Posted On:
23 MAR 2021 8:38PM by PIB Chandigarh
ਦਿੱਲੀ ਯੂਨੀਵਰਸਿਟੀ ਨੇ ਭਾਰਤੀ ਰਾਸ਼ਟਰੀ ਅੰਦੋਲਨ ਦੀਆਂ ਆਪਣੀਆਂ ਰਾਸ਼ਟਰੀ ਸ਼ਖਸੀਅਤਾਂ ਦੇ 90ਵੇਂ ਬਲੀਦਾਨੀ ਸਾਲ ਤੇ - ਸ਼ਹੀਦ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਨੂੰ "ਸ਼ਹੀਦ ਦਿਵਸ" ਤੇ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਨੂੰ ਯਾਦ ਕਰਨ ਲਈ 23 ਮਾਰਚ, 2021 ਨੂੰ ਵਾਇਸਰੀਗਲ ਲਾਜ ਦੇ ਕਨਵੈਨਸ਼ਨ ਹਾਲ ਵਿਚ ਇਕ ਪ੍ਰੋਗਰਾਮ ਆਯੋਜਿਤ ਕੀਤਾ। ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਮੁੱਖ ਮਹਿਮਾਨ ਵਜੋਂ ਵਰਚੁਅਲ ਤੌਰ ਤੇ ਇਸ ਸਮਾਗਮ ਵਿੱਚ ਹਿੱਸਾ ਲਿਆ ਜਦਕਿ ਦਿੱਲੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਪੀ ਸੀ ਜੋਸ਼ੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਵਲੋਂ ਵਰਚੁਅਲ ਤੌਰ ਤੇ ਸ਼ਹੀਦ ਭਗਤ ਸਿੰਘ ਸਮਾਰਕ ਦਾ ਉਦਘਾਟਨ ਕੀਤਾ ਗਿਆ। ਰਾਸ਼ਟਰੀ ਨਾਇਕਾਂ ਵਲੋਂ ਦਿੱਤੇ ਗਏ ਬਲਿਦਾਨਾਂ ਨੂੰ ਮਾਣ ਦੇਣ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਉਨ੍ਹਾਂ ਦੇ ਜੀਵਨ ਅਤੇ ਸਮਿਆਂ ਤੋਂ ਪ੍ਰੇਰਣਾ ਦਾ ਸਬਕ ਲੈਣ ਲਈ ਭਾਰਤ ਸਰਕਾਰ ਨੇ 23 ਮਾਰਚ ਨੂੰ "ਸ਼ਹੀਦ ਦਿਵਸ" ਮਨਾਉਣ ਦਾ ਐਲਾਨ ਕੀਤਾ। ਇਤਿਹਾਸ ਵਿਚ ਮਨੁੱਖਤਾ ਅਤੇ ਅਜਿਹੇ ਸਮਾਗਮਾਂ ਨੂੰ ਯਾਦ ਕਰਨਾ ਸਾਡੇ ਆਪਣੇ ਪੂਰਵਜਾਂ ਵਲੋਂ ਉਸ ਸੁਤੰਤਰਤਾ ਲਈ ਚੁਕਾਈ ਗਈ ਕੀਮਤ ਚੇਤੇ ਕਰਵਾਉਂਦੀ ਹੈ ਜਿਸ ਦਾ ਅੱਜ ਅਸੀਂ ਆਨੰਦ ਮਾਣ ਰਹੇ ਹਾਂ। ਇਸ ਦੀ ਕੀਮਤ ਨੂੰ ਸਮਝਣ ਨਾਲ ਹੀ ਅਸੀਂ ਆਪਣੇ ਲੋਕਾਂ ਵਿਚ ਸੁਤੰਤਰਤਾ ਦੀ ਲੋਅ ਨੂੰ ਜਿਊਂਦਾ ਰੱਖ ਸਕਦੇ ਹਾਂ।
ਦਿੱਲੀ ਯੂਨੀਵਰਸਿਟੀ ਦੇ 97 ਵੇਂ ਕਨਵੋਕੇਸ਼ਨ ਸਮਾਰੋਹ ਦੇ ਮੌਕੇ ਤੇ ਸ਼੍ਰੀ ਪੋਖਰਿਯਾਲ ਨੇ ਅਜਿਹੇ ਸਮਾਗਮ ਆਯੋਜਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜੋ ਸਾਡੇ ਅੱਜ ਦੇ ਨੌਜਵਾਨਾਂ ਵਿੱਚ ਪ੍ਰੇਰਣਾ ਅਤੇ ਮਾਣ ਦੀ ਭਾਵਨਾ ਪੈਦਾ ਕਰ ਸਕਣ ਤਾਕਿ ਆਪਣੇ ਰਾਸ਼ਟਰੀ ਨਾਇਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਅੰਦਰ ਸੰਜੋ ਸਕੀਏ, ਜਿਨ੍ਹਾਂ ਨਾਲ ਵਾਸਤਵ ਵਿਚ ਇਕ ਸੁਤੰਤਰ ਭਾਰਤ ਬਣ ਸਕੇ।
ਕੇਂਦਰੀ ਸਿਖਿਆ ਮੰਤਰੀ ਵਲੋਂ ਭਗਤ ਸਿੰਘ ਸਮਾਰਕ ਵਿਚ ਸੁਤੰਤਰਤਾ ਸੈਨਾਨੀਆਂ ਬਾਰੇ ਪੁਸਤਕਾਂ ਦੀ ਮੌਜੂਦਾ ਕੁਲੈਕਸ਼ਨ ਨੂੰ “ਸ਼ਹੀਦ ਸਮ੍ਰਿਤੀ ਪੁਸਤਕਾਲਯ” ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਗਿਆ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸੰਗੀਤ ਦੇ ਅਧਿਆਪਕਾਂ ਵਲੋਂ ਦੇਸ਼ ਭਗਤੀ ਦੇ ਗੀਤਾਂ ਨਾਲ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਯੂਨੀਵਰਸਿਟੀ ਦੀ ਵਾਇਸਰੀਗਲ ਲਾਜ ਦੇ ਤਹਿਖਾਨੇ ਵਿਚ ਸਥਿਤ ਚੈਂਬਰ ਵਿਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਜਿੱਥੇ ਉਨ੍ਹਾਂ ਨੂੰ ਕੈਦ ਵਿੱਚ ਰਖਿਆ ਗਿਆ ਸੀ।
ਯੂਨੀਵਰਸਿਟੀ ਨੇ ਸਾਰੇ ਕਾਲਜਾਂ ਵਿੱਚ ਕਵਿਤਾ, ਗੀਤਾਂ, ਸਲੋਗਨਾਂ ਅਤੇ ਨਿਬੰਧ ਲੇਖਣ ਦੇ ਵੱਖ-ਵੱਖ ਮੁਕਾਬਲੇ ਆਯੋਜਿਤ ਕੀਤੇ। ਇਨ੍ਹਾਂ ਮੁਕਾਬਲਿਆਂ ਦੇ ਵਿਸ਼ੇ ਸ਼ਹੀਦ ਦਿਵਸ ਨਾਲ ਸਬੰਧਤ ਸਨ। ਪੁਰਸਕਾਰ ਜੇਤੂ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਪੀ ਸੀ ਜੋਸ਼ੀ ਵਲੋਂ ਸਨਮਾਨਿਤ ਕੀਤਾ ਗਿਆ। ਬਾਅਦ ਵਿਚ ਪੁਰਸਕਾਰ ਜੇਤੂ ਵਿਦਿਆਰਥੀਆਂ ਨੇ ਮਹਿਮਾਨਾਂ ਸਾਹਮਣੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਵੀ ਕੀਤਾ। ਦਿੱਲੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੇ ਐਲਾਨ ਕੀਤਾ ਕਿ ਭਗਤ ਸਿੰਘ ਸਮਾਰਕ ਸੁਤੰਤਰਤਾ ਅਤੇ ਬਲਿਦਾਨ ਦੀਆਂ ਕਦਰਾਂ ਕੀਮਤਾਂ ਨੂੰ ਆਤਮਸਾਤ ਕਰਨ ਲਈ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਭਾਈਚਾਰੇ ਲਈ ਖੁਲ੍ਹਾ ਰਹੇਗਾ।
-----------------------------------------------------
ਐਮਸੀ ਕੇਪੀ ਏਕੇ