ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

“ਮਯੂਕਰੋਮਾਈਕੋਸਿਸ ਜ਼ਿਆਦਾਤਰ ਘੱਟ ਪ੍ਰਤੀਰੋਧਕਤਾ, ਸ਼ੂਗਰ ਰੋਗ ਤੋਂ ਪੀੜ੍ਹਤ ਲੋਕਾਂ ਵਿੱਚ ਦੇਖਿਆ ਜਾ ਰਿਹਾ ਹੈ”


“ਚੰਗੀ ਮੌਖਿਕ ਸਫਾਈ ਨਾ ਕਰਨ ਨਾਲ ਮਯੂਕਰੋਮਾਈਕੋਸਿਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ”

ਸਵੈ-ਇਲਾਜ ਅਤੇ ਬੇਲੋੜੀਆਂ ਦਵਾਈਆਂ ਲੈਣ 'ਤੇ ਸਖ਼ਤ ਮਨਾਹੀ ਹੈ

“ਜੇ ਤੁਸੀਂ ਟੀਕਾਕਰਨ ਤੋਂ ਬਾਅਦ ਕੋਵਿਡ -19 ਤੋਂ ਸੰਕ੍ਰਮਿਤ ਹੁੰਦੇ ਹੋ, ਤਾਂ ਇਹ ਜ਼ਿਆਦਾਤਰ ਮਾਮਲਿਆਂ ਵਿੱਚ ਹਲਕਾ ਰਹੇਗਾ”

ਪੀਆਈਬੀ ਵੈਬਿਨਾਰ ਦੌਰਾਨ ਡਾਕਟਰਾਂ ਨੇ ਮਯੂਕਰੋਮਾਈਕੋਸਿਸ ਅਤੇ ਇਸਦੀ ਰੋਕਥਾਮ ਬਾਰੇ ਚਾਨਣਾ ਪਾਇਆ

Posted On: 03 JUN 2021 3:23PM by PIB Chandigarh

ਪੱਤਰ ਸੂਚਨਾ ਦਫ਼ਤਰ ਵੱਲੋਂ ਅੱਜ ਆਯੋਜਿਤ ‘ਕੋਵਿਡ -19 ਦੇ ਸਬੰਧ ਵਿੱਚ ਮਯੂਕਰੋਮਾਈਕੋਸਿਸ ਅਤੇ ਮੌਖਿਕ ਸਿਹਤ’ ਵਿਸ਼ੇ ‘ਤੇ ਇਕ ਵੈਬਿਨਾਰ ਦੌਰਾਨ ਗੈਸਟਰੋਐਂਟਰੋਲੋਜਿਸਟ(ਪੇਟ ਰੋਗਾਂ ਦੇ ਮਾਹਰ) ਡਾ: ਰਾਜੀਵ ਜੈਦੇਵਨ ਨੇ ਦੱਸਿਆ ਕਿ ਮਯੂਕਰੋਮਾਈਕੋਸਿਸ ਦੇ ਕੇਸ ਕੋਵਿਡ -19 ਦੇ ਮਰੀਜਾਂ ਦੀ ਗਿਣਤੀ ਦੇ ਮਾਮੂਲੀ ਜਿਹੇ ਹਿੱਸੇ ਵਿੱਚ ਨਜ਼ਰ ਆਏ ਹਨ। ਵੈਬਿਨਾਰ ਵਿੱਚ ਦੂਜੀ ਮਾਹਰ ਪੈਨਲਿਸਟ ਪ੍ਰੋਸਟੋਡੌਨਟਿਸਟ (ਦੰਦ ਰੋਗਾਂ ਦੇ ਮਾਹਰ) ਡਾਕਟਰ ਨੀਤਾ ਰਾਣਾ ਮੌਜੂਦ ਸਨ। ਵੈਬਿਨਾਰ ਵਿੱਚ ਦਿੱਤੀ ਗਈ ਡਾਕਟਰਾਂ ਦੀ ਸਲਾਹ ਅਤੇ ਗਿਆਨ ਹੇਠਾਂ ਮੁੱਖ ਬਿੰਦੂਆਂ ਦੇ ਰੂਪ ਵਿੱਚ ਪੇਸ਼ ਕੀਤੇ ਗਏ ਹਨ। 

ਲੋਕਾਂ ਨੂੰ ਮਯੂਕਰੋਮਾਈਕੋਸਿਸ ਦਾ ਸ਼ਿਕਾਰ ਕੀ ਬਣਾਉਂਦਾ ਹੈ ?

ਕੋਵਿਡ -19 ਦੇ ਮਰੀਜ਼ਾਂ ਨੂੰ ਮਯੂਕਰੋਮਾਈਕੋਸਿਸ ਹੋਣ ਦੇ ਖ਼ਤਰੇ ਬਾਰੇ ਦੱਸਦੇ ਹੋਏ, ਡਾਕਟਰ ਜੈਦੇਵਨ ਨੇ ਕਿਹਾ, “ਸ਼ੂਗਰ ਅਤੇ ਸਟੀਰੌਇਡ ਦੀ ਵਰਤੋਂ ਦੇ ਪਿਛੋਕੜ ਵਿੱਚ ਕੋਵਿਡ -19 ਹੋਣਾ, ਟਰਿੱਪਲ ਇਮਿਊਨ ਸਪ੍ਰੇਸ਼ਨ ਲਈ ਇੱਕ ਰਵਾਇਤੀ ਸਥਿਤੀ ਹੈ। ਕੋਵਿਡ -19 ਪ੍ਰਤੀਰੋਧਕਤਾ ਸਣੇ ਸਾਡੇ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਤ ਕਰਦਾ ਹੈ। ਇਹ ਦੱਸਦੇ ਹੋਏ ਕਿ ਸ਼ੂਗਰ ਅਤੇ ਮਯੂਕਰੋਮਾਈਕੋਸਿਸ ਵਿਚਕਾਰ ਇੱਕ ਸਬੰਧ ਹੈ,  ਡਾਕਟਰ ਨੇ ਦੱਸਿਆ, "ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਹੈ। ਇਸ ਨੂੰ ਅਤੇ ਸਾਡੀ ਆਬਾਦੀ ਨੂੰ ਵੇਖਦਿਆਂ, ਬਿਮਾਰ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਹੈ, ਇਸ ਲਈ, ਇਹ ਸਮਝਣਯੋਗ ਹੈ ਕਿ ਉਨ੍ਹਾਂ ਵਿਚੋਂ ਕੁਝ ਨੂੰ ਮਯੂਕਰੋਮਾਈਕੋਸਿਸ ਹੋ ਸਕਦਾ ਹੈ।"

ਡਾਕਟਰ ਜੈਦੇਵਨ, ਜਿਨ੍ਹਾਂ ਨੇ ਮਹਾਮਾਰੀ ਦੌਰਾਨ ਡਾਕਟਰਾਂ, ਨੀਤੀ ਨਿਰਮਾਤਾਵਾਂ ਅਤੇ ਆਮ ਲੋਕਾਂ ਲਈ ਕਈ ਲੇਖ ਲਿਖੇ ਹਨ, ਨੇ ਕਿਹਾ, “ਜਿਸ ਤਰੀਕੇ ਨਾਲ ਮੈਂ ਇਸ ਨੂੰ ਵੇਖ ਰਿਹਾ ਹਾਂ, ਵੱਡੀ ਗਿਣਤੀ ਵਿੱਚ ਲੋਕ ਕੋਵਿਡ -19 ਨਾਲ ਸੰਕਰਮਿਤ ਹੋ ਰਹੇ ਹਨ, ਜਿਸ ਦਾ ਇੱਕ ਛੋਟਾ ਜਿਹਾ ਅਨੁਪਾਤ ਮਯੂਕਰੋਮਾਈਕੋਸਿਸ ਤੋਂ ਸੰਕਰਮਿਤ ਹੋ ਰਿਹਾ ਹੈ, ਤਾਂ ਇਹ ਅਨੁਪਾਤ ਵੱਡੀ ਗਿਣਤੀ ਬਣ ਜਾਂਦਾ ਹੈ।" 

ਡਾਕਟਰ ਨੇ ਅੱਗੇ ਸਮਝਾਇਆ: " ਮਯੂਕਰੋਮਾਈਕੋਸਿਸ ਦੇ ਮਰੀਜ਼ਾਂ ਵਿੱਚ ਦੇਖਿਆ ਗਿਆ ਹੈ ਕਿ ਸ਼ੂਗਰ ਜਾਂ ਅੰਗਾਂ ਦੇ ਟ੍ਰਾਂਸਪਲਾਂਟ ਤੋਂ ਬਾਅਦ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ। ਪਿਛਲੇ ਇੱਕ ਜਾਂ ਦੋ ਮਹੀਨਿਆਂ ਵਿੱਚ ਅਸੀਂ ਇਨ੍ਹਾਂ ਸਥਿਤੀਆਂ ਤੋਂ ਬਗੈਰ ਉਨ੍ਹਾਂ ਵਿੱਚ ਮਯੂਕਰੋਮਾਈਕੋਸਿਸ ਵਿੱਚ ਵਾਧਾ ਦੇਖਿਆ ਗਿਆ ਹੈ। ਇਹ ਇੱਕ ਨਵੀਂ ਪ੍ਰਾਪਤੀ ਹੈ। ਪਰ ਸਾਨੂੰ ਅਧਿਐਨ ਕਰਨ ਵਾਲਿਆਂ ਨੂੰ ਰਵਾਇਤੀ ਜੋਖਮ ਦੇ ਕਾਰਨਾਂ ਤੋਂ ਬਿਨਾਂ ਉਨ੍ਹਾਂ ਵਿੱਚ ਵਧ ਰਹੇ ਮਾਮਲਿਆਂ ਦੇ ਕਾਰਨਾਂ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੈ। "  

ਸ਼ੂਗਰ ਅਤੇ ਮਯੂਕਰੋਮਾਈਕੋਸਿਸ

ਡਾ. ਜੈਦੇਵਨ ਕਹਿੰਦੇ ਹਨ, "ਸ਼ੂਗਰ ਦੇ ਰੋਗੀਆਂ ਲਈ, ਜਦੋਂ ਖੂਨ ਵਿੱਚ ਸ਼ੱਕਰ ਦੇ ਗਲੂਕੋਜ਼ ਨੂੰ ਨਿਯੰਤਰਿਤ ਨਹੀਂ ਕੀਤਾ ਜਾ ਸਕਦਾ, ਇਮਿਊਨ ਪ੍ਰਣਾਲੀ ਸਹੀ ਤਰ੍ਹਾਂ ਕੰਮ ਨਹੀਂ ਕਰ ਪਾਉਂਦੀ। ਗੰਭੀਰ ਸ਼ੂਗਰ ਦੀ ਸਥਿਤੀ ਵਿੱਚ, ਨਿਊਟ੍ਰੋਫਿਲਸ ਵਰਗੇ ਜਰਾਸੀਮ - ਲੜਨ ਵਾਲੇ ਸੈੱਲਾਂ ਦਾ ਕੰਮ ਕਮਜ਼ੋਰ ਪੈ ਜਾਂਦਾ ਹੈ। ਇਹ ਸਾਨੂੰ ਮਯੂਕਰੋਮਾਈਕੋਸਿਸ ਦਾ ਸ਼ਿਕਾਰ ਬਣਾਉਂਦਾ ਹੈ। ਸ਼ੂਗਰ ਦਾ ਉੱਚ ਪੱਧਰ ਆਪਣੇ ਆਪ ਵਿੱਚ ਉੱਲੀ ਦੇ ਵਾਧੇ ਲਈ ਢੁਕਵਾਂ ਹੁੰਦਾ ਹੈ। ਉੱਲੀ ਚੀਨੀ ਨੂੰ ਪਿਆਰ ਕਰਦੀ ਹੈ, ਇਹ ਜ਼ਿੰਕ ਵਰਗੀ ਧਾਤ ਨੂੰ ਵੀ ਪਿਆਰ ਕਰਦੀ ਹੈ, ਇਹ ਮਰੇ ਹੋਏ ਟਿਸ਼ੂ 'ਤੇ ਵੀ ਵੱਧਦੀ ਹੈ ਅਤੇ ਜਦੋਂ ਤੱਕ ਸਰੀਰ ਮਰੇ ਹੋਏ ਟਿਸ਼ੂ ਦੀ ਮੁਰੰਮਤ ਨਹੀਂ ਕਰਦਾ, ਉੱਲੀ ਵਧ ਸਕਦੀ ਹੈ।" 

ਅਗਲੇ ਪੜਾਅ ਵਿੱਚ, "ਉੱਲੀ ਸਾਡੇ ਖੂਨ ਦੇ ਸੈੱਲਾਂ 'ਤੇ ਹਮਲਾ ਕਰਦੀ ਹੈ, ਸਾਡੇ ਟਿਸ਼ੂ ਆਕਸੀਜਨ ਦੀ ਸਪਲਾਈ ਨਹੀਂ ਲੈਂਦੇ ਅਤੇ ਮਰਦੇ ਜਾਂਦੇ ਹਨ ਅਤੇ ਜਦੋਂ ਟਿਸ਼ੂ ਮਰ ਜਾਂਦੇ ਹਨ, ਤਾਂ ਇਹ ਰੰਗ ਵਿੱਚ ਕਾਲੇ ਹੋ ਜਾਂਦੇ ਹਨ। ਪੇਟ ਰੋਗਾਂ ਦੇ ਮਾਹਰ ਡਾਕਟਰ ਨੇ ਸਰਲ ਭਾਸ਼ਾ ਦੱਸਿਆ ਕਿ ਇਹੀ ਕਾਰਨ ਹੈ ਕਿ ਮਯੂਕਰੋਮਾਈਕੋਸਿਸ ਲਈ ਕਾਲੀ ਉੱਲੀ ਨਾਮ ਵਰਤਿਆ ਜਾਂਦਾ ਹੈ।" 

ਦੰਦਾਂ ਦੀ ਸਿਹਤ ਅਤੇ ਮਯੂਕਰੋਮਾਈਕੋਸਿਸ

ਦੰਦਾਂ ਦੇ ਮਾਹਰ ਡਾ ਨੀਤਾ ਰਾਣਾ ਦੱਸਦੇ ਹਨ, "ਦੰਦਾਂ ਦੀ ਚੰਗੀ ਸਿਹਤ ਅਤੇ ਕੋਵਿਡ -19 ਲਾਗ ਦਰਮਿਆਨ ਨਿਸ਼ਚਤ ਤੌਰ 'ਤੇ ਸੰਬੰਧ ਹੈ। ਜਦੋਂ ਦੰਦ, ਮਸੂੜਿਆਂ ਅਤੇ ਪੈਲੀਟ ਨੂੰ ਚੰਗੀ ਤਰ੍ਹਾਂ ਬਣਾਈ ਰੱਖਿਆ ਜਾਂਦਾ ਹੈ, ਤਾਂ ਕੁਦਰਤੀ ਤੌਰ 'ਤੇ ਮੌਜੂਦ ਸੂਖਮ ਜੀਵ ਠੀਕ ਤਰ੍ਹਾਂ ਕੰਮ ਕਰਨਗੇ ਅਤੇ ਵਾਇਰਲ ਸੰਕ੍ਰਮਣ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਜੇ ਦੰਦ ਕੱਢਣ ਤੋਂ ਬਾਅਦ ਜ਼ਖ਼ਮ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਿਆ ਜਾਂਦਾ, ਜੇ ਚੰਗੀ ਮੌਖਿਕ ਸਫਾਈ ਨਹੀਂ ਕੀਤੀ ਜਾਂਦੀ, ਤਾਂ ਅਸੀਂ ਮਯੂਕਰੋਮਾਈਕੋਸਿਸ ਹੋਣ ਦੀ ਸੰਭਾਵਨਾ ਨੂੰ ਵਧਾਉਂਦੇ ਹਾਂ।

ਡਾ. ਨੀਤਾ ਨੇ ਸਲਾਹ ਦਿੱਤੀ ਕਿ ਦੰਦਾਂ ਦੀ ਸਫਾਈ, ਫਲਾਸਿੰਗ, ਮੂੰਹ ਸਾਫ਼ ਕਰਨਾ ਅਤੇ ਕੁਰਲੀ ਦੰਦਾਂ ਦੀ ਚੰਗੀ ਸਿਹਤ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰੇਗੀ। 

ਟੀਕਾਕਰਣ ਅਤੇ ਮਯੂਕਰੋਮਾਈਕੋਸਿਸ

ਡਾ. ਜੈਦੇਵਨ ਕਹਿੰਦੇ ਹਨ, "ਜੇ ਤੁਸੀਂ ਟੀਕਾਕਰਣ ਤੋਂ ਬਾਅਦ ਕੋਵਿਡ -19 ਤੋਂ ਸੰਕ੍ਰਮਿਤ ਹੋਵੋਗੇ, ਤਾਂ ਇਹ ਜ਼ਿਆਦਾਤਰ ਮਾਮਲਿਆਂ ਵਿੱਚ ਹਲਕਾ ਰਹੇਗਾ।" ਡਾਕਟਰ ਨੇ ਅੱਗੇ ਸੁਝਾਅ ਦਿੱਤਾ ਕਿ ਕੋਵਿਡ ਦੇ ਹਲਕੇ ਮਾਮਲਿਆਂ ਵਿੱਚ ਦਵਾਈਆਂ ਜ਼ਰੂਰੀ ਨਹੀਂ ਹਨ। ਇਸ ਲਈ, ਹਲਕੇ ਕੋਵਿਡ -19 ਦੇ ਮਾਮਲਿਆਂ ਵਿੱਚ, ਸਟੀਰੌਇਡ ਨਾਲ ਸਬੰਧਤ ਮਯੂਕਰੋਮਾਈਕੋਸਿਸ ਹੋਣ ਦੀ ਸੰਭਾਵਨਾ ਘੱਟ ਹੋਵੇਗੀ। "ਪਰ ਜੇ ਹਲਕੇ ਕੋਵਿਡ ਕੇਸ ਵਿੱਚ ਇਲਾਜ਼ ਕਰਾਉਣ ਦੀ ਬਜਾਏ, ਵਿਅਕਤੀ ਆਪਣੀ ਮਰਜ਼ੀ ਨਾਲ ਦਵਾਈ ਲੈਣੀ ਸ਼ੁਰੂ ਕਰ ਦਿੰਦਾ ਹੈ, ਹੋਰ ਦਵਾਈਆਂ ਲੈਂਦਾ ਹੈ ਜਿਨ੍ਹਾਂ ਦੀ ਜਰੂਰਤ ਨਹੀਂ ਹੁੰਦੀ, ਤਾਂ ਇਹ ਫੰਗਲ ਸੰਕਰਮਣ ਦੀ ਅਵਸਥਾ ਸਥਾਪਤ ਕਰ ਸਕਦਾ ਹੈ।" 

ਕੋਵਿਡ ਤੋਂ ਬਾਅਦ ਅਤੇ ਮਯੂਕਰੋਮਾਈਕੋਸਿਸ

ਡਾ. ਜੈਦੇਵਨ ਕਹਿੰਦੇ ਹਨ, "ਇਮਿਊਨੋ-ਸਪ੍ਰੇਸ਼ਨ ਅਤੇ ਕੋਵਿਡ -19 ਦੇ ਇਲਾਜ ਦੇ ਪ੍ਰਭਾਵ ਸਰੀਰ ਲਈ ਕੁਝ ਸਮੇਂ ਲਈ ਬਣੇ ਰਹਿਣਗੇ, ਜਿਵੇਂ ਕਿ ਅਸੀਂ ਇੱਕ ਨਦੀ ਵਿੱਚ ਇੱਕ ਕਿਸ਼ਤੀ ਨਦੀ ਵਿੱਚੋਂ ਲੰਘਣ ਦੇ ਬਹੁਤ ਸਮੇਂ ਬਾਅਦ ਲਹਿਰਾਂ ਵੇਖਦੇ ਹਾਂ।" ਇਸ ਲਈ, ਉਨ੍ਹਾਂ ਦੀ ਸਲਾਹ ਹੈ ਕਿ ਠੀਕ ਹੋਣ 'ਤੇ ਕੁਝ ਹਫ਼ਤਿਆਂ ਲਈ ਚੌਕਸ ਰਹੋ ਅਤੇ ਆਪਣੇ ਸਰੀਰ ਨਾਲ ਕੋਈ ਵੀ ਸਾਹਸੀ ਜਾਂ ਪ੍ਰਯੋਗਾਤਮਕ ਕੰਮ ਨਾ ਕਰੋ'। ਇਮਿਊਨੋ-ਸਪ੍ਰੇਸ਼ਨ ਦੇ ਮਰੀਜ਼ਾਂ ਨੂੰ ਮਯੂਕਰੋਮਾਈਕੋਸਿਸ ਦਾ ਸ਼ਿਕਾਰ ਹੋਣ ਦੇ ਸੰਦਰਭ ਵਿੱਚ, ਡਾ ਜੈਦੇਵਨ ਨੇ ਦੱਸਿਆ, “ਇਸ ਲਈ ਬਹੁਤ ਸਾਰੇ ਅਧਿਐਨਾਂ ਨੇ ਸਿੱਧੇ ਤੌਰ 'ਤੇ ਦਿਖਾਇਆ ਹੈ ਕਿ ਸਾਡੇ ਸਰੀਰ ਵਿੱਚ ਰਹਿਣ ਵਾਲੇ ਚੰਗੇ ਤੰਦਰੁਸਤ ਬੈਕਟਰੀਆ ਮਾੜੇ ਬੈਕਟਰੀਆ ਦੇ ਹਮਲਾ ਕਰਨ ਦੇ ਵਿਰੁੱਧ ਸਾਡੇ ਸਰੀਰ ਦੀ ਰੱਖਿਆ ਵਿੱਚ ਸੁਧਾਰ ਕਰਦੇ ਹਨ। ਐਂਟੀਬਾਇਓਟਿਕਸ ਉੱਲੀ ਅਤੇ ਬੈਕਟਰੀਆ ਦੀ ਲਾਗ ਲਈ ਇੱਕ ਜੋਖਮ ਵਾਲਾ ਕਾਰਕ ਹੈ "। 

ਇਸ ਸਬੰਧ ਵਿੱਚ, ਡਾ. ਜੈਦੇਵਨ ਨੇ ਇਹ ਪ੍ਰਤੀਬਿੰਬਤ ਕੀਤਾ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਸਵੈ-ਇਲਾਜ ਦੇ ਕਿਸੇ ਨਾ ਕਿਸੇ ਰੂਪ ਵਿੱਚ ਜੁੜੇ ਹੋਏ ਹਨ। ਡਾਕਟਰ ਨੇ ਇਸ ਅਭਿਆਸ ਨੂੰ ਤਿਆਗਣ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਸਬੰਧ ਵਿੱਚ ਉਨ੍ਹਾਂ ਦੀ ਸਲਾਹ: “ਕੇਵਲ ਉਸ ਡਾਕਟਰ ਦੁਆਰਾ ਦਿੱਤੀਆਂ ਮੁਢਲੀਆਂ ਹਦਾਇਤਾਂ ਦੀ ਪਾਲਣਾ ਕਰੋ, ਜਿਸ ਨਾਲ ਤੁਸੀਂ ਸੰਪਰਕ ਵਿੱਚ ਹੋ ਅਤੇ ਬੇਲੋੜੀ ਦਵਾਈਆਂ ਤੋਂ ਦੂਰ ਰਹੋ।”

ਕੀ ਮਯੂਕਰੋਮਾਈਕੋਸਿਸ ਦੀ ਲਾਗ ਆਲੇ-ਦੁਆਲੇ ਤੋਂ ਹੁੰਦੀ ਹੈ ?

ਡਾਕਟਰ ਜੈਦੇਵਨ ਕਹਿੰਦੇ ਹਨ, "ਉੱਲੀ ਸਾਡੇ ਆਲੇ-ਦੁਆਲੇ ਹੈ। ਉੱਲੀ ਦਾ ਸੰਕ੍ਰਮਣ ਹੋਣ ਦੇ ਡਰੋਂ ਬਾਹਰ ਨਿਕਲਣ ਤੋਂ ਬਹੁਤ ਜ਼ਿਆਦਾ ਨਾ ਡਰੋ। ਉੱਲੀ ਸਦੀਆਂ ਤੋਂ ਮੌਜੂਦ ਹੈ ਅਤੇ ਮਿਉਕੋਰਮਾਇਕੋਸਿਸ ਬਹੁਤ ਘੱਟ ਮਾਮਲਿਆਂ ਵਿੱਚ ਹੁੰਦਾ ਹੈ।"

ਮਹਾਮਾਰੀ ਦੇ ਸਮੇਂ ਦੰਦਾਂ ਦੀ ਦੇਖਭਾਲ

ਡਾ. ਨੀਤਾ ਨੇ ਸਲਾਹ ਦਿੱਤੀ, “ਆਪਣੇ ਦੰਦਾਂ ਦੇ ਡਾਕਟਰ ਨਾਲ ਸੰਪਰਕ ਕਰੋ, ਟੈਲੀ ਮਸ਼ਵਰਾ ਬਹੁਤ ਸਾਰੇ ਮਾਮਲਿਆਂ ਵਿੱਚ ਸਹਾਇਤਾ ਕਰੇਗਾ। ਜੇ ਦੰਦਾਂ ਦੇ ਕਲੀਨਿਕਾਂ ਵਿੱਚ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਕਿਸੇ ਵੀ ਲਾਗ ਦੇ ਫੈਲਣ ਦੇ ਡਰ ਨਹੀਂ ਹੋਣਾ ਚਾਹੀਦਾ। ਦੰਦਾਂ ਦੇ ਕਲੀਨਿਕ ਵਿੱਚ ਸਰੀਰਕ ਫੇਰੀ ਬਾਰੇ ਡਾਕਟਰ ਦੀ ਸਲਾਹ ਲਵੋ।"

ਕੋਵਿਡ -19 ਦੇ ਵਿਰੁੱਧ ਵੈਕਸੀਨ ਕਿੰਨੀ ਦੇਰ ਤੱਕ ਪ੍ਰਤੀਰੋਧਕਤਾ ਪ੍ਰਦਾਨ ਕਰ ਸਕਦੀ ਹੈ?

ਡਾ. ਜੈਦੇਵਨ ਦੱਸਦੇ ਹਨ, "ਜਦੋਂ ਸਾਨੂੰ ਟੀਕਾਕਰਨ ਤੋਂ ਬਾਅਦ ਦੁਬਾਰਾ ਲਾਗ ਜਾਂ ਸੰਕਰਮਣ ਦਾ ਸਾਹਮਣਾ ਕਰਨਾ ਪੈਂਦਾ ਹੈ, ਪਿਛਲੇ ਇਨਫੈਕਸ਼ਨ ਵਿੱਚ ਸ਼ੁਰੂ ਕੀਤੇ ਮੈਮੋਰੀ ਸੈੱਲ ਤੁਰੰਤ ਕਾਰਜਸ਼ੀਲ ਹੋ ਜਾਣਗੇ। ਅਧਿਐਨ ਦਰਸਾਉਂਦੇ ਹਨ ਕਿ ਮੈਮੋਰੀ ਸੈੱਲ ਘੱਟੋ ਘੱਟ ਇੱਕ ਸਾਲ ਤੱਕ ਰਹਿੰਦੇ ਹਨ।" ਵੈਕਸੀਨ ਦੇ ਕੰਮ ਬਾਰੇ ਦੱਸਦੇ ਹੋਏ, ਡਾਕਟਰ ਨੇ ਕਿਹਾ, "ਵੈਕਸੀਨ ਮੁੱਖ ਤੌਰ 'ਤੇ ਸੰਕਰਮਿਤ ਹੋਣ 'ਤੇ ਗੰਭੀਰ ਬਿਮਾਰੀ ਜਾਂ ਮੌਤ ਨੂੰ ਰੋਕਣ ਲਈ ਕੰਮ ਕਰਦੀ ਹੈ; ਬਹੁਤ ਸਾਰੇ ਵਿਗਿਆਨੀ ਮੰਨਦੇ ਹਨ ਕਿ ਟੀਕਾਕਰਨ ਤੋਂ ਛੋਟ ਕਾਫ਼ੀ ਹੱਦ ਤੱਕ ਸਥਾਈ ਹੈ, ਸੰਭਾਵਨਾ ਹੈ ਕਿ ਕਈ ਸਾਲਾਂ ਤੱਕ ਸਾਡੀ ਰੱਖਿਆ ਕਰੇਗੀ।"

ਕੋਵਿਡ -19 ਦੇ ਦੀ ਚਪੇਟ ਆਏ ਲੋਕਾਂ ਲਈ ਸਲਾਹ

ਡਾ. ਜੈਦੇਵਨ ਕਹਿੰਦੇ ਹਨ, "ਇਸਨੂੰ ਕਦੇ ਵੀ ਹਲਕੇ ਵਿੱਚ ਨਾ ਲਓ। ਘਬਰਾਉਣ ਦੀ ਲੋੜ ਨਹੀਂ ਹੈ। ਪਰ, 5-6 ਦਿਨਾਂ ਬਾਅਦ, ਜੇ ਤੁਹਾਡੇ ਲੱਛਣ ਵਿਗੜ ਰਹੇ ਹਨ, ਜੇ ਤੁਸੀਂ ਥੱਕ ਰਹੇ ਹੋ, ਸਾਹ ਚੜ੍ਹ ਰਿਹਾ ਹੈ, ਖਾਣ ਵਿੱਚ ਅਸਮਰੱਥ ਹੋ, ਛਾਤੀ ਵਿੱਚ ਦਰਦ ਜਾਂ ਠੀਕ ਨਹੀਂ ਮਹਿਸੂਸ ਹੋ ਰਿਹਾ,  ਫਿਰ  ਹਸਪਤਾਲ ਜਾ ਕੇ ਡਾਕਟਰ ਨੂੰ ਮਿਲੋ। ਇਸਦੀ ਬਜਾਏ ਤੁਸੀਂ ਡਾਕਟਰ ਨਾਲ ਟੈਲੀ ਮਸ਼ਵਰਾ ਵੀ ਕਰ ਸਕਦੇ ਹੋ ”।

ਇਸ ਲਿੰਕ 'ਤੇ ਸਮੁੱਚੀ ਵੈਬਿਨਾਰ ਐਕਸੈਸ ਕੀਤੀ ਜਾ ਸਕਦੀ ਹੈ।

****

ਡੀਜੇਐਮ / ਐਸਸੀ / ਪੀਐੱਮ



(Release ID: 1724205) Visitor Counter : 156