ਰੇਲ ਮੰਤਰਾਲਾ
ਕੋਵਿਡ ਮਹਾਂਮਾਰੀ ਦੇ ਬਾਵਜੂਦ ਰੇਲਵੇ ਦੀਆਂ ਪ੍ਰਾਪਤੀਆਂ
Posted On:
19 MAR 2021 3:58PM by PIB Chandigarh
ਵਿੱਤੀ ਸਾਲ 2020–21 ਦੌਰਾਨ ਲੌਕਡਾਊਨ ਦੇ ਬਾਵਜੂਦ ਭਾਰਤੀ ਰੇਲਵੇ ਦੀਆਂ ਪ੍ਰਮੁੱਖ ਪ੍ਰਾਪਤੀਆਂ ਨਿਮਨਲਿਖਤ ਅਨੁਸਾਰ ਹਨ:–
-
ਕੋਵਿਡ–19 ਮਹਾਮਾਰੀ ਕਾਰਣ 25 ਮਾਰਚ, 2020 ਤੋਂ ਪੂਰੇ ਦੇਸ਼ ’ਚ ਲੌਕਡਾਊਨ ਲਾਗੂ ਹੋਣ ਕਾਰਣ, ਪਹਿਲਾਂ–ਪਹਿਲ ਤਾਂ ਰੇਲਵੇ ਪ੍ਰੋਜੈਕਟ ਲਾਗੂ ਕਰਨ ਦੀ ਰਫ਼ਤਾਰ ਕੁਝ ਮੱਠੀ ਰਹੀ ਸੀ। ਪਰ ਮੁਢਲੇ ਗੇੜ ਤੋਂ ਬਾਅਦ ਜਦੋਂ ਹੌਲੀ–ਹੌਲੀ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਸੀ, ਤਦ ਨਿਰਮਾਣ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਹੋਰ ਗਤੀਵਿਧੀਆਂ ਨੇ ਰਫ਼ਤਾਰ ਫੜੀ ਸੀ। ਇਸ ਤੋਂ ਇਲਾਵਾ, ਕੁਸ਼ਲ ਯੋਜਨਾਬੰਦੀ, ਪ੍ਰੋਜੈਕਟਾਂ ਦੇ ਤਰਜੀਹੀਕਰਣ ਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਕੇਂਦ੍ਰਿਤ ਪਹੁੰਚ ਕਾਰਣ ਬੁਨਿਆਦੀ ਢਾਂਚੇ ਨਾਲ ਸਬੰਧਤ ਕੰਮ ਹੁਣ ਪੂਰੀ ਰਫ਼ਤਾਰ ਨਾਲ ਚੱਲ ਰਹੇ ਹਨ। ਕੋਵਿਡ ਮਹਾਮਾਰੀ ਦੇ ਬਾਵਜੂਦ ਸਾਲ 2020–21 ਦੌਰਾਨ (ਫ਼ਰਵਰੀ 2021 ਤੱਕ) ਭਾਰਤੀ ਰੇਲਵੇ ਨੇ 1793 ਕਿਲੋਮੀਟਰ ਲੰਮੀਆਂ ਰੇਲ ਦੀਆਂ ਨਵੀਂਆਂ ਪਟੜੀਆਂ ਵਿਛਾਈਆਂ ਹਨ, ਗੇਜ ਪਰਿਵਰਤਨ ਕੀਤਾ ਗਿਆ ਹੈ ਅਤੇ ਪਟੜੀਆਂ ਦੇ ਦੋਹਰੇਕਰਣ ਦਾ ਕੰਮ ਮੁਕੰਮਲ ਕੀਤਾ ਗਿਆ ਹੈ। 3003 ਰੂਟ ਕਿਲੋਮੀਟਰ ਤੱਕ ਦਾ ਰੇਲਵੇ ਬਿਜਲਈਕਰਣ ਅਤੇ 4099 ਕਿਲੋਮੀਟਰ ਰੇਲ ਪਟੜੀਆਂ ਦਾ ਨਵੀਨੀਕਰਣ ਕੀਤਾ ਗਿਆ। ਕੁੱਲ 1,009 ਪੁਲਾਂ ਦੀ ਮੁਰੰਮਤ ਕੀਤੀ ਗਈ / ਉਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ / ਉਨ੍ਹਾਂ ਨੂੰ ਮੁੜ–ਸ਼ੁਰੂ ਕੀਤਾ ਗਿਆ / ਮੁੜ–ਉਸਾਰੀ ਕੀਤੀ ਗਈ ਅਤੇ 925 ਰੋਡ ਓਵਰ ਬ੍ਰਿਜਸ (ROBs)/ਰੋਡ ਅੰਡਰ ਬ੍ਰਿਜਸ (RUBs) ਦਾ ਨਿਰਮਾਣ ਕੀਤਾ ਗਿਆ। ਮੌਜੂਦਾ ਸਾਲ ਦੌਰਾਨ 10,980 ਕਰੋੜ ਰੁਪਏ ਦੀ ਲਾਗਤ ਨਾਲ 1,095 ਕਿਲੋਮੀਟਰ ਲੰਮੀਆਂ 21 ਨਵੀਂ ਲਾਈਨਾਂ ਵਿਛਾਉਣ / ਗੇਜ ਪਰਿਵਰਤਨ / ਪਟੜੀਆਂ ਦੇ ਦੋਹਰੇਕਰਣ ਦਾ ਕੰਮ ਕੀਤਾ ਗਿਆ। ਨਿਊ ਭਾਊਪੁਰ – ਨਿਊ ਖੁਰਜਾ ਵਿਚਲੇ ਸੈਕਸ਼ਨ (ਲਗਭਗ 351 ਕਿਲੋਮੀਟਰ) ’ਤੇ ‘ਪੂਰਬੀ ਸਮਰਪਿਤ ਮਾਲ ਲਾਂਘਾ’ (ਈਸਟਰਨ ਡੈਡੀਕੇਟਡ ਫ਼੍ਰੇਟ ਕੌਰੀਡੋਰ) 29 ਦਸੰਬਰ, 2020 ਨੂੰ ਅਤੇ ਨਿਊ ਰੇਵਾੜੀ–ਨਿਊ ਕਿਸ਼ਨਗੜ੍ਹ–ਮਦਾਰ ਸੈਕਸ਼ਨ (ਲਗਭਗ 306 ਕਿਲੋਮੀਟਰ) ਵਿਚਾਲੇ ‘ਪੱਛਮੀ ਸਮਰਪਿਤ ਮਾਲ ਲਾਂਘਾ’ (ਵੈਸਟਰਨ ਡੈਡੀਕੇਟਡ ਫ਼੍ਰੇਟ ਕੌਰੀਡੋਰ) 7 ਜਨਵਰੀ, 2021 ਨੂੰ ਸ਼ੁਰੂ ਕੀਤਾ ਗਿਆ ਸੀ।
-
ਮਾਰਚ 2020 ’ਚ ਕੋਵਿਡ–19 ਸ਼ੁਰੂ ਹੋਣ ਤੋਂ ਬਾਅਦ ਲੌਕਡਾਊਨ ਦੇ ਸਮੇਂ ਦੌਰਾਨ ਮਾਲ ਦੀ ਆਵਾਜਾਈ ਪ੍ਰਭਾਵਿਤ ਹੋਈ ਸੀ ਕਿਉਂਕਿ ਮੰਗ ’ਚ ਕਮੀ ਆ ਗਈ ਸੀ ਤੇ ਸੜਕੀ ਆਵਾਜਾਈ ਵਿੱਚ ਵਿਘਨ ਪੈ ਗਿਆ ਸੀ ਅਤੇ ਲਦਵਾਈ ਤੇ ਲੁਹਾਈ ਵਾਲੇ ਟਰਮੀਨਲਜ਼ ਉੱਤੇ ਮਜ਼ਦੂਰਾਂ ਦੀਆਂ ਸੇਵਾਵਾਂ ਉਪਲਬਧ ਨਹੀਂ ਸਨ। ਪਰ ਰੇਲਵੇ ਨੇ ਜ਼ਰੂਰੀ ਵਸਤਾਂ ਦੀ ਆਵਾਜਾਈ ਬੇਰੋਕ ਜਾਰੀ ਰੱਖੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਿਜਲੀ ਪਲਾਂਟਸ ਲਈ ਕੋਲੇ ਵਿੱਚ ਅਤੇ ਅਨਾਜ, ਖਾਦਾਂ ਆਦਿ ਜਿਹੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਕੋਈ ਕਮੀ ਨਾ ਆਵੇ। ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ (PMGKAY) ਅਧੀਨ ਰਾਜਾਂ ਨੂੰ ਅਨਾਜ ਦੀ ਸਪਲਾਈ ਕਰਨ ਲਈ ਅਨਾਜ ਦੀ ਰਿਕਾਰਡ ਢੋਆ–ਢੁਆਈ ਕੀਤੀ ਗਈ। ਗ੍ਰਹਿ ਮੰਤਰਾਲੇ ਵੱਲੋਂ ਲੌਕਡਾਊਨ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ, ਰੇਲਵੇ ਨੇ ਮਾਲ ਦੀ ਆਵਾਜਾਈ ਵਧਾਉਣ ਲਈ ਅਨੇਕ ਕਦਮ ਚੁੱਕੇ ਅਤੇ ਇਸ ਦੌਰਾਨ ਕੋਵਿਡ–19 ਮਹਾਮਾਰੀ ਨਾਲ ਸਬੰਧਤ ਰੁਕਾਵਟਾਂ ਕਰਕੇ ਅਪ੍ਰੈਲ 2020 ਤੋਂ ਲੈ ਕੇ ਜੁਲਾਈ 2020 ਤੱਕ ਦੇ ਸਮੇਂ ਦੌਰਾਨ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ 7 ਕਰੋੜ ਟਨ ਘੱਟ ਮਾਲ ਦੀ ਢੋਆ–ਢੁਆਈ ਹੋਈ; ਫਿਰ ਵੀ ਵਿੱਤੀ ਵਰ੍ਹੇ 2020–21 ਦੌਰਾਨ 17 ਮਾਰਚ, 2021 ਤੱਕ 1170.4 ਮਿਲੀਅਨ ਟਨ ਮਾਲ ਦੀ ਢੋਆ–ਢੁਆਈ ਕੀਤੀ ਗਈ, ਜਦ ਕਿ ਵਿੱਤੀ ਵਰ੍ਹੇ 2019–20 ਦੌਰਾਨ 17 ਮਾਰਚ, 2020 ਤੱਕ 1167.6 ਮਿਲੀਅਨ ਟਨ ਮਾਲ ਦੀ ਢੋਆ–ਢੁਆਈ ਕੀਤੀ ਗਈ ਸੀ।
-
ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਪਿੱਛੇ ਜਿਹੇ ਪਹਿਲਾ ਆਦਰਸ਼ (ਪ੍ਰੋਟੋਟਾਈਪ) Linke Hofmann Busch (LHB) ਏਸੀ ਥ੍ਰੀ–ਟੀਅਰ ਇਕੌਨੋਮੀ ਕਲਾਸ ਕੋਚ ਤਿਆਰ ਕੀਤਾ ਸੀ, ਜਿਸ ਵਿੱਚ ਕੁਝ ਨਵੀਂਆਂ ਸਹੂਲਤਾਂ ਦਿੱਤੀਆਂ ਗਈਆਂ ਸਨ। ਉਸ ਕੋਚ ਦਾ ਪ੍ਰੀਖਣ ਸਫ਼ਲਤਾਪੂਰਬਕ ਮੁਕੰਮਲ ਹੋ ਚੁੱਕਾ ਹੈ। ਰੇਲ ਦੇ ਵਿਸਟਾਡੋਮ ਡੱਬਿਆਂ ’ਚੋਂ ਮਨਮੋਹਕ ਦ੍ਰਿਸ਼ ਵੇਖੇ ਜਾ ਸਕਦੇ ਹਨ ਕਿਉਂਕਿ ਉਸ ਦੀਆਂ ਖਿੜਕੀਆਂ ਡੱਬੇ ਦੇ ਆਕਾਰ ਦੀਆਂ ਹੀ ਬਹੁਤ ਹੀ ਚੌੜੀਆਂ ਹਨ ਅਤੇ ਛੱਤ ਵਿੱਚ ਵੀ ਆਕਾਸ਼ ਦਾ ਦ੍ਰਿਸ਼ ਵੇਖਣ ਲਈ ਪਾਰਦਰਸ਼ੀ ਸੈਕਸ਼ਨ ਰੱਖੇ ਗਏ ਹਨ, ਇੰਝ ਯਾਤਰੀ ਜਿਹੜੇ ਵੀ ਸਥਾਨਾਂ ’ਚੋਂ ਯਾਤਰਾ ਕਰਨਗੇ, ਉਹ ਉੱਥੇ ਆਲੇ–ਦੁਆਲੇ ਦੇ ਦ੍ਰਿਸ਼ਾਂ ਦੀ ਸੁੰਦਰਤਾ ਦਾ ਆਨੰਦ ਮਾਣ ਸਕਣਗੇ। ਪਿੱਛੇ ਜਿਹੇ LHB ਮੰਚ ਉੱਤੇ ਚਾਰ ਵਿਸਟਾਡੋਮ ਡੱਬੇ ਕਈ ਆਧੁਨਿਕ ਵਿਸ਼ੇਸ਼ ਸੁਵਿਧਾਵਾਂ ਨਾਲ ‘ਇੰਟੈਗਰਲ ਕੋਚ ਫ਼ੈਕਟਰੀ/ਚੇਨਈ’ ਦੁਆਰਾ ਤਿਆਰ ਕੀਤੇ ਗਏ ਹਨ।
-
ਚਾਲੂ ਸਾਲ ਦੌਰਾਨ ਸਿਗਨਲਿੰਗ ਤੇ ਦੂਰਸੰਚਾਰ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 303 ਰੇਲਵੇ ਸਟੇਸ਼ਨਾਂ ਉੱਤੇ Wi-Fi ਸੁਵਿਧਾ ਦੀ ਵਿਵਸਥਾ, ਰੇਲਵੇ ਸਟੇਸ਼ਨਾਂ ’ਤੇ Wi-Fi ਸੇਵਾ ਲਈ ਵਰਤੋਂਕਾਰ ਦੀ ਦਿਲਚਸਪੀ ਵਿੱਚ ਵਾਧਾ, ਸੁਰੱਖਿਆ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ 120 ਰੇਲਵੇ ਸਟੇਸ਼ਨਾਂ ਉੱਤੇ CCTV ਕੈਮਰਿਆਂ ਦੀ ਸਥਾਪਨਾ, OFC ਦੇ 2074 ਰੂਟ ਕਿਲੋਮੀਟਰ ਅਤੇ 1556 ਰੂਟ ਕਿਲੋਮੀਟਰ ਕੁਐਡ ਕੇਬਲ ਦੀ ਕਮਿਸ਼ਨਿੰਗ ਕੀਤੀ ਗਈ। ਰੇਲਵੇ ਸਟੇਸ਼ਨਾਂ ਉੱਤੇ ਯਾਤਰੀਆਂ ਲਈ ਜਨਤਾ ਲਈ ਐਲਾਨ ਪ੍ਰਣਾਲੀਆਂ (103 ਸਟੇਸ਼ਨਾਂ ’ਤੇ), ਰੇਲਾਂ ਦੀ ਆਮਦੋ–ਰਫ਼ਤ ਦਰਸਾਉਣ ਵਾਲੇ ਬੋਰਡ (35 ਸਟੇਸ਼ਨਾਂ ਉੱਤੇ), ਡਿਜੀਟਲ ਘੜੀਆਂ (600 ਸਟੇਸ਼ਨਾਂ ਉੱਤੇ) ਜਿਹੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਅਤੇ ਕੋਚ ਗਾਈਡੈਂਸ ਸਿਸਟਮ (32 ਸਟੇਸ਼ਨਾਂ ਉੱਤੇ) ਜਿਹੀਆਂ ਸਹੂਲਤਾਂ ਨੁੰ ਮਜ਼ਬੂਤ ਕੀਤਾ ਗਿਆ।
-
ਯਾਰਡਾਂ ਵਿੱਚ ਸੁਰੱਖਿਆ ਤੇ ਆਪਰੇਸ਼ਨ ਲਚਕਤਾ ’ਚ ਸੁਧਾਰ ਕਰਨ ਲਈ 48 ਮਕੈਨੀਕਲ ਸਿਗਨਲਿੰਗ ਸਥਾਪਨਾਵਾਂ ਖ਼ਤਮ ਕੀਤੀਆਂ ਗਈਆਂ, 256 ਸਟੇਸ਼ਨਾਂ ਉੱਤੇ ਇਲੈਕਟ੍ਰੌਨਿਕ ਇੰਟਰਲੌਕਿੰਗ (EI) ਦੀ ਸ਼ੁਰੂਆਤ ਕੀਤੀ ਗਈ, 29 ਸਟੇਸ਼ਨਾਂ ਉੱਤੇ ਪੈਨਲ ਇੰਟਰਲੌਕਿੰਗ (PI) ਅਤੇ 9 ਸਟੇਸ਼ਨਾਂ ਉੱਤੇ ਰੂਟ ਰੀਲੇਅ ਇੰਟਰਲੌਕਿੰਗ (RRI) ਕੀਤੀ ਗਈ। ਲੈਵਲ ਕ੍ਰੌਸਿੰਗਜ਼ ਉੱਤੇ ਸੁਰੱਖਿਆ ਵਿੱਚ ਵਾਧਾ ਕਰਨ ਲਈ 244 ਲੈਵਲ ਕ੍ਰੌਸਿੰਗ ਗੇਟਸ ਉੱਤੇ ਸਿਗਨਲਜ਼ ਨਾਲ ਇੰਟਰਲੌਕਿੰਗ ਕੀਤੀ ਗਈ, 41 ਬਲੌਕ ਸੈਕਸ਼ਨਾਂ ਉੱਤੇ ਇੰਟਰਮੀਡੀਏਟ ਬਲੌਕ ਸਿਗਨਲਿੰਗ ਦੀ ਸ਼ੁਰੂਆਤ ਕੀਤੀ ਗਈ, ਇੰਝ ਦੋ ਸਟੇਸ਼ਨਾਂ ਵਿਚਲੇ ਸੈਕਸ਼ਨ ਉੱਤੇ ਦੋ ਰੇਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਪਟੜੀ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ, ਸੁਰੱਖਿਆ ਵਿੱਚ ਸੁਧਾਰ ਲਈ 294 ਬਲੌਕ ਸੈਕਸ਼ਨਾਂ ਉੱਤੇ ਬਲੌਕ ਸੈਕਸ਼ਨ ਦੀ ਕਲੀਅਰੈਂਸ ਮੁਹੱਈਆ ਕਰਵਾਇਆ ਗਿਆ ਹੈ ਪਟੜੀ ਸਮਰੱਥਾ ਵਿੱਚ ਸੁਧਾਰ ਲਈ 131 ਕਿਲੋਮੀਟਰ ਬਲੌਕ ਸੈਕਸ਼ਨ ਉੱਤੇ ਆਟੋਮੈਟਿਕ ਬਲੌਕ ਸਿਗਨਲਿੰਗ ਲਾਗੂ ਕੀਤਾ ਗਿਆ ਹੈ।
-
ਬਹੁਤ ਜ਼ਿਆਦਾ ਮਜ਼ਬੂਤ ਪਟੜੀਆਂ ਦਾ ਵਿਕਾਸ, ਦੇਸ਼ ’ਚ ਹੀ ਵਿਕਸਤ ATP (ਰੇਲ–ਗੱਡੀ ਦੀ ਸਵੈ–ਚਾਲਿਤ ਸੁਰੱਖਿਆ) ਪ੍ਰਣਾਲੀ / TCAS (ਰੇਲ–ਗੱਡੀ ਦੀ ਟੱਕਰ ਹੋਣ ਤੋਂ ਬਚਾਅ ਕਰਨ ਵਾਲੀ ਪ੍ਰਣਾਲੀ) ਪੜਾਅ–II ਪ੍ਰੋਜੈਕਟ ਨੂੰ ਅਪਗ੍ਰੇਡ ਕੀਤਾ ਗਿਆ; ਜਿਸ ਵਿੱਚ ਇੰਟਰਫ਼ੇਸਿੰਗ ਇਲੈਕਟ੍ਰੌਨਿਕ ਇੰਟਰਲੌਕਿੰਗ, ਕੇਂਦਰੀਕ੍ਰਿਤ ਆਵਾਜਾਈ ਨਿਯੰਤ੍ਰਣ ਅਤੇ ‘ਟੈਂਪਰੇਰੀ ਸਪੀਡ ਰੀਸਟ੍ਰਿਕਸ਼ਨ’ (TSR) ਦੀ ਅਪਡੇਸ਼ਨ ਆਦਿ ਕੀਤੀ ਗਈ ਹੈ। ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ ਉੱਚ ਘੁੜ–ਸ਼ਕਤੀ ਵਾਲੇ ਰੇਲ–ਇੰਜਣਾਂ ਦੇ ਨਵੇਂ ਡਿਜ਼ਾਇਨ ਵਿਕਸਤ ਕੀਤੀ ਗਏ।
-
350 ਤੋਂ ਵੱਧ ਅਹਿਮ ਤੇ ਸੁਰੱਖਿਆ ਤੇ ਆਪਰੇਸ਼ਨਲ ਕਾਰਜਕੁਸ਼ਲਤਾ ਕਾਰਣ ਚਿਰਾਂ ਤੋਂ ਮੁਲਤਵੀ ਪਏ ਵੱਡੇ ਪੁਲ ਤੇ ਪਟੜੀਆਂ ਦੇ ਕੰਮ ਕੀਤੇ ਗਏ ਹਨ ਅਤੇ ਬੈਕਲੌਗਜ਼ ਖ਼ਤਮ ਕੀਤੇ ਗਏ ਹਨ। ਇਨ੍ਹਾਂ ’ਚੋਂ ਕੁਝ ਕੰਮ ਕਈ ਸਾਲਾਂ ਤੋਂ ਲੰਮੇਰੇ ਆਵਾਜਾਈ ਬਲੌਕਸ ਦੀ ਅਣਉਪਲਬਧਤਾ ਕਾਰਣ ਮੁਲਤਵੀ ਪਏ ਸਨ ਅਤੇ ਰੇਲਵੇ ਆਪਰੇਸ਼ਨਜ਼ ਵਿੱਚ ਅੜਿੱਕੇ ਪੈਦਾ ਕਰ ਰਹੇ ਸਨ।
-
ਇਕਾਗਰਚਿੱਤ ਕੋਸ਼ਿਸ਼ਾਂ ਨਾਲ ਮਾਲ–ਗੱਡੀਆਂ ਦੀ ਔਸਤ ਰਫ਼ਤਾਰ, ਜੋ ਪਿਛਲੇ ਸਾਲ 23 ਕਿਲੋਮੀਟਰ/ਘੰਟਾ ਸੀ, ਉਹ ਹੁਣ ਵਧ ਕੇ 45 ਕਿਲੋਮੀਟਰ/ਘੰਟਾ ਹੋ ਗਈ ਹੈ।
ਸਾਲ 2020–21 ਦੌਰਾਨ ਵਿਭਿੰਨ ਪਹਿਲਕਦਮੀਆਂ ਕਾਰਣ ਹੋਣ ਵਾਲੇ ਫ਼ਾਇਦੇ ਅਤੇ ਲੰਮੇ ਸਮੇਂ ਦੌਰਾਨ ਹੋਣ ਵਾਲੇ ਮੁਨਾਫ਼ੇ ਨਿਮਨਲਿਖਤ ਅਨੁਸਾਰ ਹਨ:–
-
ਪਟੜੀਆਂ ਦੇ ਦੋਹਰੇਕਰਣ, ਨਵੀਂ ਪਟੜੀ ਤੇ ਗੇਜ ਪਰਿਵਰਤਨ ਦੇ ਪ੍ਰੋਜੈਕਟ ਦੇ ਜਿਹੜੇ ਕੰਮ ਮੁਕੰਮਲ ਕੀਤੇ ਗਏ ਹਨ; ਉਨ੍ਹਾਂ ਨਾਲ ਰੇਲਵੇ ਨੈੱਟਵਰਕ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਆਮ ਕੰਮਕਾਜ ਦੇ ਰਾਹ ਵਿੱਚ ਆਉਣ ਵਾਲੇ ਅੜਿੱਕੇ ਘਟਣਗੇ ਤੇ ਵਧੇਰੇ ਸੁਰੱਖਿਆ ਨਾਲ ਹੋਰ ਤੇਜ਼–ਰਫ਼ਤਾਰ ਰੇਲਾਂ ਚੱਲ ਸਕਣਗੀਆਂ।
-
ਰੇਲ ਪਟੜੀਆਂ ਦੇ ਬਿਜਲਈਕਰਣ ਨਾਲ ਭਾਰੀ ਮਾਲ ਲਿਜਾਣ ਵਾਲੀਆਂ ਮਾਲ–ਗੱਡੀਆਂ ਚਲਾਉਣ ਦੀ ਲਾਗਤ ਘਟੇਗੀ ਅਤੇ ਕੁੱਲ ਸਮਰੱਥਾ ਦੇ ਨਾਲ–ਨਾਲ ਟ੍ਰੈਕਸ਼ਨ ਪਰਿਵਰਤਨ ਕਾਰਣ ਆਉਣ ਵਾਲੇ ਅੜਿੱਕੇ ਘਟਣ ਨਾਲ ਸੈਕਸ਼ਨਾਂ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਬਿਜਲਈ ਰੇਲ–ਇੰਜਣਾਂ ਨੂੰ ਚਲਾਉਣ ਤੇ ਉਨ੍ਹਾਂ ਦੇ ਰੱਖ–ਰਖਾਅ ਦੀ ਲਾਗਤ ਘਟੇਗੀ, ਦਰਾਮਦੀ ਡੀਜ਼ਲ ਈਂਧਨ ਉੱਤੇ ਨਿਰਭਰਤਾ ਘਟੇਗੀ, ਉਸ ਨਾਲ ਕੀਮਤੀ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ।
-
ਦੇਸ਼ ਵਿੱਚ ਤਿਆਰ ਕੀਤੀਆਂ ਬੇਹੱਦ ਮਜ਼ਬੂਤ ਰੇਲ–ਪਟੜੀਆਂ ਦੇ ਵਿਕਾਸ ਨਾਲ ਕੀਮਤੀ ਵਿਦੇਸ਼ੀ ਮੁਦਰਾ ਦੀ ਬੱਚਤ ਕਰਨ ’ਚ ਮਦਦ ਮਿਲੇਗੀ ਅਤੇ ਇਸ ਨਾਲ ‘ਆਤਮਨਿਰਭਰ ਭਾਰਤ’ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ। ਇਸੇ ਤਰ੍ਹਾਂ, TCAS (ਰੇਲਾਂ ਦੀ ਟੱਕਰ ਤੋਂ ਬਚਾਅ ਦੀ ਪ੍ਰਣਾਲੀ) ਪੜਾਅ–II ਨਾਲ ਯਾਤਰੀ ਰੇਲ–ਗੱਡੀਆਂ ਦੀ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਉਸ ਦੀ ਇਲੈਕਟ੍ਰੌਨਿਕ ਇੰਟਰਲੌਕਿੰਗ ਨਾਲ ਇੰਟਰਫ਼ੇਸਿੰਗ ਅਤੇ ਕੇਂਦਰੀਕ੍ਰਿਤ ਆਵਾਜਾਈ ਨਿਯੰਤ੍ਰਣ ਵਿਵਹਾਰਕਤਾ ਨਾਲ TSRs (ਅਸਥਾਈ ਰਫ਼ਤਾਈ ਬੰਦਸ਼) ਦੀ ਰੀਅਲ ਟਾਈਮ ਰਿਮੋਟ ਅਪਡੇਸ਼ਨ ਯੋਗ ਹੋਵੇਗੀ। ਇਸ ਸਮੇਂ ਦੌਰਾਨ ਉੱਚ ਘੁੜ–ਸ਼ਕਤੀ ਵਾਲੇ ਰੇਲ–ਇੰਜਣ ਵਿਕਸਤ ਕੀਤੇ ਗਏ ਅਤੇ ਭਾਰਤੀ ਰੇਲਵੇ ਵੱਲੋਂ ਭਾਰੀ ਮਾਲ ਦੀ ਆਵਾਜਾਈ ਕੀਤੇ ਜਾਣ ’ਚ ਮਦਦ ਮਿਲੇਗੀ। ਇਸ ਪਿੱਛੇ ਵੱਡਾ ਉਦੇਸ਼ ਭਾਰਤੀ ਰੇਲਵੇ ਦੀਆਂ ਰੇਲ–ਗੱਡੀਆਂ ਦੀ ਰਫ਼ਤਾਰ ਵਧਾਉਣਾ ਹੈ, ਸੈਕਸ਼ਨਾਂ ਉੱਤੇ ਇਸ ਰਫ਼ਤਾਰ ਵਿੱਚ ਵਾਧਾ ਕਰਨਾ ਤੇ ਭਾਰਤੀ ਰੇਲਵੇ ਦੀ ਵਧੀਕ ਨੈੱਟਵਰਕ ਸਮਰੱਥਾ ’ਚ ਵਾਧਾ ਕਰਨਾ ਹੈ।
-
ਸਮਰਪਿਤ ਮਾਲ ਲਾਂਘੇ (DFCs) ਆਪਣੇ ਰੂਟਾਂ ’ਤੇ ਯਾਤਰੀਆਂ ਦੀ ਆਵਾਜਾਈ ਤੋਂ ਮਾਲ–ਗੱਡੀਆਂ ਦੀ ਆਵਾਜਾਈ ਵੱਖ ਕਰਨ ਨਾਲ ਵਾਧੂ ਸਮਰੱਥਾ ਪੈਦਾ ਹੋਵੇਗੀ। ਇਨ੍ਹਾਂ DFCs ਨਾਲ ਮਾਲ ਦੀ ਆਵਾਜਾਈ ਤੇਜ਼–ਰਫ਼ਤਾਰ ਨਾਲ ਹੋ ਸਕੇਗੀ ਅਤੇ ਲੌਜਿਸਟਿਕ ਲਾਗਤ ਘਟੇਗੀ ਅਤੇ ਸਪਲਾਈ–ਲੜੀ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਵੇਗਾ। DFCs ਰੇਲਵੇ ਦੇ ਮੋਡਲ ਹਿੱਸੇ ਵਿੱਚ ਵਾਧੇ ਦੀ ਸੁਵਿਧਾ ਹੋਵੇਗੀ ਅਤੇ ਦੇਸ਼ ਦੇ ਸਮੁੱਚੇ ਆਰਥਿਕ ਵਿਕਾਸ ਵਿੱਚ ਵਾਧਾ ਹੋਵੇਗਾ।
-
ਮਾਲ–ਗੱਡੀਆਂ ਦੀ ਔਸਤ ਰਫ਼ਤਾਰ ਨੂੰ ਦੁੱਗਣਾ ਕਰਨ ਨਾਲ ਸਮੁੱਚੀ ਪ੍ਰਣਾਲੀ ਦੀ ਲਾਈਨ ਸਮਰੱਥਾ ਦੁੱਗਣੀ ਹੋਵੇਗੀ। ਰੇਲਵੇ ਕੋਲ ਹੋਰ ਵੈਗਨਾਂ ਦੇ ਨਾਲ–ਨਾਲ ਹੋਰ ਰਾਹ ਉਪਲਬਧ ਹੋਣਗੇ, ਜਿਨ੍ਹਾਂ ਰਾਹੀਂ ਵਧੇਰੇ ਮਾਲ ਦੀ ਢੋਆ–ਢੁਆਈ ਹੋ ਸਕੇਗੀ ਤੇ ਹੋਰ ਵਧੇਰੇ ਰੇਲ–ਗੱਡੀਆਂ ਚਲਾਈਆਂ ਜਾਣਗੀਆਂ। ਇਸ ਨਾਲ ਭਵਿੱਖ ’ਚ ਟਾਈਮ ਟੇਬਲ ਨਾਲ ਮਾਲ–ਗੱਡੀਆਂ ਦੀ ਸ਼ੁਰੂਆਤ ਕਰਨ ਦੀ ਸੁਵਿਧਾ ਹੋਵੇਗੀ।
-
ਇਹ ਜਾਣਕਾਰੀ ਰੇਲਵੇ, ਵਣਜ ਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮਾਮਲਿਆਂ ਦੇ ਮੰਤਰੀ ਸ੍ਰੀ ਪੀਯੂਸ਼ ਗੋਇਲ ਵੱਲੋਂ ਅੱਜ ਰਾਜ ਸਭਾ ’ਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ ਗਈ।
****
ਡੀਜੇਐੱਨ/ਐੱਮਕੇਵੀ
(Release ID: 1706208)
|