ਮੰਤਰੀ ਮੰਡਲ

ਮੰਤਰੀ ਮੰਡਲ ਨੇ ਸ਼ਾਂਤੀਪੂਰਨ ਅਤੇ ਨਾਗਰਿਕ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਵਰਤੋਂ ਅਤੇ ਉੱਥੇ ਖੋਜ ਗਤੀਵਿਧੀਆਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਮੰਗੋਲੀਆ ਦਰਮਿਆਨ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 08 JAN 2020 3:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸ਼ਾਂਤੀਪੂਰਨ ਅਤੇ ਗੈਰ ਫ਼ੌਜੀ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਵਰਤੋਂ ਅਤੇ ਉੱਥੇ ਖੋਜ ਗਤੀਵਿਧੀਆਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਮੰਗੋਲੀਆ ਦਰਮਿਆਨ ਹੋਏ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਮਝੌਤੇ ਤੇ ਮੰਗੋਲੀਆ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ 20 ਸਤੰਬਰ, 2019 ਨੂੰ ਨਵੀਂ ਦਿੱਲੀ ਵਿਖੇ ਹਸਤਾਖਰ ਕੀਤੇ ਗਏ ਸਨ।

ਵੇਰਵਾ:

ਇਸ ਸਮਝੌਤੇ ਤਹਿਤ ਦੋਵੇਂ ਪੱਖ ਪੁਲਾੜ ਵਿਗਿਆਨ, ਟੈਕਨੋਲੋਜੀ ਅਤੇ ਪ੍ਰਿਥਵੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਦੂਰ ਸੰਵੇਦੀ ਪ੍ਰਣਾਲੀ ਦਾ ਉਪਯੋਗ, ਉਪਗ੍ਰਹਿ ਸੰਚਾਰ ਅਤੇ ਉਪਗ੍ਰਹਿ ਅਧਾਰਿਤ ਦਿਸ਼ਾ-ਸੂਚਕ ਪ੍ਰਣਾਲੀ, ਪੁਲਾੜ ਵਿਗਿਆਨ ਅਤੇ ਗ੍ਰਹਿਆਂ ਦੀ ਖੋਜ, ਪੁਲਾੜ ਵਾਹਨਾਂ, ਪੁਲਾੜ ਪ੍ਰਣਾਲੀ ਅਤੇ ਭੂ-ਪ੍ਰਣਾਲੀ ਦੀ ਵਰਤੋਂ ਅਤੇ ਪੁਲਾੜ ਟੈਕਨੋਲੋਜੀ ਦੀ ਵਰਤੋਂ ਲਈ ਸਹਿਯੋਗ ਕਰ ਸਕਣਗੇ।

ਇਸ ਸਮਝੌਤੇ ਤਹਿਤ ਦੋਵੇਂ ਪੱਖ ਇੱਕ ਸੰਯੁਕਤ ਵਰਕਿੰਗ ਗਰੁੱਪ ਕਾਰਜ ਸਮੂਹ ਦਾ ਗਠਨ ਕਰ ਸਕਣਗੇ। ਜਿਸ ਵਿੱਚ ਭਾਰਤ ਸਰਕਾਰ ਦੇ ਪੁਲਾੜ ਵਿਭਾਗ ਅਤੇ ਭਾਰਤੀ ਪੁਲਾੜ ਖੋਜ ਸੰਗਠਨ(ਇਸਰੋ) ਦੇ ਮੈਂਬਰ ਅਤੇ ਮੰਗੋਲੀਆ ਦੀ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਅਥਾਰਿਟੀ ਦੇ ਮੈਂਬਰ ਸ਼ਾਮਲ ਹੋਣਗੇ। ਇਹ ਵਰਕਿੰਗ ਗਰੁੱਪ (ਕਾਰਜ ਸਮੂਹ) ਸਮਝੌਤੇ ਦੀਆਂ ਵਿਵਸਥਾਵਾਂ ਲਾਗੂ ਕਰਨ ਦੇ ਤੌਰ ਤਰੀਕਿਆਂ ਅਤੇ ਉਨ੍ਹਾਂ ਲਈ ਸਮਾਂ ਸੀਮਾ ਨਿਰਧਾਰਿਤ ਕਰੇਗਾ।

ਵਿੱਤੀ ਪ੍ਰਭਾਵ:

ਸਮਝੌਤੇ ਤਹਿਤ ਸਹਿਯੋਗ ਦੀਆਂ ਗਤੀਵਿਧੀਆਂ ਤੇ ਹੋਣ ਵਾਲੇ ਖਰਚ ਦਾ ਫੈਸਲਾ ਦੋਵੇਂ ਪੱਖ ਉਪਲੱਬਧ ਵਿੱਤੀ ਸਰੋਤਾਂ ਅਤੇ ਜ਼ਰੂਰਤਾਂ ਦੇ ਅਨੁਰੂਪ ਕਰਨਗੇ।

ਲਾਭ :

ਇਸ ਸਮਝੌਤੇ ਦੇ ਮਾਧਿਅਮ ਨਾਲ ਦੋਵੇਂ ਦੇਸ਼ ਪੁਲਾੜ ਵਿੱਚ ਟੈਕਨੋਲੋਜੀ ਦੀ ਵਰਤੋਂ ਲਈ ਸੰਯੁਕਤ ਗਤੀਵਿਧੀਆਂ ਚਲਾ ਸਕਣਗੇ ਜੋ ਅੱਗੇ ਜਾ ਕੇ ਮਾਨਵਤਾ ਲਈ ਕਾਫ਼ੀ ਫਾਇਦੇਮੰਦ ਸਿੱਧ ਹੋਣਗੀਆਂ। ਇਸ ਸਮਝੌਤੇ ਨਾਲ ਦੇਸ਼ ਦੇ ਸਾਰੇ ਖੇਤਰਾਂ ਨੂੰ ਲਾਭ ਹੋਵੇਗਾ।

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ :

ਇਹ ਸਮਝੌਤਾ ਦੋਹਾਂ ਪੱਖਾਂ ਨੂੰ ਸੰਯੁਕਤ ਕਾਰਜ ਸਮੂਹ (ਜੁਆਇਟ ਵਰਕਿੰਗ ਗਰੁੱਪ) ਰਾਹੀਂ ਸਮਾਂਬੱਧ ਤਰੀਕੇ ਨਾਲ ਸਮਝੌਤੇ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਵਿੱਚ ਮਦਦ ਕਰੇਗਾ।

ਪ੍ਰਭਾਵ :

ਸਮਝੌਤੇ ਦੇ ਮਾਧਿਅਮ ਨਾਲ ਦੋਹਾਂ ਪੱਖਾਂ ਨੂੰ ਬਾਹਰੀ ਪੁਲਾੜ ਵਿੱਚ ਖੋਜ ਗਤੀਵਿਧੀਆਂ ਚਲਾਉਣ ਅਤੇ ਦੂਰਸੰਵੇਦੀ ਪ੍ਰਣਾਲੀ, ਉਪਗ੍ਰਹਿ ਸੰਚਾਰ, ਉਪਗ੍ਰਹਿ ਦਿਸ਼ਾ-ਸੂਚਕ ਪ੍ਰਣਾਲੀ ਅਤੇ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਟੈਕਨੋਲੋਜੀ ਦੀ ਵਰਤੋਂ ਦੇ ਨਵੇਂ ਮੌਕੇ ਮਿਲਣਗੇ।

*****

 

ਵੀਆਰਆਰਕੇ/ਐੱਸਸੀ



(Release ID: 1598986) Visitor Counter : 130


Read this release in: English