ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਵਧੇਰੇ ਮੁੱਲ-ਅਧਾਰਿਤ, ਸੰਪੂਰਨ ਅਤੇ ਮੁਕੰਮਲ ਬਣਾਉਣ ਲਈ ਮੁੜ-ਮੁੱਲਾਂਕਣ ਕਰੋ
ਉਨ੍ਹਾਂ ਨੂੰ ਸਮੁੱਚੀ ਵੈਦਿਕ ਸਿੱਖਿਆ ਤੋਂ ਪ੍ਰੇਰਣਾ ਲੈਣ ਲਈ ਕਿਹਾ
ਯੂਨੀਵਰਸਟੀਆਂ ਨੂੰ ਆਪਣੇ ਵਿਦਿਆਰਥੀਆਂ ਦੇ ਵਿਅਕਤੀਤਵ ਦਾ ਸੰਪੂਰਨ ਵਿਕਾਸ ਕਰ ਉਨ੍ਹਾਂ ਨੂੰ ਸਿਰਫ਼ ਡਿਗਰੀਧਾਰਕ ਨਹੀਂ, ਬਲਕਿ ਇੱਕ ਸੰਵੇਦਨਸ਼ੀਲ ਮਨੁੱਖ ਬਣਾਉਣਾ ਚਾਹੀਦਾ ਹੈ - ਉਪ ਰਾਸ਼ਟਰਪਤੀ
ਕਦਰਾਂ-ਕੀਮਤਾਂ ਤੋਂ ਬਿਨਾ ਸਿੱਖਿਆ ਕੋਈ ਸਿੱਖਿਆ ਨਹੀਂ ਹੈ - ਉਪ-ਰਾਸ਼ਟਰਪਤੀ
ਬਹੁ-ਅਨੁਸ਼ਾਸਨੀ ਪਹੁੰਚ ਲਈ ਨਵੀਂ ਸਿੱਖਿਆ ਨੀਤੀ ਦੀ ਸ਼ਲਾਘਾ ਕੀਤੀ
ਵਿਦਿਆਰਥੀਆਂ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸੁਹਿਰਦਤਾ ਅਤੇ ਅਨੁਸ਼ਾਸਨ ਨਾਲ ਕੰਮ ਕਰਨ ਲਈ ਕਿਹਾ
ਆਈਸੀਐੱਫਏਆਈ ਯੂਨੀਵਰਸਿਟੀ ਦੀ ਈ-ਕਨਵੋਕੇਸ਼ਨ ਨੂੰ ਵਰਚੂਅਲੀ ਸੰਬੋਧਨ ਕੀਤਾ
Posted On:
26 NOV 2020 11:24AM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਯੂਨੀਵਰਸਿਟੀਆਂ ਅਤੇ ਅਧਿਆਪਕਾਂ ਨੂੰ ਸਾਡੀ ਸਿੱਖਿਆ ਪ੍ਰਣਾਲੀ ਦਾ ਮੁੜ ਮੁਲਾਂਕਣ ਕਰਨ ਲਈ ਕਿਹਾ ਹੈ ਤਾਂ ਜੋ ਇਸ ਨੂੰ ਵਧੇਰੇ ਮਹੱਤਵਪੂਰਨ, ਸੰਪੂਰਨ ਅਤੇ ਮੁਕੰਮਲ ਬਣਾਇਆ ਜਾ ਸਕੇ।
ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਸਿੱਕਮ ਦੀ ਆਈਸੀਐੱਫਏਆਈ ਯੂਨੀਵਰਸਿਟੀ ਦੇ 13ਵੇਂ ਈ-ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਸਾਡੀ ਸਮੁੱਚੀ ਵੈਦਿਕ ਸਿੱਖਿਆ ਤੋਂ ਪ੍ਰੇਰਣਾ ਲੈਣ ਅਤੇ ਨਵੀਂ ਸਿੱਖਿਆ ਨੀਤੀ ਦੀ ਪਰਿਕਲਪਨਾ ਨੂੰ ਸਮਝਣ।
ਗੁਰੂਦੇਵ ਰਬਿੰਦਰਨਾਥ ਟੈਗੋਰ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਦਰਾਂ-ਕੀਮਤਾਂ ਤੋਂ ਬਿਨਾ ਸਿੱਖਿਆ ਕੋਈ ਸਿੱਖਿਆ ਨਹੀਂ ਹੈ। ਉਨ੍ਹਾਂ ਨੇ ਕਿਹਾ “ਵਿੱਦਿਅਕ ਸੰਸਥਾਵਾਂ ਅਤੇ ਯੂਨੀਵਰਸਟੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਦਾ ਵਿਕਾਸ ਅਜਿਹੇ ਮਨੁੱਖ ਦੇ ਰੂਪ ਵਿੱਚ ਕਰਨ, ਜੋ ਸਿਰਫ਼ ਡਿਗਰੀ ਧਾਰਕ ਨਹੀਂ, ਬਲਕਿ ਸੰਵੇਦਨਸ਼ੀਲ ਹੋਣ।’’ ਉਨ੍ਹਾਂ ਨੇ ਕਿਹਾ ਕਿ ਅਕਸਰ ਤਨਖਾਹਾਂ ਦੀ ਦੌੜ ਵਿੱਚ ਇਸ ਪੱਖ ਨੂੰ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ।
ਜਲਵਾਯੂ ਪਰਿਵਰਤਨ ਦੀ ਮਿਸਾਲ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਚੁਣੌਤੀ ਦਾ ਮੁਕਾਬਲਾ ਕਰਨ ਦੇ ਸਰਬਪੱਖੀ ਸਮਾਧਾਨ ਵਿੱਚ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਸ਼ਾਮਲ ਹੋਣੀ ਚਾਹੀਦੀ ਹੈ ਜੋ ਕੁਦਰਤ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਨੇ ਸਾਡੇ ਇੰਜੀਨੀਅਰਾਂ ਅਤੇ ਟੈਕਨੋਲੋਜਿਸਟਾਂ ਨੂੰ ਨਵੇਂ ਬਚਾਅ ਕਾਰਜ ਤਿਆਰ ਕਰਨ ਅਤੇ ਜਲਵਾਯੂ ਦੀ ਅਤਿ ਕਾਰਨ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੀਕ ਤੋਂ ਹਟਵੇਂ ਸਮਾਧਾਨਾਂ ਨਾਲ ਅੱਗੇ ਆਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕੋਈ ਮਨੁੱਖੀ ਦਖਲਅੰਦਾਜ਼ੀ ਕੁਦਰਤ ਦੇ ਕਹਿਰ ਨੂੰ ਪੂਰੀ ਤਰ੍ਹਾਂ ਸਹਿਣ ਨਹੀਂ ਕਰ ਸਕਦੀ, ਲੇਕਿਨ ਸਾਨੂੰ ਇਸ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨਾ ਹੈ।
ਇਹ ਦਰਸਾਉਂਦੇ ਹੋਏ ਕਿ ਸਾਡੀਆਂ ਪ੍ਰਾਚੀਨ ਪ੍ਰਣਾਲੀਆਂ ਵਿੱਚ ਕਦਰਾਂ-ਕੀਮਤਾਂ ਉੱਤੇ ਹਮੇਸ਼ਾ ਜ਼ੋਰ ਦਿੱਤਾ ਜਾਂਦਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਵੇਦ ਅਤੇ ਉਪਨਿਸ਼ਦ ਖੁਦ, ਪਰਿਵਾਰ, ਸਮਾਜ ਅਤੇ ਕੁਦਰਤ ਪ੍ਰਤੀ ਸਾਡੇ ਫਰਜ਼ਾਂ ਦਾ ਆਦੇਸ਼ ਦਿੰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਕੁਦਰਤ ਦੇ ਅਨੁਸਾਰ ਚਲਣਾ ਸਿਖਾਇਆ ਗਿਆ ਸੀ।
ਜੀਵਨ ਨੂੰ ਸੰਭਾਲਣ ਵਿੱਚ ਕੁਦਰਤ ਅਤੇ ਸੱਭਿਆਚਾਰ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕੁਦਰਤ ਤੋਂ ਸਿੱਖਣ ਅਤੇ ਸਾਡੀ ਪੁਰਾਣੀ ਸੰਸਕ੍ਰਿਤੀ ਵਿੱਚ ਦਰਜ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਲਈ ਕਿਹਾ।
ਗੁਰੂਕੁਲ ਪ੍ਰਣਾਲੀ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਪੁਰਾਣੇ ਸਮੇਂ ਵਿੱਚ ਸਿੱਖਿਆ ਹਰ ਪੱਖੋਂ ਸੰਪੂਰਨ ਸੀ ਅਤੇ ਇਸੋ ਵਜ੍ਹਾ ਨਾਲ ਸਾਨੂੰ ਉਸ ਵੇਲੇ ਵਿਸ਼ਵ ਗੁਰੂ ਦੀ ਉਪਾਧੀ ਮਿਲੀ ਸੀ।
ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਇਨ੍ਹਾਂ ਆਦਰਸ਼ਾਂ ਦੀ ਕਲਪਨਾ ਵੀ ਕਰਦੀ ਹੈ ਅਤੇ ਇਸ ਦਾ ਉਦੇਸ਼ ਹੈ ਕਿ ਭਾਰਤ ਨੂੰ ਇੱਕ ਵਾਰ ਫਿਰ ‘ਵਿਸ਼ਵ ਗੁਰੂ’ ਬਣਾਇਆ ਜਾਵੇ।
ਨਵੀਂ ਸਿਖਿਆ ਨੀਤੀ (ਐੱਨਈਪੀ) ਵਿੱਚ ਕਲਪਿਤ ਕੀਤੀ ਗਈ ਤਬਦੀਲੀ ਨੂੰ ਦਰਸਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿੱਚ ਸਿੱਖਿਆ ਦੇ ਪ੍ਰਤੀ ਅਲੱਗ-ਅਲੱਗ ਦ੍ਰਿਸ਼ਟੀਕੋਣ ਅਪਣਾਉਣ ਦੀ ਜਗ੍ਹਾ ਇੱਕ ਸਰਬਪੱਖੀ ਦ੍ਰਿਸ਼ਟੀਕੋਣ ਅਪਣਾਉਣ ਦੀ ਗੱਲ ਕਹੀ ਗਈ ਹੈ।
ਨਵੀਂ ਸਿੱਖਿਆ ਨੀਤੀ ਨੂੰ “ਬਹੁਤ ਜ਼ਿਆਦਾ ਜ਼ਰੂਰੀ ਸੁਧਾਰ” ਦੱਸਦੇ ਹੋਏ, ਉਨ੍ਹਾਂ ਨੇ ਇਸ ਬਹੁ-ਅਨੁਸ਼ਾਸਨੀ ਵਿਧੀ ਅਤੇ ਖੋਜ ਅਤੇ ਨਿਯਮ ਪ੍ਰਣਾਲੀਆਂ ਨੂੰ ਮੁੜ -ਸੁਰਜੀਤ ਕਰਨ ਦੇ ਯਤਨਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਇਸ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਟੈਕਨੋਲੋਜੀ ਦੇ ਨਾਲ ਸਹੀ ਤਾਲਮੇਲ ਨਾਲ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਿੱਖਿਆ ਨੂੰ ਸਮੇਂ ਦੀ ਲੋੜ ਦੱਸਦੇ ਹੋਏ ਕਿਹਾ ਕਿ ਸਾਨੂੰ ਅਜਿਹੇ ਪੇਸ਼ੇਵਰਾਂ ਦੀ ਜ਼ਰੂਰਤ ਹੈ ਜੋ ਨਾ ਸਿਰਫ ਨਵੀਂ ਤਕਨੀਕ ਨਾਲ ਜਾਣੂ ਹੋਣ, ਬਲਕਿ ਸਮਵੇਦਨਾ ਵਾਲੇ ਅਤੇ ਸਮਝਦਾਰ ਵੀ ਹੋਣ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੀਵਨ ਦੀਆਂ ਕਦਰਾਂ-ਕੀਮਤਾਂ ਵਿੱਚ ਸਥਾਪਿਤ ਸਿੱਖਿਆ ਇੱਕ ਲੰਬੇ ਅਤੇ ਖੁਸ਼ਹਾਲ ਕਰੀਅਰ ਨੂੰ ਸੁਨਿਸ਼ਚਿਤ ਕਰ ਸਕਦੀ ਹੈ ਕਿਉਂਕਿ ਅਜਿਹੀਆਂ ਕਦਰਾਂ-ਕੀਮਤਾਂ ਵਾਲੇ ਲੋਕਾਂ ‘ਚ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਮੁਕਾਬਲਾ ਕਰਨ ਲਈ ਉੱਚ ਭਾਵਨਾਤਮਕ ਬੁੱਧੀ ਅਤੇ ਲਚਕੀਲਾਪਨ ਹੁੰਦਾ ਹੈ।
ਉਪ-ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ ਪ੍ਰਗਟ ਕਰਨ, ਸਕਾਰਾਤਮਕ ਨਜ਼ਰੀਆ ਵਿਕਸਿਤ ਕਰਨ, ਸਪਸ਼ਟ ਟੀਚੇ ਨਿਰਧਾਰਿਤ ਕਰਨ ਅਤੇ ਜੀਵਨ ਵਿੱਚ ਜੋ ਵੀ ਟੀਚੇ ਤੈਅ ਕੀਤੇ, ਉਨ੍ਹਾਂ ਨੂੰ ਸਾਕਾਰ ਕਰਨ ਪ੍ਰਤੀ ਸੁਹਿਰਦਤਾ, ਅਨੁਸ਼ਾਸਨ ਅਤੇ ਸਮਰਪਣ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ, “ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਤੁਹਾਨੂੰ ਗੰਭੀਰ ਰੂਪ ਨਾਲ ਸੋਚਣ ਅਤੇ ਨਵੀਂ ਸਥਿਤੀ ਨਾਲ ਜਲਦੀ ਢਾਲਣ ਦੀ ਲੋੜ ਹੈ। ਤੁਹਾਨੂੰ ਕਾਰਜਸ਼ੀਲ ਹੋਣ ਦੀ ਜ਼ਰੂਰਤ ਹੈ, ਭਵਿੱਖ ਦੀ ਉਮੀਦ ਕਰੋ ਅਤੇ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ।”
ਯੂਨੀਵਰਸਟੀਆਂ ਨੂੰ ਵਿਦਿਆਰਥੀਆਂ ਨੂੰ ਅਸਲ-ਦੁਨੀਆ ਦੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਕਰਨ ਲਈ ਕਹਿੰਦੇ ਹੋਏ ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੀ ਉਦਾਹਰਣ ਦਿੱਤੀ ਜਿਸ ਨੇ ਸਾਰੇ ਰਾਸ਼ਟਰਾਂ ਨੂੰ ਅਚਨਚੇਤ ਹੀ ਜਕੜ ਲਿਆ।
ਉਨ੍ਹਾਂ ਨੇ ਕਿਹਾ, “ਸਾਨੂੰ ਇਸ ਮਹਾਮਾਰੀ ਤੋਂ ਸਬਕ ਸਿੱਖਣੇ ਪੈਣਗੇ ਅਤੇ ਮਾਹਿਰਾਂ ਨੂੰ ਇਕੱਠੇ ਹੋਣ ਦੀ ਅਤੇ ਭਵਿੱਖ ਵਿੱਚ ਅਜਿਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਸਮਾਧਾਨ ਕਰਨ ਦੀ ਲੋੜ ਹੈ।”
ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕੋਵਿਡ ਮਹਾਮਾਰੀ ਉਨ੍ਹਾਂ ਦੇ ਸਾਹਮਣੇ ਪਹਿਲੀ ਵੱਡੀ ਮੁਸੀਬਤ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਨੂੰ ਸੰਕਟ ਵਜੋਂ ਦੇਖਣ ਦੀ ਬਜਾਏ ਇਸ ਵਿੱਚੋਂ ਮੌਕੇ ਪੈਦਾ ਕਰਨ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ, “ਤੁਹਾਡੇ ਵਿੱਚੋਂ ਨੌਕਰੀ ਦੇਣ ਵਾਲੇ ਬਣਨ ਦੇ ਚਾਹਵਾਨਾਂ ਲਈ, ਤੁਹਾਡੇ ਕਾਰੋਬਾਰੀ ਵਿਚਾਰਾਂ ਨੂੰ ਭਾਰਤ ਵੱਲੋਂ ਲਾਗੂ ਕਰਨ ਲਈ ਇਸ ਤੋਂ ਵਧੀਆ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਆਤਮਨਿਰਭਾਰ ਭਾਰਤ ਦੇ ਨਜ਼ਰੀਏ ਦੀ ਪਾਲਣਾ ਕਰ ਰਹੇ ਹਾਂ।”
ਵਿਦਿਆਰਥੀਆਂ ਨੂੰ ਹਮੇਸ਼ਾ ਦੇਸ਼ ਦੇ ਹਿਤਾਂ ਨੂੰ ਹਰ ਚੀਜ਼ ਤੋਂ ਉੱਪਰ ਰੱਖਣ ਲਈ ਕਿਹਾ, ਉਪ ਰਾਸ਼ਟਰਪਤੀ ਚਾਹੁੰਦੇ ਹਨ ਕਿ ਉਹ ਵਿਭਿੰਨ ਮੋਰਚਿਆਂ ’ਤੇ ਦੇਸ਼ ਦੇ ਵਿਕਾਸ ਅਤੇ ਵਾਧੇ ਵਿੱਚ ਰੁਕਾਵਟ ਪੈਦਾ ਕਰਨ ਵਾਲੀਆਂ ਸਮਾਜਿਕ ਅਤੇ ਹੋਰ ਬੁਰਾਈਆਂ ਨੂੰ ਦੂਰ ਕਰਨ ਵਿੱਚ ਮੋਹਰੀ ਬਣਨ।
ਆਈਸੀਐੱਫਏਆਈ ਸਮੂਹ ਦੇ ਸੰਸਥਾਪਕ ਮਰਹੂਮ ਸ਼੍ਰੀ ਐੱਨ.ਜੇ. ਯਾਸਾਸਵੀ (Shri N.J. Yasaswy) ਦੀ ਸ਼ਲਾਘਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀ ਖੇਤਰ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ।
ਇਸ ਈ-ਕਨਵੋਕੇਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸਿੱਕਮ ਦੇ ਰਾਜਪਾਲ ਸ਼੍ਰੀ ਗੰਗਾ ਪ੍ਰਸਾਦ, ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮੰਗ, ਸਿੱਕਮ ਦੇ ਸਿੱਖਿਆ ਮੰਤਰੀ ਸ਼੍ਰੀ ਕੁੰਗਾ ਨਿਮ ਲੇਪਚਾ, ਸੰਸਦ ਮੈਂਬਰ ਸ਼੍ਰੀ ਅਚਯੁੱਤ ਸਮਾਂਤਾ (Shri Achyuta Samanta), ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ, ਸਿੱਕਮ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਐੱਸ. ਸੀ. ਗੁਪਤਾ, ਆਈਸੀਐੱਫਏਆਈ ਯੂਨੀਵਰਸਿਟੀ, ਸਿੱਕਮ ਦੇ ਚਾਂਸਲਰ ਡਾ. ਆਰ. ਪੀ. ਕੌਸ਼ਿਕ, ਵਾਈਸ ਚਾਂਸਲਰ ਡਾ. ਜਗਨਾਥ ਪਟਨਾਇਕ, ਵਿਦਿਆਰਥੀ, ਮਾਪੇ ਅਤੇ ਅਧਿਆਪਕ ਸ਼ਾਮਲ ਸਨ।
****
ਐੱਮਐੱਸ/ਡੀਪੀ
(Release ID: 1676106)
Visitor Counter : 213