ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੋਵਿਡ-19 ਦੇ ਮੱਦੇਨਜ਼ਰ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਉਠਾਏ ਗਏ ਕਦਮ
Posted On:
14 SEP 2020 6:04PM by PIB Chandigarh
ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਕਾਰਨ ਵਿਭਿੰਨ ਐੱਸਏਆਈ ਖੇਡ ਪ੍ਰਚਾਰ ਯੋਜਨਾਵਾਂ ਤਹਿਤ ਦੇਸ਼ ਭਰ ਦੇ ਸਾਰੇ ਐੱਸਏਆਈ ਕੇਂਦਰਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਸਾਰੇ ਰਵਾਇਤੀ ਟ੍ਰੇਨਿੰਗ ਪ੍ਰੋਗਰਾਮ ਅਸਥਾਈ ਰੂਪ ਨਾਲ ਬੰਦ ਕਰ ਦਿੱਤੇ ਗਏ ਸਨ ਅਤੇ ਭਾਰਤੀ ਅਥਲੀਟਾਂ ਦੀ ਵਿਦੇਸ਼ੀ ਟ੍ਰੇਨਿੰਗ ਨੂੰ ਵੀ ਰੋਕ ਦਿੱਤਾ ਗਿਆ ਸੀ। ਆਧੁਨਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ, 2020 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੇਨਿੰਗ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਕੋਵਿਡ-19 ਮਹਾਮਾਰੀ ਕਾਰਨ ਆਗਾਮੀ 2021 ਓਲੰਪਿਕ ਖੇਡਾਂ ਜੋ ਟੋਕਿਓ, ਜਪਾਨ ਵਿੱਚ ਹੋਣ ਵਾਲੀਆਂ ਹਨ, ਲਈ ਕੁਆਲੀਫਾਈ ਕਰ ਚੁੱਕੇ ਖਿਡਾਰੀਆਂ ਸਮੇਤ ਹੋਰ ਖਿਡਾਰੀਆਂ ਦੀ ਟ੍ਰੇਨਿੰਗ ਪ੍ਰਭਾਵਿਤ ਨਾ ਹੋਵੇ, ਇਸ ਲਈ ਉਨ੍ਹਾਂ ਦੀ ਸਹਿਜ ਟ੍ਰੇਨਿੰਗ ਨੂੰ ਯਕੀਨੀ ਕਰਨ ਲਈ ਨਿਮਨਲਿਖਤ ਉਪਾਅ ਕੀਤੇ ਗਏ ਹਨ:
1. ਕੋਚਾਂ ਦੁਆਰਾ ਅਥਲੀਟਾਂ ਲਈ ਲੌਕਡਾਊਨ ਦੌਰਾਨ ਨਿਯਮਿਤ ਟ੍ਰੇਨਿੰਗ/ਕਲਾਸਾਂ ਔਨਲਾਈਨ ਆਯੋਜਿਤ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਪ੍ਰੇਰਿਤ ਅਤੇ ਫਿਟ ਰੱਖਿਆ ਜਾ ਸਕੇ। ਅਥਲੀਟਾਂ ਨੂੰ ਰੋਜ਼ਾਨਾ ਅਭਿਆਸ ਲਈ ਔਨਲਾਈਨ ਟ੍ਰੇਨਿੰਗ ਮੌਡਿਊਨ ਪ੍ਰਦਾਨ ਕੀਤਾ ਗਿਆ ਸੀ।
2. ਅਥਲੀਟਾਂ ਦੇ ਮਨੋਬਲ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਇਸ ਕਠਿਨ ਸਮੇਂ ਵਿੱਚ ਪ੍ਰੇਰਿਤ ਰੱਖਣ ਲਈ ਉਨ੍ਹਾਂ ਨਾਲ ਨਿਯਮਿਤ ਗੱਲਬਾਤ ਕੀਤੀ ਗਈ। ਖੇਡ ਮਨੋਵਿਗਿਆਨ, ਖੇਡ ਵਿਗਿਆਨ/ਮੈਡੀਕਲ ਵਿੱਚ ਮਾਹਿਰਾਂ ਦੁਆਰਾ ਸੈਮੀਨਾਰ ਅਤੇ ਵਰਕਸ਼ਾਪਾਂ, ਕੋਵਿਡ-19 ਵਿੱਚ ਪੋਸ਼ਣ, ਸ਼ਕਤੀ ਅਤੇ ਕੰਡੀਸ਼ਨਿੰਗ, ਉੱਚ ਪ੍ਰਦਰਸ਼ਨ ਖੇਡ ਮਾਹੌਲ, ਐਂਟੀ-ਡੋਪਿੰਗ ਵੀਡਿਓ ਕਾਨਫਰੰਸਿੰਗ, ਸੋਸ਼ਲ ਮੀਡੀਆ ਜਿਹੇ ਫੇਸਬੁੱਕ ਲਾਈਵ, ਇੰਸਟਾਗ੍ਰਾਮ ਲਾਈਵ ਆਦਿ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਅਥਲੀਟਾਂ ਨੂੰ ਸਿੱਖਿਅਤ ਕੀਤਾ ਗਿਆ ਕਿ ਕਠਿਨ ਸਮੇਂ ਦੌਰਾਨ ਤਣਾਅ ਅਤੇ ਅਵਸਾਦ ਦਾ ਸਾਹਮਣਾ ਕਿਵੇਂ ਕਰੀਏ ਅਤੇ ਆਪਣੇ ਉਦੇਸ਼ਾਂ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਕਿ ਉਨ੍ਹਾਂ ਦੀ ਟ੍ਰੇਨਿੰਗ ਵਿੱਚ ਰੁਕਾਵਟ ਨਾ ਆਵੇ।
3. ਅਥਲੀਟ ਅਤੇ ਕੋਚ ਸਿੱਖਿਆ ਪ੍ਰੋਗਰਾਮ ਅਤੇ ਕੋਚ ਵਿਕਾਸ ਪ੍ਰੋਗਰਾਮ (ਏਸੀਈਪੀ/ਸੀਡੀਪੀ) ਆਯੋਜਿਤ ਕੀਤਾ ਗਿਆ ਸੀ ਅਤੇ ਵਿਭਿੰਨ ਖੇਡਾਂ ਦੇ ਵਿਦੇਸ਼ੀ ਕੋਚਾਂ ਅਤੇ ਖੇਡ ਮਾਹਿਰਾਂ ਦੁਆਰਾ ਲੈਕਚਰ ਦਿੱਤੇ ਗਏ ਸਨ। ਵਿਭਿੰਨ ਖੇਡਾਂ ਦੇ ਸੈਸ਼ਨ ਵਿੱਚ ਕੁੱਲ 10483 ਕੋਚ ਅਤੇ 3818 ਕੋਚਾਂ ਨੇ ਵਿਗਿਆਨ ਸੈਸ਼ਨ ਵਿੱਚ ਭਾਗ ਲਿਆ।
4. ਅਥਲੀਟਾਂ ਨੂੰ ਲਾਜ਼ਮੀ ਖੇਡ ਉਪਕਰਨ ਪ੍ਰਦਾਨ ਕੀਤੇ ਗਏ ਤਾਂ ਕਿ ਉਹ ਫਿਟ ਰਹਿ ਸਕਣ। ਇਸਦੇ ਇਲਾਵਾ ਉਨ੍ਹਾਂ ਓਲੰਪਿਕ ਬਾਊਂਡ ਅਥਲੀਟਾਂ ਨੂੰ ਜੋ ਲੌਕਡਾਊਨ ਕਾਰਨ ਆਪਣੇ ਸਥਾਨਾਂ ’ਤੇ ਵਾਪਸ ਨਹੀਂ ਜਾ ਸਕਦੇ ਸਨ, ਐੱਸਏਆਈ ਕੇਂਦਰਾਂ ਵਿੱਚ ਟ੍ਰੇਨਿੰਗ ਲਈ ਉਨ੍ਹਾਂ ਦੇ ਕਮਰਿਆਂ ਵਿੱਚ ਉਪਕਰਨ ਦਿੱਤੇ ਗਏ ਸਨ।
5. ਰਾਸ਼ਟਰੀ ਕੋਚਿੰਗ ਕੈਂਪ : 2021 ਓਲੰਪਿਕ ਬਾਊਂਡ ਅਥਲੀਟਾਂ ਲਈ ਰਾਸ਼ਟਰੀ ਕੋਚਿੰਗ ਕੈਂਪ ਫਿਰ ਤੋਂ ਸ਼ੁਰੂ ਕੀਤੇ ਗਏ ਹਨ। ਸੁਰੱਖਿਅਤ ਟ੍ਰੇਨਿੰਗ ਦੇ ਸੰਚਾਲਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਤਿਆਰ ਕੀਤੀ ਗਈ ਹੈ।
6. ਇੱਕ ਹਫ਼ਤੇ ਦਾ ‘ਸੌਫਟ ਸਕਿੱਲ ਡਿਵਲਪਮੈਂਟ ਐਂਡ ਸੈਨਿਟਾਈਜੇਸ਼ਨ ਪ੍ਰੋਗਰਾਮ ਅਤੇ ਕੋਵਿਡ-19 ਜਾਗਰੂਕਤਾ ਪ੍ਰੋਗਰਾਮ’ ਅਥਲੀਟਾਂ ਲਈ ਆਯੋਜਿਤ ਕੀਤਾ ਗਿਆ ਸੀ।
ਇਹ ਜਾਣਕਾਰੀ ਕੇਂਦਰੀ ਖੇਡ ਰਾਜ (ਸੁਤੰਤਰ ਚਾਰਜ) ਅਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਓਜੇਏ/ਯੂਡੀ
(Release ID: 1654308)
Visitor Counter : 150