ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਹਰਸ਼ ਵਰਧਨ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਕੋਵਿਡ ਸਹੂਲਤਾਂ ਦੀ ਸਮੀਖਿਆ ਕੀਤੀ
ਕੇਂਦਰੀ ਸਿਹਤ ਮੰਤਰੀ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਬੈੱਡ ਸਮਰੱਥਾ ਹੋਰ ਵਧਾਉਣ ਦਾ ਐਲਾਨ ਕੀਤਾ
ਭਾਰਤ ਵਿੱਚ ਵਿਸ਼ਵ ਵਿਚਲੀ ਮੌਤ ਦਰ ਤੋਂ ਸਭ ਤੋਂ ਘੱਟ ਮੌਤ ਦਰ ਹੈ , ਪਰ ਹਰੇਕ ਮੌਤ ਦੁਖਦਾਈ ਅਤੇ ਦਰਦ ਦੇਣ ਯੋਗ ਹੈ : ਡਾਕਟਰ ਹਰਸ਼ ਵਰਧਨ
Posted On:
29 APR 2021 5:12PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ , ਨਵੀਂ ਦਿੱਲੀ ਦਾ ਦੌਰਾ ਕੀਤਾ ਅਤੇ ਹਸਪਤਾਲ ਵਿੱਚ ਉਪਲਬੱਧ ਕੋਵਿਡ ਸਹੂਲਤਾਂ ਅਤੇ ਇਹਨਾ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਮੀਖਿਆ ਕੀਤੀ । ਕੇਂਦਰੀ ਮੰਤਰੀ ਨੇ ਪਹਿਲਾਂ ਆਈ ਪੀ ਡੀ ਬਲਾਕ ਦਾ ਦੌਰਾ ਕੀਤਾ , ਜਿੱਥੇ 240 ਬੈੱਡ ਸਹੂਲਤ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਇਹ 2 ਹਫਤਿਆਂ ਦੇ ਅੰਦਰ—ਅੰਦਰ ਸੰਚਾਲਿਤ ਹੋਣਗੀਆਂ । ਕੇਂਦਰੀ ਮੰਤਰੀ ਨੇ ਫਿਰ ਟੀਕਾਕਰਨ ਕੇਂਦਰ ਦੇਖਿਆ , ਜਿੱਥੇ ਉਹਨਾਂ ਨੇ ਬਹੁਤ ਵਧੀਆ ਅਤੇ ਅਨੁਸ਼ਾਸਨਿਕ ਢੰਗ ਨਾਲ ਆਯੋਜਿਤ ਤਰੀਕੇ ਨਾਲ ਲੋਕਾਂ ਨੂੰ ਲਗਾਏ ਜਾ ਰਹੇ ਟੀਕਿਆਂ ਲਈ ਹਸਪਤਾਲ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।
ਕੇਂਦਰੀ ਸਿਹਤ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਦੀਆਂ ਅਕਾਦਮਿਕ ਗਤੀਵਿਧੀਆਂ ਨੂੰ ਨਵੇਂ ਅਕਾਦਮਿਕ ਬਲਾਕ ਵਿੱਚ ਤਬਦੀਲ ਕੀਤਾ ਗਿਆ ਸੀ , ਜਿਸ ਦੇ ਸਿੱਟੇ ਵਜੋਂ ਕਲਾਵਤੀ ਸਰਨ ਚਿਲਡਰਨ ਹਸਪਤਾਲ ਅਤੇ ਸ਼੍ਰੀਮਤੀ ਸੁਚੇਤਾ ਕ੍ਰਿਪਲਾਨੀ ਹਸਪਤਾਲ ਵਿੱਚ ਬੈੱਡ ਸਮਰੱਥਾ ਨੂੰ ਹੋਰ ਵਧਾਇਆ ਗਿਆ ਹੈ । ਇਹ ਦੋਨੋਂ ਹਸਪਤਾਲ ਲੇਡੀ ਹਾਰਡਿੰਗ ਮੈਡੀਕਲ ਕਾਲਜ ਨਾਲ ਜੋੜੇ ਗਏ ਹਨ । ਕਲਾਵਤੀ ਸਰਨ ਚਿਲਡਰਨ ਹਸਪਤਾਲ ਵਿੱਚ ਬੈੱਡ ਸਮਰੱਥਾ ਵਿੱਚ 30 ਬੈੱਡਾਂ ਦਾ ਵਾਧਾ ਕੀਤਾ ਗਿਆ ਹੈ । ਜਦਕਿ ਅਕਾਦਮਿਕ ਗਤੀਵਿਧੀਆਂ ਤਬਦੀਲ ਕਰਨ ਦੇ ਸਿੱਟੇ ਵਜੋਂ ਸੁਚੇਤਾ ਕ੍ਰਿਪਲਾਨੀ ਹਸਪਤਾਲ ਦੀ ਬੈੱਡ ਸਮਰੱਥਾ ਵਿੱਚ 112 ਬੈੱਡ ਦਾ ਵਾਧਾ ਕੀਤਾ ਗਿਆ ਹੈ ।
ਮੰਤਰੀ ਨੇ ਕੋਵਿਡ ਵਾਰੀਅਰਜ਼ ਲਈ ਅਕਾਦਮਿਕ ਬਲਾਕ ਸਮਰਪਿਤ ਕੀਤਾ ਅਤੇ ਮਹਾਮਾਰੀ ਦੌਰਾਨ ਲੜਾਈ ਲਈ ਅਣਥੱਕ ਯਤਨਾਂ ਦੇ ਕੋਵਿਡ ਯੌਧਿਆਂ ਦੀ ਪ੍ਰਸ਼ੰਸਾ ਕੀਤੀ , ਜੋ ਅਜੋਕੇ ਚੁਣੌਤੀ ਭਰੇ ਸਮੇਂ ਵਿੱਚ ਲੋਕਾਂ ਦੀ ਮਦਦ ਲਈ ਸਮਰਪਿਤ ਭਾਵਨਾ ਅਤੇ ਅਣਥੱਕ ਮੇਹਨਤ ਕਰ ਰਹੇ ਹਨ ।
ਡਾਕਟਰ ਹਰਸ਼ ਵਰਧਨ ਨੇ ਡਾਕਟਰਾਂ , ਨਰਸਾਂ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਸਟਾਫ ਦੀ ਮਹਾਮਾਰੀ ਦੌਰਾਨ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਵੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਪਿਛਲੇ ਸਾਲ ਮਹਾਮਾਰੀ ਸ਼ੁਰੂ ਵੇਲੇ ਤੋਂ ਹੀ ਹਸਪਤਾਲ ਕੋਵਿਡ 19 ਖਿਲਾਫ ਲੜਾਈ ਲਈ ਮੋਹਰੀ ਬਣਿਆ ਹੋਇਆ ਹੈ ਅਤੇ ਹੁਣ ਵੀ ਲਗਾਤਾਰ ਸੁਹਿਰਦਤਾ ਅਤੇ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ । ਉਹਨਾਂ ਨੇ ਨਿਰਦੇਸ਼ ਦਿੱਤੇ ਕਿ ਐੱਨ ਐੱਚ ਐੱਮ ਸੀ ਵਿੱਚ ਸਹੂਲਤਾਂ ਦਾ ਵਾਧਾ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ ।
ਦੌਰੇ ਤੋਂ ਬਾਅਦ ਮੀਡੀਆ ਨਾਲ ਸੰਖੇਪ ਵਿੱਚ ਗੱਲ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਕੇਂਦਰ ਸਰਕਾਰ ਦੇ ਟੀਕਾਕਰਨ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਦੀ ਤਰੀਕ ਤੱਕ 15 ਕਰੋੜ ਤੋਂ ਵੱਧ ਕੋਵਿਡ ਟੀਕੇ ਦੀਆਂ ਖੁਰਾਕਾਂ ਸਿਹਤ ਸੰਭਾਲ ਕਾਮਿਆਂ , ਪਹਿਲੀ ਕਤਾਰ ਦੇ ਕਾਮਿਆਂ ਅਤੇ 45 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ । ਉਹਨਾਂ ਕਿਹਾ ਕਿ ਟੀਕਾਕਰਨ ਮੁਹਿੰਮ ਦਾ ਨਵਾਂ ਪੜਾਅ 01 ਮਈ ਤੋਂ ਸ਼ੁਰੂ ਹੋਵੇਗਾ ਜਦ 18 ਸਾਲ ਤੋਂ ਉੱਪਰ ਦੇ ਵਿਅਕਤੀ ਟੀਕਾ ਲਗਵਾ ਸਕਣਗੇ ।
ਕੋਵਿਨ ਟੀਕਾ ਪੰਜੀਕਰਨ ਪੋਰਟਲ ਦੀ ਪ੍ਰਸ਼ੰਸਾ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਡਿਜੀਟਲ ਤੇ ਤਕਨੀਕੀ ਤੌਰ ਤੇ ਮਜ਼ਬੂਤ ਪੋਰਟਲ ਰਾਹੀਂ ਨਿਰਵਿਘਨ ਪੰਜੀਕਰਨ ਕੀਤਾ ਜਾ ਰਿਹਾ ਹੈ । ਪੋਰਟਲ ਤੇ ਕੱਲ੍ਹ 4 ਵਜੇ ਤੋਂ 7 ਵਜੇ ਤੱਕ , 3 ਘੰਟਿਆਂ ਦੌਰਾਨ 80 ਲੱਖ ਤੋਂ ਵੱਧ ਲੋਕਾਂ ਨੇ ਪੰਜੀਕਰਨ ਕੀਤਾ ਹੈ । ਮੰਤਰੀ ਨੇ ਹੋਰ ਕਿਹਾ ਕਿ ਟੀਕਾਕਰਨ ਸਰਕਾਰ ਦੀ ਪ੍ਰਬੰਧਨ ਰਣਨੀਤੀ ਅਤੇ ਕੰਟੇਨਮੈਂਟ ਲਈ ਮਹੱਤਵਪੂਰਨ ਕੰਪੋਨੈਂਟ ਹੈ । ਮਹਾਮਾਰੀ ਖਿਲਾਫ ਲੜਾਈ ਜਾਰੀ ਹੈ ਅਤੇ ਸਰਕਾਰ ਸਥਿਤੀ ਦੇ ਹੱਲ ਲਈ ਆਪਣੇ ਸਾਰੇ ਤਜ਼ਰਬਿਆਂ ਦੀ ਵਰਤੋਂ ਕਰ ਰਹੀ ਹੈ ।
ਡਾਕਟਰ ਹਰਸ਼ ਵਰਧਨ ਨੇ ਹੋਰ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਕੇਸਾਂ ਦੀ ਸੰਖਿਆ ਵਿੱਚ ਇੱਕ ਅਚਾਨਕ ਉਛਾਲ ਆਇਆ ਹੈ ਪਰ ਉਸੇ ਤੇਜ਼ੀ ਨਾਲ ਸਿਹਤਯਾਬ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ ਤੇ ਲੋਕ ਠੀਕ ਹੋ ਰਹੇ ਹਨ । ਉਹਨਾਂ ਕਿਹਾ ਕਿ ਵਿਸ਼ਵ ਵਿਚਲੀ ਮੌਤ ਦਰ ਦੇ ਮੁਕਾਬਲੇ ਭਾਰਤ ਵਿੱਚ ਸਭ ਤੋਂ ਘੱਟ ਮੌਤ ਦਰ ਹੈ ਪਰ ਹਰੇਕ ਮੌਤ ਦੁਖਦਾਈ ਤੇ ਦਰਦ ਭਰੀ ਹੈ । ਇਸ ਲਈ ਸਾਨੂੰ ਜਾਂਚ ਨੂੰ ਸੁਧਾਰਨ ਲਈ ਕੰਮ ਕਰਨ ਦੀ ਲੋੜ ਹੈ ਅਤੇ ਜਲਦੀ ਸਿਹਤਯਾਬੀ ਲਈ ਜ਼ਰੂਰੀ ਦਵਾਈਆਂ ਮੁਹੱਈਆ ਕਰਨ ਅਤੇ ਘਰਾਂ ਵਿੱਚ ਠੀਕ ਹੋ ਰਹੇ ਮਰੀਜ਼ਾਂ ਨੂੰ ਸਹੀ ਸਲਾਹ ਮੁਹੱਈਆ ਕਰਨ ਲਈ ਟੈਲੀ ਸਲਾਹ ਮਸ਼ਵਰੇ ਵਰਤ ਕੇ ਜਿੰਨੇ ਵੀ ਲੋਕਾਂ ਦੀ ਮਦਦ ਹੋ ਸਕੇ ਕਰਨੀ ਚਾਹੀਦੀ ਹੈ । ਰਾਸ਼ਟਰੀ ਮੌਤ ਦਰ ਹੇਠਾਂ ਆ ਰਹੀ ਹੈ ਅਤੇ ਇਸ ਵੇਲੇ ਇਹ ਦਰ 1.11% ਹੈ ।
ਕੇਂਦਰੀ ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ 19 ਖਿਲਾਫ ਸਭ ਤੋਂ ਵੱਡਾ ਹਥਿਆਰ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਹੈ । ਉਹਨਾਂ ਕਿਹਾ ,"ਮਾਸਕ ਪਾਉਣ , ਸਾਬਣ ਨਾਲ ਲਗਾਤਾਰ ਹੱਥ ਧੌਣ ਅਤੇ ਸਮਾਜਿਕ ਦੂਰੀ ਬਣਾਉਣ ਤੋਂ ਵੱਡਾ ਹਥਿਆਰ ਕੋਈ ਨਹੀਂ ਹੈ" । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਨ ਤੇ ਜ਼ੋਰ ਦੇ ਰਹੇ ਹਨ , ਕਿਉਂਕਿ ਕੋਵਿਡ 19 ਖਿਲਾਫ ਲੜਾਈ ਲਈ ਇਹ ਜ਼ਰੂਰੀ ਹੈ ।
ਮੰਤਰੀ ਨੇ ਸ਼ਲਾਘਾ ਕੀਤੀ ਕਿ ਦੇਸ਼ ਵਿੱਚ ਟੈਸਟਿੰਗ ਸਮਰੱਥਾ ਲਗਾਤਾਰ ਵੱਧ ਰਹੀ ਹੈ ਤੇ ਬੀਤੇ ਦਿਨ 17 ਲੱਖ ਟੈਸਟ ਕੀਤੇ ਗਏ । ਕੁਲ ਮਿਲਾ ਕੇ ਬੀਤੇ ਦਿਨ ਤੱਕ ਦੇਸ਼ ਭਰ ਵਿੱਚ 28,44,71,979 ਟੈਸਟ ਕੀਤੇ ਗਏ । ਜਿਹਨਾਂ ਵਿੱਚੋਂ 17,68,190 ਟੈਸਟ ਬੀਤੇ ਦਿਨ ਕੀਤੇ ਗਏ ਸਨ । ਮੰਤਰੀ ਨੇ ਲੱਛਣ ਵਾਲੇ ਲੋਕਾਂ ਨੂੰ ਜਲਦੀ ਤੋਂ ਜਲਦੀ ਟੈਸਟ ਕਰਵਾਉਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ ।
ਕੇਂਦਰੀ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਇਹਨਾਂ ਚੁਣੌਤੀਆਂ ਭਰੇ ਸਮੇਂ ਵਿੱਚ ਗਤੀਸ਼ੀਲ ਅਗਵਾਈ ਅਤੇ ਮੰਤਰੀ ਅਤੇ ਮੰਤਰਾਲਿਆਂ ਨੂੰ ਰੋਜ਼ਾਨਾ ਅਧਾਰ ਤੇ ਲਗਾਤਾਰ ਸਰਗਰਮ ਯੋਜਨਾ ਕਰਨ ਲਈ ਪ੍ਰਸ਼ੰਸਾ ਕੀਤੀ । ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਭਰੋਸਾ ਦਿੰਦੇ ਹਨ ਕਿ ਸਰਕਾਰ ਵੱਲੋਂ ਪੜਾਅਵਾਰ ਚੁੱਕੇ ਕਦਮਾਂ ਨਾਲ ਜਿਵੇਂ ਫਰਵਰੀ ਵਿੱਚ 10,000 ਤੋਂ ਘੱਟ ਐਕਟਿਵ ਕੇਸ ਸਨ , ਉਵੇਂ ਹੀ ਐਕਟਿਵ ਕੇਸ ਫਿਰ ਤੋਂ ਘੱਟ ਜਾਣਗੇ । ਉਹਨਾਂ ਕਿਹਾ ਕਿ ਪਿਛਲੇ ਸਾਲ ਵਾਇਰਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ , ਪਰ ਹੁਣ ਸਰਕਾਰ ਕੋਲ ਚੰਗੀ ਜਾਣਕਾਰੀ ਹੈ ਤੇ ਇਸ ਮਹਾਮਾਰੀ ਨਾਲ ਕਿਵੇਂ ਨਜਿੱਠਣਾ ਹੈ ਅਤੇ ਉਹ ਇਸ ਘਾਤਕ ਮਹਾਮਾਰੀ ਖਿਲਾਫ ਲੜਾਈ ਲਈ ਆਪਣੇ ਯਤਨਾਂ ਵਿੱਚ ਕੋਈ ਕਸਰ ਨਹੀਂ ਛੱਡ ਰਹੇ ।
*************************
ਐੱਮ ਵੀ / ਏ ਐੱਸ
(Release ID: 1714954)
Visitor Counter : 220