਕ ਸੰਬੰਧਾਂ ਦੀ ਪਰਵਾਹ ਕੀਤੇ ਬਿਨਾਂ, ਭਰੋਸੇ ਵਿੱਚ ਲੈਣ, ਤਾਂ ਕਿ ਜਦੋਂ ਇਹ ਪ੍ਰੋਜੈਕਟ ਪੂਰਾ ਹੋਵੇ, ਤਾਂ ਇਸ ਨੂੰ ਨਾ ਕੇਵਲ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸੇ ਤਰ੍ਹਾਂ ਦੇ ਹੋਰ ਪ੍ਰੋਜੈਕਟਾਂ ਲਈ ਇੱਕ ਆਦਰਸ਼ ਵਜੋਂ ਵੇਖਿਆ ਜਾਵੇ, ਸਗੋਂ ਇਹ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਦਾ ਪ੍ਰਤੀਕ ਵੀ ਮੰਨਿਆ ਜਾਏ ਜਿਸ ਦਾ ਕਿ ਦੇਵਿਕਾ ਨਦੀ ਸਦੀਆਂ ਤੋਂ ਪ੍ਰਤੀਕ ਰਹੀ ਹੈ।

 

 ਡਾ. ਜਿਤੇਂਦਰ ਸਿੰਘ ਨੇ ਅੱਜ ਦੇਵਿਕਾ ਕਾਇਆਕਲਪ ਪ੍ਰੋਜੈਕਟ ਦੀ ਸਾਈਟ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਨਾਲ ਦੌਰੇ ‘ਤੇ ਗਏ ਡੀਡੀਸੀ ਦੇ ਚੇਅਰਮੈਨ ਲਾਲ ਚੰਦ ਭਗਤ, ਜ਼ਿਲ੍ਹਾ ਵਿਕਾਸ ਕਮਿਸ਼ਨਰ ਇੰਦੂ ਕੰਵਲ ਚਿੱਬ, ਮਿਊਂਸਿਪਲ ਚੇਅਰਮੈਨ ਡਾ. ਯੋਗੇਸ਼ਵਰ ਗੁਪਤਾ, ਸਾਬਕਾ ਮੰਤਰੀ ਪਵਨ ਗੁਪਤਾ, ਵੱਖ-ਵੱਖ ਇੰਜੀਨੀਅਰਿੰਗ ਵਿੰਗਾਂ ਅਤੇ ਕਾਰਜਕਾਰੀ ਏਜੰਸੀਆਂ ਦੇ ਮੁਖੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਦੁਹਰਾਇਆ ਕਿ ਹਾਲਾਂਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਪਰ ਇਸ ਦੇ ਨਾਲ ਹੀ ਕਿਸੇ ਵੀ ਵਰਗ ਵਲੋਂ ਦਿੱਤੇ ਜਾਂਦੇ ਤਰਕਪੂਰਨ ਸੁਝਾਅ ਜਾਂ ਇਨਪੁਟਸ ਲੈਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ, ਉਹ ਇਤਿਹਾਸਕ ਦੇਵਿਕਾ ਪ੍ਰੋਜੈਕਟ ਨੂੰ ਨਾ ਸਿਰਫ ਆਸਥਾ ਦੇ ਪ੍ਰਾਜੈਕਟ ਵਜੋਂ, ਬਲਕਿ ਸਹਿਮਤੀ ਅਤੇ ਮੇਲ-ਮਿਲਾਪ ਦੀ ਯਾਦਗਾਰ ਵਜੋਂ ਵੇਖਦੇ ਹਨ।

 

 

ਕੇਂਦਰ ਸਰਕਾਰ ਦੇ ਫਲੈਗਸ਼ਿਪ “ਨਮਾਮਿਗੰਗੇ” ਪ੍ਰੋਜੈਕਟ ਨਾਲ ਇਸਦੀ ਤੁਲਨਾ ਕਰਦਿਆਂ ਮੰਤਰੀ ਨੇ ਦੇਵਿਕਾ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ, ਜਿਸਦੀ ਰਸਮੀ ਸ਼ੁਰੂਆਤ ਸ਼੍ਰੀ ਮੋਦੀ ਨੇ ਸਾਲ 2019 ਦੇ ਸ਼ੁਰੂ ਵਿੱਚ ਆਪਣੀ ਜੰਮੂ ਫੇਰੀ ਦੌਰਾਨ ਕੀਤੀ ਸੀ। ਉਨ੍ਹਾਂ ਕਿਹਾ, ਹੁਣ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਪ੍ਰੋਜੈਕਟ ਨੂੰ ਉਸੇ ਭਾਵਨਾ ਅਤੇ ਵਿਸ਼ਵਾਸ ਨਾਲ ਪੂਰਾ ਕੀਤਾ ਜਾਏ ਜਿਸ ਨਾਲ ਕਿ ਮੋਦੀ ਸਰਕਾਰ ਨੇ ਇਸਨੂੰ ਪਾਸ ਕੀਤਾ ਅਤੇ ਮਨਜ਼ੂਰੀ ਦਿੱਤੀ।

 

 ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਪਿਛਲੇ ਹਫਤੇ ਹੀ ਉਨ੍ਹਾਂ ਨੇ ਇੱਕ ਵਰਚੁਅਲ ਮੀਟਿੰਗ ਰਾਹੀਂ ਇਸ ਪ੍ਰੋਜੈਕਟ ਦੀ ਪੂਰੀ ਸਮੀਖਿਆ ਕੀਤੀ ਸੀ, ਜਿਸ ਵਿੱਚ ਮੁੱਖ ਸਕੱਤਰ ਅਰੁਣ ਕੁਮਾਰ ਮਹਿਤਾ ਅਤੇ ਪ੍ਰਮੁੱਖ ਸਕੱਤਰ ਸ਼ਹਿਰੀ ਵਿਕਾਸ, ਧੀਰਜ ਗੁਪਤਾ ਵੀ ਹਾਜ਼ਰ ਸਨ। ਉਨ੍ਹਾਂ ਕੋਵਿਡ ਮਹਾਮਾਰੀ ਕਾਰਨ ਵਿਅਰਥ ਬੀਤੇ ਸਮੇਂ ਦੀ ਭਰਪਾਈ ਲਈ ਕੰਮ ਦੀ ਗਤੀ ਵਧਾਉਣ 'ਤੇ ਜ਼ੋਰ ਦਿੱਤਾ ਸੀ ਅਤੇ ਕੰਟ੍ਰੈਕਟਰ ਏਜੰਸੀ ਅਤੇ ਇੰਜੀਨੀਅਰਿੰਗ ਵਿੰਗਾਂ ਵਿਚਕਾਰ ਸਰਬੋਤਮ ਤਾਲਮੇਲ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਸੀ। ਉਸ ਮੀਟਿੰਗ ਵਿੱਚ, ਉਨ੍ਹਾਂ ਨਿਯਮਤ ਅਧਾਰ 'ਤੇ ਪ੍ਰਾਜੈਕਟ ਦੀ ਨਿਗਰਾਨੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਸੀ ਅਤੇ ਅੱਜ ਸਾਈਟ ‘ਤੇ ਉਨ੍ਹਾਂ ਦਾ ਦੌਰਾ ਵੀ ਇਸੇ ਨੁਕਤੇ ਨੂੰ ਰੇਖਾਂਕਿਤ ਕਰਨ ਲਈ ਸੀ।

 

ਸਾਈਟ 'ਤੇ, ਡਾ. ਜਿਤੇਂਦਰ ਸਿੰਘ ਨੂੰ ਕੰਮ ਦੀ ਮੌਜੂਦਾ ਸਥਿਤੀ ਬਾਰੇ ਅਪਡੇਟ ਕੀਤਾ ਗਿਆ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਰਿਪੋਰਟ ਕੀਤੀ ਗਈ ਕੰਟ੍ਰੈਕਟਰ ਏਜੰਸੀ ਵੱਲੋਂ ਕਥਿਤ ਤੌਰ 'ਤੇ ਸਹਿਯੋਗ ਦੀ ਘਾਟ ਨੂੰ ਠੇਕੇਦਾਰ ‘ਤੇ ਜੁਰਮਾਨਾ ਲਗਾ ਕੇ ਠੀਕ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਨੇ ਹੁਣ ਭਰੋਸਾ ਦਿੱਤਾ ਹੈ ਕਿ ਇਸ ਤੋਂ ਬਾਅਦ ਕੋਈ ਢਿੱਲ ਨਹੀਂ ਹੋਵੇਗੀ। 

 

 ਕੇਂਦਰ ਦੁਆਰਾ ਫੰਡ ਕੀਤੀ ਗਈ 190 ਕਰੋੜ ਰੁਪਏ ਦੀ ਰਾਸ਼ਟਰੀ ਨਦੀ ਸੰਰਕਸ਼ਣ ਯੋਜਨਾ (ਐੱਨਆਰਸੀਪੀ) ਦੇਵਿਕਾ ਪ੍ਰੋਜੈਕਟ ਦੇ ਤਹਿਤ ਦੇਵਿਕਾ ਨਦੀ ਦੇ ਕਿਨਾਰੇ ਨਹਾਉਣ ਦੇ “ਘਾਟ” (ਸਥਾਨ) ਵਿਕਸਤ ਕੀਤੇ ਜਾਣਗੇ, ਕਬਜ਼ੇ ਹਟਾਏ ਜਾਣਗੇ, ਕੁਦਰਤੀ ਜਲ ਭੰਡਾਰ ਬਹਾਲ ਕੀਤੇ ਜਾਣਗੇ ਅਤੇ ਸ਼ਮਸ਼ਾਨ ਘਾਟ ਦੇ ਨਾਲ-ਨਾਲ ਜਲਗ੍ਰਹਿਣ ਖੇਤਰ ਵਿਕਸਤ ਕੀਤੇ ਜਾਣਗੇ। 

 

 ਇਸ ਪ੍ਰੋਜੈਕਟ ਵਿੱਚ 8 ਐੱਮਐੱਲਡੀ, 4 ਐੱਮਐੱਲਡੀ ਅਤੇ 1.6 ਐੱਮਐੱਲਡੀ ਸਮਰੱਥਾ ਦੇ ਤਿੰਨ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਉਸਾਰੀ, 129.27 ਕਿਲੋਮੀਟਰ ਦਾ ਸੀਵਰੇਜ ਨੈੱਟਵਰਕ, ਦੋ ਸ਼ਮਸ਼ਾਨ ਘਾਟਾਂ ਦਾ ਵਿਕਾਸ, ਸੁਰੱਖਿਆ ਵਾੜ ਅਤੇ ਲੈਂਡਸਕੇਪਿੰਗ, ਛੋਟੇ ਪਣ ਬਿਜਲੀ ਘਰ ਅਤੇ ਤਿੰਨ ਸੌਰ ਊਰਜਾ ਪਲਾਂਟ ਸ਼ਾਮਲ ਹਨ। ਪ੍ਰੋਜੈਕਟ ਦੇ ਮੁਕੰਮਲ ਹੋਣ ‘ਤੇ, ਨਦੀਆਂ ਵਿੱਚ ਪ੍ਰਦੂਸ਼ਣ ਵਿੱਚ ਕਮੀ ਅਤੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ।

 

 ਦੇਵਿਕਾ ਨਦੀ ਦੀ ਵੀ ਵੱਡੀ ਧਾਰਮਿਕ ਮਹੱਤਤਾ ਹੈ ਕਿਉਂਕਿ ਇਸ ਨੂੰ ਹਿੰਦੂਆਂ ਦੁਆਰਾ ਗੰਗਾ ਨਦੀ ਦੀ ਭੈਣ ਵਜੋਂ ਸਤਿਕਾਰਿਆ ਜਾਂਦਾ ਹੈ। ਪਿਛਲੇ ਸਾਲ ਜੂਨ ਵਿੱਚ, ਡਾ. ਜਿਤੇਂਦਰ ਸਿੰਘ ਨੇ ਊਧਮਪੁਰ ਵਿੱਚ ਮਹੱਤਵਪੂਰਣ ਦੇਵਿਕਾ ਪੁਲ ਦਾ ਉਦਘਾਟਨ ਵੀ ਕੀਤਾ ਸੀ। ਟ੍ਰੈਫਿਕ ਜਾਮ ਨਾਲ ਨਜਿੱਠਣ ਤੋਂ ਇਲਾਵਾ, ਦੇਵਿਕਾ ਬ੍ਰਿਜ ਦਾ ਉਦੇਸ਼ ਫੌਜ ਦੇ ਕਾਫਿਲੇ ਅਤੇ ਵਾਹਨਾਂ ਦੀ ਨਿਰਵਿਘਨ ਆਵਾਜਾਈ ਵਿੱਚ ਸਹਾਇਤਾ ਕਰਨਾ ਵੀ ਹੈ। 

 

 ਉਨ੍ਹਾਂ ਦੇ ਨਾਲ ਆਏ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਇਹ ਸੁਨਿਸ਼ਚਿਤ ਕਰਨ ਲਈ ਕਿ ਕੰਮ ਦੀ ਗੁਣਵੱਤਾ ‘ਤੇ ਕੋਈ ਸਮਝੌਤਾ ਨਾ ਹੋਵੇ, ਇੱਕ "ਵਰਕ ਆਡਿਟ" ਦੀ ਯੋਜਨਾ ਬਣਾਈ ਗਈ ਸੀ। ਸਾਈਟ ਦੇ ਦੌਰੇ ਅਤੇ ਇਸ ਤੋਂ ਬਾਅਦ ਦੀ ਮੀਟਿੰਗ ਦੌਰਾਨ ਮੰਤਰੀ ਦੇ ਨਾਲ ਪ੍ਰਮੁੱਖ ਸਥਾਨਕ ਨੇਤਾਵਾਂ ਸਮੇਤ ਡੀਡੀਸੀ ਚੇਅਰਮੈਨ ਲਾਲ ਚੰਦ ਭਗਤ, ਮਿਉਂਸਪਲ ਚੇਅਰਮੈਨ ਡਾ. ਯੋਗੇਸ਼ਵਰ ਗੁਪਤਾ, ਸਾਬਕਾ ਮੰਤਰੀ ਪਵਨ ਗੁਪਤਾ, ਸੀਨੀਅਰ ਆਗੂ ਪੂਰਨ ਚੰਦ, ਵਿਵੇਕ ਗੁਪਤਾ, ਪਰਾਸ਼ਰ ਅਤੇ ਸੁਸ਼ਾਂਤ ਗੁਪਤਾ ਦੀ ਅਗਵਾਈ ਵਿੱਚ ਨੌਜਵਾਨ ਆਗੂ ਅਤੇ ਹੋਰ ਸਥਾਨਕ ਕੌਂਸਲਰ ਸ਼ਾਮਲ ਹੋਏ।

                  

************

 ਐੱਸਐੱਨਸੀ

 



(Release ID: 1726698) Visitor Counter : 149


Read this release in: English , Urdu , Hindi , Tamil