ਉਪ ਰਾਸ਼ਟਰਪਤੀ ਸਕੱਤਰੇਤ
ਵਿਗਿਆਨ ਨੂੰ ਆਮ ਵਿਅਕਤੀ ਦੀਆਂ ਵੱਡੀਆਂ ਲੋੜਾਂ ਦਾ ਹੱਲ ਲੱਭਣਾ ਚਾਹੀਦਾ ਹੈ – ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਉਨ੍ਹਾਂ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਕਰਕੇ ਦੇਸ਼ ਵਿੱਚ ਕਵਰ ਵੈਕਸੀਨ ਸੰਭਵ ਹੋਈ
ਮਹਾਮਾਰੀ ਨੇ ਸਾਨੂੰ ਅਹਿਮ ਸਬਕ ਸਿਖਾਇਆ ਕਿ ਸਾਨੂੰ ਆਤਮਨਿਰਭਰ ਬਣਨ ਦੀ ਜ਼ਰੂਰਤ ਹੈ – ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਛੋਟੀ ਉਮਰ ਤੋਂ ਵਿਗਿਆਨ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਵਿਗਿਆਨਕ ਸੁਭਾਅ ਪੈਦਾ ਕਰਨ ਉੱਤੇ ਜ਼ੋਰ ਦਿੱਤਾ
“ਬੱਚਿਆਂ ’ਤੇ ਜਵਾਬ ਦੇਣ ਲਈ ਜ਼ੋਰ ਨਾ ਪਾਓ, ਬਲਕਿ ਉਨ੍ਹਾਂ ਨੂੰ ਪਿਆਰ ਨਾਲ ਪ੍ਰਸ਼ਨ ਪੁੱਛਣ ਲਈ ਆਖੋ ”, ਉਪ ਰਾਸ਼ਟਰਪਤੀ ਦੁਆਰਾ ਮਾਪਿਆਂ ਤੇ ਅਧਿਆਪਕਾਂ ਨੂੰ ਅਪੀਲ
‘ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ’ ਵਿਦਾਈ ਸਮਾਰੋਹ ਨੂੰ ਵਰਚੁਅਲ ਵਿਧੀ ਨਾਲ ਕੀਤਾ ਸੰਬੋਧਨ
Posted On:
25 DEC 2020 5:26PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਇਸ ਤੱਥ ਉੱਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਹੁਣ ਦੇਸ਼ ਵਿੱਚ ਹੀ ਤਿਆਰ ਹੋਈ ਆਪਣੀ ਕੋਵਿਡ ਵੈਕਸੀਨ ਜਾਰੀ ਕਰਨ ਵਾਲਾ ਹੈ। ਉਨ੍ਹਾਂ ਨੇ ਸਖ਼ਤ ਮਿਹਨਤੀ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ।
ਸ਼੍ਰੀ ਨਾਇਡੂ ਨੇ ਭਾਰਤ ਦੇ ‘ਇੰਟਰਨੈਸ਼ਨਲ ਸਾਇੰਸ ਫੈਸਟੀਵਲ’ ਦੇ ਸਮਾਪਤੀ ਸੈਸ਼ਨ ਨੂੰ ਹੈਦਰਾਬਾਦ ਤੋਂ ਵਰਚੁਅਲ ਵਿਧੀ ਰਾਹੀਂ ਸੰਬੋਧਨ ਕਰਦਿਆਂ ਪੀਪੀਈਜ਼ ਅਤੇ ਕੋਵਿਡ–19 ਟੈਸਟਿੰਗ ਕਿਟਸ ਦੇ ਉਤਪਾਦਨ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਭਾਰਤੀ ਵਿਗਿਆਨੀਆਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਮਹਾਮਾਰੀ ਸ਼ੁਰੂ ਹੋਈ ਸੀ, ਤਦ ਭਾਰਤ ਵਿੱਚ ਪੀਪੀਈਜ਼, ਵੈਂਟੀਲੇਟਰਜ਼ ਤੇ ਟੈਸਟਿੰਗ ਕਿਟਸ ਦਾ ਉਤਪਾਦਨ ਨਾਮਾਤਰ ਹੁੰਦਾ ਸੀ ਪਰ ਥੋੜ੍ਹੇ ਹੀ ਸਮੇਂ ਅੰਦਰ ਅਸੀਂ ਹੁਣ ਪੀਪੀਈਜ਼ ਦੀ ਬਰਾਮਦ ਕਰਨ ਦੇ ਯੋਗ ਹੋ ਗਏ ਹਾਂ।
ਸ਼੍ਰੀ ਨਾਇਡੂ ਨੇ ਕੋਰੋਨਾ–ਵਾਇਰਸ, ਦਵਾਈ ਅਤੇ ਵੈਕਸੀਨ ਦੀ ਪ੍ਰਕਿਰਤੀ ਸਬੰਧੀ ਝੂਠੀ ਜਾਣਕਾਰੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਗ਼ਲਤ ਜਾਣਕਾਰੀ ਸਾਡੇ ਜੀਵਨਾਂ ਵਿੱਚ ਵਿਗਿਆਨਕ ਸੁਭਾਅ ਦੇ ਮਹੱਤਵ ਨੂੰ ਵੀ ਮੁੜ ਦ੍ਰਿੜ੍ਹਾਉਂਦੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜਿਹੜਾ ਨਾਗਰਿਕ ਆਲੋਚਨਾਤਮਕ ਢੰਗ ਨਾਲ ਸੋਚਦਾ ਹੈ, ਉਸ ਉੱਤੇ ਅਜਿਹੀ ਗ਼ਲਤ ਜਾਣਕਾਰੀ ਜਾਂ ਝੂਠੀ ਖ਼ਬਰ ਦਾ ਕੋਈ ਅਸਰ ਨਹੀਂ ਪੈਂਦਾ, ਇਸੇ ਲਈ ਉਨ੍ਹਾਂ ਜਾਂਚ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,‘ਵੈਕਸੀਨਾਂ ਜਾਂ ਦਵਾਈਆਂ ਗ਼ਲਤ ਜਾਣਕਾਰੀਆਂ ਨੂੰ ਹਰਾ ਨਹੀਂ ਸਕਦੀਆਂ ਪਰ ਲੋਕਾਂ ਦੀ ਆਪਣੀ ਤਰਕਪੂਰਨ ਦ੍ਰਿਸ਼ਟੀ ਇਹ ਕਰ ਸਕਦੀ ਹੈ।’
ਵਿਗਿਆਨ ਨੂੰ ਮਨੁੱਖੀ ਪ੍ਰਗਤੀ ਦੀ ਜੀਵਨ–ਰੇਖਾ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਗਿਆਨ ਤਰਕਪੂਰਨ ਜਾਂਚ ਦੀ ਭਾਵਨਾ ਨਾਲ ਸਬੰਧਤ ਹੈ, ਜੋ ਸਾਡੇ ਜੀਵਨਾਂ ਵਿੱਚ ਸਾਡਾ ਮਾਰਗ–ਦਰਸ਼ਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਵਿਗਿਆਨਕ ਰੁਝਾਨ ਦਾ ਵਿਕਾਸ ਕਰਨਾ ਸਾਡੇ ਬੁਨਿਆਦੀ ਫ਼ਰਜ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਜੇ ਅਸੀਂ ਅਜਿਹਾ ਰੁਝਾਨ ਅਪਣਾ ਲਈਏ, ਤਾਂ ਅਸੀਂ ਜੀਵਨ ਦੀ ਹਰੇਕ ਕੋਸ਼ਿਸ਼ ਉੱਤੇ ਵਿਗਿਆਨਕ ਵਿਧੀ–ਵਿਗਿਆਨ ਲਾਗੂ ਕਰ ਸਕਦੇ ਹਾਂ ਤੇ ਸੋਚ–ਸਮਝ ਕੇ ਫ਼ੈਸਲੇ ਲੈ ਸਕਦੇ ਹਾਂ।
ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ,‘ਸੱਚਾਈ ਲਈ ਸਾਡੀ ਸਦੀਵੀ ਖੋਜ ਵਿੱਚ ਆਓ ਅਸੀਂ ਇੱਕ ਵਿਗਿਆਨੀ ਦੀ ਤਪੱਸਿਆ, ਆਪਣੇ ਪੁਰਖਿਆਂ ਦੀ ਸੂਝਬੂਝ ਅਤੇ ਇੱਕ ਬੱਚੇ ਦੀ ਸਰਗਰਮ ਉਤਸੁਕਤਾ ਨੂੰ ਸ਼ਾਮਲ ਕਰ ਲਈਏ।’
ਵਿਗਿਆਨ ਵਿੱਚ ਭਾਰਤ ਦੇ ਅਮੀਰ ਪਿਛੋਕੜ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਗਿਆਨ ਦੇ ਖੇਤਰ ਵਿੱਚ ਵੀ ਭਾਰਤ ਦਾ ਮੁੱਖ ਫ਼ਲਸਫ਼ਾ ਸਦਾ ‘ਸ਼ੇਅਰ ਐਂਡ ਕੇਅਰ’ (ਹਰ ਚੀਜ਼ ਸਾਂਝੀ ਕਰਨ ਤੇ ਦੇਖਭਾਲ ਕਰਨ) ਅਤੇ ‘ਵਸੁਧੈਵ ਕੁਟੁੰਬਕਮ’ ਵਾਲਾ ਰਿਹਾ ਹੈ। ਪ੍ਰਸਿੱਧ ਵਿਗਿਆਨੀ ਸ਼੍ਰੀ ਜੇ.ਸੀ. ਬੋਸ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਭਾਵੇਂ ਬਹੁਤ ਸਾਰੀਆਂ ਈਜਾਦਾਂ ਤੇ ਖੋਜਾਂ ਕੀਤੀਆਂ ਸਨ ਪਰ ਉਨ੍ਹਾਂ ਕਦੇ ਇੱਕ ਵੀ ਪੇਟੈਂਟ ਦਰਜ ਨਹੀਂ ਸੀ ਕਰਵਾਇਆ; ਬਿਲਕੁਲ ਉਸੇ ਭਾਵਨਾ ਵਿੱਚ ਅਸੀਂ ਨਾ ਸਿਰਫ਼ ਵਿਸ਼ਵ ਦਾ ਫ਼ਾਰਮਾਸਿਊਟੀਕਲ ਧੁਰਾ ਬਣ ਚੁੱਕੇ ਹਾਂ, ਸਗੋਂ ਬਾਕੀ ਦੇ ਵਿਕਾਸਸ਼ੀਲ ਵਿਸ਼ਵ ਨਾਲ ਇਹ ਜੀਵਨ–ਬਚਾਊ ਦਵਾਈਆਂ ਵਿਆਪਕ ਰੂਪ ਵਿੱਚ ਸਾਂਝੀਆਂ ਕਰਦੇ ਰਹੇ ਹਾਂ।
ਸ਼੍ਰੀ ਨਾਇਡੂ ਨੇ ਇਸ ਗੱਲ ਉੱਤੇ ਅਫ਼ਸੋਸ ਪ੍ਰਗਟਾਇਆ ਕਿ ਬਹੁਤੇ ਭਾਰਤੀਆਂ ਨੂੰ ਆਪਣੇ ਖ਼ੁਦ ਦੇ ਅਮੀਰ ਵਿਗਿਆਨਕ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ, ਇਸ ਲਈ ਸਾਨੂੰ ਆਪਣੀਆਂ ਵਿਗਿਆਨਕ ਪ੍ਰਾਪਤੀਆਂ ਦੇ ਜਸ਼ਨ ਮਨਾਉਣੇ ਚਾਹੀਦੇ ਹਨ। ਉਨ੍ਹਾਂ ਬੱਚਿਆਂ ਨੂੰ ਵਿਗਿਆਨ ਵਿੱਚ ਕਰੀਅਰ ਅਪਨਾਉਣ ਲਈ ਉਤਸ਼ਾਹਿਤ ਕਰਨ ਤੇ ਵਿਗਿਆਨਕ ਖੋਜ ਵਿੱਚ ਭਾਰਤ ਨੂੰ ਇੱਕ ਵਿਸ਼ਵ ਆਗੂ ਬਣਾਉਣ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ ਨੇ ਵਿਗਿਆਨਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਛੋਟੀ ਉਮਰ ਤੋਂ ਹੀ ਵਿਗਿਆਨਕ ਰੁਝਾਨ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਬੱਚਿਆਂ ਵਿੱਚ ਜਨਮ ਤੋਂ ਹੀ ਇੱਕ ਉਤਸੁਕਤਾ ਹੁੰਦੀ ਹੈ ਅਤੇ ਅਸੀਂ ਉਸ ਉਤਸੁਕਤਾ ਨੂੰ ਕਿਵੇਂ ਵਰਤ ਸਕਦੇ ਹਾਂ, ਇਹ ਬਹੁਤ ਅਹਿਮ ਹੈ। ਜੇ ਅਸੀਂ ਉਨ੍ਹਾਂ ਨੂੰ ਪ੍ਰਸ਼ਨ ਪੁੱਛਣ ਤੇ ਆਲੋਚਨਾਤਮਕ ਢੰਗ ਨਾਲਾ ਸੋਚਣ ਲਈ ਉਤਸ਼ਾਹਿਤ ਕਰੀਏ, ਤਾਂ ਉਹ ਆਤਮ–ਵਿਸ਼ਵਾਸ ਨਾਲ ਭਰਪੂਰ ਹੋ ਜਾਣਗੇ, ਉਨ੍ਹਾਂ ਨੂੰ ਆਪਣੇ–ਆਪ ਉੱਤੇ ਭਰੋਸਾ ਹੋਵੇਗਾ ਅਤੇ ਉਹ ਆਪਣੇ ਬਾਕੀ ਦੇ ਜੀਵਨ ਲਈ ਨਿਡਰ ਬਣਨਗੇ; ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ‘ਇੱਕ ਆਤਮ–ਵਿਸ਼ਵਾਸ ਨਾਲ ਭਰਪੂਰ ਪੀੜ੍ਹੀ ਦਾ ਅਰਥ ਹੈ ਇੱਕ ਆਤਮ–ਵਿਸ਼ਵਾਸ ਨਾਲ ਭਰਪੂਰ ਰਾਸ਼ਟਰ !’
ਉਨ੍ਹਾਂ ਮਾਪਿਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ,‘ਬੱਚਿਆਂ ਉੱਤੇ ਜਵਾਬ ਦੇਣ ਲਈ ਦਬਾਅ ਨਾ ਪਾਓ, ਸਗੋਂ ਉਨ੍ਹਾਂ ਨੂੰ ਪਿਆਰ ਨਾਲ ਪ੍ਰਸ਼ਨ ਪੁੱਛਣ ਲਈ ਆਖੋ।’
ਰੱਟੇ ਮਾਰ ਕੇ ਕੁਝ ਸਿੱਖਣ ਦਾ ਖ਼ਾਤਮਾ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕੁਝ ‘ਦੱਸਣ’ ਦੀ ਥਾਂ ‘ਖੋਜ ਕਰਨ’ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਵਿਗਿਆਨ ਮੇਲੇ ਵਿੱਚ ਖਿਡੌਣਿਆਂ ਤੇ ਖੇਡਾਂ ਉੱਤੇ ਇੱਕ ਵਿਸ਼ੇਸ਼ ਸਮਾਰੋਹ ਉੱਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਖੇਡਾਂ ਤੇ ਬੁਝਾਰਤਾਂ ਉਤਸੁਕਤਾ ਵਿਕਸਤ ਕਰਨ ਲਈ ਇੱਕ ਅਹਿਮ ਅੰਗ ਹਨ ਤੇ ਬੱਚਿਆਂ ਵਿੱਚ ਸਿਰਜਣਾਤਮਕਤਾ ਦੀ ਚਿਣਗ ਲਾਉਂਦੀਆਂ ਹਨ। ਉਨ੍ਹਾਂ ਇਸ ਖੇਤਰ ਵਿੱਚ ਡਿਜ਼ਾਇਨਰਾਂ ਤੇ ਮਨੋਵਿਗਿਆਨੀਆਂ ਨੂੰ ਹੋਰ ਖੋਜ ਕਰਨ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ ਨੇ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ਇਸ ਮਹਾਮਾਰੀ ਨੇ ਸਾਨੂੰ ਇੱਕ ਅਹਿਮ ਸਬਕ ਸਿਖਾਇਆ ਹੈ ਕਿ ਸਾਨੂੰ ਖੋਜ ਤੇ ਵਿਕਾਸ ਵਿੱਚ ਨਿਵੇਸ਼ ਕਰਨ ਅਤੇ ਉਸ ਨੂੰ ਕਾਇਮ ਰੱਖਣ ਅਤੇ ਆਤਮਨਿਰਭਰ ਬਣਨ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡਾ ਪੁਲਾੜ ਪ੍ਰੋਗਰਾਮ ਇਸ ਦੀ ਇੱਕ ਵੱਡੀ ਉਦਾਹਰਣ ਹੈ ਕਿ ਆਤਮਨਿਰਭਰਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਇਲੈਕਟ੍ਰੌਨਿਕਸ ਤੇ ਰੱਖਿਆ ਜਿਹੇ ਅਹਿਮ ਖੇਤਰਾਂ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਦੇਸ਼ ਵਿੱਚ ਨਵੀਂਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਨਿਜੀ ਖੇਤਰ ਨੂੰ ਵਿਭਿੰਨ ਸੰਸਥਾਨਾਂ ਨਾਲ ਭਾਈਵਾਲੀ ਪਾਉਣ ਦਾ ਵੀ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਹਰ ਹਾਲਤ ਵਿੱਚ ਜ਼ਰੂਰੀ ਚੌਥੇ ਉਦਯੋਗਿਕ ਇਨਕਲਾਬ ਵੱਲ ਧਿਆਨ ਖਿੱਚਦਿਆਂ ਕਿਹਾ ਕਿ ਸਾਡੀ ਜਨਸੰਖਿਆ, ਸਾਡੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦਾ ਫ਼ਾਇਦਾ ਲੈਣ ਅਤੇ ਵਿਗਿਆਨ ਦੇ ਵਿਸ਼ਵ ਵਿੱਚ ਆਪਣੀ ਵਿਲੱਖਣ ਛਾਪ ਛੱਡਣ ਲਈ ਇਸ ਇਨਕਲਾਬ ਵੱਲ ਅੱਗੇ ਵਧਣ ਦੀ ਲੋੜ ਹੈ।
ਇਸ ਮੌਕੇ ਸ਼੍ਰੀ ਨਾਇਡੂ ਨੇ ਵਿਗਿਆਨ ਸਿੱਖਿਆ ਵਿੱਚ ਇੱਕ ਸਮੂਹਕ ਤੇ ਅੰਤਰ–ਅਨੁਸ਼ਾਸਨੀ ਪਹੁੰਚ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਵਾਤਾਵਰਣਕ ਟਿਕਾਊਯੋਗਤਾ ਨੂੰ ਵਿਗਿਆਨਕ ਖੋਜ ਦਾ ਸੁਭਾਵਕ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵਿਚਾਰ ਵੀ ਰੱਖਿਆ ਕਿ ਵਿਗਿਆਨ ਤੇ ਟੈਕਨੋਲੋਜੀ ਨੂੰ ਆਮ ਵਿਅਕਤੀ ਦੀਆਂ ਵੱਡੀਆਂ ਜ਼ਰੂਰਤਾਂ ਦਾ ਹੱਲ ਲੱਭਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਅੰਤ ਵਿੱਚ, ਵਿਗਿਆਨ ਲੋਕਾਂ ਦੇ ਜੀਵਨ ਸੁਵਿਧਾਜਨਕ ਤੇ ਖ਼ੁਸ਼ਹਾਲ ਬਣਾਉਣ ਬਾਰੇ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ 25 ਦਸੰਬਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਅਤੇ ਪੰਡਿਤ ਮਦਨ ਮੋਹਨ ਮਾਲਵੀਯ ਜੀ ਦੀ 25ਵੀਂ ਜਯੰਤੀ ਹੈ ਅਤੇ ਸਾਨੂੰ ਹਰ ਹਾਲਤ ਵਿੱਚ ਉਨ੍ਹਾਂ ਦੇ ਜੀਵਨਾਂ ਤੋਂ ਪ੍ਰੇਰਣਾ ਲੈਣੀ ਹੋਵੇਗੀ। ਲੋਕਾਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਕ੍ਰਿਸਮਸ ਸ਼ਾਂਤੀ ਤੇ ਪਿਆਰ ਦਾ ਤਿਉਹਾਰ ਹੈ ਅਤੇ ਪ੍ਰਗਤੀ ਲਈ ਸ਼ਾਂਤੀ ਜ਼ਰੂਰੀ ਹੈ। ਸ਼੍ਰੀ ਨਾਇਡੂ ਨੇ ਕਿਹਾ,‘ਸਾਨੂੰ ਸਾਰਿਆਂ ਨੂੰ ਸ਼ਾਂਤੀ ਲਈ ਕੰਮ ਕਰਨਾ ਚਾਹੀਦਾ ਹੈ’ ਅਤੇ ਨਾਲ ਹੀ ਇਹ ਵੀ ਆਖਿਆ ਕਿ ਸ਼ਾਂਤੀ ਦੀ ਮਜ਼ਬੂਤੀ ਲਈ ਵਿਗਿਆਨ ਵਿੱਚ ਤਰੱਕੀਆਂ ਬਹੁਤ ਲਾਹੇਵੰਦ ਹੁੰਦੀਆਂ ਹਨ।
ਉਪ ਰਾਸ਼ਟਰਪਤੀ ਨੇ ਵਿਗਿਆਨ ਤੇ ਵਿਗਿਆਨਕ ਵਿਚਾਰ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਭਾਰਤ ਦੇ ‘ਇੰਟਰਨੈਸ਼ਨਲ ਸਾਇੰਸ ਫੈਸਟੀਵਲ’ ਦੀ ਸ਼ਲਾਘਾ ਕੀਤੀ। ਉਨ੍ਹਾਂ ਇੱਕ ਵਰਚੁਅਲ ਫ਼ਾਰਮੈਟ ਵਿੱਚ ਇਸ ਮੇਲੇ ਦਾ ਸਫ਼ਲਤਾਪੂਰਬਕ ਆਯੋਜਨ ਕਰਨ ਲਈ ਆਯੋਜਕਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਵਰ੍ਹੇ ਦੇ ਵਿਗਿਆਨ ਮੇਲੇ ਦਾ ਵਿਸ਼ਾ ਸੀ – ‘ਆਤਮਨਿਰਭਰ ਭਾਰਤ ਅਤੇ ਵਿਸ਼ਵ ਭਲਾਈ ਲਈ ਵਿਗਿਆਨ’ ਅਤੇ ਇਸ ਦਾ ਆਯੋਜਨ CSIR ਅਤੇ ਵਿਗਿਆਨ ਭਾਰਤੀ ਦੁਆਰਾ ਵਿਭਿੰਨ ਮੰਤਰਾਲਿਆਂ ਦੁਆਰਾ ਕੀਤਾ ਗਿਆ ਸੀ।
ਇਸ ਵਰਚੁਅਲ ਸਮਾਰੋਹ ਵਿੱਚ ਡਾ. ਹਰਸ਼ ਵਰਧਨ, ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਸ਼ੰਕਰ ਸੀ. ਮੈਂਡੇ, ਚੇਅਰਮੈਨ, IISF-2020, ਡਾਇਰੈਕਟਰ ਜਨਰਲ, CSIR, ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਡਾ. ਰੇਨੂ ਸਵਰੂਪ, ਸਕੱਤਰ, ਬਾਇਓਟੈਕਨੋਲੋਜੀ ਵਿਭਾਗ, ਡਾ. ਐੱਮ ਰਾਜੀਵਨ, ਸਕੱਤਰ, ਪ੍ਰਿਥਵੀ ਵਿਗਿਆਨ ਮੰਤਰਾਲਾ, ਡਾ. ਵਿਜੈ ਪੀ. ਭਾਟਕਰ, ਪ੍ਰਧਾਨ ਵਿਗਿਆਨ ਭਾਰਤੀ, ਸ਼੍ਰੀ ਜਯੰਤ ਸਹਸ੍ਰਬੁੱਧੇ, ਰਾਸ਼ਟਰੀ ਜੱਥੇਬੰਦਕ ਸਕੱਤਰ, ਵਿਗਿਆਨ ਭਾਰਤੀ ਅਤੇ ਡਾ. ਰੰਜਨਾ ਅਗਰਵਾਲ, ਮੁੱਖ ਕੋਆਰਡੀਨੇਟਰ, IISF-2020, ਡਾਇਰੈਕਟਰ, CSIR-NISTADS ਅਤੇ CSIR-NISCAIR ਜਿਹੇ ਪਤਵੰਤੇ ਸੱਜਣ ਸ਼ਾਮਲ ਹੋਏ।
*****
ਐੱਮਐੱਸ/ਆਰਕੇ/ਡੀਪੀ
(Release ID: 1683720)
Visitor Counter : 248