ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਨਾਲ ਨਜਿੱਠਣ ਲਈ ਰੱਖਿਆ ਮੰਤਰਾਲਾ ਦੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਉਨ੍ਹਾਂ ਨੇ ਹਥਿਆਰਬੰਦ ਬਲਾਂ, ਰੱਖਿਆ ਮੰਤਰਾਲਾ ਦੇ ਪਬਲਿਕ ਸੈਕਟਰ ਅਦਾਰਿਆਂ ਅਤੇ ਹੋਰ ਸੰਗਠਨਾਂ ਨੂੰ ਮੁਸਤੈਦ ਰਹਿਣ ਅਤੇ ਸਿਵਲ ਅਥਾਰਿਟੀਆਂ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੀ ਤਾਕੀਦ ਕੀਤੀ
Posted On:
26 MAR 2020 2:23PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਅੱਜ ਇੱਥੇ ਰੱਖਿਆ ਮੰਤਰਾਲਾ ਦੀ ਕਾਰਜ ਯੋਜਨਾ ਬਾਰੇ ਵਿਚਾਰ ਕਰਨ ਲਈ ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਬੈਠਕ ਦੌਰਾਨ, ਰੱਖਿਆ ਮੰਤਰੀ ਨੇ ਹਥਿਆਰਬੰਦ ਬਲਾਂ ਅਤੇ ਰੱਖਿਆ ਮੰਤਰਾਲਾ ਦੇ ਕਈ ਵਿਭਾਗਾਂ ਦੁਆਰਾ ਕੋਵਿਡ-19 ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਫਸੇ ਭਾਰਤੀਆਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਵੱਖ-ਵੱਖ ਕੁਆਰੰਟੀਨ ਸੁਵਿਧਾਵਾਂ ਵਿੱਚ ਉਨ੍ਹਾਂ ਦੀ ਢੁਕਵੀਂ ਸੰਭਾਲ਼ ਵਿੱਚ ਨਿਭਾਈ ਗਈ ਸਰਗਰਮ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਹਥਿਆਰਬੰਦ ਬਲਾਂ ਅਤੇ ਹੋਰ ਵਿਭਾਗਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਤਿਆਰੀ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਰਹਿਣ ਅਤੇ ਸਿਵਲ ਪ੍ਰਸ਼ਾਸਨ ਨੂੰ ਵੱਖ-ਵੱਖ ਪੱਧਰਾਂ ’ਤੇ ਹਰ ਤਰ੍ਹਾਂ ਦੀ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ।
ਬੈਠਕ ਵਿੱਚ, ਅਧਿਕਾਰੀਆਂ ਨੇ ਸ਼੍ਰੀ ਰਾਜਨਾਥ ਸਿੰਘ ਨੂੰ ਹੁਣ ਤੱਕ ਉਠਾਏ ਗਏ ਕਈ ਕਦਮਾਂ ਅਤੇ ਪ੍ਰਦਾਨ ਕੀਤੀ ਗਈ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਭਾਰਤੀ ਵਾਯੂ ਸੈਨਾ ਦੇ ਜਹਾਜ਼ਾਂ ਨੇ ਕਈ ਉਡਾਨਾਂ ਭਰੀਆਂ ਹਨ ਅਤੇ ਚੀਨ, ਜਪਾਨ ਅਤੇ ਇਰਾਨ ਦੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।
ਹਥਿਆਰਬੰਦ ਬਲਾਂ ਦੀਆਂ ਵੱਖ-ਵੱਖ ਕੁਆਰੰਟੀਨ ਸੁਵਿਧਾਵਾਂ ਨੇ ਹੁਣ ਤੱਕ 1462 ਬਾਹਰੋਂ ਲਿਆਂਦੇ ਗਏ ਲੋਕਾਂ ਦੀ ਸੰਭਾਲ਼ ਕੀਤੀ ਅਤੇ 389 ਨੂੰ ਡਿਸਚਾਰਜ ਕੀਤਾ ਹੈ। ਫਿਲਹਾਲ, ਕੁੱਲ 1,073 ਵਿਅਕਤੀਆਂ ਦੀ ਮਾਨੇਸਰ, ਹਿੰਡਨ, ਜੈਸਲਮੇਰ, ਜੋਧਪੁਰ ਅਤੇ ਮੁੰਬਈ ਵਿੱਚ ਇਹ ਸੁਵਿਧਾਵਾਂ ‘ਤੇ ਦੇਖਭਾਲ ਕੀਤੀ ਜਾ ਰਹੀ ਹੈ। ਕੁੱਲ 950 ਬਿਸਤਰਿਆਂ ਦੀ ਸਮਰੱਥਾ ਨਾਲ ਐਡੀਸ਼ਨਲ ਕੁਆਰੰਟੀਨ ਸੁਵਿਧਾਵਾਂ ਸਟੈਂਡਬਾਈ ‘ਤੇ ਹਨ।
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੀਆਂ ਲੈਬਾਰਟਰੀਆਂ ਨੇ 20,000 ਲੀਟਰ ਸੈਨੇਟਾਈਜ਼ਰ ਤਿਆਰ ਕਰਕੇ ਵੱਖ-ਵੱਖ ਸੰਗਠਨਾਂ ਨੂੰ ਸਪਲਾਈ ਕੀਤਾ ਜਿਸ ਵਿੱਚੋਂ 10,000 ਲੀਟਰ ਦਿੱਲੀ ਪੁਲਿਸ ਨੂੰ ਸਪਲਾਈ ਕੀਤਾ ਗਿਆ। ਡੀਆਰਡੀਓ ਨੇ ਦਿੱਲੀ ਪੁਲਿਸ ਅਮਲੇ ਨੂੰ 10,000 ਮਾਸਕ ਸਪਲਾਈ ਕੀਤੇ ਹਨ। ਉਹ ਕੁਝ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤਾ ਕਰਕੇ ਬਾਡੀਸੂਟ ਅਤੇ ਵੈਂਟੀਲੇਟਰ ਜਿਹੇ ਨਿਜੀ ਸੁਰੱਖਿਆ ਯੰਤਰ ਤਿਆਰ ਕਰ ਰਿਹਾ ਹੈ।
ਆਰਡਨੈਂਸ ਫੈਕਟਰੀ ਬੋਰਡ ਨੇ ਸੈਨੇਟਾਈਜ਼ਰਾਂ, ਮਾਸਕਾਂ ਅਤੇ ਬਾਡੀਸੂਟਾਂ ਦੇ ਉਤਪਾਦਨ ਵਿੱਚ ਤੇਜ਼ੀ ਲਿਆਂਦੀ ਹੈ। ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਵੈਂਟੀਲੇਟਰਾਂ ਦਾ ਨਿਰਮਾਣ ਕਰ ਰਹੀ ਹੈ।
ਮਾਲਦੀਵ ਵਿੱਚ ਤੈਨਾਤ ਸੈਨਾ ਦੀਆਂ ਮੈਡੀਕਲ ਟੀਮਾਂ ਆਪਣੇ ਮਿਸ਼ਨ ਨੂੰ ਪੂਰਾ ਕਰਕੇ ਵਾਪਸ ਆ ਗਈਆਂ ਹਨ। ਆਰਮੀ ਮੈਡੀਕਲ ਟੀਮਾਂ ਅਤੇ ਜਲ ਸੈਨਾ ਦੇ ਦੋ ਜਹਾਜ਼ ਤਿਆਰ-ਬਰ-ਤਿਆਰ ਹਨ ਤਾਕਿ ਗੁਆਂਢ ਦੇ ਮਿੱਤਰ ਦੇਸ਼ਾਂ ਨੂੰ ਲੋੜ ਪੈਣ ’ਤੇ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਇਸ ਬੈਠਕ ਵਿੱਚ ਚੀਫ਼ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਡਾ. ਅਜੈ ਕੁਮਾਰ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਵਾਯੂ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ, ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਨੇ, ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ, ਸਕੱਤਰ (ਸਾਬਕਾ ਸੈਨਿਕ ਭਲਾਈ) ਸ਼੍ਰੀਮਤੀ ਸੰਜੀਵਨੀ ਕੁੱਟੀ ਅਤੇ ਰੱਖਿਆ ਖੋਜ ਤੇ ਵਿਕਾਸ ਵਿਭਾਗ ਦੇ ਸੱਕਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਵੀ ਸ਼ਾਮਲ ਹੋਏ।
******
ਏਬੀਬੀ /ਐੱਸਐੱਸ/ ਨੰਪੀ /ਕੇਏ/ ਡੀਕੇ/ ਸਾਵੀ
(Release ID: 1608403)
Visitor Counter : 155