ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਕੋਵਿਡ-19 ਬਾਰੇ ਸੈਂਪਲਿੰਗ ਅਤੇ ਟੈਸਟਿੰਗ ਰਣਨੀਤੀ ਦੀ ਸਮੀਖਿਆ ਕੀਤੀ
ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ ਲਈ ਅੰਤਰ-ਵਿਭਾਗੀ ਤਾਲਮੇਲ (synergy) ਬਿਹਤਰ ਵਿਗਿਆਨਕ ਹੱਲ ਲੱਭਣ ਦੇ ਯਤਨਾਂ ਵਿੱਚ ਸਹਾਈ ਸਿੱਧ ਹੋਵੇਗਾ - ਡਾ. ਹਰਸ਼ ਵਰਧਨ
ਕੋਵਿਡ-19 ਦੇ ਸਮਾਧਾਨਾਂ ਲਈ ਖੋਜ ਰੋਗ ਪ੍ਰਬੰਧਨ ਯਤਨਾਂ ਦੇ ਨਾਲ-ਨਾਲ ਗਤੀਸ਼ੀਲ ਢੰਗ ਨਾਲ ਜਾਰੀ ਰਹਿਣੀ ਚਾਹੀਦੀ ਹੈ - ਡਾ.ਹਰਸ਼ ਵਰਧਨ
Posted On:
31 MAR 2020 1:09PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.ਹਰਸ਼ ਵਰਧਨ ਨੇ ਆਈਸੀਐੱਮਆਰ, ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਬਾਇਓ ਟੈਕਨੋਲੋਜੀ ਅਤੇ ਸੀਐੱਸਆਈਆਰ ਦੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ-19 ਦੀ ਸੈਂਪਲਿੰਗ ਤੇ ਟੈਸਟਿੰਗ ਰਣਨੀਤੀ ਬਾਰੇ ਚਰਚਾ ਕਰਨ ਲਈ ਇੱਕ ਬੈਠਕ ਕੀਤੀ। ਰੀਏਜੰਟਾਂ ਦੀ ਖਰੀਦ, ਵੈੱਬਸਾਈਟ ਇੰਟੈਗ੍ਰੇਸ਼ਨ, ਡੇਟਾ ਪ੍ਰਬੰਧਨ ਤੇ ਵਿਸ਼ਲੇਸ਼ਣ, ਡੈਸ਼ਬੋਰਡ ਅਤੇ ਖੋਜ ਅਧਿਐਨ ਦੋਹਾਂ ਉੱਤੇ ਯੋਜਨਾਬੱਧ ਢੰਗ ਨਾਲ ਵਿਸਤ੍ਰਿਤ ਚਰਚਾ ਹੋਈ।
ਡਾ. ਹਰਸ਼ ਵਰਧਨ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਕੇਂਦਰੀ ਸਿਹਤ ਮੰਤਰਾਲਾ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਚਰਚਾ ਕੀਤੀ ਅਤੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਤਿਆਰੀਆਂ ਦੀ ਸਥਿਤੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਕੋਵਿਡ-19 ਦੇ ਪ੍ਰਬੰਧਨ ਅਤੇ ਰੋਕਥਾਨ ਲਈ ਰਾਜਾਂ ਦੀ ਸਰਗਰਮ ਨਿਗਰਾਨੀ, ਸੰਪਰਕ ਲੱਭਣ ਦੇ ਪ੍ਰਭਾਵੀ ਯਤਨਾਂ ਅਤੇ ਉਨ੍ਹਾਂ ਦੀਆਂ ਤਿਆਰੀਆਂ ਦੀ ਸ਼ਲਾਘਾ ਕੀਤੀ।
ਬੈਠਕ ਦੌਰਾਨ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਇਸ ਵੇਲੇ 129 ਸਰਕਾਰੀ ਲੈਬਾਰਟਰੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਦੀ ਟੈਸਟਿੰਗ ਦੀ ਸਮਰੱਥਾ ਰੋਜ਼ਾਨਾ 13,000 ਟੈਸਟ ਕਰਨ ਦੀ ਹੈ, ਇਨ੍ਹਾਂ ਵਿੱਚ 49 ਐੱਨਏਬੀਆਰ ਪ੍ਰਵਾਨਿਤ ਪ੍ਰਾਈਵੇਟ ਲੈਬਾਰਟਰੀਆਂ ਵੀ ਹਨ। ਪ੍ਰਾਈਵੇਟ ਚੇਨ ਵਿੱਚ 16,000 ਕਲੈਕਸ਼ਨ ਸੈਂਟਰ ਹਨ। ਇਹ ਦੱਸਿਆ ਗਿਆ ਕਿ ਜ਼ਰੂਰੀ ਟੈਸਟ ਕਿੱਟਾਂ ਹਾਸਲ ਕਰਕੇ ਰਾਜਾਂ ਵਿੱਚ ਕਿਸੇ ਵੀ ਭਵਿੱਖ ਦੇ ਖਤਰੇ ਨਾਲ ਨਜਿੱਠਣ ਲਈ ਵੰਡ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਰੈਪਿਡ ਐਂਟੀ ਬਾਡੀ ਟੈਸਟ ਕਿੱਟਾਂ ਦਾ ਆਰਡਰ ਵੀ ਦੇ ਦਿੱਤਾ ਗਿਆ ਹੈ। ਦੇਸ਼ ਵਿੱਚ ਹੁਣ ਤੱਕ 38442 ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 1344 ਟੈਸਟ ਪ੍ਰਾਈਵੇਟ ਲੈਬਾਰਟਰੀਆਂ ਵਿੱਚ ਕੀਤੇ ਗਏ ਹਨ।
ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਤਿੰਨ ਸਕੱਤਰਾਂ ਨਾਲ ਕੋਵਿਡ-19 ਨਾਲ ਨਜਿੱਠਣ ਲਈ ਹੋ ਰਹੀਆਂ ਖੋਜਾਂ ਬਾਰੇ ਵੀ ਚਰਚਾ ਕੀਤੀ ਗਈ।
ਡੀਐੱਸਟੀ ਦੇ ਸਕੱਤਰ ਡਾ. ਆਸ਼ੂਤੋਸ਼ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਸਟਾਰਟ-ਅੱਪਸ, ਅਕੈਡੈਮੀਆ, ਖੋਜ ਅਤੇ ਵਿਕਾਸ ਲੈਬਾਰਟਰੀ ਅਤੇ ਉਦਯੋਗ, ਕੋਵਿਡ-19 ਨਾਲ ਸਬੰਧਿਤ ਟੈਕਨੋਲੋਜੀ ਦੀ ਮੈਪਿੰਗ ਰਾਹੀਂ ਡਾਇਆਗਨੌਸਟਿਕਸ, ਦਵਾਈਆਂ, ਵੈਂਟੀਲੇਟਰਾਂ, ਸੁਰੱਖਿਆ ਗੇਅਰ, ਕੀਟਾਣੂਨਾਸ਼ਕ ਸਿਸਟਮ ਆਦਿ ਖੇਤਰਾਂ ਵਿੱਚ 500 ਤੋਂ ਵੱਧ ਅਦਾਰਿਆਂ ਦੀ ਪਹਿਚਾਣ ਕੀਤੀ ਗਈ ਹੈ। ਪਿਛਲੇ ਇੱਕ ਹਫਤੇ ਵਿੱਚ ਡੀਐੱਸਟੀ ਫੰਡਿੰਗ ਕਾਲਾਂ ਦੇ 200 ਤੋਂ ਵੱਧ ਪ੍ਰਸਤਾਵ ਮਿਲੇ ਹਨ ਜਿਨ੍ਹਾਂ ਵਿੱਚੋਂ 20 ਅਦਾਰਿਆਂ ਬਾਰੇ ਪਹਿਲੇ ਪੜਾਅ ਵਿੱਚ ਮਦਦ ਕਰਨ ਬਾਰੇ ਸਰਗਰਮ ਵਿਚਾਰ ਹੋ ਰਹੀ ਹੈ। ਅਜਿਹਾ ਕੋਵਿਡ-19 ਦੇ ਪ੍ਰਬੰਧਨ ਲਈ ਸਮਾਧਾਨ ਦੀ ਪ੍ਰਾਸੰਗਿਕਤਾ, ਲਾਗਤ, ਗਤੀ ਅਤੇ ਦਰਜੇ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ।
ਡੀਬੀਟੀ ਦੀ ਸਕੱਤਰ ਡਾ. ਰੇਨੂ ਸਵਰੂਪ ਨੇ ਦੱਸਿਆ ਕਿ ਬਾਇਓ ਟੈਕਨੋਲੋਜੀ ਵਿਭਾਗ ਨੇ ਇੱਕ ਕੰਸੋਰਟੀਅਮ ਕਾਇਮ ਕੀਤਾ ਹੈ ਤਾਕਿ ਮੈਡੀਕਲ ਉਪਕਰਣਾਂ, ਡਾਇਆਗਨੌਸਟਿਕਸ, ਥੈਰਾਪਿਊਟਿਕਸ, ਦਵਾਈਆਂ ਅਤੇ ਟੀਕਿਆਂ ਦੇ ਵਿਕਾਸ ਦੇ ਕੰਮ ਵਿੱਚ ਮਦਦ ਦਿੱਤੀ ਜਾ ਸਕੇ ਤਾਕਿ ਸਿਹਤ ਸੰਭਾਲ਼ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲੀ ਦੇਸੀ ਕਿੱਟ, ਜੋ ਕਿ ਪੁਣੇ ਦੇ ਇੱਕ ਸਟਾਰਟ ਅੱਪ ਦੁਆਰਾ ਵਿਕਸਿਤ ਕੀਤੀ ਗਈ ਹੈ, ਦੀ ਨਿਰਮਾਣ ਦੀ ਸਮਰੱਥਾ ਪ੍ਰਤੀ ਹਫਤਾ ਇੱਕ ਲੱਖ ਕਿੱਟਾਂ ਦੀ ਕੀਤੀ ਜਾ ਰਹੀ ਹੈ। ਵੈਂਟੀਲੇਟਰਾਂ, ਟੈਸਟਿੰਗ ਕਿੱਟਾਂ, ਇਮੇਜਿੰਗ ਉਪਕਰਣਾਂ ਅਤੇ ਅਲਟਰਾਸਾਊਂਡ ਅਤੇ ਹਾਈ ਐਂਡ ਰੇਡੀਓਲੋਜੀ ਉਪਕਰਣਾਂ ਦੀ ਨਿਰਮਾਣ ਸੁਵਿਧਾ ਵਿਸ਼ਾਖਾਪਟਨਮ ਵਿੱਚ ਸਥਾਪਿਤ ਕੀਤੀ ਗਈ ਹੈ, ਜਿੱਥੇ ਅਪ੍ਰੈਲ ਦੇ ਪਹਿਲੇ ਹਫਤੇ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਡੀਬੀਟੀ ਨੇ ਡਰੱਗ ਕੰਟਰੋਲਰ ਜਨਰਲ ਆਵ੍ ਇੰਡੀਆ ਨਾਲ ਮਿਲ ਕੇ ਇੱਕ ਰੈਪਿਡ ਰਿਸਪਾਂਸ ਰੈਗੂਲੇਟਰੀ ਫਰੇਮਵਰਕ ਵਿਕਸਿਤ ਅਤੇ ਨੋਟੀਫਾਈ ਕੀਤਾ ਹੈ ਤਾਕਿ ਡਾਇਗਨੌਸਟਿਕਸ ਦਵਾਈਆਂ ਅਤੇ ਟੀਕਿਆਂ ਦੀ ਰੈਗੂਲੇਟਰੀ ਪ੍ਰਵਾਨਗੀ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਟੀਕਾ ਵਿਕਾਸ ਦੇ ਕੰਮ ਵਿੱਚ ਤਿੰਨ ਭਾਰਤੀ ਉਦਯੋਗਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਥੈਰੇਪਿਊਟਿਕ ਅਤੇ ਡਰੱਗ ਵਿਕਾਸ ਬਾਰੇ ਖੋਜ ਸ਼ੁਰੂ ਹੋ ਗਈ ਹੈ।
ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਮਾਂਡੇ ਨੇ ਦੱਸਿਆ ਕਿ ਸੀਐੱਸਆਈਆਰ ਇੱਕ ਪੰਜ ਪੜਾਵੀ ਨੀਤੀ ਉੱਤੇ ਕੰਮ ਕਰ ਰਿਹਾ ਹੈ ਤਾਕਿ ਕੋਵਿਡ-19 ਲਈ ਐੱਸਐੱਨਟੀ ਸਮਾਧਾਨ ਲੱਭੇ ਜਾ ਸਕਣ, ਜਿਨ੍ਹਾਂ ਉੱਤੇ ਡਿਜੀਟਲ ਅਤੇ ਮੌਲੀਕਿਊਲਰ ਢੰਗਾਂ ਰਾਹੀਂ ਨਿਗਰਾਨੀ, ਜਿਸ ਵਿੱਚ ਇਸ ਵਾਇਰਸ ਦੀ ਜੀਨੋਮ ਸੀਕੁਐਂਸਿੰਗ ਵੀ ਸ਼ਾਮਲ ਹੈ, ਦੇਸ਼ ਭਰ ਵਿੱਚ ਕੀਤੀ ਜਾਵੇ। ਸਸਤੇ, ਤੇਜ਼ ਅਤੇ ਸਹੀ ਡਾਇਆਗਨੌਸਿਸ ਢੰਗ, ਦਖਲਅੰਦਾਜ਼ੀ ਰਣਨੀਤੀਆਂ ਜਿਨ੍ਹਾਂ ਵਿੱਚ ਦਵਾਈਆਂ ਦੀ ਰੀਪਰਪੋਜ਼ਿੰਗ ਅਤੇ ਨਵੀਆਂ ਦਵਾਈਆਂ ਦਾ ਵਿਕਾਸ ਆਦਿ ਸ਼ਾਮਲ ਹੈ। ਹਸਪਤਾਲਾਂ ਦੇ ਸਹਾਇਕ ਉਪਕਰਣਾਂ ਦੀ ਖੋਜ ਤੇ ਵਿਕਾਸ ਅਤੇ ਕੋਵਿਡ-19 ਦੇ ਖਾਤਮੇ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ਲੌਜਿਸਟਿਕਸ ਦਾ ਵਿਕਾਸ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਸੂਚਿਤ ਕੀਤਾ ਕਿ ਉੱਪਰ ਦਿੱਤੇ ਸਾਰੇ ਨੁਕਤਿਆਂ ਵਿੱਚ ਸੀਐੱਸਆਈਆਰ ਨੇ ਪ੍ਰਾਈਵੇਟ ਸੈਕਟਰ ਨਾਲ ਸਹਿਯੋਗ ਕੀਤਾ ਹੈ।
ਡਾ. ਹਰਸ਼ ਵਰਧਨ ਨੇ ਆਈਸੀਐੱਮਆਰ ਦੁਆਰਾ ਦਿੱਤੇ ਜਾ ਰਹੇ ਜਨ ਸਿਹਤ ਨਿਗਰਾਨੀ ਅਤੇ ਰਿਸਪਾਂਸ, ਤਕਨੀਕੀ ਗਾਈਡੈਂਸ ਅਤੇ ਲੈਬਾਰਟਰੀ ਸਹਾਇਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਬਾਇਓ ਟੈਕਨੋਲੋਜੀ ਵਿਭਾਗ ਅਤੇ ਸੀਐੱਸਆਈਆਰ ਦੀ ਵੈਂਟੀਲੇਟਰ, ਟੈਸਟਿੰਗ ਕਿੱਟਾਂ, ਪੀਪੀਈਜ਼ ਆਦਿ ਨੂੰ ਜ਼ਰੂਰਤ ਦੇ ਸਮੇਂ ਵਿੱਚ ਦੇਸ਼ ਵਿੱਚ ਹੀ ਵਿਕਸਿਤ ਕਰਨ ਵਿੱਚ ਦਿੱਤੀ ਸਹਾਇਤਾ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਸਰਕਾਰ ਜਾਂ ਪ੍ਰਾਈਵੇਟ ਲੈਬਾਰਟਰੀਆਂ ਦੁਆਰਾ ਜੋ ਟੈਸਟਿੰਗ ਕਿੱਟਾਂ ਹਾਸਲ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਕਿੱਟਾਂ ਦੀ ਕੁਆਲਿਟੀ ਟੈਸਟਿੰਗ ਰੈਗੂਲਰ ਤੌਰ ‘ਤੇ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲਈ ਇੱਕ ਸਪਸ਼ਟ ਕੁਆਲਿਟੀ ਕੰਟਰੋਲ ਢਾਂਚਾ ਅਤੇ ਪ੍ਰੋਟੋਕੋਲ ਵਿਕਸਿਤ ਕਰਕੇ ਆਈਸੀਐੱਮਆਰ ਦੁਆਰਾ ਤੁਰੰਤ ਲਾਗੂ ਕੀਤਾ ਜਾਵੇ ਤਾਕਿ ਸਾਰੀਆਂ ਲੈਬਾਰਟਰੀਆਂ ਵਿੱਚ ਕੁਆਲਿਟੀ ਦਾ ਪੂਰਾ ਧਿਆਨ ਰੱਖਿਆ ਜਾ ਸਕੇ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਖੋਜ ਦਾ ਕੰਮ ਗਤੀਸ਼ੀਲ ਢੰਗ ਨਾਲ ਕੋਵਿਡ-19 ਪ੍ਰਬੰਧਨ ਦੇ ਯਤਨਾਂ ਨਾਲ ਕੀਤਾ ਜਾਵੇ। ਉਨ੍ਹਾਂ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੌਕੇ ਨੂੰ ਸੰਭਾਲ਼ਣ ਅਤੇ ਅਜਿਹੇ ਹੱਲ ਸਿਰਫ ਭਾਰਤ ਲਈ ਹੀ ਨਹੀਂ ਪੂਰੀ ਦੁਨੀਆ ਲਈ ਲੱਭਣ।
ਬੈਠਕ ਵਿੱਚ ਡਾ.ਬਲਰਾਮ ਭਾਰਗਵ, ਡਾਇਰੈਕਟਰ ਜਨਰਲ ਆਈਸੀਐੱਮਆਰ, ਡਾ. ਰੇਨੂ ਸਵਰੂਪ, ਸਕੱਤਰ ਡੀਬੀਟੀ, ਡਾ ਸ਼ੇਖਰ ਮਾਂਡੇ, ਡਾਇਰੈਕਟਰ ਜਨਰਲ ਸੀਐੱਸਆਈਆਰ, ਡਾ.ਆਸ਼ੂਤੋਸ਼ ਸ਼ਰਮਾ, ਸਕੱਤਰ ਡੀਐਸਟੀ, ਡਾ. ਅਨੁਰਾਗ ਅਗਰਵਾਲ, ਡਾਇਰੈਕਟਰ ਸੀਐੱਸਆਈਆਰ-ਆਈਜੀਆਈਬੀ, ਡਾ. ਰਮਨ ਆਰ ਗੰਗਾਖੇਦਕਰ ਸੀਨੀਅਰ ਵਿਗਿਆਨੀ ਆਈਸੀਐੱਮਆਰ ਅਤੇ ਆਈਸੀਐੱਮਆਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਐੱਮਵੀ
(Release ID: 1609700)
Visitor Counter : 153