ਮੰਤਰੀ ਮੰਡਲ

ਮੰਤਰੀ ਮੰਡਲ ਨੇ ਪੇਟੈਂਟ ਪ੍ਰੌਸੀਕਿਊਸ਼ਨ (ਪੈਰਵੀ) ਹਾਈਵੇ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ

Posted On: 20 NOV 2019 10:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਪੇਟੈਂਟ, ਡਿਜ਼ਾਈਨ ਅਤੇ ਟ੍ਰੇਡ ਮਾਰਕ ਕੰਟਰੋਲਰ ਜਨਰਲ (ਸੀਜੀਪੀਡੀਟੀਐੱਮ) ਦੇ ਅਧੀਨ ਇੰਡੀਅਨ ਪੇਟੈਂਟ ਆਫਿਸ (ਆਈਪੀਓ) ਦੁਆਰਾ ਕਈ ਦੇਸ਼ਾਂ ਜਾਂ ਖੇਤਰਾਂ ਦੇ ਪੇਟੈਂਟ ਦਫ਼ਤਰਾਂ ਦੇ ਨਾਲ ਪੇਟੈਂਟ ਪ੍ਰਾਪਤ ਕਰਨ ਵਿੱਚ ਤੇਜ਼ੀ ਲਿਆਉਣ ਅਤੇ ਉਸ ਨੂੰ ਕਾਰਗਰ ਬਣਾਉਣ ਵਾਲੇ (ਪੇਟੈਂਟ ਪ੍ਰੌਸੀਕਿਊਸ਼ਨ ਹਾਈਵੇ- ਪੀਪੀਐੱਚ) ਪ੍ਰੋਗਰਾਮ ਨੂੰ ਅਪਣਾਏ ਜਾਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਉਪਰੋਕਤ ਪ੍ਰੋਗਰਾਮ ਪਾਇਲਟ ਅਧਾਰ ਉੱਤੇ ਕੇਵਲ ਤਿੰਨ ਸਾਲਾਂ ਲਈ ਸਭ ਤੋਂ ਪਹਿਲਾਂ ਜਪਾਨ ਪੇਟੈਂਟ ਆਫਿਸ (ਜੇਪੀਓ) ਅਤੇ ਇੰਡੀਅਨ ਪੇਟੈਂਟ ਆਫਿਸ ਦੇ ਵਿੱਚ ਸ਼ੁਰੂ ਹੋਵੇਗਾ। ਇਸ ਪਾਇਲਟ ਪ੍ਰੋਗਰਾਮ ਦੇ ਤਹਿਤ ਇੰਡੀਅਨ ਪੇਟੈਂਟ ਆਫਿਸ ਇਲੈਕਟ੍ਰੀਕਲ, ਇਲੈਕਟ੍ਰੌਨਿਕਸ, ਕੰਪਿਊਟਰ ਵਿਗਿਆਨ, ਸੂਚਨਾ ਟੈਕਨੋਲੋਜੀ, ਫਿਜ਼ਿਕਸ, ਸਿਵਿਲ, ਮਕੈਨੀਕਲ, ਟੈਕਸਟਾਈਲ, ਮੋਟਰਵਾਹਨ ਅਤੇ ਧਾਤੂ ਵਿਗਿਆਨ ਜਿਹੇ ਟੈਕਨੋਲੋਜੀ ਖੇਤਰਾਂ ਵਿੱਚ ਪੇਟੈਂਟ ਅਰਜ਼ੀਆਂ ਪ੍ਰਾਪਤ ਕਰੇਗਾ, ਜਦੋਂ ਕਿ ਜੇਪੀਓ ਟੈਕਨੋਲੋਜੀ ਦੇ ਸਾਰੇ ਖੇਤਰਾਂ ਵਿੱਚ ਅਰਜ਼ੀਆਂ ਪ੍ਰਾਪਤ ਕਰੇਗਾ।

ਪੀਪੀਐੱਚ ਪ੍ਰੋਗਰਾਮ ਨਾਲ ਭਾਰਤੀ ਪੇਟੈਂਟ ਦਫ਼ਤਰ ਨੂੰ ਨਿਮਨਲਿਖਤ ਲਾਭ ਹੋਣਗੇ:

i. ਪੇਟੈਂਟ ਅਰਜ਼ੀਆਂ ਦੇ ਨਿਪਟਾਰੇ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਮੀ।

ii. ਲੰਬਿਤ ਪੇਟੈਂਟ ਅਰਜ਼ੀਆਂ ਵਿੱਚ ਕਮੀ।

iii. ਪੇਟੈਂਟ ਅਰਜ਼ੀਆਂ ਦੀ ਜਾਂਚ-ਪੜਤਾਲ ਦੀ ਪ੍ਰਕਿਰਿਆ ਵਿੱਚ ਸੁਧਾਰ।

iv. ਭਾਰਤ ਦੇ ਸਟਾਰਟਅੱਪ ਅਤੇ ਐੱਮਐੱਸਐੱਮਈ ਸਹਿਤ ਭਾਰਤੀ ਨਿਵੇਸ਼ਕਾਂ ਨੂੰ ਜਪਾਨ ਵਿੱਚ ਆਪਣੀਆਂ ਪੇਟੈਂਟ ਅਰਜ਼ੀਆਂ ਦੀ ਜਾਂਚ-ਪੜਤਾਲ ਵਿੱਚ ਤੇਜ਼ੀ ਲਿਆਉਣ ਦਾ ਮੌਕਾ।

ਵਣਜ ਅਤੇ ਉਦਯੋਗ ਮੰਤਰੀ ਦੇ ਫ਼ੈਸਲੇ ਅਨੁਸਾਰ ਭਵਿੱਖ ਵਿੱਚ ਪ੍ਰੋਗਰਾਮ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਪ੍ਰੋਗਰਾਮ ਦੇ ਲਾਗੂਕਰਨ ਲਈ ਪੇਟੈਂਟ ਦਫ਼ਤਰ ਖੁਦ ਆਪਣੇ ਦਿਸ਼ਾ-ਨਿਰਦੇਸ਼ਾਂ ਦੀ ਰੂਪ-ਰੇਖਾ ਤਿਆਰ ਕਰਨਗੇ।

***

ਵੀਆਰਆਰਕੇ/ਐੱਸਸੀ/ਐੱਸਐੱਚ
 



(Release ID: 1592879) Visitor Counter : 93


Read this release in: English