ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਫਾਰਮਾ ਇੰਡਸਟ੍ਰੀ (ਦਵਾਈ ਉਦਯੋਗ) ਦੇ ਲੀਡਰਾਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਦਵਾਈ ਉਦਯੋਗ ਨੂੰ ‘ਕੋਵਿਡ - 19’ ਲਈ ਆਰਐੱਨਏ ਟੈਸਟਿੰਗ ਕਿੱਟ ਦੇ ਨਿਰਮਾਣ ਉੱਤੇ ਯੁੱਧ ਪੱਧਰ ‘ਤੇ ਕੰਮ ਕਰਨ ਨੂੰ ਕਿਹਾ
ਸਰਕਾਰ ਦੇਸ਼ ਵਿੱਚ ‘ਏਪੀਆਈ’ ਦੀ ਸਪਲਾਈ ਅਤੇ ਨਿਰਮਾਣ ਨੂੰ ਨਿਰੰਤਰ ਬਣਾਈ ਰੱਖਣ ਲਈ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ
ਜ਼ਰੂਰੀ ਦਵਾਈਆਂ ਦੀ ਸਪਲਾਈ ਨੂੰ ਨਿਰੰਤਰ ਬਣਾਈ ਰੱਖਣਾ ਅਤੇ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਰੋਕਣਾ ਅਤਿਅੰਤ ਜ਼ਰੂਰੀ ਹੈ: ਪ੍ਰਧਾਨ ਮੰਤਰੀ
Posted On:
21 MAR 2020 7:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਫਾਰਮਾ ਇੰਡਸਟ੍ਰੀ (ਦਵਾਈ ਉਦਯੋਗ) ਦੇ ਪ੍ਰਮੁੱਖ ਕਾਰੋਬਾਰੀਆਂ/ ਲੀਡਰਾਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕੋਵਿਡ - 19’ ਦੀ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਦਵਾਈ ਉਤਪਾਦਕਾਂ ਅਤੇ ਡਿਸਟ੍ਰੀਬਿਊਟਰਾਂ ਦੀ ਅਤਿਅੰਤ ਮਹੱਤਵਪੂਰਨ ਭੂਮਿਕਾ ਹੈ । ਉਨ੍ਹਾਂ ਨੇ ਕਿਹਾ ਕਿ ਦਵਾਈ ਉਦਯੋਗ ਨੂੰ ਨਾ ਕੇਵਲ ਜ਼ਰੂਰੀ ਦਵਾਈਆਂ, ਮੈਡੀਕਲ ਕਿੱਟਾਂ ਅਤੇ ਉਪਕਰਣਾਂ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਰੱਖਣੀ ਚਾਹੀਦੀ ਹੈ, ਬਲਕਿ ਇਸ ਦੇ ਨਾਲ ਹੀ ਇਸ ਗੰਭੀਰ ਬਿਮਾਰੀ ਦਾ ਅਭਿਨਵ ਇਲਾਜ ਢੂੰਡਣ ਲਈ ਵੀ ਆਪਣੇ ਵੱਲੋਂ ਠੋਸ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਸਰਗਰਮ ਦਵਾਈ ਸਮੱਗਰੀ ਜਾਂ ਐਕਟਿਵ ਫਾਰਮਾਸਿਊਟੀਕਲ ਇਨਗ੍ਰੈਡੀਐਂਟਸ (ਏਪੀਆਈ) ਦੀ ਸਪਲਾਈ ਬਣਾਈ ਰੱਖਣ ਵਿੱਚ ਉਦਯੋਗ ਦੀ ਮਦਦ ਕਰਨ ਲਈ ਪ੍ਰਤੀਬੱਧ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਇਸ ਤਰ੍ਹਾਂ ਦੇ ਏਪੀਆਈ ਦੇ ਨਿਰਮਾਣ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦਾ ਉਤਪਾਦਨ ਸੁਨਿਸ਼ਚਿਤ ਕਰਨ ਲਈ ਸਰਕਾਰ ਨੇ ਕ੍ਰਮਵਾਰ 10,000 ਕਰੋੜ ਰੁਪਏ ਅਤੇ 4,000 ਕਰੋੜ ਰੁਪਏ ਦੀ ਲਾਗਤ ਵਾਲੀਆਂ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ ।
ਪ੍ਰਧਾਨ ਮੰਤਰੀ ਨੇ ਦਵਾਈ ਉਦਯੋਗ ਦੇ ਦਿੱਗਜਾਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ - 19 ਲਈ ਆਰਐੱਨਏ ਡਾਇਗਨੌਸਟਿਕ ਕਿੱਟਾਂ ਦੇ ਨਿਰਮਾਣ ਉੱਤੇ ਯੁੱਧ ਪੱਧਰ ‘ਤੇ ਕੰਮ ਕਰਨ ।
ਉਨ੍ਹਾਂ ਨੇ ਦਵਾਈਆਂ ਦੇ ਖੁਦਰਾ ਵਿਕਰੇਤਾਵਾਂ ਅਤੇ ਫਾਰਮਾਸਿਸਟਾਂ ਨੂੰ ਨਿਰੰਤਰ ਸਤਰਕਤਾ ਵਰਤਣ ਕਿਹਾ , ਤਾਕਿ ਦਵਾਈਆਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਤੋਂ ਨਿਸ਼ਚਿਤ ਤੌਰ ‘ਤੇ ਬਚਿਆ ਜਾ ਸਕੇ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਬਣੀ ਰਹੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜਿੱਥੇ ਵੀ ਸੰਭਵ ਹੋਵੇ, ਥੋਕ ਵਿੱਚ ਦਵਾਈਆਂ ਦੀ ਸਪਲਾਈ ਨੂੰ ਟਾਲਿਆ ਜਾ ਸਕਦਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਦਵਾਈ ਉਦਯੋਗ ਲਈ ਨਿਰੰਤਰ ਕੰਮ ਕਰਨਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਦਵਾਈ ਸੈਕਟ ਰ ਵਿੱਚ ਕਰਮਚਾਰੀਆਂ ਦੀ ਕੋਈ ਕਮੀ ਨਾ ਹੋਵੇ। ਉਨ੍ਹਾਂ ਨੇ ਦਵਾਈ ਦੁਕਾਨਾਂ ਵਿੱਚ ਸਮਾਜਿਕ ਦੂਰੀ ਜਾਂ ਇੱਕ - ਦੂਜੇ ਤੋਂ ਜ਼ਰੂਰੀ ਦੂਰੀ ਬਣਾਈ ਰੱਖਣ ਲਈ ਹੋਮ - ਡਿਲਿਵਰੀ ਮਾਡਲ ਨੂੰ ਲੱਭਣ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਡਿਜੀਟਲ ਭੁਗਤਾਨ ਵਿਵਸਥਾ ਦੀ ਵਰਤੋਂ ਨੂੰ ਹੁਲਾਰਾ ਦੇਣ ਦਾ ਸੁਝਾਅ ਦਿੱਤਾ ।
ਦਵਾਈ ਸੰਗਠਨਾਂ ਨੇ ਸੰਕਟ ਦੀ ਇਸ ਬੇਲਾ ਵਿੱਚ (ਸਮੇਂ) ਪ੍ਰਧਾਨ ਮੰਤਰੀ ਦੀ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਨ੍ਹਾਂ ਸੰਗਠਨਾਂ ਨੇ ਕਿਹਾ ਕਿ ਉਹ ਜ਼ਰੂਰੀ ਦਵਾਈਆਂ ਅਤੇ ਉਪਕਰਣਾਂ ਦੀ ਸਪਲਾਈ ਬਣਾਈ ਰੱਖਣ ਲਈ ਪ੍ਰਤੀਬੱਧ ਹਨ ਅਤੇ ਇਸ ਦੇ ਨਾਲ ਹੀ ਉਹ ਟੀਕੇ (ਵੈਕਸੀਨ) ਵਿਕਸਿਤ ਕਰਨ ‘ਤੇ ਵੀ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਵਾਈ ਖੇਤਰ ਲਈ ਸਰਕਾਰ ਦੇ ਨੀਤੀਗਤ ਐਲਾਨਾਂ ਨਾਲ ਇਸ ਸੈਕਟਤਰ ਨੂੰ ਕਾਫ਼ੀ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਨੇ ਦਵਾਈ ਉਦਯੋਗ ਦੇ ਸਮਰਪਣ ਭਾਵ ਅਤੇ ਪ੍ਰਤੀਬੱਧਤਾ ਦੇ ਨਾਲ - ਨਾਲ ਜਿਸ ਜਜ਼ਬੇ ਨਾਲ ਉਹ ਕੰਮ ਕਰ ਰਹੇ ਹਨ , ਉਸ ਦੀ ਭਰਪੂਰ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਵਾਈ ਉਦਯੋਗ ਉੱਤੇ ਲੋਕਾਂ ਨੂੰ ਜੋ ਭਰੋਸਾ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਵਿਗਿਆਨਕ ਸੂਚਨਾ ਉਪਲੱਬਧਜ ਕਰਵਾਉਣ ਵਿੱਚ ਵੀ ਉਦਯੋਗ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ।
ਫਾਰਮਾਸਿਊਟੀਕਲਸ ਸਕੱਤਰ ਨੇ ਜ਼ਰੂਰੀ ਸਪਲਾਈ ਸੁਨਿਸ਼ਚਿਤ ਕਰਨ ਲਈ ਸਰਕਾਰ ਦੇ ਅਣਥੱਕ ਯਤਨਾਂ ਅਤੇ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀਆਂ ਅਥਾਰਿਟੀਆਂ ਨਾਲ ਮਿਲ ਕੇ ਠੋਸ ਕੰਮ ਕਰਨ ‘ਤੇ ਪ੍ਰਕਾਸ਼ ਪਾਇਆ । ਸਿਹਤ ਸਕੱਤਰ ਨੇ ਦਵਾਈ ਸੰਗਠਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਤੱਕ ਸਪਲਾਈ ਵਿੱਚ ਕੋਈ ਕਮੀ ਨਹੀਂ ਪਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੋਟੈਕਟਿਵ ਵੀਅਰ ਮੈਨਿਊਫੈਕਚਰਿੰਗ ਐਸੋਸੀਏਸ਼ਨਾਂ ਦੇ ਨਾਲ ਸਹਿਯੋਗ ਬਾਰੇ ਵੀ ਦੱਸਿਆ ।
ਕੇਂਦਰੀ ਸ਼ਿਪਿੰਗ, ਰਸਾਇਣ ਅਤੇ ਖਾਦ ਰਾਜ ਮੰਤਰੀ, ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਭਾਰਤ ਸਰਕਾਰ ਦੇ ਸਿਹਤ, ਕੱਪੜਾ, ਔਸ਼ਧੀ ਵਿਭਾਗ ਦੇ ਸਕੱਤਰ ਅਤੇ ਭਾਰਤੀ ਫਾਰਮਾਸਿਊਟਿਕਲ ਐਸੋਸੀਏਸ਼ਨ, ਭਾਰਤੀ ਦਵਾਈ ਨਿਰਮਾਤਾ ਐਸੋਸੀਏਸ਼ਨ, ਭਾਰਤੀ ਫਾਰਮਾਸਿਊਟਿਕਲ ਉਤਪਾਦਕ ਐਸੋਸੀਏਸ਼ਨ, ਆਲ ਇੰਡੀਆ ਆਰਗੇਨਾਈਜੇਸ਼ਨ ਆਵ੍ ਕੈਮਿਸਟਸ ਐਂਡ ਡਰੱਗਿਸਟਸ, ਟੋਰੇਂਟ ਫਾਰਮਾਸਿਊਟਿਕਲਸ , ਬਲਕ ਡਰੱਗ ਮੈਨਿਊਫੈਕਚਰਿੰਗ ਐਸੋਸੀਏਸ਼ਨ ਅਤੇ ਐਸੋਸੀਏਸ਼ਨ ਆਵ੍ ਮੈਡੀਕਲ ਡਿਵਾਇਸ ਇੰਡਸਟ੍ਰੀ ਸਹਿਤ ਫਾਰਮਾਸਿਊਟਿਕਲ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਇਸ ਸੰਵਾਦ ਵਿੱਚ ਹਿੱਸਾ ਲਿਆ।
***
ਵੀਆਰਾਆਰਕੇ/ਕੇਪੀ
(Release ID: 1608454)
Visitor Counter : 185