ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਕੋਵਿਡ ਉਚਿਤ ਵਿਵਹਾਰ ਅਪਣਾਉਣ ਦੀ ਤਾਕੀਦ ਕੀਤੀ


ਕੋਰੋਨਾ ਵਾਇਰਸ ਖ਼ਿਲਾਫ਼ ਲੜਨ ਲਈ ਨਵੇਂ ਜੋਸ਼ ਨਾਲ ‘ਟੈਸਟ, ਟ੍ਰੈਕ ਐਂਡ ਟ੍ਰੀਟ’ ਰਣਨੀਤੀ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ

ਸਾਡੇ ਕੋਲ ਜਾਣਕਾਰੀ, ਬਿਹਤਰ ਬੁਨਿਆਦੀ ਢਾਂਚਾ, ਅਨੁਭਵ ਅਤੇ ਮੁਹਾਰਤ ਹੈ; ਅੱਜ ਅਸੀਂ ਬਿਹਤਰ ਤਰੀਕੇ ਨਾਲ ਤਿਆਰ ਹਾਂ- ਉਪ ਰਾਸ਼ਟਰਪਤੀ

ਸਾਰੇ ਰਾਜਾਂ ਦੇ ਰਾਜਪਾਲਾਂ ਨਾਲ ਕੋਵਿਡ -19 ਦੀ ਸਥਿਤੀ ਬਾਰੇ ਵਰਚੁਅਲੀ ਗੱਲਬਾਤ ਕੀਤੀ

ਉਪ ਰਾਸ਼ਟਰਪਤੀ ਨੇ ਰਾਜਪਾਲਾਂ ਨੂੰ ਰਾਜ ਸਰਕਾਰਾਂ ਅਤੇ ਹੋਰ ਹਿਤਧਾਰਕਾਂ ਨਾਲ ਸਹਿਯੋਗ ਕਰਨ ਲਈ ਕਿਹਾ

ਕੋਵਿਡ -19 ਖ਼ਿਲਾਫ਼ ਲੜਾਈ ਨੂੰ ਜਨ-ਅੰਦਲੋਨ ਵਿੱਚ ਬਦਲਣ ਦੀ ਰਾਜਪਾਲਾਂ ਨੂੰ ਸਲਾਹ ਦਿੱਤੀ

ਉਪ ਰਾਸ਼ਟਰਪਤੀ ਨੇ ਸਾਰੇ ਰਾਜਾਂ ਨੂੰ ਰਾਜਨੀਤਕ ਮਤਭੇਦਾਂ ਨੂੰ ਦਰਕਿਨਾਰ ਕਰਕੇ ਇੱਕ ਟੀਮ ਦੇ ਰੂਪ ਵਿੱਚ ਇਕਜੁਟ ਹੋ ਕੇ ਕਾਰਜ ਕਰਨ ਨੂੰ ਕਿਹਾ

Posted On: 14 APR 2021 9:06PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੋਵਿਡ ਨੂੰ ਲੈ ਕੇ ਉਚਿਤ ਵਿਵਹਾਰ ਨੂੰ ਪ੍ਰੋਤਸਾਹਿਤ ਅਤੇ ਲਾਗੂ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਕਿ ਸਾਨੂੰ ਪਹਿਲਾਂ ਆਏ ਉਛਾਲਾਂ ਨੂੰ ਰੋਕਣ ਵਿੱਚ ਸਹਾਇਤਾ ਮਿਲੀ ਸੀ। ਉਨ੍ਹਾਂ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਨਵੇਂ ਜੋਸ਼ ਦੇ ਨਾਲ ‘ਟੈਸਟ ਟ੍ਰੈਕ ਐਂਡ ਟ੍ਰੀਟ’ ਦੀ ਸਿੱਧ ਅਤੇ ਭਰੋਸੇਮੰਦ ਰਣਨੀਤੀ ਨੂੰ ਨਵੇ ਸਿਰੇ ਤੋਂ ਲਾਗੂ ਕਰਨ ਸੱਦਾ ਦਿੱਤਾ ।

ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਸਾਰੇ ਰਾਜਾਂ ਦੇ ਰਾਜਪਾਲਾਂ ਨੂੰ ਵਰਚੁਅਲੀ ਸੰਬੋਧਨ ਕੀਤਾ ਇਸ ਦੌਰਾਨ ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਵਾਇਰਸ ਦੇ ਫੈਲਾਅ ’ਤੇ ਕਮਿਊਨਿਟੀ ਦੇ ਸਹਿਯੋਗ ਨਾਲ ਕਾਬੂ ਪਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਇਸ ਮਹੱਤਵਪੂਰਨ ਪਹਿਲੂ ਵੱਲ ਜਨਤਾ ਦਾ ਨਿਰੰਤਰ ਧਿਆਨ ਕੇਂਦ੍ਰਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਵਧ ਰਹੀ ਸੰਖਿਆ 'ਤੇ ਚਿੰਤਾ ਪ੍ਰਗਟ ਕਰਦੇ ਹੋਏ, ਸ਼੍ਰੀ ਨਾਇਡੂ ਨੇ ਤਾਕੀਦ ਕੀਤੀ ਕਿ ਸਿਹਤ ਦੇਖਭਾਲ ਬੁਨਿਆਦੀ ਢਾਂਚਾ ਲਾਜ਼ਮੀ ਤੌਰ' ਤੇ ਭਾਰੀ ਦਬਾਅ ਹੇਠ ਆ ਜਾਵੇਗਾ। ਉਨ੍ਹਾਂ ਨੇ ਉਨ੍ਹਾਂ 10 ਰਾਜਾਂ ਉੱਤੇ ਵਿਸ਼ੇਸ਼ ਧਿਆਨ ਦੇਣ ਦਾ ਸੱਦਾ ਦਿੱਤਾ ਜਿਨ੍ਹਾਂ ਦੀ ਰਾਸ਼ਟਰੀ ਪੱਧਰ ’ਤੇ ਕੁੱਲ ਕੋਰੋਨਾ ਮਾਮਲਿਆਂ ਵਿੱਚ 85% ਦੀ ਹਿੱਸੇਦਾਰੀ ਹੈ ਅਤੇ ਜਿੱਥੋਂ ਪਿਛਲੇ 14 ਦਿਨਾਂ ਵਿੱਚ 89% ਮੌਤਾਂ ਦੀ ਰਿਪੋਰਟ ਆਈ ਹੈ।

ਇਹ ਸਵੀਕਾਰ ਕਰਦੇ ਹੋਏ ਕਿ ਇਹ ਕਠਿਨ ਚੁਣੌਤੀ ਦਾ ਵਕਤ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਅੱਜ ਬਿਹਤਰ ਤਰੀਕੇ ਨਾਲ ਤਿਆਰ ਹਾਂ ਕਿਉਂਕਿ ਦੇਸ਼ ਨੇ ਪਿਛਲੇ ਇੱਕ ਸਾਲ ਦੌਰਾਨ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ, “ਹੁਣ ਸਾਡੇ ਪਾਸ ਟੀਕੇ ਹਨ ਜੋ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ।”

ਇਹ ਦੇਖਦੇ ਹੋਏ ਕਿ ਰਾਜ ਦਾ ਸੰਵਿਧਾਨਕ ਮੁਖੀ ਹੋਣ ਦੇ ਨਾਤੇ, ਰਾਜਪਾਲ ਦੀ ਇਸ ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਇਕ ਮਹੱਤਵਪੂਰਨ ਭੂਮਿਕਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਆਪਣੇ-ਆਪਣੇ ਮੁੱਖ ਮੰਤਰੀਆਂ ਨੂੰ ਪੂਰਾ ਸਹਿਯੋਗ ਦੇਣ ਅਤੇ ਸਰਬ-ਸੰਮਤੀ ਨਾਲ ਕਾਰਜ ਕਰਨ। ਉਨ੍ਹਾਂ ਨੇ ਰਾਜਪਾਲਾਂ ਨੂੰ ਦੱਸਿਆ,“ਤੁਸੀਂ ਨਾ ਸਿਰਫ ਆਪਣੇ ਅਨੁਭਵ ਅਤੇ ਮੁਹਾਰਤ ਨੂੰ ਸਾਂਝਾ ਕਰ ਸਕਦੇ ਹੋ, ਬਲਕਿ ਰਾਜ ਸਰਕਾਰਾਂ ਨੂੰ ਇੱਕ ਵਧੇਰੇ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨ ਲਈ ਉਨ੍ਹਾਂ ਦਾ ਮਾਰਗ- ਦਰਸ਼ਨ ਵੀ ਕਰ ਸਕਦੇ ਹੋ।”

ਇਹ ਦੱਸਦੇ ਹੋਏ ਕਿ ਗਵਰਨਰ ਪਰਿਵਰਤਨ ਦੇ ਅਗਰਦੂਤ ਦੇ ਰੂਪ ਵਿੱਚ ਕਾਰਜ ਕਰ ਸਕਦੇ ਹਨ ਅਤੇ ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਯੋਗਦਾਨ ਪਾਉਣ ਲਈ ਵਧੇਰੇ ਭਾਗੀਦਾਰਾਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀਆਂ ਦੇ ਪ੍ਰਯਤਨਾਂ ਵਿੱਚ ਸ਼ਾਮਲ ਹੋ ਸਕਦੇ ਹਨ, ਸ਼੍ਰੀ ਨਾਇਡੂ ਨੇ ਰਾਜਪਾਲਾਂ ਨੂੰ ਰਾਜ ਸਰਕਾਰਾਂ ਨਾਲ ਕੰਮ ਕਰਨ ਅਤੇ ਇਸ ਲੜਾਈ ਨੂੰ ਜਨ ਅੰਦੋਲਨ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ, “ਵਿੱਦਿਅਕ ਸੰਸਥਾਵਾਂ, ਸਿਵਲ ਸੁਸਾਇਟੀ ਸੰਗਠਨ, ਉਦਾਰ ਅਤੇ ਕਾਰਪੋਰੇਟ ਘਰਾਣੇ ਪਿਛਲੇ ਇੱਕ ਸਾਲ ਦੇ ਦੌਰਾਨ ਸਰਗਰਮ ਭਾਗੀਦਾਰ ਬਣ ਗਏ ਹਨ”। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੂਸਰੀ ਲਹਿਰ ਦੌਰਾਨ ਵੀ ਉਨ੍ਹਾਂ ਨੂੰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਨਾਲ ਜੋੜਨ ਦੀ ਜ਼ਰੂਰਤ ਹੈ ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਕੋਵਿਡ-ਉਚਿਤ ਵਿਵਹਾਰ ਨੂੰ ਅਪਣਾਉਣ ਦੀ ਮਹੱਤਤਾ ਨੂੰ ਵਿਆਪਕ ਤੌਰ'ਤੇ ਸੰਚਾਰਿਤ ਕਰਨ ਦੀ ਲੋੜ ਹੈ, ਉਪ ਰਾਸ਼ਟਰਪਤੀ ਨੇ ਸਾਰੇ ਨਾਗਰਿਕਾਂ ਨੂੰ ਇਸ ਸੰਦੇਸ਼ ਨੂੰ ਪ੍ਰਸਾਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਰਾਜਪਾਲ ਜਨਤਕ ਪਹੁੰਚ ਵਿੱਚ ਬਹੁਤ ਵਿਸਤਾਰ ਕਰ ਸਕਦੇ ਹਨ ਅਤੇ ਜਨਤਕ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਹ ਦੱਸਦੇ ਹੋਏ ਕਿ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ, ਭਾਰਤ ਨੇ ਇੱਕ ਨਪੀ-ਤੁਲੀ ਰਣਨੀਤੀ ਰਾਹੀਂ ਪਿਛਲੇ ਇੱਕ ਸਾਲ ਦੌਰਾਨ ਇਸ ਮਹਾਮਾਰੀ ’ਤੇ ਸਫ਼ਲਤਾਪੂਰਵਕ ਕੰਟਰੋਲ ਕਰ ਲਿਆ, ਸ਼੍ਰੀ ਨਾਇਡੂ ਨੇ ਕਿਹਾ ਕਿ ਸਾਨੂੰ ਪਹਿਲਾਂ ਜਿਹੀ ਹੀ ਚੁਸਤੀ ਅਤੇ ਰਫ਼ਤਾਰ ਨਾਲ ਇਸ ਲੜਾਈ ਨੂੰ ਜਾਰੀ ਰੱਖਣਾ ਹੈ। ਉਨ੍ਹਾਂ ਕਿਹਾ, “ਪਿਛਲੇ ਸਾਲ ਦੌਰਾਨ ਅਸੀਂ ਸਭ ਤੋਂ ਉਪਯੋਗੀ ਸਬਕ ਇਹ ਸਿੱਖਿਆ ਹੈ ਕਿ ਮੁੱਖ ਤੌਰ ’ਤੇ ਮਿਲ-ਜੁਲ ਕੇ ਕੰਮ ਕਰਨ ਦੇ ਕਾਰਨ ਹੀ ਅਸੀਂ ਕੋਵਿਡ 19 ਖ਼ਿਲਾਫ਼ ਆਪਣੀ ਲੜਾਈ ਵਿੱਚ ਸਫਲ ਹੋਏ ਹਾਂ।”

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨਾਲ ਮਿਲ ਕੇ ਕੋਵਿਡ -19 ਰਣਨੀਤੀ ਤੈਅ ਕੀਤੀ ਹੈ। ਨਾਲ ਹੀ ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਰਾਜਨੀਤਿਕ ਮਤਭੇਦਾਂ ਨੂੰ ਦਰਕਿਨਾਰ ਕਰਕੇ ਇੱਕ ਟੀਮ ਦੇ ਰੂਪ ਵਿੱਚ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।

ਸਰਬ-ਦਲੀ ਬੈਠਕ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਸੁਝਾਅ ਦਾ ਸਮਰਥਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਨਵੇਂ ਵਿਚਾਰਾਂ ਦਾ ਮੰਥਨ ਕਰਨ, ਗਿਆਨ ਸਾਂਝਾ ਕਰਨ ਅਤੇ ਬਿਹਤਰੀਨ ਪਿਰਤਾਂ ਦੇ ਅਦਾਨ-ਪ੍ਰਦਾਨ ਅਤੇ ਇਸ ਨਾਲ ਜੁੜੇ ਸਰੋਕਾਰਾਂ ਅਤੇ ਵਿਭਿੰਨ ਦ੍ਰਿਸ਼ਟੀਕੋਣਾਂ ਦੀ ਪ੍ਰਭਾਵਸ਼ਾਲੀ ਸਮਝ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਸਮੁੱਚੇ ਕੋਵਿਡ-19 ਪ੍ਰਬੰਧਨ ਪ੍ਰਯਤਨਾਂ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ

ਇਹ ਸਵੀਕਾਰ ਕਰਦੇ ਹੋਏ ਕਿ ਲੋਕਾਂ ਦੇ ਜੀਵਨ ਅਤੇ ਰੋਜ਼ਗਾਰ ਉੱਤੇ ਕੋਵਿਡ ਮਹਾਮਾਰੀ ਦਾ ਗਹਿਰਾ ਪ੍ਰਭਾਵ ਪਿਆ ਹੈ, ਉਪ ਰਾਸ਼ਟਰਪਤੀ ਨੇ ਇਸ ਦੇ ਖਿਲਾਫ ਭਾਰਤ ਦੀ ਲੜਾਈ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰੇ ਫਰੰਟ-ਲਾਈਨ ਮੈਡੀਕਲ ਪੇਸ਼ੇਵਰਾਂ, ਦਵਾ ਉਦਯੋਗ ਦੇ ਲੀਡਰਾਂ, ਕਿਸਾਨ ਭਾਈਚਾਰੇ ਅਤੇ ਹੋਰ ਸਾਰੇ ਹਿਤਧਾਰਕਾਂ ਦੀ ਵੀ ਸ਼ਲਾਘਾ ਕੀਤੀ ਜੋ ਕੋਵਿਡ -19 ਖ਼ਿਲਾਫ਼ ਇਸ ਲੜਾਈ ਵਿੱਚ ਅਨਮੋਲ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੀ ਫਰੰਟ ਲਾਈਨ ਜੋਧੇ ਹਨ, ਉਨ੍ਹਾਂ ਨੇ ਇਨ੍ਹਾਂ ਨਾਜ਼ੁਕ ਸਮਿਆਂ ਦੌਰਾਨ ਦੇਸ਼ ਦੀ ਅੰਨ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਹੈ।

ਮੀਡੀਆ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ, ਸ਼੍ਰੀ ਨਾਇਡੂ ਨੇ ਇਸ ਨੂੰ ਕੋਵਿਡ ਉਚਿਤ ਵਿਵਹਾਰ ਬਾਰੇ ਜਾਗਰੂਕਤਾ ਫੈਲਾਉਣ, ਵਿਸ਼ੇਸ਼ ਤੌਰ 'ਤੇ ਸਹੀ ਤਰੀਕੇ ਨਾਲ ਮਾਸਕ ਪਹਿਨਣ ਦੀ ਮਹੱਤਤਾ ਬਾਰੇ ਹੋਰ ਅਧਿਕ ਜਾਗਰੂਕਤਾ ਫੈਲਾਉਣ ਦੀ ਤਾਕੀਦ ਕੀਤੀ।

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਪ੍ਰੋਟੀਨ ਯੁਕਤ ਭੋਜਨ ਖਾਣ ਅਤੇ ਆਪਣੀ ਪ੍ਰਤੀਰੱਖਿਆ ਨੂੰ ਵਧਾਉਣ ਅਤੇ ਤੰਦਰੁਸਤ ਰਹਿਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ।

ਇਸ ਵੀਡੀਓ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਸਾਰੇ ਰਾਜਪਾਲਾਂ ਨੇ ਹਿੱਸਾ ਲਿਆ।

****

ਐੱਮਐੱਸ/ਆਰਕੇ/ਡੀਪੀ



(Release ID: 1712069) Visitor Counter : 115


Read this release in: English , Urdu , Hindi , Marathi