ਰੇਲ ਮੰਤਰਾਲਾ
ਟ੍ਰੇਨਾਂ ਦੀ ਰਫ਼ਤਾਰ ਵਧਾਉਣ ਲਈ ਰੂਪ–ਰੇਖਾ
Posted On:
18 SEP 2020 5:25PM by PIB Chandigarh
ਰੇਲਵੇ ਪ੍ਰਣਾਲੀਆਂ ਉੱਤੇ ਟ੍ਰੇਨਾਂ ਦੇ ਦੌੜਨ ਦੀਆਂ ਔਸਤ ਰਫ਼ਤਾਰਾਂ ਵਿਭਿੰਨ ਪੱਖਾਂ; ਜਿਵੇਂ ਕਿ ਰੇਲ–ਪਟੜੀ ਦੀ ਬਣਤਰ ਦੀ ਕਿਸਮ, ਸਿਗਨਲਿੰਗ ਸਿਸਟਮਸ, ਮੋਟਿਵ ਪਾਵਰ, ਰੋਲਿੰਗ ਸਟੌਕ ਦੀ ਕਿਸਮ, ਨੈੱਟਵਰਕ ਉੱਤੇ ਭੀੜ–ਭੜੱਕਾ ਆਦਿ ਉੱਤੇ ਨਿਰਭਰ ਕਰਦੀਆਂ ਹਨ। ਕੁਝ ਕੌਮਾਂਤਰੀ ਰੇਲਵੇ ਪ੍ਰਣਾਲੀਆਂ, ਜਿਵੇਂ ਕਿ ਜਪਾਨ ਵਿੱਚ ਸ਼ਿੰਕਨਸੇਨ ਤੇ ਫ਼ਰਾਂਸ ਵਿੱਚ ਟੀਜੀਵੀ (TGV) ਸਿਸਟਮ ਦੇ ਵੱਧ ਤੋਂ ਵੱਧ 300 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਰਫ਼ਤਾਰਾਂ ਨਾਲ ਉੱਚ ਰਫ਼ਤਾਰ ਦੀਆਂ ਰੇਲ ਪਟੜੀਆਂ ਦੇ ਸਮਰਪਿਤ ਨੈੱਟਵਰਕਸ ਹਨ। ਵਿਦੇਸ਼ ਵਿੱਚ ਵਿਭਿੰਨ ਰੇਲਵੇ ਸਿਸਟਮਸ ਵਿੱਚ ਰੇਲਾਂ ਦੇ ਸਾਰੇ ਵਰਗਾਂ ਦੇ ਦੌੜਨ ਦੀਆਂ ਔਸਤ ਰਫ਼ਤਾਰਾਂ ਦਾ ਸੰਕਲਨ ਨਹੀਂ ਕੀਤਾ ਗਿਆ ਹੈ। ਭਾਰਤੀ ਰੇਲਵੇਜ਼ ਦਾ ਭਿੰਨ ਸਿਸਟਮ ਹੈ, ਜਿਸ ਵਿੱਚ ਮਾਲ–ਗੱਡੀਆਂ ਤੇ ਯਾਤਰੀ ਟ੍ਰੇਨਾਂ ਨੂੰ ਆਮ ਪਟੜੀਆਂ ਉੱਤੇ ਚਲਾਇਆ ਜਾਂਦਾ ਹੈ, ਜਿਨ੍ਹਾਂ ਦੀ ਸਮਰੱਥਾ ਉਪਯੋਗਤਾ ਦਾ ਬਹੁਤ ਉੱਚਾ ਪੱਧਰ ਹੈ। ਵਿੱਤ ਵਰ੍ਹੇ 2019–20 ਦੌਰਾਨ ਪ੍ਰੀਮੀਅਮ ਟ੍ਰੇਨਾਂ (ਰਾਜਧਾਨੀ, ਸ਼ਤਾਬਦੀ, ਦੁਰੰਤੋ ਅਤੇ ਵੰਦੇ ਭਾਰਤ) ਦੀ ਔਸਤ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ। ਸੁਪਰ–ਫ਼ਾਸਟ ਰੇਲਾਂ ਦੀ ਰਫ਼ਤਾਰ 55 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ, ਐਕਸਪ੍ਰੈੱਸ ਸੇਵਾਵਾਂ ਦੀ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਅਤੇ ਮਾਲ–ਗੱਡੀਆਂ ਦੀ ਰਫ਼ਤਾਰ 24 ਕਿਲੋਮੀਟਰ ਪ੍ਰਤੀ ਘੰਟਾ ਸੀ। ਪਰ ਚਾਲੂ ਮਾਲੀ ਸਾਲ ਭਾਵ 2020–21 ਦੌਰਾਨ ਮਾਲ–ਗੱਡੀਆਂ ਦੀ ਔਸਤ ਰਫ਼ਤਾਰ ਵਧਾ ਕੇ 46.71 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ।
ਟ੍ਰੇਨਾਂ ਦੀਆਂ ਰਫ਼ਤਾਰਾਂ ਵਧਾਉਣ ਅਤੇ ਮਾਲ–ਗੱਡੀਆਂ ਸਮੇਤ ਰੇਲਾਂ ਦਾ ਸਮੇਂ–ਸਿਰ ਚੱਲਣਾ ਯਕੀਨੀ ਬਣਾਉਣ ਦੇ ਮੱਦੇਨਜ਼ਰ ਭਾਰਤੀ ਰੇਲਵੇਜ਼ ਨੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ, ਰੋਲਿੰਗ ਸਟੌਕ ਦੇ ਆਧੁਨਿਕੀਕਰਣ ਅਤੇ ਅਪਰੇਸ਼ਨ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਕਈ ਕਦਮ ਚੁੱਕੇ ਹਨ। ਭਾਰਤੀ ਰੇਲਵੇ ਦੀਆਂ ਰਫ਼ਤਾਰਾਂ ਵਧਾਉਣ ਦੀ ਰੂਪ–ਰੇਖਾ ਵਿੱਚ ਨਿਮਨਲਿਖਤ ਸ਼ਾਮਲ ਹਨ:
i. ਟਰੰਕ ਰੂਟਾਂ ਉੱਤੇ ਟ੍ਰੈਕ ਰਫ਼ਤਾਰਾਂ ਵਧਾ ਕੇ 130 ਕਿਲੋਮੀਟਰ ਪ੍ਰਤੀ ਘੰਟਾ ਕਰਨਾ
ii. ਸੁਨਹਿਰੀ ਚਤਰਭੁਜ ਤੇ ਇਸ ਦੇ ਤਿਰਛੇ ਰੁਖ਼ ਦੀ ਰਫ਼ਤਾਰ ਸੰਭਾਵਨਾ ਨੂੰ ਵਧਾ ਕੇ 160 ਕਿਲੋਮੀਟਰ ਪ੍ਰਤੀ ਘੰਟਾ ਕਰਨਾ। ਉਸ ਅਨੁਸਾਰ ਦਿੱਲੀ–ਮੁੰਬਈ ਅਤੇ ਦਿੱਲੀ–ਹਾਵੜਾ ਸੈਕਟਰਾਂ ਉੱਤੇ 160 ਕਿਲੋਮੀਟਰ ਪ੍ਰਤੀ ਘੰਟਾ ਦੇ ਪ੍ਰੋਜੈਕਟਾਂ ਨੂੰ ਪਹਿਲਾਂ ਹੀ ਪ੍ਰਵਾਨ ਕੀਤਾ ਜਾ ਚੁੱਕਾ ਹੈ।
iii. ਵੱਧ ਤੋਂ ਵੱਧ 110 ਕਿਲੋਮੀਟਰ ਦੀ ਪ੍ਰਵਾਨਿਤ ਰਫ਼ਤਾਰ ਵਾਲੇ ਕੋਚ ਦੇ ਸੰਗਠਤ ਕੋਚ ਫ਼ੈਕਟਰੀ (ICF) ਡਿਜ਼ਾਇਨ ਦੇ ਨਿਰਮਾਣ ਨੂੰ ਰੋਕਣਾ ਤੇ ਵੱਧ ਤੋਂ ਵੱਧ 160 ਕਿਲੋਮੀਟਰ ਪ੍ਰਤੀ ਘੰਟਾ ਦੀ ਪ੍ਰਵਾਨਿਤ ਰਫ਼ਤਾਰ ਵਾਲੇ ‘ਲਿੰਕੇ ਹੌਫ਼ਮੈਨ ਬੁਸ਼’ (LHB) ਕੋਚਾਂ ਦੇ ਨਿਰਮਾਣ ਵਿੱਚ ਵਾਧਾ
iv. ਰੇਲਾਂ ਦੀ ਆਪਸੀ ਟੱਕਰ ਰੋਕਣ ਵਾਲੀ ਪ੍ਰਣਾਲੀ (TCAS) ਆਦਿ ਜਿਹੀ ਆਧੁਨਿਕ ਸਿਗਨਲਿੰਗ ਪ੍ਰਣਾਲੀ ਦੀ ਸ਼ੁਰੂਆਤ।
v. ਸਥਾਈ ਰਫ਼ਤਾਰ ਪਾਬੰਦੀਆਂ ਨੂੰ ਤੇਜ਼ੀ ਨਾਲ ਹਟਾਉਣਾ, ਰੇਲਵੇ ਫ਼ਾਟਕਾਂ ਦਾ ਖ਼ਾਤਮਾ ਕਰਨ ਲਈ ਰੋਡ ਓਵਰ ਬ੍ਰਿਜਸ ਅਤੇ ਰੋਡ ਅੰਡਰ ਬ੍ਰਿਜਸ ਦਾ ਨਿਰਮਾਣ।
vi. ਮੇਨਲਾਈਨ ਇਲੈਕਟ੍ਰਿਕ ਮਲਟੀਪਲ ਯੂਨਿਟਸ (MEMUs) ਵਾਲੀਆਂ ਪਰੰਪਰਕ ਟ੍ਰੇਨਾਂ ਨੂੰ ਬਦਲਣਾ।
vii. ਟ੍ਰੇਨਾਂ ਖ਼ਾਸ ਤੌਰ ’ਤੇ ਮਾਲ–ਗੱਡੀਆਂ ਦੀ ਸਹੀ ਪਾਵਰਿੰਗ।
viii. ਟਾਈਮ–ਟੇਬਲ ਵਿੱਚ ਪ੍ਰਭਾਵਹੀਣਤਾ ਖ਼ਤਮ ਕਰਨ ਲਈ ਸਿਫ਼ਰ ਅਧਾਰਿਤ ਟਾਈਮ–ਟੇਬਲਿੰਗ, ਰੱਖ–ਰਖਾਅ ਅਤੇ ਆਵਾਜਾਈ ਭੱਤਿਆਂ ਦੀ ਇੱਕਸਾਰ ਵੰਡ, ਰੇਲਾਂ ਦੇ ਚੱਲਣ ਦਾ ਸੁਗਠਨ ਅਤੇ ਮਾਲ–ਗੱਡੀਆਂ ਦੀ ਰਫ਼ਤਾਰ ਵਿੱਚ ਵਾਧਾ ਕਰਨ ਲਈ ਵੱਖਰੇ ਮਾਲ ਲਾਂਘਿਆਂ ਦੀ ਸਿਰਜਣਾ।
ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਰਾਹੀਂ ਦਿੱਤੀ।
*****
ਡੀਜੇਐੱਨ/ਐੱਮਕੇਵੀ
(Release ID: 1656489)