ਰੇਲ ਮੰਤਰਾਲਾ

ਰੇਲ–ਗੱਡੀਆਂ ਅਤੇ ਰੇਲਵੇ ਪਰਿਸਰਾਂ ’ਚ ਔਰਤਾਂ ’ਤੇ ਹੋਣ ਵਾਲੀਆਂ ਅਪਰਾਧਕ ਘਟਨਾਵਾਂ ਦੀ ਰੋਕਥਾਮ ਲਈ ਭਾਰਤੀ ਰੇਲਵੇ ਵੱਲੋਂ ਦਿਸ਼ਾ–ਨਿਰਦੇਸ਼ ਜਾਰੀ


ਦਿਸ਼ਾ–ਨਿਰਦੇਸ਼ਾਂ ਵਿੱਚ ਕਾਰਜ–ਯੋਜਨਾ, ਬਚਾਅ ਲਈ ਉਪਾਅ, ਜਾਗਰੂਕਤਾ, ਸ਼ਨਾਖ਼ਤ ਕੀਤੇ ਅਸੁਰੱਖਿਅਤ ਇਲਾਕੇ ਦੀ ਚੌਕਸੀ, ਯਾਤਰੀਆਂ ਲਈ ਸੂਚਨਾ ਤੇ ਵਿਸ਼ੇਸ਼ ਉਪਾਅ ਸ਼ਾਮਲ

ਇਹ ਦਿਸ਼ਾ–ਨਿਰਦੇਸ਼ ਜ਼ੋਨਲ ਰੇਲਵੇਜ਼ ਤੇ ਸਰਗਰਮੀ ਨਾਲ ਕਾਰਵਾਈ ਕਰਨ ਵਾਲੀਆਂ ਉਤਪਾਦਨ ਇਕਾਈਆਂ ਨੂੰ ਵੀ ਸਲਾਹ ਦਿੰਦੇ ਹਨ ਕਿ ਸਥਾਨਕ ਸਥਿਤੀਆਂ ਤੇ ਹਾਲਾਤ ਉੱਤੇ ਨਿਰਭਰ ਕਰਦਿਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੋਰ ਪ੍ਰਬੰਧ ਲਾਗੂ ਕਰ ਸਕਦੇ ਹਨ

Posted On: 20 MAR 2021 1:08PM by PIB Chandigarh

ਭਾਰਤ ’ਚ ਰੇਲ–ਗੱਡੀਆਂ ਰਾਹੀਂ ਦੋ ਕਰੋੜ ਤੀਹ ਲੱਖ (2.30 ਕਰੋੜ) ਯਾਤਰੀ ਰੋਜ਼ਾਨਾ ਯਾਤਰਾ ਕਰਦੇ ਹਨ, ਜਿਨ੍ਹਾਂ ਵਿੱਚ 20% ਭਾਵ 46 ਲੱਖ ਔਰਤਾਂ ਹੁੰਦੀਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਰੇਲ–ਗੱਡੀਆਂ ਤੇ ਰੇਲਵੇ ਪਰਿਸਰਾਂ ਵਿੱਚ ਔਰਤਾਂ ਨਾਲ ਵਾਪਰੀਆਂ ਅਪਰਾਧਕ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਇਸੇ ਲਈ ਸਮੁੱਚੇ ਭਾਰਤੀ ਰੇਲਵੇ ਵੱਲੋਂ ਮਹਿਲਾ ਯਾਤਰੀਆਂ ਦੀ ਸੁਰੱਖਿਆ ਅਤੇ ਰੇਲ–ਗੱਡੀਆਂ ਵਿੱਚ ਔਰਤਾਂ ਨਾਲ ਹੋਣ ਵਾਲੀਆਂ ਵਧੀਕੀਆਂ ਖ਼ਤਮ ਕਰਨ ਲਈ ਸਮੂਹਕ ਕੋਸ਼ਿਸ਼ਾਂ ਕਰਨ ’ਤੇ ਧਿਆਨ ਕੇਂਦ੍ਰਿਤ ਕਰਦਿਆਂ ਨਿਮਨਲਿਖਤ ਕਦਮ ਚੁੱਕੇ ਗਏ ਹਨ।

ਭਾਰਤੀ ਰੇਲਵੇਜ਼ ਵੱਲੋਂ ਰੇਲ–ਗੱਡੀਆਂ ਅਤੇ ਰੇਲਵੇ ਪਰਿਸਰਾਂ ਵਿੱਚ ਔਰਤਾਂ ਨਾਲ ਵਾਪਰਨ ਵਾਲੀਆਂ ਅਪਰਾਧਕ ਵਾਰਦਾਤਾਂ ਰੋਕਣ ਲਈ ਸਾਰੇ ਜ਼ੋਨਲ ਰੇਲਵੇਜ਼ ਤੇ ਉਤਪਾਦਨ ਇਕਾਈਆਂ ਨੂੰ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਗਏ ਹਨ; ਜਿਨ੍ਹਾਂ ਵਿੱਚ ਨਿਮਨਲਿਖਤ ਖੇਤਰ ਸ਼ਾਮਲ ਹਨ:

ਕਾਰਜ ਯੋਜਨਾ:

ਕਾਰਜ–ਯੋਜਨਾ ਥੋੜ੍ਹ–ਚਿਰੀ ਅਤੇ ਦੀਰਘਕਾਲੀਨ ਯੋਜਨਾ ਵਿੱਚ ਵਰਗੀਕ੍ਰਿਤ ਕੀਤੀ ਜਾ ਸਕਦੀ ਹੈ। ਥੋੜ੍ਹ–ਚਿਰੀ ਯੋਜਨਾ ਬਿਨਾ ਕਿਸੇ ਢਿੱਲ–ਮੱਠ ਦੇ ਤਰਜੀਹ ਦੇ ਆਧਾਰ ਉੱਤੇ ਮੌਜੂਦਾ ਸਰੋਤਾਂ ਤੋਂ ਤੁਰੰਤ ਲਾਗੂ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਸ਼ੱਕੀ ਅਨਸਰਾਂ ਉੱਤੇ ਨਜ਼ਰ ਰੱਖਣਾ, ਡਿਊਟੀ ਅਫ਼ਸਰਾਂ ਤੇ ਸਟਾਫ਼ ਵੱਲੋਂ ਆਪਣੇ ਨਿਯਮਤ ਗੇੜਿਆਂ ਦੌਰਾਨ ਅਸੁਰੱਖਿਅਤ ਸਥਾਨਾਂ ਦਾ ਦੌਰਾ ਕਰਨਾ ਸ਼ਾਮਲ ਹੋ ਸਕਦੇ ਹਨ। ਦੀਰਘਕਾਲੀਨ ਯੋਜਨਾ ਵਿੱਚ ਸੀਸੀਟੀਵੀ, ਲਾਈਟ ਮਾਸਟਸ ਆਦਿ ਜਿਹੇ ਬੁਨਿਆਦੀ ਢਾਂਚੇ ਦਾ ਸੁਧਾਰ ਕਰਨਾ ਸ਼ਾਮਲ ਹੋ ਸਕਦੇ ਹਨ; ਜਿਸ ਵਿੱਚ ਵਾਜਬ ਸਮਾਂ ਲੱਗ ਸਕਦਾ ਹੈ, ਸਬੰਧਤ ਅਧਿਕਾਰੀ ਨਿਯਮਤ ਆਧਾਰ ਉੱਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਮੁਕੰਮਲ ਹੋਣ ਤੱਕ ਉਨ੍ਹਾਂ ’ਤੇ ਨਜ਼ਰ ਰੱਖ ਸਕਦੇ ਹਨ, ਸਥਿਤੀ ਵਿੱਚ ਸੁਧਾਰ ਲਿਆਉਣ ’ਚ ਪ੍ਰਭਾਵੀ ਸਿੱਧ ਹੋ ਸਕਣ ਵਾਲੇ ਅਸਥਾਈ ਛੋਟੇ ਕੰਮਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕਦਾ ਹੈ, ਜਿਹੜੇ ਕੀਤੇ ਜਾ ਸਕਦੇ ਹਨ ਅਤੇ ਘੱਟ ਤੋਂ ਘੱਟ ਖ਼ਰਚ ਨਾਲ ਜਾਂ ਉਪਲਬਧ ਵਸੀਲਿਆਂ ਰਾਹੀਂ ਲਾਗੂ ਕੀਤੇ ਜਾ ਸਕਦੇ ਹਨ।

 

ਰੋਕਥਾਮ ਲਈ ਅਪਣਾਏ ਜਾ ਸਕਣ ਵਾਲੇ ਉਪਾਅ:

  1. ਰੇਲਵੇ ਸਟੇਸ਼ਨਾਂ, ਸਰਕੂਲੇਟਿੰਗ ਏਰੀਆ, ਪਾਰਕਿੰਗ, FOBs, ਪਹੁੰਚ ਮਾਰਗਾਂ, ਪਲੈਟਫ਼ਾਰਮਾਂ ਦੇ ਅੰਤਲੇ ਸਿਰਿਆਂ, ਯਾਰਡਾਂ, ਵਾਸ਼ਿੰਗ ਲਾਈਨਾਂ, DEMU / EMU ਕਾਰ ਸ਼ੈੱਡਾਂ, ਸੈਲੂਨ ਸਾਈਡਿੰਗਜ਼, ਰੱਖ–ਰਖਾਅ ਵਾਲੇ ਡੀਪੂਆਂ ਆਦਿ ’ਤੇ ਸ਼ਨਾਖ਼ਤ ਕੀਤੇ ਸਾਰੇ ਸਥਾਨਾਂ ਉੱਤੇ ਰੌਸ਼ਨੀ ਦੇ ਵਾਜਬ ਇੰਤਜ਼ਾਮ ਯਕੀਨੀ ਬਣਾਏ ਜਾਣੇ ਚਾਹੀਦੇ ਹਨ

  2. ਪਲੈਟਫ਼ਾਰਮਾਂ / ਯਾਰਡਾਂ ’ਚ ਖ਼ਾਲੀ ਪਏ ਢਾਂਚਿਆਂ, ਖ਼ਾਲੀ ਪਏ ਕੁਆਰਟਰਾਂ, ਅਲੱਗ–ਥਲੱਗ ਸਥਾਨਾਂ ’ਤੇ ਸਥਿਤ ਜਿਹੜੀਆਂ ਇਮਾਰਤਾਂ ਦੀ ਰਾਖੀ ਨਹੀਂ / ਜਿਨ੍ਹਾਂ ’ਚ ਕੋਈ ਨਹੀਂ ਰਹਿੰਦਾ; ਨੂੰ ਇੰਜੀਨੀਅਰਿੰਗ ਵਿਭਾਗ ਦੀ ਸਲਾਹ ਨਾਲ ਤੁਰੰਤ ਢਾਹ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਤੱਕ ਉਨ੍ਹਾਂ ਨੂੰ ਢਾਹਿਆ ਨਹੀਂ ਜਾਂਦਾ, ਤਦ ਤੱਕ ਡਿਊਟੀ ਸਟਾਫ਼ ਆਪਣੀ ਬੀਟ ਦੇ ਹਿੱਸੇ ਵਜੋਂ ਉਨ੍ਹਾਂ ਨੂੰ ਖ਼ਾਸ ਕਰਕੇ ਰਾਤ ਦੇ ਸਮੇਂ ਜਾਂ ਜਦੋਂ ਤੱਕ ਲੋਕਾਂ ਦੀ ਘੱਟ ਮੌਜੂਦਗੀ ਹੋਵੇ, ਨਿਯਮਤ ਤੌਰ ’ਤੇ ਚੈੱਕ ਕਰਨ।

  3. ਅਣਅਧਿਕਾਰਤ ਪ੍ਰਵੇਸ਼–ਦੁਆਰ/ਨਿਕਾਸੀਆਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ।

  4. ਸਟੇਸ਼ਨਾਂ ’ਤੇ ਰੇਲਵੇ ਖੇਤਰ ਦੇ ਲਾਗਲੇ ਯਾਰਡਾਂ / ਟੋਇਆਂ ’ਚੋਂ ਜ਼ਰੂਰ ਹੀ ਅਣਚਾਹੀਆਂ ਝਾੜੀਆਂ ਸਾਫ਼ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਉੱਥੇ ਕੋਈ ਲੁਕ ਨਾ ਸਕੇ। ਕੋਈ ਜੰਗਲੇ ਅਜਿਹੇ ਹੋ ਸਕਦੇ ਹਨ, ਜਿੱਥੇ ਅਪਰਾਧੀਆਂ ਨੂੰ ਅਪਰਾਧ ਕਰਨ ਦਾ ਮੌਕਾ ਮਿਲ ਸਕਦਾ ਹੈ।

  5. ਵੇਟਿੰਗ ਰੂਮਜ਼ ਸੁੰਨੇ ਨਹੀਂ ਰੱਖਣੇ ਚਾਹੀਦੇ ਅਤੇ ਉਡੀਕ ਵਾਲੇ ਕਮਰਿਆਂ ’ਚ ਖ਼ਾਸ ਕਰਕੇ ਰਾਤਾਂ ਨੂੰ ਅਤੇ ਜਦੋਂ ਯਾਤਰੀਆਂ ਦੀ ਬਹੁਤ ਘੱਟ ਮੌਜੂਦਗੀ ਹੋਵੇ, ਉਦੋਂ ਵਿਅਕਤੀਆਂ ਨੂੰ ਦਾਖ਼ਲ ਹੋਣ ਦੀ ਨਿਰਧਾਰਤ ਪ੍ਰਕਿਰਿਆ ਤੋਂ ਬਾਅਦ ਹੀ ਵਿਅਕਤੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਰਾਤ ਨੂੰ ਡਿਊਟੀ ਆਫ਼ੀਸਰ ਵੱਲੋਂ ਉੱਥੇ ਜਾ ਕੇ ਚੈਕਿੰਗ ਕਰਨੀ ਚਾਹੀਦੀ ਹੈ।

  6. ਯਾਤਰੀਆਂ ਨਾਲ ਸਬੰਧਤ ਸੇਵਾਵਾਂ ਵਿੱਚ ਠੇਕਾ ਆਧਾਰ ਉੱਤੇ ਕੰਮ ਕਰਨ ਵਾਲੇ ਸਟਾਫ਼ ਦੀ ਪਹਿਲਾਂ SOP ਅਤੇ GCC ਅਨੁਸਾਰ ਵਾਜਬ ਪੁਲਿਸ ਵੈਰੀਫ਼ਿਕੇਸ਼ਨ ਕਰਵਾਈ ਜਾਣੀ ਚਾਹੀਦੀ ਹੈ ਤੇ ਫਿਰ ਸ਼ਨਾਖ਼ਤੀ ਕਾਰਡ ਜਾਰੀ ਕਰਨੇ ਯਕੀਨੀ ਬਣਾਉਣੇ ਚਾਹੀਦੇ ਹਨ। ਰੇਲ–ਗੱਡੀਆਂ ’ਚ ਤੇ ਰੇਲਵੇ ਪਰਿਸਰਾਂ ’ਤੇ ਸ਼ਨਾਖ਼ਤੀ ਕਾਰਡਾਂ ਤੋਂ ਬਿਨਾ ਕਿਸੇ ਸਟਾਫ਼ ਨੂੰ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

  7. ਯਾਰਡ ਤੇ ਕੋਚਿੰਗ ਡੀਪੂਆਂ ਵਿੱਚ ਜਿੱਥੇ ਡੱਬੇ ਖੜ੍ਹੇ ਰਹਿੰਦੇ ਹਨ, ਉੱਥੇ ਕਿਸੇ ਅਣਅਧਿਕਾਰਤ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉੱਥੇ ਅੰਦਰ ਜਾਣ ਲਈ ਕੋਈ ਕੰਟਰੋਲਡ ਸਿਸਟਮ ਹੋਣਾ ਚਾਹੀਦਾ ਹੈ।

  8. ਖ਼ਾਲੀ ਰੇਕਸ ਵਾਸ਼ਿੰਗ ਲਾਈਨਾਂ ਵੱਲ ਲਿਜਾਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ C&W ਅਤੇ ਬਿਜਲੀ ਸਟਾਫ਼ ਸਾਰੇ ਡੱਬਿਆਂ ਨੂੰ ਵਾਜਬ ਤਰੀਕੇ ਚੈੱਕ ਕਰ ਕੇ ਉਨ੍ਹਾਂ ਨੂੰ ਲੌਕ ਕਰੇ। ਯਾਰਡਾਂ / ਸਿੱਕ ਲਾਈਨਾਂ ਉੱਤੇ ਖੜ੍ਹੇ ਨਕਾਰਾ ਹੋ ਚੁੱਕੇ ਡੱਬਿਆਂ ਨੂੰ ਜ਼ਰੂਰ ਹੀ ਲੌਕ ਕਰ ਕੇ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਮੇਂ–ਸਮੇਂ ’ਤੇ ਜਾਂਚ ਕਰਨੀ ਚਾਹੀਦੀ ਹੈ।

  9. ਡੱਬਿਆਂ ਦੇ ਰੱਖ–ਰਖਾਅ ਨਾਲ ਸਬੰਧਤ ਸਫ਼ਾਈ ਅਤੇ ਹੋਰ ਗਤੀਵਿਧੀਆਂ ਤੋਂ ਬਾਅਦ ਉਨ੍ਹਾਂ ਨੂੰ ਉਚਿਤ ਤਰੀਕੇ ਚੈੱਕ ਕਰਨਾ ਚਾਹੀਦਾ ਹੈ ਤੇ ਵਾਸ਼ਿੰਗ ਲਾਈਨ ਵਿੱਚ ਲੌਕ ਕਰਨਾ ਚਾਹੀਦਾ ਹੈ ਤੇ ਲੌਕ ਕੀਤੀ ਸਥਿਤੀ ਵਿੱਚ ਹੀ ਪਲੈਟਫ਼ਾਰਮ ਉੱਤੇ ਲਿਆਉਣਾ ਚਾਹੀਦਾ ਹੈ।

  10. ਕੋਚਿੰਗ ਯਾਰਡਾਂ ਤੇ ਡੀਪੂਆਂ ’ਚ ਉਚਿਤ ਬੁਨਿਆਦੀ ਸੁਰੱਖਿਆ ਇੰਤਜ਼ਾਮ ਯਕੀਨੀ ਬਣਾਉਣੇ ਚਾਹੀਦੇ ਹਨ।

  11. ਕੋਚਿੰਗ ਡੀਪੂਆਂ ਤੇ ਯਾਰਡਾਂ ਵਿੱਚ ਚੌਕਸੀ ਸਿਸਟਮ ਵੀ ਲਾਗੂ ਕਰਨਾ ਚਾਹੀਦਾ ਹੈ।

  12. ਯਾਤਰੀਆਂ ਦੇ ਆਉਣ–ਜਾਣ ਵਾਲੇ ਇਲਾਕੇ ਵਿੱਚ / ਨੇੜੇ ਨਾਜਾਇਜ਼ ਕਬਜ਼ੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਪਹਿਲ ਦੇ ਆਧਾਰ ਊੱਤੇ ਹਟਾਉਣੇ ਚਾਹੀਦੇ ਹਨ ਅਤੇ ਰੇਲਵੇ ਪਰਿਸਰਾਂ ਵਿੱਚ ਅਣਅਧਿਕਾਰਤ ਪ੍ਰਵੇਸ਼–ਦੁਆਰ ਬੰਦ ਕੀਤੇ ਜਾਣੇ ਚਾਹੀਦੇ ਹਨ।

  13. ਰੇਲਵੇ ਵੱਲੋਂ ਯਾਤਰੀਆਂ ਨੂੰ ਮੁਫ਼ਤ ਇੰਟਰਨੈੱਟ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੇਵਾ–ਪ੍ਰਦਾਤਿਆਂ ਦੇ ਤਾਲਮੇਲ ਨਾਲ ਇਹ ਯਕੀਨੀ ਬਣਾਹਿਆ ਜਾਣਾ ਚਾਹੀਦਾ ਹੈ ਕਿ ਇਸ ਸੇਵਾ ਰਾਹੀਂ ਅਸ਼ਲੀਲ ਵੈੱਬਸਾਈਟਾਂ ਨਾ ਖੁੱਲ੍ਹਣ।

  14. ਰੇਲਵੇ ਪਰਿਸਰਾਂ ਵਿੱਚ ਅਣਚਾਹੇ / ਅਣ–ਅਧਿਕਾਰਤ ਵਿਅਕਤੀਆਂ ਨੂੰ ਘੇਰ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਰੇਲਵੇ ਸਟੇਸ਼ਨ, ਯਾਰਡਜ਼ ਤੇ ਰੇਲ–ਗੱਡੀਆਂ ਅਣਚਾਹੇ ਅਤੇ ਸਮਾਜ–ਵਿਰੋਧੀ ਅਨਸਰਾਂ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ।

  15. ਰੇਲਵੇ ਸਟੇਸ਼ਨਾਂ ’ਤੇ ਰੇਲ–ਗੱਡੀਆਂ ਵਿੱਚ ਅਲਕੋਹਲ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਫੜਨ ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮਾਂ ਵਿੱਢੀਆਂ ਜਾਣੀਆਂ ਚਾਹੀਦੀਆਂ ਹਨ।

  16. ਅਜਿਹੇ ਅਪਰਾਧਾਂ ’ਚ ਸ਼ਾਮਲ ਹੋਣ ਵਾਲੇ ਰੇਲਵੇ ਸਟਾਫ਼ ਮੈਂਬਰ ਵਿਰੁੱਧ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ।

  17. ਔਰਤਾਂ ਵਿਰੁੱਧ ਅਪਰਾਧਕ ਮਾਮਲਿਆਂ ਦੀ ਪੈਰਵਾਈ ਤਦ ਕੀਤੀ ਜਾਣੀ ਚਾਹੀਦੀ ਹੈ, ਜਦੋਂ ਤੱਕ ਕਿ ਉਹ ਕਿਸੇ ਤਰਕਪੂਰਨ ਨਤੀਜੇ ਉੱਤੇ ਨਾ ਪੁੱਜ ਜਾਣ।

 

ਜਾਗਰੂਕਤਾ:

  1. ਸਾਰੇ ਰੇਲ ਮੁਲਾਜ਼ਮਾਂ ਤੇ ਠੇਕਾ–ਆਧਾਰਤ ਸਟਾਫ਼ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਰੋਲਿੰਗ ਸਟੌਕਸ, ਕੁਲੀਆਂ ਤੇ ਹਾੱਕਰਾਂ / ਵਿਕਰੇਤਾਵਾਂ ਦੀ ਚੈਕਿੰਗ ਕਰਨ ਵਾਲੇ ਸਟਾਫ਼ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਵਾਰਦਾਤ ਦੀ ਰਿਪੋਰਟ ਬਿਨਾ ਸਮਾਂ ਗੁਆਇਆਂ ਪੁਲਿਸ / RPF ਜਾਂ ਸਟੇਸ਼ਨ ਮਾਸਟਰ ਨੂੰ ਕਰਨ। ਇਸ ਮੰਤਵ ਲਈ ਗ਼ੈਰ–ਸਰਕਾਰੀ ਸੰਗਠਨਾਂ (NGOs) ਦੀ ਮਦਦ ਵੀ ਲਈ ਜਾ ਸਕਦੀ ਹੈ।

  2. ਇਹ ਵੇਖਿਆ ਗਿਆ ਹੈ ਕਿ ਆਮ ਤੌਰ ਉੱਤੇ ਛੇੜਖਾਨੀ ਵਾਲੇ ਮਾਮਲਿਆਂ ਵੱਲ ਜੇ ਕੋਈ ਧਿਆਨ ਨਾ ਦਿੱਤਾ ਜਾਵੇ, ਤਾਂ ਔਰਤਾਂ ਨਾਲ ਛੇੜਖਾਨੀ ਜਾਂ ਉਨ੍ਹਾਂ ਉੱਤੇ ਹਮਲੇ ਦੀਆਂ ਵਾਰਦਾਤਾਂ ਵਧਣ ਲੱਗ ਜਾਂਦੀਆਂ ਹਨ। ਅਜਿਹੇ ਅਪਰਾਧਾਂ ਨੂੰ ਰੋਕਣ ਦੇ ਉਪਾਅ ਵਜੋਂ GRP/RPF ਦੇ ਅਧਿਕਾਰੀਆਂ ਨੂੰ ‘ਔਰਤਾਂ ਵਿਰੁੱਧ ਕਿਸੇ ਵੀ ਕਿਸਮ ਦੇ ਅਪਰਾਧ’ ਨਾਲ ਸਬੰਧਤ ਸ਼ਿਕਾਇਤਾਂ ਮਿਲਣ ਉੱਤੇ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।

  3. ਪੋਸਟ ਕਮਾਂਡਰ / ਡਿਊਟੀ ਅਫ਼ਸਰਾਂ / ਸ਼ਿਫ਼ਟ ਇੰਚਾਰਜਾਂ ਨੂੰ ਸਟਾਫ਼ ਦੇ ਡਿਊਟੀ ਉੱਤੇ ਆਉਣ ਤੇ ਡਿਊਟੀ ਤੋਂ ਬਾਅਦ ਜਾਣ ਮੌਕੇ ਦੋਵੇਂ ਸਮੇਂ ਨਿਯਮਤ ਤੌਰ ਉੱਤੇ ਰਿਪੋਰਟ ਲੈਣੀ ਯਕੀਨੀ ਬਣਾਉਣੀ ਚਾਹੀਦੀ ਹੈ।

  4. ਸਾਰੇ ਜ਼ੋਨਲ ਰੇਲਵੇਜ਼ ਵੱਲੋਂ ਯਾਤਰੀਆਂ ਨੂੰ ਸਫ਼ਾਈ ਰੱਖਣ, ਔਰਤਾਂ ਦਾ ਆਦਰ–ਮਾਣ ਰੱਖਣ, ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਦੀਆਂ ਕਾਨੂੰਨੀ ਵਿਵਸਥਾਵਾਂ ਤੇ ਅਜਿਹੇ ਕਾਨੂੰਨਾਂ ਦੀ ਉਲੰਘਣਾ ਦੀ ਹਾਲਤ ਵਿੱਚ ਤੈਅ ਸਜ਼ਾਵਾਂ ਤੇ ਜੁਰਮਾਨੇ ਆਦਿ ਦੀਆਂ ਵਿਵਸਥਾਵਾਂ ਬਾਰੇ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰਨ ਵਾਸਤੇ ਸਭਿਆਚਾਰਕ ਗਰੁੱਪਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ।

  5. ਸਾਰੇ ਵਿਭਾਗਾਂ ਦੇ ਰੇਲਵੇ ਮੁਲਾਜ਼ਮਾਂ ਨੂੰ ਔਰਤਾਂ ਤੇ ਬੱਚਿਆਂ ਪ੍ਰਤੀ ਆਪਣੀ ਡਿਊਟੀ ਪ੍ਰਤੀ ਸੰਵੇਦਨਸ਼ੀਲਤਾ ਵਰਤਣ ਲਈ ਵਿਭਿੰਨ ਸੰਸਥਾਨਾਂ ’ਚ ਸੌਫ਼ਟ ਸਕਿੱਲ ਤੇ ਲਿੰਗਕ ਸੰਵੇਦਨਸ਼ੀਲਤਾ ਸਿਖਲਾਈ ਜ਼ਰੀਏ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਦੁਖੀ ਔਰਤਾਂ ਅਤੇ ਦੇਖਭਾਲ ਤੇ ਸੁਰੱਖਿਆ ਦੀ ਜ਼ਰੂਰਤ ਵਾਲੇ ਬੱਚਿਆਂ ਦੀ ਸ਼ਨਾਖ਼ਤ ਕਰਨ ਅਤੇ ਉਨ੍ਹਾਂ ਦੇ ਮਾਮਲੇ ਵਿੱਚ ਵਾਜਬ ਤਰੀਕੇ ਯੋਗ ਕਾਰਵਾਈ ਕਰਨ ਦੀ ਸਿਖਲਾਈ ਦੇਣੀ ਚਾਹੀਦੀ ਹੈ। ZTI / ਸਿਖਲਾਈ ਕੇਂਦਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣੇ ਚਾਹੀਦੇ ਹਨ, ਜਿੱਥੇ ਰੇਲਵੇ ਮੁਲਾਜ਼ਮਾਂ ਜਾਂ RPF ਦੀਆਂ ਮੁਢਲੀਆਂ / ਨਿਯਤਕਾਲੀ ਸਿਖਲਾਈਆਂ ਹੁੰਦੀਆਂ ਹਨ।

  6. ਔਰਤਾਂ ਨੂੰ ਵੀ ਅੱਗੇ ਆਉਣ ਤੇ ਉਨ੍ਹਾਂ ਨਾਲ ਹੋਣ ਵਾਲੀਆਂ ਮਾੜੇ ਵਤੀਰੇ ਦੀਆਂ ਘਟਨਾਵਾਂ ਬਾਰੇ ਰਿਪੋਰਟ ਕਰਨ ਲਈ ਜਾਗਰੂਕਤਾ ਪੈਦਾ ਕਰਨ ਵਾਲੇ ਸੈਸ਼ਨ ਰੱਖਣੇ ਚਾਹੀਦੇ ਹਨ।

 

ਸ਼ਨਾਖ਼ਤ ਕੀਤੇ ਅਸੁਰੱਖਿਅਤ ਇਲਾਕੇ ਦੀ ਚੌਕਸੀ:

  1. CCTV ਚੌਕਸੀ ਪ੍ਰਣਾਲੀ ਦੀ ਵਰਤੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ। ਸਥਾਪਤ ਕੀਤੇ ਕੈਮਰਿਆਂ ਤੇ ਉਨ੍ਹਾਂ ਦੇ ਘੇਰੇ ਵਿੱਚ ਆਉਂਦੇ ਇਲਾਕੇ ਦੀ ਸਮੇਂ–ਸਮੇਂ ’ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰੇਲਵੇ ਪਲੈਟਫ਼ਾਰਮ / ਯਾਤਰੀਆਂ ਦੇ ਇਲਾਕੇ ਵਿੱਚ ਆਉਣ ਵਾਲੇ ਸਾਰੇ ਵਿਅਕਤੀ ਕੈਮਰਿਆਂ ਦੇ ਘੇਰੇ ਵਿੱਚ ਆਉਂਦੇ ਹੋਣ।

  2. ਅਜਿਹੇ ਅਪਰਾਧ ਹੋ ਸਕਣ ਵਾਲੇ ਸ਼ਨਾਖ਼ਤ ਕੀਤੇ ਅਸੁਰੱਖਿਅਤ ਸਥਾਨਾਂ ਨੂੰ ਕਾਨੂੰਨੀ ਤੌਰ ਉੱਤੇ ਲਾਜ਼ਮੀ ਸੀਸੀਟੀਵੀ ਕੈਮਰਿਆਂ ਦੇ ਘੇਰੇ ਅਧੀਨ ਲਿਆਂਦਾ ਜਾਣਾ ਚਾਹੀਦਾ ਹੈ। ਸੀਸੀਟੀਵੀ ਨੂੰ ਲਾਉਂਦੇ / ਮੁੜ ਲਾਉਂਦੇ ਸਮੇਂ ਦਿਮਾਗ਼ ਵਿੱਚ ਇਸ ਸਬੰਧੀ ਪੂਰੀ ਯੋਜਨਾਬੰਦੀ ਹੋਣੀ ਚਾਹੀਦੀ ਹੈ।

  3. ਔਰਤਾਂ ਦੇ ਡੱਬਿਆਂ ਦੀ ਸਥਿਤੀ ਪਲੈਟਫ਼ਾਰਮ ਉੱਤੇ ਇੱਕ ਹੀ ਨਿਰਧਾਰਤ ਹੋਣੀ ਚਾਹੀਦੀ ਹੈ ਤੇ ਪਲੈਟਫ਼ਾਰਮ ਉੱਤੇ ਉਸ ਸਥਾਨ ’ਤੇ ਖ਼ਾਸ ਸੀਸੀਟੀਵੀ ਕੈਮਰਾ ਸਥਾਪਤ ਕਰਨਾ ਚਾਹੀਦਾ ਹੈ, ਤਾਂ ਜੋ ਇਹ ਡੱਬੇ ਉਚਿਤ ਤਰੀਕੇ ਉਸ ਦੇ ਘੇਰੇ ਵਿੱਚ ਆ ਸਕਣ।

  4. ਅਧਿਕਾਰੀਆਂ ਨੂੰ ਸੀਸੀਟੀਵੀ ਦੀ ਫ਼ੀਡ ਨਿਯਮਤ ਤੌਰ ਉੱਤੇ ਚੈੱਕ ਕਰਨੀ ਚਾਹੀਦੀ ਹੈ।

  5. ਸ਼ਨਾਖ਼ਤ ਕੀਤੇ ਅਸੁਰੱਖਿਅਤ ਇਲਾਕੇ ਦੀ ਚੌਕਸੀ ਯਕੀਨੀ ਬਣਾਉਣ ਲਈ ਸਬੰਧਤ RPF ਦੇ ਕਾਰਜਕਾਰੀ ਸਟਾਫ਼ ਦੇ ਨਾਲ–ਨਾਲ ਕ੍ਰਾਈਮ ਇੰਟੈਲੀਜੈਂਸ ਬ੍ਰਾਂਚ ਅਤੇ ਸਪੈਸ਼ਲ ਇੰਟੈਲੀਜੈਂਸ ਬ੍ਰਾਂਚ ਦਾ ਉਪਯੋਗ ਨਿਯਮਤ ਤੌਰ ਉੱਤੇ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਮਨੁੱਖੀ ਸਰੀਰ (ਔਰਤਾਂ) ਨਾਲ ਬਲਾਤਕਾਰ ਤੇ ਅਜਿਹੇ ਹੋਰ ਘਿਨਾਉਣੇ ਅਪਰਾਧ ਨਾ ਵਾਪਰ ਸਕਣ।

  6. ਸਬੰਧਤ ਇਲਾਕੇ ਵਿੱਚ ਰਹਿੰਦੇ ਅਪਰਾਧੀਆਂ ਉੱਤੇ ਚੌਕਸ ਨਜ਼ਰ ਰੱਖਣ ਲਈ ‘ਸੈਕਸੁਅਲ ਅਪਰਾਧੀਆਂ ਬਾਰੇ ਰਾਸ਼ਟਰੀ ਡਾਟਾਬੇਸ’ (NDSO) ਦੀ ਵਰਤੋਂ ਕੀਤੀ ਜਾ ਸਕਦੀ ਹੈ।

 

ਰੇਲ–ਗੱਡੀਆਂ ਵਿੱਚ ਅਜਿਹੇ ਅਪਰਾਧ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਵਿਸ਼ੇਸ਼ ਉਪਾਅ:

  1. ਰੇਲਾਂ ਵਿੱਚ ਅਜਿਹੇ ਘਿਨਾਉਣੇ ਅਪਰਾਧਾਂ ਦੀ ਸੰਭਾਵਨਾ ਖ਼ਤਮ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਰੱਖਿਆ ਮੁਹੱਈਆ ਕਰਵਾਉਣ ਵਾਲੀਆਂ ਧਿਰਾਂ ਨੂੰ ਉਚਿਤ ਤਰੀਕੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।

  2. ਪਖਾਨੇ ਉਹ ਥਾਂ ਹਨ, ਜਿੱਥੇ ਪਿਛਲੇ ਕੁਝ ਸਮੇਂ ਦੌਰਾਨ ਅਜਿਹੀਆਂ ਵਾਰਦਾਤਾਂ ਸਭ ਤੋਂ ਵੱਧ ਵਾਪਰੀਆਂ ਹਨ। ਪਖਾਨਿਆਂ ਨੇੜੇ ਲੋਕਾਂ ਦਾ ਇਕੱਠ ਨਹੀਂ ਹੋਣ ਦੇਣਾ ਚਾਹੀਦਾ।

  3. ਪ੍ਰਵੇਸ਼ / ਬਾਹਰੀ ਗੇਟਾਂ ਨੇੜੇ ਆਮ ਤੌਰ ਉੱਤੇ ਕੋਚ ਅਟੈਂਡੈਂਟਸ / ਏਸੀ ਮਕੈਨਿਕਾਂ ਦੀ ਡਿਊਟੀ ਹੁੰਦੀ ਹੈ, ਜੋ ਉਸ ਸਥਾਨ ਉੱਤੇ ਚੌਕਸ ਨਜ਼ਰ ਰੱਖਣ ਵਿੱਚ ਸਹਾਇਕ ਹੋ ਸਕਦੇ ਹਨ। ਸੁਰੱਖਿਆ ਪ੍ਰਦਾਨ ਕਰਨ ਵਾਲੀ ਧਿਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰੇਲ–ਗੱਡੀਆਂ ਵਿੱਚ ਨਾਲ–ਨਾਲ ਚੱਲਣ ਵਾਲੇ ਸਟਾਫ਼ ਤੇ ਪੈਨਟ੍ਰੀ ਕਾਰ ਦੇ ਸਟਾਫ਼ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਪੂਰੇ ਭਰੋਸੇ ’ਚ ਲਿਆ ਜਾਵੇ ਕਿ ਉਹ ਜਦੋਂ ਵੀ ਕੋਈ ਸ਼ੱਕੀ ਗਤੀਵਿਧੀ ਵੇਖਣ ਜਾਂ ਅਜਿਹੇ ਕਿਸੇ ਅਪਰਾਧ ਦੀ ਸੰਭਾਵਨਾ ਦਿਸੇ, ਤਾਂ ਉਹ ਤੁਰੰਤ ਰਿਪੋਰਟ ਕਰਨ ਅਤੇ ਫਿਰ ਸੁਰੱਖਿਆ ਮੁਹੱਈਆ ਕਰਵਾਉਣ ਵਾਲਾ ਸਟਾਫ਼ ਉਚਿਤ ਤਰੀਕੇ ਕਾਰਵਾਈ ਕਰੇ।

  4. ਇਕੱਲੀਆਂ ਜਾਂ ਨਿੱਕੇ ਬੱਚਿਆਂ ਨਾਲ ਯਾਤਰਾ ਕਰਨ ਵਾਲੀਆਂ ਮਹਿਲਾ ਯਾਤਰੀਆਂ ਦੀ ਸੁਰੱਖਿਆ ਲਈ ‘ਮੇਰੀ ਸਹੇਲੀ’ ਪਹਿਲਕਦਮੀ ਨੂੰ ਉਚਿਤ ਤਰੀਕੇ ਲਾਗੂ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਉਨ੍ਹਾਂ ਦਾ ਵਾਜਬ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ।

  5. ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਸਟਾਫ਼ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਹ ਯਾਤਰੀਆਂ ਖ਼ਾਸ ਕਰਕੇ ਮਹਿਲਾ ਯਾਤਰੀਆਂ ਪ੍ਰਤੀ ਸਨਿਮਰ ਰਹਿਣ।

  6. ਰੇਲ ਦੇ ਕੈਪਟਨ / ਸੁਪਰਇੰਟੈਂਡੈਂਟ ਨੂੰ ਰੇਲ–ਗੱਡੀਆਂ ਵਿੱਚ ਕੰਮਕਾਜ ਲਈ ਆਊਟਸੋਰਸ ਕੀਤੇ ਸਾਰੇ ਸਟਾਫ਼ ਮੈਂਬਰਾਂ ਦੇ ਸ਼ਨਾਖ਼ਤੀ ਕਾਰਡ ਕ੍ਰਾੱਸ–ਚੈੱਕ ਕਰਨ ਲਈ ਆਖਿਆ ਜਾਵੇ। PCSCs / ਸੀਨੀਅਰ DCC ਨੂੰ ਕਮਰਸ਼ੀਅਲ, ਇਲੈਕਟ੍ਰੀਕਲ, S&T ਅਤੇ ਮਕੈਨੀਕਲ ਵਿਭਾਗ ਦੇ ਆਪਣੇ ਹਮ–ਰੁਤਬਾ ਅਧਿਕਾਰੀਆਂ ਨਾਲ ਪੂਰਾ ਤਾਲਮੇਲ ਰੱਖਣਾ ਚਾਹੀਦਾ ਹੈ, ਤਾਂ ਜੋ ਰੇਲ–ਗੱਡੀ ਉੱਤੇ ਮੌਜੂਦ ਸਾਰੇ ਸਟਾਫ਼ ਮੈਂਬਰਾਂ ਵਿਚਾਲੇ ਵਧੀਆ ਤਾਲਮੇਲ ਯਕੀਨੀ ਹੋ ਸਕੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਆਊਟਸੋਰਸ ਕੀਤੇ ਸਾਰੇ ਸਟਾਫ਼ ਨੂੰ ਵਾਜਬ ਪੁਲਿਸ ਵੈਰੀਫ਼ਿਕੇਸ਼ਨ ਤੋਂ ਬਾਅਦ ਹੀ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣ। ਇਨ੍ਹਾਂ ਵਿਭਾਗਾਂ ਵੱਲੋਂ ਵੀ ਕ੍ਰਾੱਸ–ਚੈਕਿੰਗ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

  7. ਇਹ ਯਕੀਨੀ ਬਣਾਇਆ ਜਾਵੇ ਕਿ ਡੱਬਿਆਂ ’ਚ ਸਥਾਪਤ ਸੀਸੀਟੀਵੇ ਕੈਮਰੇ ਤੇ ਐਮਰਜੈਂਸੀ ਰੈਸਪੌਂਸ ਸਿਸਟਮ ਚਾਲੂ ਹਾਲਤ ਵਿੱਚ ਹੋਣ ਤੇ ਉਨ੍ਹਾਂ ਦਾ ਵਾਜਬ ਰੱਖ–ਰਖਾਅ ਕੀਤਾ ਜਾਵੇ।

  8. ਆਮ ਤੌਰ ਉੱਤੇ, ਮਹਿਲਾਵਾਂ ਦੇ ਡੱਬੇ ਰੇਲ–ਗੱਡੀਆਂ ਦੇ ਆਖ਼ਰੀ ਸਿਰੇ ’ਤੇ ਰੇਲ–ਗਾਰਡ ਦੇ ਡੱਬੇ ਨੇੜੇ / ਨਾਲ ਹੁੰਦੇ ਹਨ, ਜੋ ਬਹੁਤੀਆਂ ਥਾਵਾਂ ਉੱਤੇ ਪਲੈਟਫ਼ਾਰਮ ਦੇ ਇਲਾਕੇ ਤੋਂ ਬਾਹਰ ਹੀ ਰਹਿ ਜਾਂਦੇ ਹਨ। ਸੁਰੱਖਿਆ ਮੁਹੱਈਆ ਕਰਵਾਉਣ ਵਾਲੀਆਂ ਧਿਰਾਂ ਅਤੇ ਸਟੇਸ਼ਨ RPF / GRP ਸਟਾਫ਼ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਸਟੇਸ਼ਨਾਂ ਉੱਤੇ ਗੱਡੀਆਂ ਖਲੋਂਦੀਆਂ ਹਨ, ਉੱਥੇ ਉਹ ਪੂਰਾ ਧਿਆਨ ਰੱਖਣ।

  9. ਰੇਲ–ਗੱਡੀਆਂ ਅਤੇ ਯਾਰਡਾਂ ਵਿੱਚ ਤਾਇਨਾਤ ਸੁਰੱਖਿਆ ਸਟਾਫ਼ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਰੇਲ ਸਟੇਸ਼ਨ ਉੱਤੇ ਅੱਪੜਦੀ ਹੈ ਜਾਂ ਉੱਥੋਂ ਰਵਾਨਗੀ ਪਾਉਂਦੀ ਹੈ, ਤਾਂ ਜਿੱਥੇ ਰੇਲ ਦੀ ਰਫ਼ਤਾਰ ਕੁਝ ਘੱਟ ਹੁੰਦੀ ਹੈ, ਉੱਥੇ ਅਪਰਾਧੀ ਆਮ ਤੌਰ ਉੱਤੇ ਚੱਲਦੀ ਰੇਲ–ਗੱਡੀ ਵਿੱਚੋਂ ਛਾਲ ਮਾਰ ਜਾਂਦੇ ਹਨ। ਉਨ੍ਹਾਂ ਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰੇਲਾਂ ਵਿੱਚੋਂ ਛਾਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਫੜਿਆ ਜਾਵੇ ਤੇ ਅਗਲੇਰੀ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ।

 

ਯਾਤਰੀਆਂ ਲਈ ਸੂਚਨਾ:

  1. ਭਾਵੇਂ ਹੈਲਪਲਾਈਨ ਨੰਬਰਾਂ ਦੇ ਵੇਰਵੇ ਰੇਲ–ਟਿਕਟਾਂ ਦੇ ਪਿਛਲੇ ਪਾਸੇ ਛਪੇ ਹੁੰਦੇ ਹਨ, ਫਿਰ ਵੀ ਇਨ੍ਹਾਂ ਹੈਲਪਲਾਈਨ ਨੰਬਰਾਂ ਦਾ ਰੇਲਵੇ ਨੂੰ ਵਿਆਪਕ ਤੌਰ ਉੱਤੇ ਪ੍ਰਚਾਰ ਤੇ ਪਾਸਾਰ ਕਰਨਾ ਚਾਹੀਦਾ ਹੈ।

  2. ਲੋਕਾਂ ਨੂੰ ‘ਪੈਨ ਇੰਡੀਆ ਐਮਰਜੈਂਸੀ ਰੈਸਪੌਂਸ ਸਿਸਟਮ’ ਅਤੇ ਹੋਰ ਅਹਿਮ ਫ਼ੋਰਮ ਦੇ ਨਾਲ–ਨਾਲ ਹੋਰ ਕਾੱਲਿੰਗ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਉਹ ਅਪਰਾਧਾਂ, ਖ਼ਾਸ ਕਰਕੇ ਉਸ ਇਲਾਕੇ ਵਿੱਚ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਬਾਰੇ ਰਿਪੋਰਟ ਕਰ ਸਕਣ।

  3. ਲੋਕਾਂ ਨੂੰ ‘ਵਨ ਸਟੌਪ ਸੈਂਟਰ’ (OSC) ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਜਿਸ ਨੂੰ ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਕਾਊਂਸਲਿੰਗ / ਅਦਾਲਤੀ ਕੇਸ ਪ੍ਰਬੰਧ, ਮਨੋਵਿਗਿਆਨਕ, ਸਮਾਜਕ ਕਾਊਂਸਲਿੰਗ ਤੇ ਹਿੰਸਾ ਤੋਂ ਪੀੜਤ ਔਰਤਾਂ ਨੂੰ ਅਸਥਾਈ ਆਸਰਾ ਜਿਹੀਆਂ ਸੰਗਠਤ ਸੇਵਾਵਾਂ ਇੱਕੋ ਛੱਤ ਹੇਠਾਂ ਮੁਹੱਈਆ ਕਰਵਾਉਣ ਲਈ ਖ਼ਾਸ ਤੌਰ ਉੱਤੇ ਤਿਆਰ ਕੀਤਾ ਗਿਆ ਹੁੰਦਾ ਹੈ।

  4. ਯਾਤਰੀਆਂ ਨੂੰ ਸਿੱਖਿਅਤ ਕਰਨ ਲਈ ਉਚਿਤ ਇਸ਼ਤਿਹਾਰ ਪ੍ਰਿੰਟ, ਇਲੈਕਟ੍ਰੌਨਿਕ ਤੇ ਸੋਸ਼ਲ ਮੀਡੀਆ ਦੇ ਵਿਭਿੰਨ ਪਲੈਟਫ਼ਾਰਮਾਂ ਉੱਤੇ ਪ੍ਰਕਾਸ਼ਿਤ ਕਰਵਾਏ ਜਾਣੇ ਚਾਹੀਦੇ ਹਨ।

 

ਭਾਰਤੀ ਰੇਲਵੇ ਵੱਲੋਂ ਜਾਰੀ ਇਹ ਦਿਸ਼ਾ–ਨਿਰਦੇਸ਼ ਸਾਰੇ ਜ਼ੋਨਲ ਰੇਲਵੇਜ਼ ਅਤੇ ਉਤਪਾਦਨ ਇਕਾਈਆਂ ਨੂੰ ਇਹ ਸਲਾਹ ਦਿੰਦੇ ਹਨ ਕਿ ਇਹ ਹਦਾਇਤਾਂ ਮਹਿਜ਼ ਸੰਕੇਤਾਤਮਕ ਹਨ ਤੇ ਡੂੰਘਾਈ ਵਿੱਚ ਨਹੀਂ ਹਨ ਅਤੇ ਇਸ ਮਾਮਲੇ ਵਿੱਚ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ, ਫ਼ੀਲਡ ਯੂਨਿਟਾਂ ਸਥਾਨਕ ਸਥਿਤੀਆਂ ਤੇ ਹਾਲਾਤ ਉੱਤੇ ਨਿਰਭਰ ਕਰਦਿਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੋਰ ਵਿਭਿੰਨ ਪ੍ਰਬੰਧ ਲਾਗੂ ਕਰ ਸਕਦੀਆਂ ਹਨ।

*****

ਡੀਜੇਐੱਨ/ਐੱਮਕੇਵੀ



(Release ID: 1706400) Visitor Counter : 189