ਰੱਖਿਆ ਮੰਤਰਾਲਾ

ਆਈ ਏ ਐਫ ਅਧਿਕਾਰੀ ਪੈਰਾਲੰਪਿਕਸ ਕੁਆਲੀਫਾਇਰਜ਼ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ

Posted On: 20 APR 2021 5:43PM by PIB Chandigarh

ਭਾਰਤੀ ਹਵਾਈ ਸੈਨਾ ਦੇ ਇੱਕ ਅਧਿਕਾਰੀ,  ਵਿੰਗ ਕਮਾਂਡਰ ਸ਼ਾਤਨੁੰ,  ਨੂੰ ਵਿਸ਼ਵ ਰੋਇੰਗ ਏਸ਼ੀਆ / ਓਸ਼ੇਨੀਆ ਕੌਂਟੀਨੈਂਟਲ ਓਲੰਪਿਕ ਅਤੇ ਪੈਰਾਲੰਪਿਕ ਕੁਆਲੀਫਿਕੇਸ਼ਨ ਰੈਗਟਾ, ਜੋ ਕਿ ਮਈ 2021 ਵਿੱਚ ਜਾਪਾਨ ਦੇ ਟੋਕਿਓ ਵਿੱਚ ਹੋਣ ਜਾ ਰਹੇ ਹਨ, ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ।

ਉਨ੍ਹਾਂ ਨੇ ਅਪ੍ਰੈਲ 2019 ਇਸ ਖੇਡ ਨੂੰ ਚੁਣਿਆ ਸੀ ਅਤੇ ਉਨ੍ਹਾਂ  ਨੂੰ ਦੱਖਣੀ ਕੋਰੀਆ ਵਿੱਚ ਅਕਤੂਬਰ 2019 ਵਿੱਚ ਆਯੋਜਿਤ ਏਸ਼ੀਅਨ ਰੋਇੰਗ ਟ੍ਰੇਨਿੰਗ ਕੈਂਪ ਅਤੇ ਚੈਂਪੀਅਨਸ਼ਿਪ ਲਈ ਰੋਇੰਗ ਫੈਡਰੇਸ਼ਨ ਆਫ਼ ਇੰਡੀਆ ਦੁਆਰਾ ਚੁਣਿਆ ਗਿਆ ਸੀ। ਉਸ ਸਮੇਂ ਉਹ ਏਸ਼ੀਆ ਵਿੱਚ 5 ਵੇਂ ਸਥਾਨ 'ਤੇ ਰਹੇ ਸਨ ਅਤੇ ਇਸ ਚੈਂਪੀਅਨਸ਼ਿਪ ਵਿੱਚ ਉਹ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਇੰਡੀਅਨ ਪੈਰਾਪਲੇਜਿਕ ਬਣੇ ਸਨ।

ਜਨਵਰੀ 2017 ਵਿੱਚ ਇੱਕ ਮੋਟਰਸਾਈਕਲ ਹਾਦਸੇ ਵਿੱਚ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਨੂੰ ਭਾਰੀ ਨੁਕਸਾਨ ਹੋਇਆ ਸੀ। ਵਿੰਗ ਕਮਾਂਡਰ ਸ਼ਾਤਨੁੰ ਲਗਭਗ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਉੱਤੇ ਰਹੇ ਸਨ। ਸਥਿਰ ਹੋਣ ਤੋਂ ਬਾਅਦ, ਉਨ੍ਹਾਂ ਨੂੰ ਪੁਣੇ ਦੇ ਮਿਲਟਰੀ ਹਸਪਤਾਲ ਕਿਰਕੀ ਵਿਖੇ ਸਪਾਈਨਲ ਕੋਰਡ ਇੰਜਰੀ ਵਾਰਡ (ਐਸਸੀਆਈਸੀ ਵਾਰਡ) ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਥੇ, ਉਨ੍ਹਾਂ ਦੀ ਐਕਵਾ ਥੈਰੇਪੀ ਅਤੇ ਹਾਈਡ੍ਰੋ ਥੈਰੇਪੀ ਕੀਤੀ ਗਈ । ਇਕ ਮੁਕਾਬਲੇ ਵਾਲੀ ਖੇਡ ਦੇ ਤੌਰ ਤੇ ਉਨ੍ਹਾਂ ਨੇ ਤੈਰਾਕੀ ਨੂੰ ਚੁਣਿਆ ਅਤੇ ਜੂਨ 2018 ਵਿੱਚ ਮਹਾਰਾਸ਼ਟਰ ਦੀ ਪੈਰਾਲੰਪਿਕ ਤੈਰਾਕੀ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਮਹਾਰਾਸ਼ਟਰ ਰਾਜ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਤਮਗੇ ਜਿੱਤੇ।

ਵਿੰਗ ਕਮਾਂਡਰ ਸ਼ਾਤਨੁੰ ਸਬਰ ਅਤੇ ਦ੍ਰਿੜਤਾ ਦੀ ਵਿਸ਼ੇਸ਼ਤਾ ਰੱਖਦੇ ਹਨ। ਉਹ ਹਰ ਉਸ ਵਿਅਕਤੀ ਲਈ ਇੱਕ ਸੱਚੀ ਪ੍ਰੇਰਣਾ ਹਨ ਜੋ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਭਾਰਤੀ ਹਵਾਈ ਸੈਨਾ ਆਪਣੇ ਸੈਨਿਕਾਂ ਨੂੰ ਦੇਸ਼ ਅਤੇ ਸੇਵਾਵਾਂ ਲਈ ਨਾਮਣਾ ਖੱਟਣ ਲਈ ਹਮੇਸ਼ਾ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੀ ਰਹਿੰਦੀ ਹੈ।

 

***************

 

ਏ ਬੀ ਬੀ / ਏ ਐਮ / ਜੇ ਪੀ



(Release ID: 1713095) Visitor Counter : 125


Read this release in: English , Hindi , Tamil